ਲੰਬੀ (ਸਮਾਜ ਵੀਕਲੀ) : ਗੁਲਾਬੀ ਸੁੰਡੀ ਕਾਰਨ ਖਰਾਬ ਹੋਏ ਨਰਮੇ ਦੇ ਮੁਆਵਜ਼ੇ ਬਾਰੇ ਪੰਜਾਬ ਸਰਕਾਰ ਨਾਲ ਅੱਜ ਕਿਸਾਨਾਂ ਦੀ ਮੀਟਿੰਗ ਮੁਲਤਵੀ ਹੋਣ ਖ਼ਿਲਾਫ਼ ਬਾਦਲ ਪਿੰਡ ਵਿੱਚ ਡਟੀ ਬੈਠੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਹਜ਼ਾਰਾਂ ਕਾਰਕੁਨਾਂ ਨੇ ਪੁਲੀਸ ਦੇ ਨਾਕੇ ਤੋੜਦਿਆਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਘਰ ਦੇ ਦੋਵੇਂ ਗੇਟਾਂ ਅੱਗੇ ਪੱਕੇ ਮੋਰਚੇ ਲਾ ਲਏ। ਬੀਤੀ ਸ਼ਾਮ ਡੀਸੀ ਵੱਲੋਂ ਮੀਟਿੰਗ ਨਾ ਹੋ ਸਕਣ ਦੀ ਸੂਚਨਾ ਦੇਣ ਮਗਰੋਂ ਕਿਸਾਨਾਂ ਦੀ ਅੱਜ ਸਵੇਰੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਪੰਜ ਜ਼ਿਲ੍ਹਿਆਂ ਦੇ ਆਗੂਆਂ ਨਾਲ ਹੋਈ ਮੀਟਿੰਗ ਵਿੱਚ ਵਿੱਤ ਮੰਤਰੀ ਦੇ ਘਰ ਦੇ ਦੋਵੇਂ ਗੇਟਾਂ ਅੱਗੇ ਧਰਨਾ ਲਾਉਣ ਦਾ ਐਲਾਨ ਕਰ ਦਿੱਤਾ ਗਿਆ।
ਮੀਟਿੰਗ ਮੁਲਤਵੀ ਹੋਣ ਕਰਕੇ ਅੱਜ ਪੁਲੀਸ ਵੱਲੋਂ ਕਿਸਾਨਾਂ ਦੇ ਸੰਭਾਵੀ ਐਕਸ਼ਨ ਦੇ ਮੱਦੇਨਜ਼ਰ ਵਿੱਤ ਮੰਤਰੀ ਦੇ ਘਰ ਅਤੇ ਪੱਕੇ ਮੋਰਚੇ ਵਿਚਾਲੇ ਨਾਕਿਆਂ ਦੀ ਗਿਣਤੀ ਵਧਾ ਦਿੱਤੀ ਗਈ ਸੀ। ਨਾਕਿਆਂ ’ਤੇ ਕੰਡਿਆਲੀਆਂ ਤਾਰਾਂ, ਜਲ ਤੋਪਾਂ ਅਤੇ ਸੈਂਕੜੇ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ। ਡੀਸੀ ਐੱਚ ਐੱਸ ਸੂਦਨ ਅਤੇ ਜ਼ਿਲ੍ਹਾ ਪੁਲੀਸ ਮੁਖੀ ਚਰਨਜੀਤ ਸਿੰਘ ਸਵੇਰ ਤੋਂ ਹੀ ਪਿੰਡ ਬਾਦਲ ’ਚ ਪਾਵਰਕੌਮ ਰੈਸਟ ਹਾਊਸ ’ਚੋਂ ਸਥਿਤੀ ’ਤੇ ਨਜ਼ਰ ਰੱਖ ਰਹੇ ਸਨ। ਇਸ ਦੇ ਬਾਵਜੂਦ ਕਿਸਾਨਾਂ ਨੇ ਮਹਿਜ਼ ਅੱਧੇ ਘੰਟੇ ਵਿੱਚ ਸਾਰੇ ਸੁਰੱਖਿਆ ਪ੍ਰਬੰਧ ਤਹਿਸ-ਨਹਿਸ ਕਰਦਿਆਂ ਵਿੱਤ ਮੰਤਰੀ ਦੇ ਘਰ ਅੱਗੇ ਲੰਬੀ-ਬਠਿੰਡਾ ਸੜਕ ’ਤੇ ਟੈਂਟ ਗੱਡ ਕੇ ਪੱਕਾ ਮੋਰਚਾ ਲਾ ਲਿਆ। ਇੱਥੇ ਝੰਡਾ ਸਿੰਘ ਜੇਠੂਕੇ ਨੇ ਆਖਿਆ ਕਿ ਸਰਕਾਰ ਨੇ ਮੀਟਿੰਗ ਰੱਦ ਕਰ ਕੇ ਕਿਸਾਨਾਂ-ਮਜ਼ਦੂਰਾਂ ਪ੍ਰਤੀ ਮਾਰੂ ਨੀਤੀ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਵਿੱਤ ਮੰਤਰੀ ਦੇ ਘਰੋਂ ਬਾਹਰ ਜਾਂ ਬਾਹਰੋਂ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ। ਜੇ ਉਨ੍ਹਾਂ ਦੀ ਗੱਲ ਨਾ ਮੰਨੀ ਗਈ ਤਾਂ ਉਨ੍ਹਾਂ ਵੱਲੋਂ ਬਾਕੀ ਗੇਟਾਂ ਅੱਗੇ ਵੀ ਧਰਨਾ ਲਾਇਆ ਜਾਵੇਗਾ।
ਮੁਆਵਜ਼ੇ ਸਬੰਧੀ ਮੀਟਿੰਗ ਹੁਣ 13 ਨੂੰ
ਨਰਮਾ ਖਰਾਬੇ ਦੇ ਮੁਆਵਜ਼ੇ ਲਈ ਮੀਟਿੰਗ ਰੱਦ ਹੋਣ ’ਤੇ ਅੱਜ ਭਾਕਿਯੂ (ਏਕਤਾ) ਉਗਰਾਹਾਂ ਦੇ ਕਾਰਕੁਨਾਂ ਵੱਲੋਂ ਵਿੱਤ ਮੰਤਰੀ ਦੀ ਰਿਹਾਇਸ਼ ਦੇ ਗੇਟਾਂ ਅੱਗੇ ਪੱਕਾ ਮੋਰਚਾ ਲਾਉਣ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਦੇ ਵਧੀਕ ਪ੍ਰਿੰਸੀਪਲ ਸਕੱਤਰ (ਸ) ਵੱਲੋਂ ਜਾਰੀ ਚਿੱਠੀ ਵਿੱਚ ਨਰਮਾ ਖਰਾਬੇ ਦੇ ਮੁਆਵਜ਼ੇ ’ਤੇ ਧਰਨਾ ਲਾਈ ਬੈਠੇ ਕਿਸਾਨਾਂ ਨਾਲ ਵਿਚਾਰ-ਵਟਾਂਦਰੇ ਲਈ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ ਨਾਲ 13 ਅਕਤੂਬਰ ਨੂੰ 12:30 ਵਜੇ ਮੀਟਿੰਗ ਮੁਕੱਰਰ ਕਰ ਦਿੱਤੀ ਗਈ ਹੈ। ਮੀਟਿੰਗ ਵਿੱਚ ਵਿੱਤ ਕਮਿਸ਼ਨਰ (ਮਾਲ) ਅਤੇ ਵਿੱਤ ਕਮਿਸ਼ਨਰ (ਵਿਕਾਸ) ਵੀ ਸ਼ਾਮਲ ਹੋਣਗੇ। ਪੱਤਰ ਮੁਤਾਬਕ ਡੀਸੀ ਸ੍ਰੀ ਮੁਕਤਸਰ ਸਾਹਿਬ ਨੂੰ ਯੂਨੀਅਨ ਦੇ ਪੰਜ ਨੁਮਾਇੰਦਿਆਂ ਨੂੰ ਸੂਚਿਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਡੀਸੀ ਐੱਚ ਐੱਸ ਸੂਦਨ ਨੇ ਸਰਕਾਰ ਵੱਲੋਂ ਤੈਅ 13 ਅਕਤੂਬਰ ਦੀ ਮੀਟਿੰਗ ਦੀ ਪੁਸ਼ਟੀ ਕੀਤੀ ਹੈ। ਇਸ ਮੀਟਿੰਗ ਸਬੰਧੀ ਸਰਕਾਰ ਦੇ ਮਾਲ, ਪੁਨਰਵਾਸ ਅਤੇ ਡਿਜਾਸਟਰ ਮੈਨੇਜਮੈਂਟ ਵਿਭਾਗ ਨੇ ਸੂਬੇ ਦੇ ਸਮੂਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੋਂ ਗੁਲਾਬੀ ਸੁੰਡੀ ਕਰਕੇ ਨਰਮੇ ਦੀ ਹੋਈ ਖਰਾਬੀ ਸਬੰਧੀ 11 ਅਕਤੂਬਰ ਤੱਕ ਵੇਰਵੇ ਮੰਗੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly