ਇਨਕਲਾਬੀ ਗੀਤਕਾਰੀ ਦਾ ਥੰਮ੍ਹ –‘‘ਬਾਲੀ ਰੇਤਗੜ੍ਹ’

ਬਲਜਿੰਦਰ "ਬਾਲੀ ਰੇਤਗੜ੍ਹ"

(ਸਮਾਜ ਵੀਕਲੀ)

ਫੇਸਬੁੱਕ ’ਤੇ ਅਖਵਾਰਾਂ ਵਿੱਚ ਹਰ ਦਿਨ ਨਿੱਤ ਨਵੀਂ ਪੋਸਟ ਸਮਾਜਿਕ ਸਾਰੋਕਾਰਾਂ ਨਾਲ਼ ਸਬੰਧਤ ਤੇ ਸਮੇਂ ਸਮੇਂ ਤੇ ਹੋ ਰਹੀਆਂ ਸਮਾਜਿਕ ਗਥੀਵਿਧੀਆਂ ਤੇ ਜਦੋਂ ਮੈਂ ” ਬਾਲੀ ਰੇਤਗੜੵ” ਦੀਆਂ ਰਚਨਾਵਾਂ ਪੜ੍ਹਦਾ ਹਾਂ ਤਾਂ ਇਸ ਸਖ਼ਸ਼ ਨਾਲ਼ ਰਾਬਤਾ ਕਾਇਮ ਕਰਨ ਦੀ ਦਿਲ ਵਿੱਚ ਤਾਂਘ ਜਿਹੀ ਉੱਠੀ।ਉਸ ਦੀ ਨਿਧੱੜਕ ਲੇਖਣੀ ਨੇ ਮੇਰੀ ਮਿਲਣ ਦੀ ਖਾਹਿਸ਼ ਹੋਰ ਤੀਬਰ ਕਰ ਦਿੱਤੀ। ਸਪੰਰਕ ਕਰਿਆ ਅਤੇ ਮਿਲਣ ਲਈ ਸਾਡਾ ਸੰਗਰੂਰ ਵਿਖੇ ਇਕ ਸਮਾਗਮ ਵਿੱਚ ਸਮਾਂ ਤਹਿ ਹੋ ਗਿਆ। ਆਪਣੇ ਦੋ ਕਾਵਿ-ਸੰਗ੍ਰਿਹ “ਦਰਦ ਵਿਛੋੜੇ ਦਾ ਹਾਲ” ਤੇ ਮਿੱਟੀ ਦੀ ਆਵਾਜ਼” ਉਸ ਨੇ ਗੁਰੂ ਫ਼ਤਹਿ ਬੁਲਾਉਂਦੇ ਹੋਏੇ ਮੋਹ ਦੀ ਨਿੱਘੀ ਮਿਲਣੀ ਤੇ ਬੜੇ ਅਪਣੱਤ ਨਾਲ਼ ਅਦਬ ਦਾ ਨਜ਼ਰਾਨਾ ਮੇਰੇ ਸਪੁਰਦ ਕਰ ਦਿੱਤਾ।

ਗਰਮ ਗਰਮ ਚਾਹ ਦੀਆਂ ਚੁਸਕੀਆਂ ਲੈਂਦੇ ਸਾਹਤਿਕ ਗੀਤਾਂ ਦੇ ਰਚੇਤਾ ਨਾਲ਼ ਹੋਈ ਮੁਲਾਕਾਤ ਦੇ ਸੰਖੇਪ ਜਿਹਾ ਰੂਪ ਆਪ ਜੀ ਦੀ ਨਜ਼ਰ ਕਰਦਾ ਹਾਂ।

ਸਵਾਲ–ਬਲਜਿੰਦਰ ਸਿੰਘ ਜੀ ਤੁਹਾਡੇ ਜਨਮ, ਸਥਾਨ ਬਾਰੇ ਕੁੱਝ ਜਾਨਣਾ ਚਾਹੁੰਦਾਂ ਹਾਂ:–

ਜਵਾਬ--ਵੱਡੇ ਵੀਰ ਮੇਰਾ ਜਨਮ ਸੁਨਹਿਰੀ ਰੇਤ ਦੇ ਤੱਪਦੇ ਕੱਕੇ ਰੇਤ ਦੇ ਟਿੱਬਿਆਂ ਦੇ ਪਿੰਡ “ਰੇਤਗੜ੍ਹ” ਤਹਿਸੀਲ ਭਵਾਨੀਗੜ੍ਹ ਅਤੇ ਜ਼ਿਲ੍ਹਾ ਸੰਗਰੂਰ ਦੀ ਧਰਤੀ ’ਤੇ 06 ਮਈ 1968 ਨੂੰ ਮਾਤਾ ਹਰਬੰਸ ਕੌਰ ਤੇ ਪਿਤਾ ਸਰਦਾਰ ਜੰਗੀਰ ਸਿੰਘ ਦੇ ਗ੍ਰਹਿ ਵਿਖੇ ਰਾਮਗੜ੍ਹੀਆ ਪਰਿਵਾਰ ਵਿੱਚ ਹੋਇਆ। ਅਸੀ ਦੋ ਭਰਾ ਤੇ ਦੋ ਭੈਣਾਂ ਇਸ ਪਰਿਵਾਰ ਦੀ ਮੁਸਕਰਾਹਟ ਬਣੇ। ਇਹ ਪਿੰਡ ਪਟਿਆਲਾ ਰਿਆਸਤ ਦੇ ਵਜ਼ੀਰ ਸਾਹਿਬ ਯਾਣੀ ਖੁਦ -ਮੁਖਤਿਆਰ “ਰਾਜਾ ਸਾਹਿਬ” ਦਾ ਵਸਾਇਆ ਪਿੰਡ ਹੋਣ ਕਰਕੇ ਸਰਦਾਰਾਂ ਵਾਲੀ ਰੇਤਗੜ੍ਹ ਵੀ ਪੁਰਾਣੇ ਬਜ਼ੁਰਗ਼ ਆਖ ਦਿੰਦੇ ਨੇ। ਕਿਸੇ ਸਮੇਂ ਮੇਰੇ ਪਿੰਡ ਪਟਿਆਲਾ ਰਿਆਸਤ ਦੇ ਇਲਾਕੇ ਦੀ ਕਚਿਹਰੀ ਲੱਗਦੀ ਸੀ। ਫੈਸਲ਼ੇ ਸੁਣਾਏ ਜਾਂਦੇ ਸਨ। ਇਸ ਪਿੰਡ ਦੇ ਲੋਕਾਂ ਨੇ ਜਗੀਰਦਾਰੀ ਪ੍ਰਬੰਧ ਦੇ ਬੜੇ ਤਾਨਾਸ਼ਾਹੀ ਜੁਲਮ ਆਪਣੇ ਪਿੰਡੇ ’ਤੇ ਹੰਡਾਏ । ਮੇਰੇ ਬਜ਼ੁਰਗ ਵੀ ਮੁਜ਼ਾਹਰਿਆਂ ਦੀ ਜਥੇਬੰਦੀ ਦੇ ਸਿਰ ਕੱਢ ਘੁਲਾਟੀਏ ਰਹੇ ਹਨ। ਕੈਦਾਂ ਕੱਟੀਆਂ ਹਨ।

ਆਪਣੀ ਅਕਦਾਮਿਕ ਸਿੱਖਿਆ ਬਾਰੇ ਕੁੱਝ ਦੱਸੋਂਗੇ:–

ਜੀ, ਪ੍ਰਾਇਮਰੀ ਸਰਕਾਰੀ ਪ੍ਰਇਮਰੀ ਸਕੂਲ ਰੇਤਗੜ੍ਹ ਤੋਂ ਤੇ 10ਵੀਂ ਸਰਕਾਰੀ ਹਾਈ ਸਕੂਲ ਕਪਿਆਲ ਤੋਂ ਆਰਟਸ ਵਿੱਚ ਗ੍ਰੈਜੂਏਸ਼ਨ ਗੁਰੂ ਤੇਗ਼ ਬਹਾਦਰ ਕਾਲਜ ਭਵਾਨੀਗੜ੍ਹ ਤੇ ਐੱਮ.ਏ. ਪੋਲੀਟੀਕਲ ਸਾਇੰਸ ਪੱਤਰ ਵਿਹਾਰ ਵਿਭਾਗ ਪੰਜਾਬੀ ਯੁਨੀਵਰਸਿਟੀ ਪਟਿਆਲਾ ਤੋਂ ਅਤੇ ਗਿਆਨੀ ਵੀ ਕੀਤੀ।

ਤੁਹਾਡੇ ਵਿਵਾਹਿਕ ਜੀਵਨ ਤੇ ਬੱਚਿਆਂ ਪ੍ਰਤੀ ਕੁੱਝ ਦੱਸੋਗੇਂ:–

ਜੀ, ਮੇਰੀ ਸ਼ਾਦੀ 28 ਫਰਵਰੀ 1993 ਨੂੰ ਹਰਪ੍ਰੀਤ ਕੌਰ ਨਾਲ਼ ਹੋਈ। ਦੋ ਬੱਚੇ ਬੇਟੀ ਮਨਦੀਪ ਕੌਰ ਜਨਮ 1993 ਤੇ ਬੇਟਾ ਹਰਿੰਦਰ ਸਿੰਘ ਜਨਮ 1996 ਨੂੰ ਹੋਇਆ। ਬੇਟੀ ਸਾਇਕੋਲੋਜੀਕਲ ਵਿੱਚ ਮਾਸਟਰ ਡਿਗਰੀ ਤੇ ਡਿਪਲੋਮਾ ਹੈ। ਉਸਦੀ ਸ਼ਾਦੀ ਹੋ ਚੁੱਕੀ । ਅੱਜਕੱਲ ਨਿਊਜ਼ੀਲੈਂਡ ਵਿਖੇ ਆਪਣੇ ਪਤੀ ਜਗਦੀਸ਼ ਸਿੰਘ ਨਾਲ ਰਹਿ ਰਹੀ ਹੈ। ਬੇਟਾ ਆਰਟਸ ਵਿੱਚ ਗ੍ਰਜ਼ੈਏਸ਼ਨ ਤੇ ਪੀ.ਜੀ.ਡੀ.ਸੀ ਡਿਪਲੋਮਾ ਹੈ। ਬੇਟੇ ਦੀ ਸ਼ਾਦੀ ਦੀ ਗੱਲ ਅਜੇ ਚੱਲ ਰਹੀ ਹੈ। ਤੁਹਾਡਾ ਜਲਦੀ ਹੀ ਮੂੰਹ ਮਿੱਠਾ ਕਰਵਾਵਾਂਗੇ।

ਤੁਹਾਡੇ ਜੀਵਨ ਸਾਥੀ ਦਾ ਕਲਮ ਅਤੇ ਜ਼ਿੰਦਗ਼ੀ ਵਿੱਚ ਸਹਿਯੋਗ ਬਾਰੇ ਕੁੱਝ ਚਾਨਣਾ;–

ਇਸ ਪੱਖੋ ਜ਼ਿੰਦਗ਼ੀ ਦੇ ਤੇਰ੍ਹਾਂ ਸਾਲ ਬਹੁਤ ਵਧੀਆ ਬਤੀਤ ਹੋਏ ਪਰ ਜ਼ਿੰਦਗ਼ੀ ਦੇ ਸਫ਼ਰ ‘ਚ ਮੈਨੂੰ ਬਹੁਤ ਵੱਡਾ ਝਟਕਾ ਲੱਗਿਐ। ਅਚਾਨਕ 2010 ‘ਚ ਡਬੱਈ ਤੋਂ ਵਾਪਿਸ ਪਰਤਦਿਆਂ ਉਨ੍ਹਾਂ ਮੇਰੇ ਨਾਲੋਂ ਰਿਸ਼ਤਾ ਤੋੜ ਲਿਆ ਅੰਤ 2013 ਵਿੱਚ ਕੋਰਟ ਰਾਹੀਂ ਤਲਾਕ ਹੋ ਕੇ ਸਭ ਕੁਝ ਬਿਖ਼ਰ ਗਿਆ। ਹੁਣ ਪਰਿਵਾਰ ਵਿੱਚ ਮਾਤਾ-ਪਿਤਾ ਅਤੇ ਬੇਟਾ ਹੀ ਹੈ।ਛੋਟਾ ਭਰਾ ਕੈਨੇਡਾ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ ।

ਤੁਸੀਂ ਵਿਦੇਸ਼ ਵੀ ਗਏ ਹੋਂ? ਕਿੰਨ੍ਹਾਂ ਸਮਾਂ ਅਤੇ ਕਿਸ ਥਾਂ? ਕੀ ਕੰਮ ਕਰਦੇ ਸੀ ਉੱਥੇ :–

ਰਮੇਸ਼ਵਰ ਸਿੰਘ ਜੀ ਮੈਂ 1993 ਤੋਂ 99 ਤੱਕ ਇਕ ਪ੍ਰਾਈਵੇਟ ਫੈਕਟਰੀ ‘ਚ ਸਟੋਰਕੀਪਰ ਤੇ ਪਰਚੇਜ਼ ਮੈਨ ਦੇ ਤੌਰ ’ਤੇ ਕੰਮ ਕੀਤਾ। ਫੈਕਟਰੀ ਬੰਦ ਹੋ ਗਈ। ਫਿਰ ਆਪਣੇ ਪਿਤਾ ਪੁਰਖ਼ੀ ਕਿੱਤਾ ਰਾਜਗਿਰੀ ਦਾ ਇਕ ਰਾਜ ਮਿਸਤਰੀ ਦੇ ਤੌਰ ’ਤੇ ਕੰਮ ਕੀਤਾ। ਸਤੰਬਰ 2005 ਵਿੱਚ ਡੁਬੱਈ ਚਲਾ ਗਿਆ, ਜਿੱਥੇ ਅੱਜਕੱਲ “ਦੀ ਬੁਰਜ਼ ਖਲੀਫ਼ਾ” ਹੈ। ਇਸੇ ਟਾਵਰ ਦਾ ਹਿੱਸਾ ਦੁਨੀਆਂ ਦੀ ਸਭ ਤੋ ਵੱਡੀ ਮਾਲ਼ ” ਦੀ ਡਬੱਈ ਮਾਲ਼” ਵਿਖੇ ਤਿੰਨ ਸਾਲ ਮੈਸਨ ਚਾਰਜਹੈਡ ਦੀ ਪੋਸਟ ਤੇ ਉਸੋਂ ਬਾਅਦ ਦੋ ਸਾਲ 2008 ਤੋਂ 2010 ਤੱਕ ਸ਼ਾਰਜ਼ਾਹ ਵਿਖੇ ਇਕ ਕੰਪਨੀ ‘ਚ ਸਿਵਲ ਫੋਰਮੈਨ ਦੀ ਜੌਬ ਟਾਵਰ ’ਤੇ ਕੀਤੀ। ਪਰਿਵਾਰ ਵਿੱਚ ਉਥਲ਼-ਪੁੱਥਲ ਹੋਈ ਤੇ ਉਸ ਤੋਂ ਬਾਅਦ ਆਪਣੇ ਸ਼ਹਿਰ ਭਵਾਨੀਗੜ੍ਹ ਵਿਖੇ ਉਸਾਰੀ ਠੇਕੇਦਾਰ ਵਜੋਂ ਵੀ ਆਪਣੀ ਛਾਪ ਛੱਡ ਰਿਹਾ ਹਾਂ।

ਕਲਮ ਦੀਆਂ ਸ਼ਰੂਆਤੀ ਪੁਲਾਂਘਾਂ ਅਤੇ ਇਸ ਦੇ ਸਫ਼ਰ ਬਾਰੇ ਜਾਣਕਾਰੀ :–

ਜੀ, ਮੈਨੂੰ ਯਾਦ ਹੈ ਇਕ ਗੀਤ ਮੈਂ 7ਵੀ-8ਵੀ ‘ਚ ਪੜ੍ਹਦਿਆਂ ਪਿਤਾ ਜੀ ਵਲੋਂ ਲੈਣ-ਦੇਣ ਵਾਲੇ ਵਹੀ ਖਾਤੇ ’ਤੇ ਲਿੱਖ ਦਿੱਤਾ ਸੀ। ਪਰ 1984 ਤੋਂ ਕਾਲਜ ਵਿੱਚ ਪੈਰ ਪਾਉਂਦਿਆਂ ਮੇਰੀ ਕਲਮ ਚਾਨਣ ਦੀ ਰਿਸ਼ਮ ਬਣਕੇ ਕਦੇ ਨਿੱਘੀ ਧੁੱਪ ਮੇਰੇ ਹਿਰਦੇ ਵਿੱਚ ਗੀਤਾਂ ਦੀਆਂ ਸੁਰਖ਼ ਕਲੀਆਂ ਮਹਿਕਾਉਂਦੀ ਰਹੀ। ਕਲਮ ਮੇਰੀ ਧੜਕਣ ਬਣੀ, ਮੇਰਾ ਪਰਛਾਂਵਾਂ ਬਣੀ ਤੇ ਹੁਣ ਮੇਰਾ ਸਿਰਨਾਵਾਂ ਬਣੀ। ਇਸ ਦੀ ਵਫ਼ਾ ਨੇ ਮੇਰੇ ਸਾਹਾਂ ਨੂੰ ਚੱਲਦੇ ਰੱਖਿਆ, ਜਦੋਂ ਮੈਂ ਹਰ ਪਾਸਿਓ ਝੱਖੜਾਂ ਨਾਲ਼ ਜੂਝਦਾ ਉੱਖੜ ਜਾਣ ਲੱਗਿਆ ਤਾਂ ਇਕੋ-ਇਕ ਮੇਰੀ ਕਲਮ ਨੇ ਹੀ ਮੈਨੂੰ ਸਹਾਰਾ ਦਿੱਤਾ। ਮੇਰੇ ਗਮ ਮੇਰੇ ਗੀਤ ਬਣ ਗਏ, ਆਹਾਂ ਕਵਿਤਾਵਾਂ ਬਣ ਗਈਆਂ।ਮੇਰੇ ਉਪਰ ਸਿਰਫ਼ ਰੱਬ ਦੀ ਰਹਿਮਤ ਸੀ, ਜਿਸ ਕਰਕੇ ਸਾਹਾਂ ਦਾ ਸਫ਼ਰ ਜਾਰੀ ਹੈ।

ਤੁਸੀਂ ਇਨਸਾਨਾਂ ਲਈ ਆਲ਼੍ਹਣਿਆਂ ਨੂੰ ਸਿਰਜਦੇ ਹੋਂ..ਦਿਨ ਭਰ ਦੀ ਮੁਸ਼ੱਕਤ ..ਮੁੜ੍ਹਕੇ ਦੀ ਗੰਧ ਤੇ ਕਵਿਤਾਵਾਂ ‘ਚ ਜੀਵਨ ਦੇ ਯਥਾਰਥ ਦੀ ਮਹਿਕ…ਬੜਾ ਮੁਸ਼ਕਲ ਤੇ ਸਘੰਰਸ਼ੀ ਜੀਵਨ ਹੈ , ਤੁਹਾਡਾ। ਇਸ ਸਮੇਂ ‘ਚ ਘਰ ਵੀ ਸੰਭਾਲ਼ਦੇ ਹੋਂ..ਖਾਣਾ ਵੀ ਆਪ ਬਣਾ ਰਹੇ ਹੋਂ..ਕੁੱਝ ਜ਼ਿੰਦਗ਼ੀ ਦੇ ਕਸ ਨੂੰ ਰਸ ‘ਚ ਬਿਆਨ ਕਰੋਂਗੇ, ਆਪਣੇ ਪਾਠਕਾਂ ਲਈ:–
ਵੀਰ ਜੀ ,ਇਕ ਸਿਅਰ ਅਰਜ਼ ਕਰਦਾ ਹਾਂ

“ਜਿੰਦਗ਼ੀ ਤਾਂ ਸਫਰ ਹੈ ਇਕ , ਗਮ ਇਸ਼ਕ ਦੀ ਹੀ ਲਟਾ ਹੈ
ਘੋੜਿਆਂ ਦੀ ਦੌੜ ਇਹੇ, ਗੇਰਨਾ ਇਸ ਦੀ ਅਦਾ ਹੈ ਇਕ”

ਜ਼ਿੰਦਗ਼ੀ ਕੁਦਰਤ ਦੀ ਬਖਸ਼ਿਸ਼ ਹੈ। ਜੋ ਵੀ ਤੁਹਾਡੇ ਨਾਲ਼ ਹੋ ਰਿਹਾ ਉਸ ਦਾਤੇ ,ਉਸ ਮਾਲਿਕ ਦੀ ਰਜ਼ਾ ਹੈ।ਰਜ਼ਾ ਤੋਂ ਬਿਨਾਂ ਪੱਤਾ ਨਹੀਂ ਹਿਲਦਾ। ਕੁਦਰਤ ਨੇ ਹਰ ਜੀਵ ਨੂੰ ਕਲਾ-ਹੁਨਰ ਨਾਲ਼ ਨਿਵਾਜ਼ਿਆ ਹੈ। ਜ਼ਿੰਦਗ਼ੀ ਅਨਮੋਲ ਰਤਨ ਹੈ। ਇਕ ਕਵਿਤਾ ਜਿਹੀ, ਇਕ ਨਜ਼ਮ ਜਿਹੀ, ਇਕ ਗ਼ਜ਼ਲ ਕਦੇ ਇਕ ਗੀਤ ਜਿਹੀ। ਇਸ ਨੂੰ ਗਾਉਂਦੇ ਚਲੋ..ਕਿਸੇ ਨਾ ਕਿਸੇ ਰਾਹ ’ਤੇ ਖੁਸ਼ੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ। ਨਸ਼ਿਆਂ ਵਿੱਚ ਨਾ ਡੁੱਬੋ..ਉਸ ਮਾਲਿਕ ਦੀ ਰਜ਼ਾ ਨੂੰ ਪ੍ਰਵਾਨ ਕਰੋ ਤੇ ਸਫ਼ਰ ਜਾਰੀ ਰੱਖੋ..ਮੰਜ਼ਿਲ ਸਾਡੇ ਲਈ ਸਿਰਫ ਇੱਕ ਛੱਪੜ ਹੈ..ਅਸੀਂ ਛੱਪੜ ਨਹੀਂ ਬਣਨਾ..ਨਦੀ ਬਣ ਕੇ ਦਰਿਆ ਬਣਕੇ ਥਲਾਂ ‘ਚ ਹਵਾਵਾਂ ’ਚ ਰਚ-ਮਿਚ ਜਾਣੈ।-
ਆਪਣਾ ਸਫ਼ਰ ਆਪਣਾ ਮਨੋਰੰਜਨ ਬਣਾਉਣੈ।

ਸਵਾਲ:--ਤੁਸੀਂ ਇਕ ਨਰੋਈ ਸੋਚ ਤੇ ਸੰਘਰਸ਼ ਕਰਨ ਵਾਲੇ ਲੇਖਕ ਹੋਂ , ਲੇਖਕਾਂ ਦਾ ਸਮਾਜ ਵਿੱਚ ਉੱਚਾ ਮੁਕਾਮ ਹੁੰਦਾ ਹੈ। ਮਜਦੂਰਾਂ ਨਾਲ ਦਿਨ ਭਰ ਵਿਚਰਦੇ ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋਂ ?

ਜਵਾਬ;– ਵੀਰ ਜੀ, ਸਖਤ ਮਿਹਨਤ-ਮੁਸ਼ੱਕਤ ਕਰਮ ਕਰਨ ਵਾਲੇ ਮਨੁੱਖ ਹੀ ਸਮਾਜ ਦੇ ਸਿਰਜਕ ਹੁੰਦੇ ਹਨ । ਇਹ ਕਿਰਤੀ ਸਮਾਜਿਕ ਤੇ ਆਰਥਿਕ ਗਤੀਵਿਧੀਆਂ ਦੇ ਅਸਲ ਥੰਮ ਹਨ। ਕਿਸਾਨ ਤੇ ਕਿਰਤੀ ਨੂੰ ਸਾਡੇ ਦੇਸ਼ ਵਿੱਚ ਕੋਈ ਮਾਣ-ਸਨਮਾਨ ਨਹੀਂ , ਇਸ ਤੋਂ ਵੀ ਮੁਨਕਰ ਨਹੀਂ ਹੋ ਸਕਦੇ।

ਪਰ ਮਿੱਟੀ ਨਾਲ਼ ਮਿੱਟੀ ਹੋਣ ਵਾਲੇ , ਆਪਣੇ ਮੁੜੵਕੇ ਨਾਲ ਮਿੱਟੀ ਮਹਿਕਾਉਣ ਵਾਲੇ, ਦਿਲਾਂ ਦੇ ਪਾਕਿ-ਪਵਿੱਤਰ ਇਨਸਾਨ ਹੁੰਦੇ ਹਨ। ਮੈਂ ਇਨ੍ਹਾਂ ਨਾਲ ਵਿਚਰਦਿਆਂ ਫ਼ਕਰ ਮਹਿਸੂਸ ਕਰਦਾ ਹਾਂ ।
ਤੁਹਾਡੇ ਗੀਤਾਂ ਦੇ ਵਿਸ਼ਿਆਂ ਬਾਰੇ ਕੁੱਝ ਪਾਠਕਾਂ ਨਾਲ਼ ਸਾਂਝ:-

ਵੱਡੇ ਵੀਰ..ਸਾਡਾ ਸਮਾਜ..ਸਾਡਾ ਨਿੱਤ ਪ੍ਰਤੀ ਦਾ ਜੀਵਨ, ਜੀਵਨ ਜਿਊਣ ਲਈ ਸਘੰਰਸ਼, ਮੋੜ-ਮੋੜ ’ਤੇ ਘਟਨਾਵਾਂ, ਜ਼ਿੰਦਗ਼ੀ ਦੀ ਗੁਰਬਤ, ਟੁੱਟਦੇ ਰਿਸ਼ਤਿਆਂ ਦੇ ਅਹਿਸਾਸ, ਔਰਤਾਂ ਦੀ ਦਸ਼ਾ, ਧੀਆਂ-ਭੈਣਾਂ ਪ੍ਰਤੀ ਸਾਡੇ ਸਮਾਜ ਦਾ ਦ੍ਰਿਸ਼ਟੀਕੋਣ, ਆਰਥਿਕ ਮੰਦਹਾਲ਼ੀ, ਕਿਰਤ ਦਾ ਸ਼ੋਸ਼ਣ, ਜਿਸਮਾਂ ਦਾ ਸ਼ੋਸ਼ਣ, ਗੰਦੀ ਸਿਆਸਤ ਦਾ ਲੋਕਾਂ ਪ੍ਰਤੀ ਰਵੱਈਆ, ਪ੍ਰਸ਼ਾਸਨ ਦੀ ਤਾਨਾਸ਼ਾਹੀ…ਬਹੁਤ ਅਹਿਮ ਵਿਸ਼ੇ ਨੇ….ਲਿਖੀ ਜਾਵਾਂ ਕਦੇ ਨਹੀਂ ਮੁੱਕਣੇ, ਜਿੰਦਗ਼ੀ ਆਪਣੇ ਆਪ ਵਿੱਚ ਮਹਾਂ-ਸਾਗਰ ਹੈ, ਅਨੰਤ ਵਿਸ਼ੇ ਨੇ, ਸਮੇਂ ਦੇ ਹਾਣ ਦੀ ਗੀਤਕਾਰੀ ਲੋਕ-ਸ਼ਕਤੀ ਦੀ ਨਾਇਕਾ ਬਣਦੀ ਹੈ।

“ਰੇਤਗੜੵ ਸਾਹਿਬ ” ਕਿਸਾਨ ਸੰਘਰਸ਼ ਬਾਰੇ ਕੁੱਝ ਲਿਖ ਰਹੇ ਹੋਂ ? ਕੁੱਝ ਕਹਿਣਾ ਚਾਹੋਂਗੇ:–

ਜੀ, ਨਿੱਤ ਦਿਨ ਅਖਵਾਰਾਂ, ਮੈਗਜ਼ੀਨਾਂ, ਅੰਤਰ-ਰਾਸ਼ਟਰੀ ਪੱਧਰ ਦੇ ਪੰਜਾਬੀ ਅਖਵਾਰ ਇਸ ਨਾਚੀਜ਼ ਨੂੰ ਪਿਆਰ ਬਖਸ਼ ਰਹੇ ਨੇ। ਇਕ ਸਤਰ ਤੁਹਾਡੀ ਨਜ਼ਰ–

“ਤਖ਼ਤੇ ਮੌਤ ਦੇ ਮਨਜ਼ੂਰ ਹਾਕਮਾਂ, ਨਾ ਮਨਜ਼ੂਰ ਮੌਤ ਅਣਖ ਜ਼ਮੀਰਾਂ ਦੀ,
ਕੌਮ ਲਿਖਣਾ ਜਾਣੇ ਆਪਣੇ ਹੱਥੀਂ, ਇਤਿਹਾਸ-ਇਬਾਰਤ ਖੁਦ ਤਕਦੀਰਾਂ ਦੀ”

ਵੀਰ ਜੀ, ਮਨੂੱਖ ਨੂੰ ਜਬਰ -ਜੁਲਮ ਦੇ ਖਿਲ਼ਾਫ਼ ਜੂਝਣਾ ਚਾਹੀਂਦਾ ਹੈ ,ਹਰ ਕਲਮਕਾਰ ਦਾ ਇਹ ਇਖ਼ਲਾਕੀ ਫਰਜ਼ ਬਣਦਾ ਹੈ ਕਿ ਤਲਵਾਰ ਨਹੀਂ ਉਠਾ ਸਕਦਾ ਤਾਂ ਆਪਣੀ ਕਲਮ ਦੀ ਧਾਰ ਤੇਜ਼ ਕਰੇ ਤੇ ਲੋਕ-ਹਿੱਤਾਂ ਲਈ ਨਿਛਾਵਰ ਹੋ ਕੇ ਸਮੇਂ ਦੀ ਇਬਾਰਤ ਹੋ ਜਾਵੇ।

“ਬਾਲੀ ਜੀ, ਤੁਹਾਡੀ ਕਲਮ ਦਾ ਪਾਠਕਾਂ ਜਾਂ ਸਰੋਤਿਆਂ ਨਾਲ਼ ਰਾਬਤਾ.. ਕੋਈ ਰਿਕਾਰਡਿੰਗ ਜਾਂ ਮੀਡੀਆ ਤੱਕ ਪਹੁੰਚ ਬਾਰੇ:–
ਜੀ, ਸਾਹਿਤ ਦਾ ਖੇਤਰ ਬਹੁਤ ਵਿਸ਼ਾਲ਼ ਹੈ। ਮੈਂ ਤਾਂ ਧੂੜ ਦਾ ਇਕ ਨਾ-ਮਾਤਰ ਕਣ ਹਾਂ ਵੀਰ। ਦੁਰਦਰਸ਼ਨ ਜਲੰਧਰ ਦੇ ਪ੍ਰੋਗਰਾਮ ਕਵੀ ਦਰਬਾਰ ਵਿੱਚ ਹਿੱਸਾ ਲੈ ਚੁੱਕਿਆ ਹਾਂ ਜੀ, ਯੂ ਕੇ ਸਿੱਖ ਚੈਨਲ ਦੀ ਪ੍ਰੋਗਰਾਮ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ’ਤੇ ਵਿਸ਼ੇਸ਼ ਕਵੀ ਦਰਬਾਰ ‘ਚ ਗੀਤ ਨਾਲ਼ ਸਿੱਜਦਾ ਕਰ ਚੁੱਕਾਂ ਹਾਂ।

ਗੀਤ ਰਿਕਾਰਡਿੰਗ ਲਈ, ਜੋ ਵਪਾਰਿਕ ਭੜਕਾਊ, ਅਸ਼ਲ਼ੀਲ ਅਤੇ ਅਸੱਭਿਅਕ ਗੀਤਾਂ ਦੀ ਮੰਗ ਗਾਇਕਾਂ ਵਲੋਂ ਕੀਤੀ ਜਾਂਦੀ ਹੈ। ਉਸ ਰਸਤੇ ਮੈਂ ਜਾਣਾ ਹੀ ਨਹੀਂ। ਸਾਹਿਤਕ ਗੀਤਾਂ ਦੀ ਰਿਕਾਰਡਿੰਗ ਕਰਨੀ ਕੰਪਨੀਆਂ ਨੂੰ ਗਵਾਰਾ ਨਹੀਂ। ਗੀਤਕਾਰ ਤੋਂ ਹੀ ਮੋਟੀਆਂ ਰਕਮਾਂ ਦੀ ਮੰਗ ਕਰੀ ਜਾਂਦੀ ਹੈ ਜੋ ਗੀਤਕਾਰਾਂ ਨਾਲ ਧੱਕਾ ਹੈ। ਮੈਂ ਪੈਸੇ ਦੇ ਕੇ, ਬਾਜ਼ਾਰ ਦੀ ਵਸਤੂ ਬਣਨਾ ਤੇ ਝੂਠੀ ਸ਼ੋਹਰਤ ਨੂੰ ਪੵਪਤ ਕਰਕੇ ਆਪਣੇ ਆਪ ਨਾਲ ਛਲ਼ ਨਹੀਂ ਕਰਨਾ। ਇਹ ਤਾਂ ਸਮਾਜ ਤੇ ਆਪਣੇ ਆਪ ਨਾਲ ਹੀ ਧੋਖਾਧੜੀ ਹੈ। ਸਾਹਿਤਕ ਖੇਤਰਾਂ ਵਿੱਚ ਵੀ ਇਹੋ ਜਿਹੇ ਜੁਗਾੜ ਲਾ ਕੇ ਹੀ ਅਕਸਰ ਮਾਨ-ਸਨਮਾਨ ਪ੍ਪਤ ਕੀਤੇ ਜਾਂਦੇ ਹਨ।

“ਰੇਤਗੜੵ ਸਾਹਿਬ” ਨਵੀਆਂ -ਨਕੋਰ ਕਲਮਾਂ ਲਈ ਦੋ ਸ਼ਬਦ:–
ਸਾਰੇ ਲਿਖਾਰੀਆਂ ਨੂੰ ਇਕਜੁੱਠ ਹੋ ਕੇ ਜਬਰ-ਜੁਲਮ ਦਾ ਵਿਰੋਧ ਕਰਨਾ ਚਾਹੀਂਦਾ ਹੈ। ਹਰ ਸਮੋਂ ਆਪਣੀ ਚੇਤਨਤਾ ਦੀ ਪਾਣ ਆਪਣੇ ਸ਼ਬਦ ਰੂਪੀ ਸ਼ਾਸ਼ਤਰ ਨੂੰ ਦਿੰਦੇ ਰਹੋ। ਪਰਪੱਕ ਤੇ ਸਥਿਰ ਲਿਖਾਰੀਆਂ ਨੂੰ ਆਪਣੀ ਵਿਦਵੱਤਾ ਦੇ ਘੁਮੰਡ ਚੋਂ ਬਾਹਰ ਨਿਕਲ ਕੇ ਨਵੀਆਂ ਕਲਮਾਂ ਦੀ ਰਹਿਨੁਮਾਈ ਕਰਨੀ ਚਾਹੀਂਦੀ ਹੈ। ਉਹਨਾਂ ਦੀ ਹੌਸਲਾ ਅਫਜ਼ਾਈ ਕਰਨੀ ਸਭ ਦਾ ਨੈਤਿਕ ਫਰਜ਼ ਬਣਦਾ ਹੈ ਜੀ। ਭਾਰਤ ਗੋ ਬਾਲੀ ਦੀ ਕਲਮ ਹਰ ਰੰਗ ਨਾਲ ਭਰਪੂਰ ਹੈ ਵਾਰਤਕ ਲਿਖਣ ਲੱਗਿਆ ਭੂਰਾ ਨਕਸ਼ਾ ਵਿਖਾ ਦਿੰਦਾ ਹੈ ਕਹਾਣੀ ਪੜ੍ਹੋ ਤਾਂ ਅੱਖਾਂ ਦੇ ਸਾਹਮਣੇ ਫਿਲਮ ਘੁੰਮਦੀ ਹੈ।ਗ਼ਜ਼ਲਕਾਰੀ ਵਿਚੋਂ ਸ਼ਿਵ ਕੁਮਾਰ ਬਟਾਲਵੀ ਨਜ਼ਰ ਆਉਂਦਾ ਹੈ।ਗੀਤਕਾਰੀ ਇਸ ਦੀ ਕਲਮ ਦਾ ਮੂਲ ਆਧਾਰ ਹੈ।

ਸਮੇਂ ਤੇ ਸਮਾਜਿਕ ਹਾਲਾਤਾਂ ਨੂੰ ਵੇਖ ਕੇ ਇਸ ਦੀ ਕਲਮ ਚੱਲਦੀ ਹੈ ਤਾਂ ਪੂਰੀ ਕਹਾਣੀ ਬਿਆਨ ਕਰ ਦਿੰਦੀ ਹੈ।ਹਰ ਕਹਾਣੀ ਦਾ ਅੰਤ ਇਸ ਵੱਲੋਂ ਥੋੜ੍ਹੇ ਸ਼ਬਦਾਂ ਵਿਚ ਦਿੱਤੇ ਸਾਰਥਕ ਵਿਚਾਰ ਹੁੰਦੇ ਹਨ।ਜਿਆਣੀ ਕੇ ਇਸਦੀ ਗੀਤ ਕਾਵਿ ਕਹਾਣੀ ਦਾ ਹੀ ਇਕ ਰੂਪ ਹੁੰਦਾ ਹੈ।ਜਦੋਂ ਵੀ ਇਸ ਦੇ ਗੀਤ ਰਿਕਾਰਡ ਹੋਏ ਮੇਰਾ ਖ਼ਿਆਲ ਤੁਰੰਤ ਪਹਿਲੀ ਕਤਾਰ ਦਾ ਗੀਤਕਾਰ ਸਥਾਪਤ ਹੋ ਜਾਵੇਗਾ

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ-9914880392

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਲਾਜ ਤੇ ਸਿੱਖਿਆ ਸਹੂਲਤਾਂ ਲਈ ਸਹਿਕਦੇ ਭਾਰਤੀ ਲੋਕਾਂ ਲਈ ਧੋਖੇ ਵਰਗੀ ਹੈ “ਆਜ਼ਾਦੀ”
Next articleਇਹੋ ਜਹੀ ਆਜ਼ਾਦੀ