(ਸਮਾਜ ਵੀਕਲੀ)
ਚੁੰਮ ਚੁੰਮ ਮਿੱਟੀ ਮੱਥੇ ਲਾਵਾਂ
ਕਣ ਕਣ ਨੂੰ ਇਹਦੇ ਸੀਸ ਝੁਕਾਵਾਂ
ਪਾਕ ਮੁਕੱਦਸ ਧਰਤੀ ਤੇ ਆਏ ਗੁਰੂ ਪੈਗੰਬਰ ਪੀਰ
ਘੁੱਗ ਵੱਸਦੇ ਪੰਜਾਬ ਮੇਰੇ ਦੀ ਨੈਣਾਂ ਵਿੱਚ ਤਸਵੀਰ
ਗੁਰੂਘਰਾਂ ਤੋਂ ਸ਼ਾਮ ਸਵੇਰੇ ਸੁਣਦੀ ਏ ਗੁਰਬਾਣੀ
ਖੂਹਾਂ ਦੇ ਸੀ ਸੱਚਮੁੱਚ ਲੱਗਦੇ ਸ਼ਰਬਤ ਵਰਗੇ ਪਾਣੀ
ਕੱਚੇ ਕੋਠਿਆਂ ਵਿੱਚ ਸੀ ਰਹਿੰਦੇ ਦਿਲਾਂ ਦੇ ਬੜੇ ਅਮੀਰ
ਘੁੱਗ ਵੱਸਦੇ ਪੰਜਾਬ ਮੇਰੇ ਦੀ……….
ਚਾਰ ਚੁਫ਼ੇਰਾ ਹਰਿਆ ਭਰਿਆ ਪੰਛੀ ਨੱਚਦੇ ਗਾਉਂਦੇ
ਡੰਗ ਦੀ ਡੰਗ ਓਹ ਖਾਕੇ ਰੱਬਦਾ ਲੱਖ ਸੀ ਸ਼ੁਕਰ ਮਨਾਉਂਦੇ
ਜ਼ਿੰਦਗੀ ਜਿਉਣ ਦੀ ਉਹਨਾਂ ਦੀ ਹੈ ਵੱਖ ਜੱਗ ਤੋਂ ਤਦਬੀਰ
ਘੁੱਗ ਵੱਸਦੇ ਪੰਜਾਬ ਮੇਰੇ ਦੀ……….
ਪਿੱਪਲੀਂ ਪੀਘਾਂ ਪਾਉਣ ਲਈ ਕੁੜੀਆਂ ਚਿੜੀਆਂ ਮੇਲਾ ਲਾਇਆ
ਚਰਖ਼ਾ ਕੱਤਣ ਦੇ ਲਈ ਹੇਠ ਬਰੋਟੇ ਪੀਹੜਾ ਡਾਹਿਆ
ਰੂਪ ਚੌਦਵੀਂ ਦੇ ਚੰਨ ਵਰਗੇ ਕੀ ਸਿਆਲਾਂ ਦੀ ਹੀਰ
ਘੁੱਗ ਵੱਸਦੇ ਪੰਜਾਬ ਮੇਰੇ ਦੀ……….
‘ਚੁੰਬਰਾ’ ਲੱਗਦੇ ਮੇਲਿਆਂ ਦੇ ਵਿੱਚ ਵਿਰਸਾ ਦੇ ਚਮਕਾਰੇ
ਕੋਕਿਆਂ ਜੜੀਆਂ ਡਾਂਗਾਂ ਤੇ ਕਿਤੇ ਕੋਕਿਆਂ ਦੇ ਲਿਸ਼ਕਾਰੇ
ਸਿਰ ਸਜੀਆਂ ਦਸਤਾਰਾਂ ਸੋਹਣੀਆਂ ਲਸ਼ ਲਸ਼ ਕਰਨ ਸਰੀਰ
ਘੁੱਗ ਵੱਸਦੇ ਪੰਜਾਬ ਮੇਰੇ ਦੀ, ਵਸੇ ਨੈਣੀਂ ਤਸਵੀਰ ।
ਪੇਸ਼ਕਸ਼- ਕੁਲਦੀਪ ਚੁੰਬਰ ਕਨੇਡਾ
604-902-3237