ਮਸਨੂਈ ਜ਼ਿੰਦਗੀ।

(ਜਸਪਾਲ ਜੱਸੀ)

(ਸਮਾਜ ਵੀਕਲੀ)

ਹੈਦਰਾਬਾਦ ਡਾਇਰੀ -ਚਾਰ
ਪੰਨਾ ਤਿੰਨ।
ਸੱਚਮੁੱਚ ਵੱਡੇ ਸ਼ਹਿਰਾਂ ਦੀ ਜ਼ਿੰਦਗੀ ਮਸਨੂਈ ਹੈ।ਆਈ.ਟੀ.ਸੈਕਟਰ ਦੇ ਥੱਕੇ ਟੁੱਟੇ ਲੋਕ,ਆਪਣੀ ਸਾਰੀ ਜ਼ਿੰਦਗੀ ਭੌਤਿਕਵਾਦੀ ਜ਼ਿੰਦੇ ਹਨ।
ਹੈਦਰਾਬਾਦ ਵੀ ਤੇਲੰਗਾਨਾ ਸਟੇਟ ਦਾ, ਇੱਕ ਵੱਡਾ ਸ਼ਹਿਰ ਤੇ ਰਾਜਧਾਨੀ ਹੈ। ਆਈ.ਟੀ.ਸੈਕਟਰ ਨੇ ਇੱਥੇ ਬਹੁਤ ਲੰਮੇ, ਚੌੜੇ ਪੈਰ ਪਸਾਰੇ ਹਨ।

ਸਵੇਰ ਤੋਂ ਸ਼ਾਮ ਤੱਕ ਦੇ ਥੱਕੇ ਟੁੱਟੇ ਲੋਕ, ਰਾਤ ਨੂੰ ਆਪਣੀ ਜ਼ਿੰਦਗੀ ਨੂੰ ਰੰਗੀਨ ਬਣਾਉਣ ਲਈ ਕਲੱਬਾਂ,ਰੈਸਟੋਰੈਂਟਾਂ, ਹੋਟਲਾਂ, ਪੱਬਾਂ, ਦਾ ਸਹਾਰਾ ਲੈਂਦੇ ਹਨ। ਇਹਨਾਂ ਥਾਵਾਂ ‘ਤੇ ਜੋੜੇ ਆਉਂਦੇ ਹਨ, ਸ਼ਰਾਬ ਦੇ ਨਸ਼ੇ ਵਿਚ ਡੁੱਬ ਕੇ,ਸਿਗਰਟਾਂ ਦੇ ਧੂੰਏ ਵਾਂਗ ਹਵਾ ਵਿਚ ਉੱਡਦੇ।
ਇਹਨਾਂ ਦੀ ਜ਼ਿੰਦਗੀ,ਸਾਰੀ ਦੀ ਸਾਰੀ ਮਸਨੂਈ ਹੈ। ਐਸਟਰੋ ਟਰੱਫ਼ ਤੇ ਪੋਲੀਗ੍ਰਾਸ ਵਾਂਗ। ਦੇਖਣ ਨੂੰ ਹਰਿਆਵਲ ਵਾਂਗ ਸੋਹਣੀ ਲੱਗਦੀ ਹੈ ਪਰ ਜਦੋਂ ਡਿੱਗਦੇ ਹਨ, ਸੱਟਾਂ ਫੇਟਾਂ ਦਾ ਵੱਜਣਾ ਲਾਜ਼ਮੀ ਹੈ, ਉਂਜ ਜ਼ਿੰਦਗੀ ਬਹੁਤ ਤੇਜ਼, ਪੋਲੀਗ੍ਰਾਸ/ ਐਸਟਰੋ ਟਰੱਫ਼ ‘ਤੇ ਖੇਡੀ ਜਾ ਰਹੀ ਹਾਕੀ ਦੀ ਖੇਡ ਵਾਂਗ।

ਕਿਸੇ ਕੋਲ ਰਿਸ਼ਤਿਆਂ ਨੂੰ ਜਿਉਂਣ ਦਾ ਵਕਤ ਨਹੀਂ। ਜੋ ਰਿਸ਼ਤੇ ਜਨਮ ਵੇਲੇ ਤੁਸੀਂ ਦਿੱਤੇ ਹਨ ਉਹ ਵੀ ਜ਼ਿੰਦਗੀ ‘ਚੋਂ ਮਨਫੀ ਹੋ ਰਹੇ ਹਨ।
ਨਵਾਂ ਰਿਸ਼ਤਾ ਬਣਾਉਣ ਦਾ ਤਾਂ ਮਤਲਬ ਹੀ ਨਹੀਂ। ਪੁਰਾਣੇ ਹੀ ਬਰਕਰਾਰ ਰਹਿ ਜਾਣ ਸ਼ੁਕਰ ਹੈ।

ਬੇਟੇ ਤੇ ਨੂੰਹ ਦੇ ਸ਼ੌਂਕ ਅਵੱਲੇ ਹਨ,ਦੋਵੇਂ ਆਪੋ-ਆਪਣੀਆਂ ਕੰਪਨੀਆਂ ਵਿਚ ਵੱਡੀਆਂ ਪੋਸਟਾਂ ‘ਤੇ ਹਨ। ਦਫ਼ਤਰੋਂ ਆਉਂਦਿਆਂ ਹੀ ਦੋਵਾਂ ਦੇ, ਜਿੰਮ ‘ਤੇ ਲੈ ਕੇ ਜਾਣ ਵਾਲੇ ਬੈਗ,ਤਿਆਰ ਬਰ ਤਿਆਰ ਹੁੰਦੇ ਹਨ।

ਨੌਕਰੀ,ਪੜ੍ਹਨਾ ਲਿਖਣਾ, ਚੰਗਾ ਖਾਣਾ ਤੇ ਜਿੰਮ। ਇਹ ਉਹਨਾਂ ਦੀ ਜ਼ਿੰਦਗੀ।

ਸਾਡੇ ਆਇਆਂ ਹੋਣ ਕਰ ਕੇ, ਕੁਦਰਤੀ ਹੈ ਉਹਨਾਂ ਨੂੰ,ਸਾਨੂੰ ਘੁਮਾਉਣ ਲਈ ਅਲੱਗ ਤੋਂ ਵਕਤ ਕੱਢਣਾ ਹੀ ਪੈਣਾ ਸੀ।

ਬੱਚੇ ਸੰਸਕਾਰੀ ਹਨ, ਰਾਤ ਨੂੰ ਹੀ ਬੈਠ ਕੇ ਅਗਲੇ ਦਿਨ ਦਾ ਪਰੋਗਰਾਮ ਉਲੀਕ ਲੈਂਦੇ ਹਨ ਕਿ ਕੱਲ੍ਹ ਨੂੰ ਕਿੱਥੇ ਘੁੰਮਣਾ, ਘੁਮਾਉਣਾ ਤੇ ਕੀ ਖਾਣਾ ਪੀਣਾ ਹੈ। ਸਵੇਰ ਤੋਂ ਦੁਪਹਿਰ ਤੱਕ ਸਾਡੀ ਮਰਜ਼ੀ ਹੈ,ਕੁੱਕ ਤੋਂ ਜੋ ਮਰਜ਼ੀ ਬਣਵਾ ਕੇ ਖਾਈਏ, ਜਿੱਥੇ ਜੀ ਚਾਹੇ ਘੁੰਮੀਏ ਪਰ ਸ਼ਾਮ ਤੇ ਰਾਤ ਉਹਨਾਂ ਨੇ ਮੰਗ ਲਈ ਹੈ।

ਬੀਤੀ ਰਾਤ ਜਦੋਂ ਬੇਟਾ ਤੇ ਨੂੰਹ ਇੱਕ ਓਸ ਰੈਸਟੋਰੈਂਟ ਵਿਚ ਲੈ ਕੇ ਗਏ ਜਿੱਥੇ ਸਿਰਫ਼ ਤੇ ਸਿਰਫ਼ ਪੱਛਮੀ ਸੱਭਿਅਤਾ ਹੀ ਵਾਸ ਕਰਦੀ ਸੀ।
ਉਹੀ ਅੰਗਰੇਜ਼ਾਂ ਦੇ ਨਾਮ ‘ਤੇ ਬਣਿਆ ਹੋਟਲ ਕਮ ਰੈਸਟੋਰੈਂਟ “Ten down” ਜੋ ਬ੍ਰਿਟਿਸ਼ ਪ੍ਰਧਾਨ ਮੰਤਰੀ ਦੀ ਨਿੱਜੀ ਰਿਹਾਇਸ਼ ਦੀ ਨਕਲ ਤੇ ਬਣਿਆ ਹੈ, ਜਿੱਥੇ ਪ੍ਰਧਾਨ ਮੰਤਰੀ ਦੇ ਮਹਿਮਾਨ ਤੇ ਪਾਰਲੀਮੈਂਟ ਦੇ ਸਾਰੇ ਮੈਂਬਰ ਖਾਣਾ ਖਾਂਦੇ ਹਨ, ਉੱਥੇ ਖਾਣਾ ਖਾਣ ਚਲੇ ਗਏ।
ਐਂਟਰੀ ‘ਤੇ ਹੀ ਖੜ੍ਹੇ ਸੇਵਦਾਰ, ਸਲੂਟ ਦਰ ਸਲੂਟ ਕਰ ਰਹੇ ਸਨ। ਅੰਦਰ ਦਾਖ਼ਲ ਹੁੰਦਿਆਂ ਹੀ ਹਾਲ ਦੇ ਵਿਚ ਵੱਜ ਰਿਹਾ ਸੰਗੀਤ, ਕੰਨਾਂ ਨੂੰ ਚੀਰ ਰਿਹਾ ਸੀ।

ਹਾਲ ਦੇ ਖੁੱਲ੍ਹੇ ਗੇਟ ਤੋਂ ਬਾਹਰ,ਖੁੱਲ੍ਹੇ ਥਾਂ ‘ਤੇ ਧੂੰਏ ਦਾ ਅੰਬਾਰ ਤੁਹਾਨੂੰ ਬੇਹੋਸ਼ੀ ਦੀ ਹਾਲਤ ਤੱਕ ਪਹੁੰਚਾਉਣ ਲਈ ਕਾਫ਼ੀ ਸੀ।

ਉੱਤੋਂ ਹੀ ਸਾਰੇ ਸ਼ਹਿਰ ਦਾ ਨਜ਼ਾਰਾ, ਦੇਖਣ ਯੋਗ ਸੀ। ਸ਼ਰਾਬ ਦੇ ਨਸ਼ੇ ਵਿਚ ਧੁੱਤ ਜਵਾਨੀ ਸੰਗੀਤ ‘ਤੇ ਉੱਡ ਰਹੀ ਸੀ। ਵੱਡੀ ਗੱਲ ਇਹ ਸੀ ਕਿ ਅੰਗਰੇਜ਼ੀ ਧੁਨਾਂ ਦੇ ਨਾਲ ਪੰਜਾਬੀ ਸੰਗੀਤ ਬਹੁਤ ਜ਼ੋਰਾਂ ਸ਼ੋਰਾਂ ਨਾਲ ਵੱਜ ਰਿਹਾ ਸੀ।

ਬੇਟਾ ਕਹਿੰਦਾ,” ਪਾਪਾ! ਤੁਸੀਂ ਬਾਹਰ ਜ਼ਰੂਰ ਚੱਕਰ ਮਾਰੋ, ਤੁਹਾਨੂੰ ਇਸ ਜ਼ਿੰਦਗੀ ਬਾਰੇ ਲਿਖਣ ਲਈ, ਬਹੁਤ ਮਟੀਰੀਅਲ ਮਿਲੇਗਾ।” ਇੱਥੇ ਇਹ ਦੱਸਣ ਯੋਗ ਹੈ ਕਿ ਬੇਟਾ ਵੀ ਇੰਗਲਿਸ਼ ਵਿਚ ਅਗਾਂਹਵਧੂ ਆਰਟੀਕਲ ਤੇ ਸਟੋਰੀ ਲਿਖਦਾ ਹੈ। ਕ੍ਰਾਂਤੀਕਾਰੀ, “ਚੀ ਗੁਵੇਰਾ’ ਤੇ “ਮਾਰਕਸ”, ਤੇ ਹੋਰ ਬਾਹਰਲੇ ਅੰਗਰੇਜ਼ੀ ਲੇਖਕ ਉਸ ਦੇ ਹਰਮਨ ਪਿਆਰੇ ਲੇਖਕ ਹਨ।

ਮੈਂ ਜਦੋਂ ਖਾਣਾ ਖਾ ਕੇ ਉਸ ਪਾਸੇ ਵੱਲ ਗਿਆ ਤਾਂ ਉੱਥੇ ਸਭ ਆਪਣੀ ਮਸਤ ਜ਼ਿੰਦਗੀ ਵਿਚ ਸਨ। ਮੁੰਡੇ, ਕੁੜੀਆਂ ਬਾਰੇ ਸੋਚਣ ਦਾ ਤਾਂ ਮਤਲਬ ਹੀ ਨਹੀਂ ਬਣਦਾ। ਕੌਣ ਮੁੰਡਾ,ਕੌਣ ਕੁੜੀ। ਸਭ ਮਸਨੂਈ ਇਨਸਾਨ। ਜਿਵੇਂ ਜ਼ਿੰਦਗੀ ਹੀ ਇਹ ਹੀ ਹੈ,ਬਾਕੀ ਸਾਡੇ ਵਰਗੇ ਲੋਕ ਤਾਂ ਜ਼ਿੰਦਗੀ ‘ਚ ਘੱਟਾ ਢੋਣ ਹੀ ਆਏ ਹਨ। “ਵਿਆਹਿਆ ਇੱਕ ਵੀ ਨਹੀਂ ਤੇ ਕੁਮਾਰਾ ਇੱਕ ਵੀ ਨਹੀਂ।”

ਜਦੋਂ ਰਾਤ ਨੂੰ ਘਰ ਵਾਪਸ ਆ ਕੇ ਟੀ.ਵੀ ਲਗਾਇਆ ਇੰਡੀਆ ਤੇ ਨੀਂਦਰਲੈਂਡ ਦਾ ਹਾਕੀ ਮੈਚ ਚੱਲ ਰਿਹਾ ਸੀ, ਬੇਟੇ ਨੂੰ ਮੇਰੇ ਹਾਈ ਦੇ ਸ਼ੌਂਕ ਬਾਰੇ ਪਤਾ ਹੈ, ਸਾਰੇ ਕੰਮ ਛੱਡੇ ਜਾ ਸਕਦੇ ਹਨ ਪਰ ਹਾਕੀ ਮੈਚ ਨਹੀਂ। ਬੇਟਾ ਸਕੋਰ ਦੇਖ ਕੇ ਖੁਸ਼ ਸੀ ਇੰਡੀਆ ਲੀਡ ਕਰ ਰਿਹਾ ਸੀ ਤੇ ਮੈਂ ਮਸਨੂਈ ਘਾਹ ਤੇ ਖੇਡੀ ਜਾ ਰਹੀ ਹਾਕੀ ਦੀ ਖੇਡ ਦੀ ਤੁਲਨਾ “ਪੱਬ” ਵਿਚ ਜਿਊਂਂਈ ਜਾ ਰਹੀ ਜ਼ਿੰਦਗੀ ਨਾਲ ਕਰ ਰਿਹਾ ਸੀ।
ਚਲਦਾ……

(ਜਸਪਾਲ ਜੱਸੀ)

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਤੇਰਾ ਮੇਰਾ…..