(ਸਮਾਜ ਵੀਕਲੀ) ਮੈਂ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੀਵਨ ਕਥਾ ਪੁਰ ਖ਼ੋਜ ਕਾਰਜ ਲਈ 2016 ਤੋਂ 2022 ਤੱਕ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੇ ਜਗਨਨਾਥ ਪੁਰੀ ਤੋਂ ਦੁਆਰਕਾ ਤੱਕ ਗਿਆ ਹਾਂ। ਇਨ੍ਹਾਂ ਛੇ ਸਾਲਾਂ ਵਿਚ ਨੇਪਾਲ ਦਾ ਗੇੜਾ ਵੀ ਲੱਗਿਆ ਹੈ। ਬਨਾਰਸ ਹਿੰਦੂ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿੱਚੋਂ 2017 ਈ ਗੁਰੂ ਜੀ ਬਾਰੇ ਡਾ ਕਨਹੀਆ ਲਾਲ ਚੰਚਰੀਕ ਦੀ ਹਿੰਦੀ ਵਿਚ ਇੱਕ ਖ਼ੋਜ ਭਰਪੂਰ ਪੁਸਤਕ ਮਿਲੀ। ਮੈਂ ਦੋ ਦਿਨ ਲਾਇਬ੍ਰੇਰੀ ਵਿਚ ਉਸ ਦੇ ਨੋਟ ਲੈਂਦਾ ਰਿਹਾ।ਮਨ ਨੂੰ ਬਹੁਤ ਖੁਸ਼ੀ ਕਿ ਪੰਜਾਬੀ ਖ਼ੋਜ ਕਾਰਜ ਤੋਂ ਹਟਵੀਂ ਪੁਸਤਕ ਪੜ੍ਹਨ ਨੂੰ ਮਿਲੀ ਹੈ।
ਦੋ ਕੁ ਸਾਲ ਦੀ ਮਿਹਨਤ ਮੈਂ ਲੜੀਬੱਧ ਕਰ ਰਿਹਾ ਸਾਂ ਕਿ ਮੈਂਨੂੰ ਕੁੱਝ ਨੋਟਸ ਵਿਚ ਕਮੀ ਮਹਿਸੂਸ ਹੋਈ । ਇਸ ਲਈ 2019 ਈ ਵਿਚ ਮੈਨੂੰ ਮੁੜ ਬਨਾਰਸ ਯੂਨੀਵਰਸਿਟੀ ਜਾਣਾ ਪਿਆ। ਮੁੜ ਚਾਰ ਦਿਨ ਮੈ ਤਸੱਲੀ ਨਾਲ ਸੁਆਰ ਕੇ ਨੋਟਸ ਲਏ।
ਆਪਣੇ ਖ਼ੋਜ ਕਾਰਜ ਲਈ ਮੈਂ ਆਪਣੇ ਇਲਾਕੇ ਦੇ ਵਿਦਵਾਨ ਮਾਸਟਰ ਰਾਮਧੰਨ ਨਾਂਗਲੂ, ਜ਼ਿਨ੍ਹਾਂ ਪਾਸ ਪ੍ਰਾਚੀਨ ਗ੍ਰੰਥਾਂ ਦੀ ਸੂਹ ਮਿਲੀ ਸੀ, ਨੂੰ ਮਿਲਿਆ। ਸਚਮੁੱਚ ਬਹੁਤ ਵੱਡਾ ਖਜ਼ਾਨਾ ਉਨ੍ਹਾਂ ਪਾਸੋਂ ਉਪਲੱਬਧ ਹੋਇਆ। ਤੁਰਨ ਲੱਗੇ ਉਨ੍ਹਾਂ ਬਿਠਾ ਲਿਆ ਤੇ ਇੱਕ 1956 ਦੀ ਪੁਰਾਣੀ ਪੁਸਤਕ ਰਚਿਤ ਰਾਮਾਨੰਦ ਸ਼ਾਸਤਰੀ ਤੇ ਵਰਿੰਦਰ ਪਾਂਡੇ ਦੀ ‘ਸੰਤ ਰਵਿਦਾਸ ਔਰ ਉਨਕਾ ਕਾਵਿਯਾ ‘ ਦਿੱਤੀ। ਰਾਮਾਨੰਦ ਸ਼ਾਸਤਰੀ ਸੰਸਦ ਮੈਂਬਰ ਵੀ ਰਹੇ ਹਨ। ਇਹ ਪੁਰਾਣੀ ਪੁਸਤਕ ਮਿਲਣ ‘ਤੇ ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ।
ਘਰ ਆ ਕੇ ਸ਼ਾਸਤਰੀ ਜੀ ਤੇ ਪਾਂਡੇ ਜੀ ਦੀ ਪੁਸਤਕ ਪੜ੍ਹਨੀ ਸ਼ੁਰੂ ਕੀਤੀ ਤਾਂ ਅਚੇਤ ਮਨ ਚੋਂ ਆਵਾਜ਼ ਆਉਣ ਲੱਗੀ ਇਹ ਤਾਂ ਹੂਬਹੂ ਪਹਿਲਾਂ ਹੀ ਪੜ੍ਹਿਆ ਹੋਇਆ ਹੈ। ਕਿਉਂਕਿ ਚਾਰ ਸਾਲ ਵਿਚ ਮੈਂ ਗੁਰੂ ਰਵਿਦਾਸ ਜੀ ਬਾਰੇ ਸੈਂਕੜੇ ਕਿਤਾਬਾਂ ਪੜ੍ਹ ਚੁੱਕਾ ਸਾਂ।ਦੋ ਕੁ ਦਿਨ ਬਾਅਦ ਕੁੱਝ ਯਾਦ ਆਈ ਕਿ ਇਹ ਡਾ ਚੰਚਰੀਕ ਦੀ ਪੁਸਤਕ ਵਿਚ ਪੜ੍ਹਿਆ ਹੈ। ਜਦੋਂ ਪੁਸਤਕ ਤੇ ਨੋਟਸ ਬਰਾਬਰ ਰੱਖ ਕੇ ਪੜ੍ਹੇ ਅਤੇ ਕੁਝ ਮੋਬਾਇਲ ਫੋਨ ‘ਤੇ ਲਈਆਂ ਫੋਟੋ ਮਿਲਾਈਆਂ ਤਾਂ ਯਕੀਨ ਕਰਨਾ ਪਿਓ ਦੇ ਪੁੱਤਰ ਚੰਚਰੀਕ ਨੇ ਇਕ ਵੀ ਲਗਾ ਮਾਤ੍ਰਾ ਨਹੀਂ ਸੀ ਬਦਲੀ। ਪੂਰੀ ਦੀ ਪੂਰੀ ਪੁਸਤਕ ਕਾਪੀ ਪੇਸਟ ਸੀ।ਡਾ ਚੰਚਰੀਕ ਦੀ ‘ਸੰਤ ਰਵਿਦਾਸ, ਜੀਵਨ ਔਰ ਦਰਸ਼ਨ ‘ ਦੇਖੀ ਜਾ ਸਕਦੀ ਹੈ। ਏਹੋ ਜਿਹੀ ਪੀ ਐਚ ਡੀ ਕਰਨ ਤੇ ਕਰਵਾਉਣ ਵਾਲਿਆਂ ਦੇ ਲੱਖ ਲਾਹਨਤ। ਸੱਚ ਪੁੱਛੋ, ਮੈਨੂੰ ਤਾਂ ਅਜੋਕੀ ਪੀ ਐਚ ਡੀ ਦੇ ਨਾਮ ਤੋਂ ਨਫ਼ਰਤ ਹੋ ਗਈ ਹੈ।
ਮੇਰੀ ਪੁਸਤਕ ਹੈ ‘ ਗੁਰੂ ਰਵਿਦਾਸ ਪਰਗਾਸੁ ਦੀ ਖ਼ੋਜ ‘ । ਇਹ ਪੁਸਤਕ ਪੜ੍ਹ ਕੇ ਕਈ ਕਥਾਵਾਚਕ ਯੂ ਟਿਊਬ ‘ਤੇ ਪੋਸਟਾਂ ਸ਼ੇਅਰ ਕਰਦੇ ਹਨ। ਆਪਣੀ ਵਿਦਵਤਾ ਦੀ ਪਿੱਠ ਥਪੜਾਉਂਦੇ; ਪਰ ਕੋਈ ਮੇਰੀ ਪੁਸਤਕ ਦਾ ਜਾਂ ਮੇਰਾ ਨਾਮ ਤੱਕ ਨਹੀਂ ਲੈਂਦਾ। ਇਹ ਹੈ ਅਜੋਕੇ ਵਿਦਵਾਨਾਂ ਦੀ ਜ਼ਮੀਰ।
ਨੀਲੋਂ ਸਾਹਿਬ ਨੇ ਨਕਲਚੀ ਪੀ ਐਚ ਡੀ ਵਾਲਿਆਂ ਦੇ ਪੋਤੜੇ ਫੋਲ ਕੇ ਚੰਗਾ ਕਾਰਜ ਕੀਤਾ ਹੈ। ਲੋਕਾਂ ਨੂੰ ਵੀ ਅਖੌਤੀ ਵਿਦਵਾਨਾਂ ‘ਤੇ ਸੁਆਲ ਕਰਨੇ ਚਾਹੀਦੇ ਹਨ।
ਰੂਪ ਲਾਲ ਰੂਪ
ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly