ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਹਾਈ ਕੋਰਟ ਨੇ ਅੱਜ ਕਿਹਾ ਕਿ ਉਹ 10 ਮਈ ਨੂੰ ਫੇਸਬੁੱਕ, ਟਵਿੱਟਰ ਅਤੇ ਗੂਗਲ ਦੀਆਂ ਪਟੀਸ਼ਨਾਂ ’ਤੇ ਸੁਣਵਾਈ ਕਰੇਗਾ। ਪਟੀਸ਼ਨਾਂ ਵਿੱਚ ਉਨ੍ਹਾਂ ਹੁਕਮਾਂ ਨੂੰ ਚੁਣੌਤੀ ਦਿੱਤੀ ਗਈ ਹੈ, ਜਿਸ ਵਿਚ ਯੋਗ ਗੁਰੂ ਰਾਮਦੇਵ ਖ਼ਿਲਾਫ਼ ਮਾਣਹਾਨੀ ਦੇ ਦੋਸ਼ਾਂ ਵਾਲੇ ਵੀਡੀਓ ਦੇ ਲਿੰਕ ਨੂੰ ਵਿਸ਼ਵ ਪੱਧਰ ’ਤੇ ਹਟਾਉਣ ਲਈ ਕਿਹਾ ਗਿਆ ਸੀ। ਜਸਟਿਸ ਰਾਜੀਵ ਸ਼ਕਧਰ ਅਤੇ ਜਸਟਿਸ ਜਸਮੀਤ ਸਿੰਘ ਦੇ ਬੈਂਚ ਨੇ ਸੁਣਵਾਈ ਦੀ ਅਗਲੀ ਤਰੀਕ ਤੋਂ ਘੱਟੋ-ਘੱਟ ਤਿੰਨ ਦਿਨ ਪਹਿਲਾਂ ਸਬੰਧਤ ਧਿਰਾਂ ਨੂੰ ਲਿਖਤ ਦਲੀਲਾਂ ਦਾਖ਼ਲ ਕਰਨ ਲਈ ਕਿਹਾ ਅਤੇ ਮਈ ਵਿਚ ਸੁਣਵਾਈ ਲਈ ਅਪੀਲਾਂ ਨੂੰ ਸੂਚੀਬੱਧ ਕੀਤਾ।
ਬੈਂਚ ਨੇ ਕਿਹਾ ਕਿ 28 ਜਨਵਰੀ, 2020 ਦਾ ਅੰਤ੍ਰਿਮ ਆਦੇਸ਼ ਜਿਸ ਵਿਚ ਅਪੀਲਕਰਤਾਵਾਂ ਖ਼ਿਲਾਫ਼ ਅਦਾਲਤ ਦੀ ਹੱਤਕ ਦੇ ਦੋਸ਼ਾਂ ਤਹਿਤ ਕੋਈ ਕਾਰਵਾਈ ਨਾ ਕਰਨ ਦਾ ਹੁਕਮ ਦਿੱਤਾ ਗਿਆ ਸੀ, ਜਾਰੀ ਰਹੇਗਾ। ਫੇਸਬੁੱਕ, ਟਵਿੱਟਰ ਅਤੇ ਗੂਗਲ ਨੇ 23 ਅਕਤੂਬਰ 2019 ਦੇ ਅਦਾਲਤੀ ਆਦੇਸ਼ ਨੂੰ ਚੁਣੌਤੀ ਦਿੱਤੀ ਹੈ, ਜਿਸ ਵਿਚ ਉਨ੍ਹਾਂ ਨੂੰ ਅਤੇ ਗੂਗਲ ਦੀ ਸਹਾਇਕ ਕੰਪਨੀ ਯੂ-ਟਿਊਬ ਨੂੰ ਰਾਮਦੇਵ ਖ਼ਿਲਾਫ਼ ਮਾਣਹਾਨੀ ਦੇ ਦੋਸ਼ਾਂ ਵਾਲੇ ਵੀਡੀਓ ਦੇ ਲਿੰਕ ਨੂੰ ਵਿਸ਼ਵ ਪੱਧਰ ’ਤੇ ਹਟਾਉਣ ਅਤੇ ਬਲਾਕ ਕਰਨ ਦਾ ਹੁਕਮ ਦਿੱਤਾ ਗਿਆ ਸੀ। ਅਦਾਲਤ ਨੇ ਮੰਨਿਆ ਸੀ ਕਿ ਸਿਰਫ਼ ‘ਜੀਓ-ਬਲਾਕਿੰਗ’ ਜਾਂ ਭਾਰਤ ਦੇ ਦਰਸ਼ਕਾਂ ਲਈ ਮਾਣਹਾਨੀ ਵਾਲੀ ਸਮੱਗਰੀ ਤੱਕ ਪਹੁੰਚ ’ਤੇ ਰੋਕ ਲਗਾਉਣ ਜਿਵੇਂ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਵੱਲੋਂ ਸਹਿਮਤੀ ਪ੍ਰਗਟਾਈ ਗਈ ਹੈ, ਕਾਫੀ ਨਹੀਂ ਹੋਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly