ਲੋਕਾਂ ਦੀਆਂ ਹੋਲੀਆਂ ਤੇ ਖ਼ਾਲਸੇ ਦਾ ਹੋਲਾ ਹੈ /ਸੁਖਦੇਵ ਸਿੰਘ ਭੁੱਲੜ 

  ਸੁਖਦੇਵ ਸਿੰਘ 'ਭੁੱਲੜ'
 (ਸਮਾਜ ਵੀਕਲੀ)-ਸਿੱਖ ਧਰਮ ਵਿੱਚ ਹੋਲਾ ਮਹੱਲਾ ਦਾ  ਤਿਉਹਾਰ ਬਹੁਤ ਵਿਸ਼ੇਸ਼ ਸਥਾਨ ਰੱਖਦਾ ਹੈ।ਹਰ ਸਾਲ ਸਿੱਖ ਸੰਗਤਾਂ ਵਲੋਂ ਸ੍ਰੀ ਅਨੰਦਪੁਰ ਸਾਹਿਬ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ।ਇਸ ਤਿਉਹਾਰ ਦੀ ਸ਼ੁਰੂਆਤ ਗੁਰੂ ਗੋਬਿੰਦ ਸਿੰਘ ਜੀ ਨੇ ਸੰਨ 1680 ਈ: ਵਿੱਚ ਅਨੰਦਪੁਰ ਸਾਹਿਬ ਦੇ ਕਿਲਾ ਹੋਲਗੜ ਤੋਂ ਸੰਮਤ 1757 ਚੇਤ ਵਦੀ ੧ ਨੂੰ ਕੀਤੀ।ਖਾਲਸਾ ਪੰਥ ਦੀ ਸਿਰਜਣਾ ਤੋਂ ਠੀਕ 19 ਸਾਲ ਪਹਿਲਾਂ ਦਸਮੇਸ਼ ਪਿਤਾ ਜੀ ਨੇ ਆਪਣੀ ਹਾਜ਼ਰੀ ਵਿੱਚ ਹੋਲਾ ਮਹੱਲਾ ਕੱਢਣ ਜਾਂ ਖੇਡਣ ਦੀ ਰੀਤ ਦਾ ਅੱਗਾਜ਼ ਕੀਤਾ।ਹੋਲਾ ਮਹੱਲਾ ਤਿਉਹਾਰ ਕਿਵੇਂ ਹੋਂਦ ਵਿੱਚ ਆਇਆ? ਜਦ ਅਸੀਂ ਇਤਿਹਾਸ ਨੂੰ ਫਰੋਲਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਪੁਰਾਣਕ ਕਥਾ ਅਨੁਸਾਰ- “ਪ੍ਰਹਿਲਾਦ ਭਗਤ ਦੀ ਭੂਆ ‘ਢੁੰਡਾ’, ਜਿਸ ਨੂੰ ਹੋਲਿਕਾ ਵੀ ਕਿਹਾ ਜਾਂਦਾ ਏ, ਨੂੰ ਸ਼ਿਵ ਜੀ ਤੋਂ ਵਰ ਮਿਲਿਆ ਸੀ ਕਿ ਅੱਗ ਉਹਨੂੰ ਸਾੜ ਨਹੀਂ ਸਕਦੀ।ਉਹਦੇ ਭਰਾ ਹਿਰਨਯਕਸ਼ਪ ਨੇ ਵੀ ਤਪ ਕਰਕੇ, ਅਮਰ ਹੋਣ ਦਾ ਵਰ ਪ੍ਰਾਪਤ ਕੀਤਾ ਸੀ।ਜਿਸ ਨਾਲ ਉਹ ਹੰਕਾਰ ਵਿੱਚ ਆ ਕੇ ਆਪਣਾ ਨਾਮ ਜਪਾਉਣ ਲੱਗਾ, ਪਰ ਜਦੋਂ ਉਹਦੇ ਘਰੇ ਪੈਦਾ ਹੋਏ ਪ੍ਰਹਿਲਾਦ ਨੇ ਉਹਦੀ ਹੁਕਮ ਅਦੂਲੀ ਕੀਤੀ ਤਾਂ ਉਹਨੂੰ ਬਹੁਤ ਤਸੀਹੇ ਦਿੱਤੇ।ਅੰਤ ਜਿਉਂਦੇ ਨੂੰ ਸਾੜਨ ਦੀ ਸਜ਼ਾ ਦਿੱਤੀ।ਇਸ ਨੂੰ ਅੰਜ਼ਾਮ ਦੇਣ ਲਈ ਹਿਰਨਯਕਸ਼ਪ ਨੇ ਆਪਣੀ ਭੈਣ ਨੂੰ ਚੁਣਿਆ, ਜਿਸ ਨੇ ਪ੍ਰਹਿਲਾਦ ਨੂੰ ਆਪਣੀ ਬੁੱਕਲ ਵਿੱਚ ਬਿਠਾ ਕੇ, ਬਲਦੀ ਅੱਗ ਵਿੱਚ ਬਹਿ ਗਈ।ਪ੍ਰਭੂ ਨੇ ਆਪਣੇ ਭਗਤ ਨੂੰ ਤਾਂ ਤੱਤੀ ਵਾਅ ਨਾ ਲੱਗਣ ਦਿੱਤੀ, ਪਰ ਢੁੰਡਾ ਅੱਗ ਵਿੱਚ ਸੜ ਮੋਈ।ਜਿਸ ਤੋਂ ਹੋਲੀ ਖੇਡਣ ਦਾ ਰਿਵਾਜ਼ ਸ਼ੁਰੂ ਹੋ ਗਿਆ ਤੇ ਹਿੰਦੂ ਪੂਰਨਮਾਸ਼ੀ ਵਾਲੇ ਦਿਨ ਦੁਸ਼ਟ ਆਤਮਾ ਢੁੰਡਾ ਅਥਵਾ ਹੋਲਿਕਾ ਦੀ ਚਿਤਾ ਦੀ ਨਕਲ ਬਣਾ ਕੇ ਸਾੜਦੇ ਤੇ ਸੁਆਹ ਉਡਾਉਂਦੇ ਹਨ।ਇਸ ਤੋਂ ਹੋਲੀ ਦਾ ਤਿਉਹਾਰ ਮਨਾਇਆ ਜਾਣ ਲੱਗਾ।ਇਸ ਦਿਨ ਲੋਕ ਇੱਕ ਦੂਜੇ ‘ਤੇ ਰੰਗ ਪਾਉਂਦੇ ਤੇ ਮਸਤੀ ਮਨਾਉਂਦੇ।ਬ੍ਰਾਹਮਣਾਂ ਨੇ ਮਨੁੱਖੀ ਵਰਨ ਵੰਡ ਦੇ ਨਾਲ ਨਾਲ ਮਨਾਏ ਜਾਂਦੇ ਤਿਉਹਾਰਾਂ ਦੀ ਵੀ ਵੰਡ ਕਰਦਿਆਂ, ਹੋਲੀ ਦਾ ਤਿਉਹਾਰ ਸ਼ੂਦਰਾਂ ਦੇ ਨਾਂ ਕਰ ਦਿੱਤਾ।ਦੰਪਤੀ ਚਤੁਰਥ ਵਿੱਚ ਜਾਤਾਂ ਦੇ ਨਾਂ ‘ਤੇ ਚਾਰ ਤਿਉਹਾਰ ਲਿਖੇ ਹਨ-“ਸ਼ਾਵਨੀ ਉਪਾਕਰਮ ਬ੍ਰਾਹਮਣ ਪਰਵ, ਵਿਜੈਦਸਮੀ ਖਸ਼ਤਰੀਏ, ਦੀਪਾਵਲੀ ਵੈਸ਼ ਤੇ ਹੋਲੀ ਸ਼ੂਦਰ !”
    ਮਗਰ ‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂੰ ਅਤਿ ਨੀਚ’ ਦਾ ਉਪਦੇਸ਼ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਨੇ ਦੱਬੇ ਕੁਚਲੇ ਲੋਕਾਂ ਨੂੰ ਉੱਪਰ ਚੁੱਕਣ ਲਈ ਹੋਲੀ ਮਨਾਉਣ ਦੇ ਨਵੇਂ ਰੂਪ ਦੀ ਜੁਗਤੀ ਦੱਸਦਿਆਂ ਕਿਹਾ-
 ਗੁਰੁ ਸੇਵਹੁ ਕਰ ਨਮਸਕਾਰ॥
 ਆਜ ਹਮਾਰੇ ਮੰਗਲਚਾਰ॥
 ਆਜ ਹਮਾਰੈ ਗ੍ਰਹਿ ਬਸੰਤ॥
 ਗੁਨ ਗਾਏ ਪ੍ਰਭੁ ਤੁਮ ਬੇਅੰਤ॥
 ਆਜ ਹਮਾਰੇ ਬਨੇ ਫਾਗ॥
 ਪ੍ਰਭੁ ਸੰਗੀ ਮਿਲ ਖੇਲਨ ਲਾਗ॥
 ਹੋਲੀ ਕੀਨੀ ਸੰਤ ਸੇਵ॥
 ਰੰਗ ਲਾਗਾ ਅਤਿ ਲਾਲ ਦੇਵ॥
   ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਨੇ ਹੋਲੀ ਨੂੰ ਇੱਕ ਨਵਾਂ ਰੂਪ ਦਿੱਤਾ ਤੇ ਖਾਲਸੇ ਦੀ ਸਿਰਜਣਾ ਤੋਂ 19 ਵਰ੍ਹੇ ਪਹਿਲਾਂ 1680 ਈ: ਵਿੱਚ ਬਸੰਤ ਰੁੱਤ ਦੇ ਇਸ ਤਿਉਹਾਰ ਨੂੰ ਹੋਲਾ ਮਹੱਲਾ ਦਾ ਨਾਂ ਦੇ ਕੇ, ਕਿਲ੍ਹਾ ਹੋਲਗੜ ਵਿਖੇ ਮਨਾਉਣਾ ਅਰੰਭ ਕਰ ਦਿੱਤਾ।ਹੋਲਾ ਤੇ ਮਹੱਲਾ ਦੋਵੇਂ ਸ਼ਬਦ ਫਾਰਸੀ ਦੇ ਹਨ।ਹੋਲਾ ਦਾ ਅਰਥ ਹਮਲਾ ਤੇ ਮਹੱਲਾ ਦਾ ਅਰਥ, ਉਹ ਥਾਂ, ਜਿਥੇ ਹਮਲਾ ਕੀਤਾ ਜਾਏ।ਦਸਮ ਪਿਤਾ ਜੀ ਨੇ ਸਿੱਖਾਂ ਦੇ ਮਨੋਬਲ  ਨੂੰ ਚੁੱਕਣ, ਸ਼ਸ਼ਤਰ ਵਿੱਦਿਆ ਵਿੱਚ ਨਿਪੁੰਨ ਤੇ ਜ਼ਾਲਮ ਦਾ ਟਾਕਰਾ ਕਰਨ ਲਈ, ਗੁਰੂ ਨਾਨਕ ਦੇਵ ਜੀ ਦੁਆਰਾ ਹੋਲੀ ਖੇਡਣ ਨਾਲ ਪੈਦਾ ਹੋਏ ਆਤਮ ਰਸ ਦੀ ਨੀਂਹ ਉਤੇ ਬੀਰ ਰਸ ਦਾ ਮਹੱਲ ਉਸਾਰਨ ਲਈ ਹੋਲਾ ਮਹੱਲਾ ਖੇਡਣ ਦਾ ਅਗਾਜ ਕੀਤਾ।ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ-“ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸੇ ਨੂੰ ਸ਼ਸ਼ਤਰ ਤੇ ਯੁੱਧ ਵਿੱਦਿਆ ਵਿੱਚ ਨਿਪੁੰਨ ਕਰਨ ਲਈ, ਇਹ ਰੀਤ ਚਲਾਈ ਸੀ ਕਿ ਦੋ ਦਲ ਬਣਾ ਕੇ, ਪ੍ਰਧਾਨ ਸਿੰਘਾਂ ਦੇ ਹੇਠ ਇੱਕ ਖਾਸ ਥਾਂ ‘ਤੇ ਕਬਜ਼ਾ ਕਰਨ ਲਈ ਹਮਲਾ ਕਰਨਾ, ਕਲਗੀਧਰ ਆਪ ਇਸ ਮਸਨੂਈ ਜੰਗ ਦਾ ਕਰਤੱਬ ਦੇਖਦੇ।” ਅਸਲ ਵਿੱਚ ਦਸਮ ਪਿਤਾ ਜੀ ਦਾ ਹੋਲਾ ਮਹੱਲਾ ਖੇਡਣ ਦਾ ਇੱਕ ਹੀ ਮਕਸਦ ਸੀ, ਉਹ ਸੀ ਸਿੱਖਾਂ ਵਿੱਚ ਸ਼ਸ਼ਤਰ ਚਲਾਉਣ ਦਾ ਅਭਿਆਸ ਤੇ ਲੜੇ ਜਾਣ ਵਾਲੇ ਯੁੱਧ ਪ੍ਰਤੀ ਤਿਆਰ ਕਰਨ ਲਈ ਲੜਨ-ਮਰਨ ਦਾ ਚਾਅ ਪੈਦਾ ਕਰਨਾ।ਹੋਲਾ ਮਹੱਲਾ ਦੀ ਸ਼ੁਰੂਆਤ ਨਾਲ ਗਤਕਾ, ਘੋੜ ਸਵਾਰੀ, ਨੇਜ਼ਾਬਾਜ਼ੀ, ਕੁਸ਼ਤੀਆਂ ਆਦਿ ਦਾ ਸਿੱਖਾਂ ਵਿੱਚ ਰੁਝਾਨ ਵਧ ਗਿਆ।
   ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪਹਿਲਾ ਹੁਕਮ ਕੀਤਾ-“ਅੱਜ ਤੋਂ ਮੇਰੀ ਪਿਆਰੀ ਭੇਟਾ ਚੰਗਾ ਸ਼ਸ਼ਤਰ, ਚੰਗੀ ਜਵਾਨੀ ਹੈ।ਜੇ ਮੇਰੀ ਖੁਸ਼ੀ ਲੈਣੀ ਏ ਤਾਂ ਕਸਰਤਾਂ ਕਰੋ।ਸ਼ਿਕਾਰ ਖੇਡੋ।ਕਮਜ਼ੋਰੀ ਇੱਕ ਕੌਮੀ ਗੁਨਾਹ ਹੈ, ਜੋ ਕਿਸੇ ਨੂੰ ਮੁਆਫ਼ ਨਹੀਂ ਕੀਤਾ ਜਾ ਸਕਦਾ।ਤੁਸੀਂ ਸ਼ਸ਼ਤਰ ਇਸ ਲਈ ਵਾਹੁਣਾ ਏ ਕਿ ਜ਼ਾਲਮ ਨੂੰ ਜ਼ੁਲਮ ਕਰਨ ਤੋਂ ਰੋਕਿਆ ਜਾ ਸਕੇ।” ਸਿੱਖਾਂ ਨੇ  ਇਸ ਹੁਕਮ ਨੂੰ ਸਵੀਕਾਰਿਆ ਤੇ ਹਕੂਮਤ ਨਾਲ ਚਾਰ ਜੰਗਾਂ ਲੜੀਆਂ ਤੇ  ਜਿੱਤ ਹਾਸਲ ਕੀਤੀ।ਇਸ ਤੋਂ ਬਾਅਦ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਹੋਈ ਤਾਂ ਦਸਵੇਂ ਪਾਤਸ਼ਾਹ ਨੇ ਸ਼ਸ਼ਤਰ ਅਭਿਆਸ ਤੇ ਘੋੜ ਸਵਾਰੀ ਨੂੰ ਨਿੱਤ ਦਾ ਕਰਮ ਬਣਾ ਦਿੱਤਾ।ਹੋਲੀ ਤੋਂ ਹੋਲਾ ਮਹੱਲਾ ਬਣ ਗਿਆ ਤੇ ਸ਼ਾਂਤ ਪਹਾੜੀਆਂ ਵਿੱਚ ਰਣਜੀਤ ਨਗਾਰਾ ਗੂੰਜਣ ਲੱਗਾ।ਚੜ੍ਹਦੀ ਕਲਾ ਤੇ ਸ਼ਕਤੀ ਦੇ ਪ੍ਰਤੀਕ ਹੋਲੇ ਮਹੱਲੇ ਨੇ ਜਜ਼ਬਿਆਂ ਨੂੰ ਟੁੰਬਿਆ।ਖਰੂਦ ਭਰੀ ਹੋਲੀ ਖੇਡਦੇ ਗੁਲਾਮ ਲੋਕਾਂ ਨੇ ਜਦ ਘੋੜਿਆਂ ‘ਤੇ ਸਵਾਰ ਹੋ ਕੇ, ਸ਼ਸ਼ਤਰ ਲਿਸ਼ਕਾਏ ਤਾਂ ਉਹ ਰਣਤੱਤੇ ਵਿੱਚ ਖੂਨ ਦੀ ਹੋਲੀ ਖੇਡਣ ਲੱਗੇ।ਹੋਲੇ ਮਹੱਲੇ ਦੇ ਉਤਸ਼ਾਹ ਤੋਂ ਇੱਕ ਬੇਤਰਤੀਬਾ ਅਹਿਸਾਸ ਸੰਗਠਿਤ ਘੋਲ ਬਣਕੇ ਉਭਰਿਆ।ਲੁਕੀਆਂ ਤੇ ਸੁੱਤੀਆਂ ਕਲਾਂ ਨੇ ਅੱਖਾਂ ਖੋਲ੍ਹੀਆਂ।ਦਸਮ ਪਿਤਾ ਨੇ ਹੋਲਾ ਮਹੱਲਾ ਚਾੜ੍ਹ ਕੇ ਅਹਿਸਾਸ ਕਰਾਇਆ  ਕਿ ਜ਼ਾਲਮਾਂ ਤੇ ਜਾਬਰਾਂ ਦੀ ਬੇਰਹਿਮੀ ਦਾ ਮੁਕਾਬਲਾ ਹੋ ਸਕਦਾ ਏ, ਪਰ ਲੋੜ ਹੈ ਹਿੰਮਤ ਤੇ ਦਲੇਰੀ ਕਰਨ ਦੀ!ਭੰਗਾਣੀ ਦਾ ਯੁੱਧ ਮੱਚਿਆ ਹੋਇਆ ਏ ਤੇ ਲਾਲ ਚੰਦ ਹਲਵਾਈ ਮੀਰ ਖਾਂ ਪਠਾਨ ਨਾਲ ਟਕਰਾ ਜਾਂਦਾ ਏ।ਕ੍ਰਿਪਾਲ ਦਾਸ ਉਦਾਸੀ ਹਯਾਤ ਖਾਂ ਨੂੰ ਮਾਰ ਮਕਾਉਂਦਾ ਏ।ਇਸ ਸ਼ਕਤੀ ਦਾ ਪ੍ਰਤੀਕ ਜਾਂ ਸਰੋਤ ਸਿਰਫ ਹੋਲਾ ਮਹੱਲਾ ਹੀ ਹੈ, ਜਿਸ ਨੂੰ ਦੁਸ਼ਮਣ ਤੱਕ ਕੇ ਹੈਰਾਨ ਹੋ ਜਾਂਦਾ ਏ।
   ਸਮੇਂ ਦੇ ਬਾਦਸ਼ਾਹ ਨੇ ਹੁਕਮ ਕੀਤਾ, ‘ਕੋਈ ਸਿਰ ‘ਤੇ ਦਸਤਾਰ ਨਾ ਬੰਨ੍ਹੇ।ਕੋਈ ਘੋੜੇ ‘ਤੇ ਨਾ ਚੜ੍ਹੇ।ਫੌਜ ਨਾ ਰੱਖੇ ਤੇ ਧੌਂਸੇ ਨਾ ਵਜਾਵੇ।ਇਹ ਸਿਰਫ ਮੇਰਾ ਅਧਿਕਾਰ ਏ।ਜੋ ਹੁਕਮ ਅਦੂਲੀ ਕਰੇਗਾ, ਉਸਦਾ ਸਿਰ ਕਲਮ ਕਰ ਦਿੱਤਾ ਜਾਵੇਗਾ।’ ਮਗਰ ਅਨੰਦਪੁਰ ਦਾ ਮਾਲਕ ਕਹਿਣ ਲੱਗਾ-“ਅਸੀਂ ਘੋੜੇ ਤੇ ਫੋਜਾਂ ਵੀ ਰੱਖਾਂਗੇ।ਨਗਾਰੇ ਤੇ ਧੌਂਸੇ ਵੀ ਵਜਾਵਾਂਗੇ।ਮੇਰਾ ਸਿੱਖ ਘੋੜ ਸਵਾਰੀ ਵੀ ਕਰੇਗਾ।ਸਿਰ ‘ਤੇ ਦੂਹਰੀਆਂ ਦਸਤਾਰਾਂ ਵੀ ਸਜਾਵੇਗਾ।” ਦੁਨੀਆਂ ਦੇ ਲੋਕ ਹੋਲੀ ਵਿੱਚ ਮਸਤ ਸਨ, ਪਰ ਦਸਮ ਪਿਤਾ ਨੇ ਐਲਾਨ ਕੀਤਾ-“ਆਓ ! ਫਿੱਕੇ ਰੰਗਾਂ ਦੀ ਹੋਲੀ ਖੇਡਣ ਵਾਲਿਓ! ਮੈਂ ਤੁਹਾਨੂੰ ਖੂਨ ਦੀ ਹੋਲੀ ਖੇਡਣ ਦਾ ਵੱਲ ਦੱਸਾਂ।ਧੰਨ ਜੀਓ ਤਿਹਕੋ ਜਗ ਮੈ, ਮੁਖ ਤੇ ਹਰਿ, ਚਿੱਤ ਮੈ  ਯੁੱਧ ਬਿਚਾਰੈ’ ਪੜ੍ਹਦੇ ਹੋਏ ਧਰਮ ਯੁੱਧ ਮਚਾਉਣ ਦਾ ਢੰਗ ਦੱਸਾਂ।” ਇਹ ਲਲਕਾਰ ਸਿੱਖ ਦਾ ਹੋਲਾ ਮਹੱਲਾ ਬਣ ਗਿਆ।ਇਹਦੀ ਤਾਰੀਫ਼ ਕਰਦੇ ਹੋਏ ਕਵੀ ਨਿਹਾਲ ਸਿੰਘ ਜੀ ਲਿਖਦੇ ਹਨ-
 ਬਰਛਾ ਢਾਲ ਕਟਾਰਾ ਤੇਗਾ ਕੜਛਾ ਦੇਗਾ ਗੋਲਾ ਹੈ।
 ਛਕਾ ਪ੍ਰਸਾਦ ਸਜਾ ਦਸਤਾਰਾ ਅਰੁ ਕਰਦੋਨਾ ਟੋਲਾ ਹੈ।
 ਸੁਭਟ ਸੁਚਾਲਾ ਅਰ ਲਖਬਾਹਾਂ  ਕਲਗਾ ਸਿੰਘ ਸੁਚੋਲਾ ਹੈ।
ਅਪਰ ਮੁਛਾਹਿਰਾ ਦਾਹੜਾ ਜੈਸੇ, ਤੈਸੇ ਬੋਲਾ ਹੋਲਾ ਹੈ।
    ਹੋਲਾ ਮਹੱਲਾ ਸਾਡਾ ਧਾਰਮਿਕ ਤੇ ਸੱਭਿਆਚਾਰ ਵਿਰਸਾ ਹੈ,ਜਿਸ ਨੂੰ ਅਸੀਂ ਭੁੱਲਦੇ ਜਾ ਰਹੇ ਹਾਂ।ਇਸ ਪੁਰਾਤਨ ਵਿਰਸੇ ਨੂੰ ਸੰਭਾਲਣ ਦੀ ਲੋੜ ਹੈ।ਹਰ ਸਾਲ ਅਨੰਦਪੁਰ ਸਾਹਿਬ ਦੀ ਧਰਤੀ ‘ਤੇ ਮਨਾਏ ਜਾਣ ਵਾਲੇ ਇਸ ਤਿਉਹਾਰ ਨੂੰ ਉਤਸ਼ਾਹ ਨਾਲ ਮਨਾਈਏ।
           ਸੁਖਦੇਵ ਸਿੰਘ ਭੁੱਲੜ 
           ਸੁਰਜੀਤ ਪੁਰਾ ਬਠਿੰਡਾ 
            9417046117

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਬੇ ਦੀ ਜਵਾਨੀ 
Next articleਗ਼ਜ਼ਲ ਨਹੀਂ-