ਬਾਬੇ ਦੀ ਜਵਾਨੀ 

ਖੁਸ਼ੀ ਦੂਹੜਿਆਂਵਾਲਾ
 (ਸਮਾਜ ਵੀਕਲੀ)
ਸ਼ੌਕ ਵੱਖਰੇ ਤੇ ਵੱਖਰੀ ਕਹਾਣੀ ਹੁੰਦੀ ਸੀ
ਕਦੇ ਬਾਬੇ ਤੇ ਵੀ ਪੁੱਤਰੋ ਜਵਾਨੀ ਹੁੰਦੀ ਸੀ……
ਅਸੀਂ ਤੁਰਦੇ ਮੜ੍ਹਕ ਨਾਲ ਨਹੀ ਸੀ ਥੱਕਦੇ
ਜਿੱਥੋਂ ਲੰਘ ਜਾਂਦੇ ਲੋਕੀਂ ਮੁਡ਼ ਮੁਡ਼ ਤੱਕਦੇ
ਜੁੱਤੀ ਤਿੱਲੇਵਾਲੀ ਚਾਲ ਮਸਤਾਨੀ ਹੁੰਦੀ ਸੀ……
ਕਦੇ ਬਾਬੇ ਤੇ ਵੀ ਪੁੱਤਰੋ ਜਵਾਨੀ ਹੁੰਦੀ ਸੀ……
ਰੋਜ਼ ਖੇਤਾਂ ਵਿੱਚ ਪਾਉਂਦੇ ਕੌਡੀਆਂ ਕਬੱਡੀਆਂ
ਚੰਗੇ-ਚੰਗਿਆਂ ਦੀਆਂ ਲਵਾ ਦਿੰਦੇ ਸੀ ਗੋਡੀਆਂ
ਸਾਡੀ ਖੇਡ ਦੀ ਵੀ ਦੁਨੀਆਂ ਦੀਵਾਨੀ ਹੁੰਦੀ ਸੀ……
ਕਦੇ ਬਾਪੂ ਤੇ ਵੀ ਪੁੱਤਰੋ ਜਵਾਨੀ ਹੁੰਦੀ ਸੀ……
ਖਾਣ-ਪੀਣ ਵਾਲੀਆਂ ਨਈਂ ਕਸਰਾਂ ਸੀ ਛੱਡੀਆਂ
ਖਾ-ਖਾ ਪਾਊਡਰ ਬਣਾਉਂਦੇ ਨਈਂ ਸੀ ਬੌਡੀ-ਛੌਡੀਆਂ
ਕੰਮ ਹੱਥੀਂ ਸਾਰੇ ਜੋਰ ਜਿਸਮਾਨੀ ਹੁੰਦੀ ਸੀ……
ਕਦੇ ਬਾਬੇ ਤੇ ਵੀ ਪੁੱਤਰੋ ਜਵਾਨੀ ਹੁੰਦੀ ਸੀ……
ਆਡ ਵੀ ਨਹੀਂ ਟੱਪ ਹੁੰਦੀ ਅੱਜ ਦੇ ਜਵਾਨਾਂ ਤੋਂ
ਆਸ ਰੱਖੀਏ ਕੀ ਇਨ੍ਹਾਂ ਫ਼ੋਕੇ ਪਹਿਲਵਾਨਾਂ ਤੋਂ
ਸੀ ਖ਼ਾਲ਼ਾ ਟੱਪ ਜਾਂਦੇ, ਇੰਨੀ ਫ਼ੁਰਤਾਨੀ ਹੁੰਦੀ ਸੀ……
ਕਦੇ ਬਾਪੂ ਤੇ ਵੀ ਪੁੱਤਰੋ ਜਵਾਨੀ ਹੁੰਦੀ ਸੀ……
ਯਾਰਾਂ ਨਾਲ ਹਰ ਵੇਲੇ ਯਾਰੀਆਂ ਪੁਗਾਉਂਦੇ ਸੀ
ਕਦੇ ਕਦੇ ਕੱਠੇ ਬੈਠ, ਮਹਿਫ਼ਿਲਾਂ ਵੀ ਲਾਉਂਦੇ ਸੀ
ਸੁਵਹ ਸੱਜਰੀ ਤੇ ਸ਼ਾਮ ਵੀ ਸੁਹਾਨੀ ਹੁੰਦੀ ਸੀ……
ਕਦੇ ਬਾਬੇ ਤੇ ਵੀ ਪੁੱਤਰੋ ਜਵਾਨੀ ਹੁੰਦੀ ਸੀ……
ਕੱਟੀ ਆਪਣੀ ਜਵਾਨੀ ਖੇਡ-ਖੇਡ ਹੱਸ ਕੇ
“ਖੁਸ਼ੀ” ਉਮਰਾਂ ਦੇ ‘ਫੇਰ’ ਨਹੀਂ ਕਿਸੇ ਦੇ ਵੱਸ ਦੇ
ਕੰਮ ਕੀਤਾ ਨਾ ਕੋਈ, ਜਿਹ ਨਾ ਬਦਨਾਮੀ ਹੁੰਦੀ ਸੀ…
ਕਦੇ ਬਾਪੂ ਤੇ ਵੀ ਪੁੱਤਰੋ ਜਵਾਨੀ ਹੁੰਦੀ ਸੀ……
“ਖੁਸ਼ੀ ਦੂਹੜਿਆਂਵਾਲਾ”
ਸੰਪਰਕ : 97790-25356

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਸਿੱਧ-ਪੱਧਰੀ ਗੱਲ!*
Next articleਲੋਕਾਂ ਦੀਆਂ ਹੋਲੀਆਂ ਤੇ ਖ਼ਾਲਸੇ ਦਾ ਹੋਲਾ ਹੈ /ਸੁਖਦੇਵ ਸਿੰਘ ਭੁੱਲੜ