ਲੋਕਾਂ ਦਾ ਨਾਇਕ ਅਮਰ ਸ਼ਹੀਦ ਕਾਮ: ਚੰਨਣ ਸਿੰਘ ਧੂਤ, ਜਗਦੀਸ਼ ਸਿੰਘ ਚੋਹਕਾ

ਜਗਦੀਸ਼ ਸਿੰਘ ਚੋਹਕਾ

(ਸਮਾਜ ਵੀਕਲੀ)

ਦੁਨੀਆਂ ਅੰਦਰ ਵੱਡੀਆਂ ਤਬਦੀਲੀਆਂ ਦੇ ਵਾਹਕ ਬਣਨਾ ਵਿਚਾਰਾਂ ਤੋਂ ਲੈ ਕੇ ਹਰ ਤਰ੍ਹਾਂ ਦੇ ਸੰਘਰਸ਼ਾਂ ਤੱਕ ਆਪਣੇ ਆਪ ਨੂੰ ਤਿਆਰ ਕਰਨ ਲਈ ਲਗਾਤਾਰ ਸੰਘਰਸ਼ਸ਼ੀਲ ਹੋਣਾ ਪੈਂਦਾ ਹੈ। ਸਮਾਜ ਅੰਦਰ ਭਵਿੱਖ ਦੇ ਵਾਰਸ ਬਣਨ ਲਈ ਖੁਦ ਨੂੰ ਤਿਲ-ਤਿਲ ਜਲਣਾ ਪੈਂਦਾ ਹੈ। ਇਕ ਵਿਦਿਆਰਥੀ ਬਣ ਕੇ ਦੇਸ਼ ਅਤੇ ਲੋਕਾਂ ਦੀਆ ਸਮੱਸਿਆਵਾਂ ਨੂੰ ਸਮਝਣਾ ਅਤੇ ਉਨ੍ਹਾਂ ਦੇ ਹੱਲ ਲਈ ਭਵਿੱਖੀ ਯੋਜਨਾ ਤੈਅ ਕਰਕੇ ਉਨ੍ਹਾਂ ਨੂੰ ਅਮਲ ਵਿੱਚ ਅੱਗ ਨਾਲ ਖੇਡਣਾ ਹੁੰਦਾ ਹੈ। ਹਰ ਤਰ੍ਹਾਂ ਦੀਆਂ ਰੋਕਾਂ ਨੂੰ ਪਾਰ ਕਰਕੇ ਸਮਾਜਕ ਪ੍ਰੀਵਰਤਨ ਲਈ ਇਕ ਲੋਕ ਰੌਸ਼ਨੀ ਨੂੰ ਵਿਕਸਿਤ ਕਰਨਾ ਹੁੰਦਾ ਹੈ।

ਜਿਹੜੀ ਰੋਸ਼ਨੀ ਲੋਕਾਂ ਨੂੰ ਚਾਨਣ ਦੇ ਕੇ ਇਕ ਬਰਾਬਰਤਾ ਵਾਲੇ ਸਮਾਜ ਅੰਦਰ ਬਰਾਬਰ ਦਾ ਭਾਈਵਾਲ ਬਣਾਵੇ। ਉਹ ਸਮਾਜ, ਜਿਥੇ ਲੋਕਾਈ ਦੀਆਂ ਹਰ ਤਰ੍ਹਾਂ ਦੀਆਂ ਦੁਸ਼ਵਾਰੀਆਂ, ਦੁੱਖ, ਜ਼ੁਰਮ ਅਤੇ ਝਗੜਿਆਂ ਦਾ ਖਾਤਮਾ ਹੋਵੇ। ਉਹ ਸਮਾਜ ਜਿਥੇ ਸਭ ਨੂੰ ਬਰਾਬਰਤਾ, ਸਤਿਕਾਰ, ਪਿਆਰ ਅਤੇ ਭਰਾਤਰੀ ਭਾਵ ਮਿਲੇ। ਇਸ ਸਮਾਜ ਦੀ ਉਸਾਰੀ ਲਈ ਅਮਰ ਸ਼ਹੀਦ ਕਾਮ: ਚੰਨਣ ਸਿੰਘ ਧੂਤ ਸਾਰੀ ਜ਼ਿੰਦਗੀ ਜੂਝਦਾ ਰਿਹਾ ਤੇ ਅੱਗੇ ਵੱਧਣ ਲਈ ਸਮਾਜ ਅੰਦਰ ਅਗਨੀ ਦਰਿਆ ਨੂੰ ਪਾਰ ਕਰਨ ਲਈ ਲਾਮਬੰਦ ਹੋਇਆ ! ਜੂਝਿਆ ਅਤੇ ਭਵਿੱਖ ਦੇ ਸਿਰਜਣਹਾਰੇ ਕਿਰਤੀਆਂ ਸੰਗ ਆਖਰੀ ਦਮਾਂ ਤਕ ਅੱਗੇ ਵੱਧਣ ਦਾ ਹੋਕਾ ਦੇ ਕੇ, ਉਹ 15-ਫਰਵਰੀ 1987 ਨੂੰ ਦੇਸ਼ ਦੀ ਏਕਤਾ ਅਖੰਡਤਾ ਦੀ ਰਾਖੀ ਕਰਦਾ ਖਾਲਿਸਤਾਨੀ-ਦਹਿਸ਼ਤਗਰਦਾਂ ਦੇ ਕਮੀਨੇ ਮਨਸੂਬਿਆਂ ਹੱਥੋ ਸ਼ਹੀਦ ਹੋ ਕੇ ਅਮਰ ਹੋ ਗਿਆ।

ਇਕ ਵਧੀਆ ਇਨਸਾਨ ਜਿਸ ਨੇ ਦੇਸ਼ ਅੰਦਰ ਲੋਕਾਂ ਦੀਆਂ ਦੁਸ਼ਵਾਰੀਆਂ ਦੇ ਖਾਤਮੇ ਲਈ 53-ਵਰ੍ਹਿਆਂ ਤੋਂ ਵੱਧ ਇਕ ਰਾਜਸੀ ਕਾਰਕੁਨ ਵੱਜੋਂ, ‘ਉਹ ਵੀ ਇਕ ਕਮਿਊਨਿਸਟ ਵਜੋਂ, ‘ਸਾਰੀ ਜ਼ਿੰਦਗੀ ਸੰਘਰਸ਼ਾਂ ਵਾਲਾ ਜੀਵਨ, ਬੇ-ਲਾਗ ਜੀਵਿਆ ਹੋਵੇ, ਕੋਈ ਸਾਧਾਰਨ ਜੀਵਨ ਨਹੀਂ ਹੁੰਦਾ ਹੈ। ਵਿਦਿਆਰਥੀ ਜੀਵਨ ਤੋਂ ਹੀ ਦੇਸ਼ ਦੀ ਆਜ਼ਾਦੀ ਲਈ ਕੌਮੀ ਮੁਕਤੀ ਅੰਦੋਲਨਾਂ ਵਿੱਚ ਸ਼ੁਰੂਆਤ ਕਰਕੇ, ‘ਪਹਿਲਾ ਬਰਤਾਨਵੀ ਬਸਤੀਵਾਦੀ ਸਾਮਰਾਜ ਵਿਰੁੱਧ, ਕਪੂਰਥਲਾ ਰਾਜਾਸ਼ਾਹੀ ਦੇ ਲੋਕ ਵਿਰੋਧੀ ਕੁਕਰਮਾਂ ਅਤੇ ਆਜ਼ਾਦੀ ਬਾਦ ਆਰਥਿਕ ਅਸਮਾਨਤਾਂ ਵਿਰੁਧ ਸਤਾ ਤੇ ਕਾਬਜ਼ ਲੋਕ ਵਿਰੋਧੀ ਹਾਕਮਾਂ ਵਿਰੁਧ ਬੜੀ ਬੇ-ਕਿਰਕੀ ਨਾਲ ਆਵਾਜ਼ ਉਠਾਈ ਅਤੇ ਲੋਕਾਂ ਨੂੰ ਇਕ ਮੁਠ ਕਰਨ ਲਈ ਅਥਾਹ ਸੰਘਰਸ਼ ਕੀਤੇ।

ਜਦੋਂ ਦੇਸ਼ ਦੀ ਏਕਤਾ-ਅਖੰਡਤਾ ਵਿਰੁੱਧ ਸਾਮਰਾਜੀ ਸੋਚ ਰੱਖਣ ਵਾਲੇ ਅਨਸਰਾਂ ਤੋਂ ਖਤਰਾ ਪੈਦਾ ਹੋਇਆ ਤਾਂ ਦੇਸ਼ ਦੀ ਏਕਤਾ ਨੂੰ ਕਾਇਮ ਰੱਖਣ ਲਈ ਉਹ ਅੱਗੇ ਆ ਕੇ ਲਾਸਾਨੀ ਸ਼ਹਾਦਤ ਦੇਣ ਤੋਂ ਵੀ ਕਾਮ: ਚੰਨਣ ਸਿੰਘ ਧੂਤ ਪਿਛੇ ਨਹੀਂ ਹੱਟਿਆ। ਧੂਤ ਜੀ ਦੀਆਂ ਦੇਸ਼ ਸੇਵਾ ਪੱਖੋ ਸੇਵਾਵਾਂ ਉਸ ਨੂੰ ਰਾਜ-ਭਾਗ ਵਿੱਚ ਸ਼ਾਮਲ ਹੋਣ ਲਈ ਪਦਾਰਥਕ ਲਾਭ, ਸੁਖ ਆਰਾਮ ਅਤੇ ਰੁਤਬਿਆਂ ਜਿਹੇ ਲਾਲਚ ਵੀ ਝੁਕਾ ਨਹੀ ਸਕੇ। ਉਹ ਬਾਕੀ ਬੁਰਜੁਆ ਸੋਚ ਵਾਲੀਆਂ ਪਾਰਟੀਆਂ ਦੇ ਆਗੂਆਂ ਵਾਂਗ ਰਾਜ ਭਾਗ ਵਿੱਚ ਸ਼ਾਮਲ ਹੋ ਸਕਦੇ ਸਨ ਤੇ ਹਰ ਤਰ੍ਹਾਂ ਦਾ ਸੁਖ-ਆਰਾਮ ਵੀ ਪ੍ਰਾਪਤ ਕਰ ਸਕਦੇ ਸਨ। ਪਰ ! ਉਹ ਕਿਹਾ ਕਰਦੇ ਸਨ, ‘ਕਿ ਮੇਰਾ ਤਨ, ਮਨ ਅਤੇ ਜੀਵਨ-ਪੂੰਜੀ ਕਮਿਊਨਿਸਟ ਪਾਰਟੀ ਦੇ ਹਵਾਲੇ ਹੈ। ਸਾਲ 1936 ਨੂੰ ਜਦੋਂ ਚੰਨਣ ਸਿੰਘ ਧੂਤ ਨੇ ਕਮਿਊਨਿਸਟ ਪਾਰਟੀ ਦਾ ਫਾਰਮ ਭਰਿਆ ਸੀ ਤਾਂ ਉਸ ‘ਤੇ ਦਸਤਖਤ ਖੂਨ ਨਾਲ ਕਰਕੇ ਉਪਰੋਕਤ ਪ੍ਰਣ ਲਿਆ ਸੀ, ਜੋ ਉਸ ਨੇ ਆਪਣੀ ਸ਼ਹਾਦਤ ਤਕ ਨਿਭਾਇਆ ਤੇ ਕੌਲ ਪਕਾਇਆ।

ਚੰਨਣ ਸਿੰਘ ਧੂਤ 1912 ਨੂੰ ਪਿੰਡ ਧੂਤਕਲਾਂ (ਕਪੂਰਥਲਾ ਰਿਆਸਤ) ਹੁਣ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮਾਤਾ ਮਾਨ ਕੌਰ ਅਤੇ ਪਿਤਾ ਬਸੰਤ ਸਿੰਘ ਦੇ ਘਰ ਪੈਦਾ ਹੋਏ। ਧੂਤ ਜੀ ਹੋਣਾਂ ਪ੍ਰਾਇਮਰੀ ਅੰਬਾਲਾ-ਜੱਟਾਂ, 8-ਵੀਂ ਭੂੰਗਾ ਅਤੇ 10-ਵੀਂ ਖਾਲਸਾ ਹਾਈ ਸਕੂਲ ਗੜ੍ਹਦੀਵਾਲਾ ਤੋਂ ਪਾਸ ਕੀਤੀ। ਇਨ੍ਹਾਂ ਦੇ ਪਿਤਾ ਪਨਾਮਾ ਦੇਸ਼ ‘ਚ ਪ੍ਰਵਾਸ ਕਰ ਗਏ ਹੋਏ ਸਨ। ਚੰਨਣ ਸਿੰਘ ਨੂੰ ਪਹਿਲੀ ਕ੍ਰਾਂਤੀਕਾਰੀ ਗੁੜਤੀ ਘਰੋਂ ਹੀ ਬਾਬਾ-ਚਾਚਾ, ਬਾਬਾ ਕਰਮ ਸਿੰਘ ਧੂਤ (ਗਦਰੀ ਅਤੇ ਬਾਦ ‘ਚ ਪਰਜਾ ਮੰਡਲ ਲਹਿਰ ਦੇ ਆਗੂ) ਪਾਸੋਂ ਮਿਲੀ। ਉਥੇ ਖੱਬੇ ਪੱਖੀ ਚੇਤਨਾ ਦਾ ਜਾਗ ਵਿਦਿਆਰਥੀ ਜੀਵਨ ਦੌਰਾਨ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਪੜਦਿਆ ਪ੍ਰੋ: ਵਰਿਆਮ ਸਿੰਘ ਦੀ ਸੰਗਤ ਨੇ ਪ੍ਰਵਾਨ ਚੜਾਇਆ। ਖਾਲਸਾ ਕਾਲਜ ਅੰਮ੍ਰਿਤਸਰ ਪੜ੍ਹਦਿਆਂ ਹੀ ਵਾਇਸਰਾਏ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਸੀ, ”ਕਿ ਆਜ਼ਾਦੀ ਸਾਡਾ ਜਨਮ ਸਿੱਧ ਅਧਿਕਾਰ ਹੈ, ਆਜ਼ਾਦੀ ਮੰਗਣੀ ਕੋਈ ਗੁਨਾਹ ਨਹੀ ਹੈ”?

ਇਸ ਪੱਤਰ ਤੋਂ ਹੀ ਧੂਤ ਦੀ ਪ੍ਰਤਿਭਾ ਅਤੇ ਧਾਰਨਾ ਬਾਰੇ ਦੂਰ-ਦਰਸ਼ੀ ਹੋਣ ਦਾ ਪਤਾ ਚਲਦਾ ਹੈ। ਕਾਲਜ ਦੀ ਪੜ੍ਹਾਈ ਛੱਡ ਕੇ ਕਪੂਰਥਲਾ ਰਾਜਾ ਦੇ ਕੁਕਰਮਾਂ ਵਿਰੁਧ, ‘ਮਾ: ਹਰੀ ਸਿੰਘ ਧੂਤ ਦੀ ਅਗਵਾਈ ‘ਚ ਚਲ ਰਹੀ ਕੇਂਦਰੀ ਜਿਮੀਦਾਰਾ ਲੀਗ ਜੋ ਰਜਵਾੜਾਸ਼ਾਹੀ ਦੀਆਂ ਵਧੀਕੀਆਂ, ਲੋਕਾਂ ਤੇ ਪਾਏ ਜਾਂਦੇ ਟੈਕਸਾਂ ਦੇ ਬੋਝ ਘਟਾਉਣ ਅਤੇ ਇਲਾਕੇ ‘ਚ ਸੜਕਾਂ, ਸਕੂਲ ਅਤੇ ਹਸਪਤਾਲ ਖੋਲ੍ਹਣ ਲਈ ਸ਼ੁਰੂ ਕੀਤੀ ਹੋਈ ਲਹਿਰ ਸੀ। ਉਸ ਵਿੱਚ ਚੰਨਣ ਸਿੰਘ ਧੂਤ ਸ਼ਾਮਲ ਹੋ ਗਿਆ। ਇਸ ਰਾਜਸੀ ਸਰਗਰਮੀ ਨੂੰ ਸਿਆਸੀ ਤੌਰ ‘ਤੇ ਉਨ੍ਹਾਂ ਨੂੰ ”ਧੂਤ-ਗਰੁਪ” ਵੱਜੋ ਮਾਨਤਾ ਪ੍ਰਾਪਤ ਹੋਈ ਅਤੇ ਸੰਘਰਸ਼ਾਂ ਦਾ ਸਦਕਾ ਵੱਡੀਆਂ ਜਿਤਾਂ ਪ੍ਰਾਪਤ ਵੀ ਕੀਤੀਆਂ।

ਇਹ ਇਕ ਸਚਾਈ ਹੈ, ‘ਕਿ ਚੰਨਣ ਸਿੰਘ ਧੂਤ ਨੇ ਇਕ ਜੰਗਜ਼ੂ ਕਮਿਊਨਿਸਟ ਵੱਜੋ ਪਹਿਲਾ ਰਜਵਾੜਾ ਸ਼ਾਹੀ ਵਿਰੁਧ, ਫਿਰ ਕੌਮੀ ਮੁਕਤੀ ਅੰਦੋਲਨਾਂ ਵੇਲੇ ਬਰਤਾਨਵੀ ਬਸਤੀਵਾਦੀ ਸਾਮਰਾਜੀ ਗੋਰਾ ਹਾਕਮਾਂ ਅਤੇ ਆਜ਼ਾਦੀ ਬਾਦ ਲੋਕਾਂ ਲਈ ਆਰਥਿਕ ਆਜ਼ਾਦੀ, ਸਮਾਜਕ ਸਹੂਲਤਾਂ ਤੇ ਸਮਾਜਕ ਪ੍ਰੀਵਰਤਨ ਲਈ ਸੰਘਰਸ਼ਾਂ ਦੌਰਾਨ ਕੁੱਲ ਮਿਲਾ ਕੇ 8-ਸਾਲ ਤੋਂ ਵੱਧ ਸਮਾਂ ਕੈਦਾਂ ਕੱਟੀਆਂ। ਜੇਲ੍ਹਾਂ ਅੰਦਰ ਨਰਕੀ ਜੀਵਨ, ਭੁੱਖ ਹੜਤਾਲ ਤੇ ਨਜ਼ਰ-ਬੰਦੀਆਂ ਇਸ ਸਪਸ਼ਟਵਾਦੀ ਮਾਰਕਸਵਾਦੀ ਨੂੰ ਝੁਕਾਅ ਨਹੀ ਸਕੀਆਂ। ਸਗੋਂ ਉਹ ਖੁੱਦ ਅਤੇ ਬਾਕੀ ਸਾਥੀਆਂ ਨਾਲ ਅਡੋਲਤਾ, ਦ੍ਰਿੜ ਇਰਾਦੇ ਅਤੇ ਪੂਰੇ ਸਬਰ ਨਾਲ ਆਪਣੇ ਨਿਸ਼ਾਨੇ ਲਈ ਲੜਦੇ ਰਹੇ। ਉਹ ਇਨ੍ਹਾ ਟੈਸਟਾਂ ‘ਚ ਪਾਸ ਹੋ ਕੇ ਲੋਕਾਂ ਦੇ ਇਕ ਨਾਇਕ ਬਣ ਕੇ ਉਭਰੇ।’

ਕਾਮ: ਚੰਨਣ ਸਿੰਘ ਧੂਤ ਦਾ ਜੀਵਨ ਇਕ ਮਿਸਾਲੀ ਜੀਵਨ ਸੀ। ਇਕ ਸੱਚੇ-ਸੁਚੇ ਕਮਿਊਨਿਸਟ ਵੱਜੋ, ‘1936 ਵੇਲੇ ਪਾਰਟੀ ਦਾ ਪ੍ਰਣ ਪੱਤਰ ਭਰਨ ਤੋਂ ਲੈ ਕੇ ਆਪਣੀ ਸ਼ਹਾਦਤ ਵਾਲੇ ਦਿਨ 15-ਫਰਵਰੀ, 1987 ਤੱਕ, ‘ਉਸ ਨੇ ਪੰਜਾਬ ਦੀ ਧਰਤੀ ‘ਤੇ ਇਨਸਾਫ ਲਈ ਉਠੇ ਹਰ ਲੋਕ ਸੰਘਰਸ਼ਾਂ ਦੀ ਸਫਲਤਾ ਲਈ, ‘ਅੱਗੇ ਵੱਧ ਕੇ ਸੰਗਠਤ ਹੋ ਕੇ ਮੋਹਰਲੀਆਂ ਕਤਾਰਾ ‘ਚ ਖੜ੍ਹ ਕੇ ਹਿੱਸਾ ਲਿਆ। ਰਾਜਵਾੜਾ-ਸ਼ਾਹੀ ਦੀਆਂ ਵਧੀਕੀਆਂ ਵਿਰੁੱਧ, ਕਿਸਾਨੀ ਮੋਰਚੇ, ਲਾਹੌਰ ਕਿਸਾਨ ਮੋਰਚਾ, ਬੀਤ ਦੇ ਮੁਜਾਰਿਆਂ ਦਾ ਅੰਦੋਲਨ, ਬੈਟਰਮੈਂਟ ਲੇਵੀ ਵਿਰੁਧ, ਬਸ ਕਿਰਾਇਆ ਅੰਦੋਲਨ, ਪਾਰਟੀ ਦੇ ਅੰਦੋਲਨਾਂ ਅਤੇ ਇਲਾਕੇ ਦੇ ਸਥਾਨਕ ਮਸਲਿਆਂ ਦੇ ਹੱਲ ਲਈ ਲੋਕਾਂ ਦਾ ਨਾਇਕ ‘ਧੂਤ’ ਪੂਰੇ ਜੁਝਾਰੂਪਣ ਨਾਲ ਸ਼ਾਮਲ ਹੁੰਦਾ ਰਿਹਾ।

ਇਸੇ ਕਾਰਨ ਹੀ ਜਦੋਂ ਉਹ ”ਯੋਹਲ ਕੈਂਪ” ‘ਚ ਰਾਜਸੀ ਕੈਦ ਵਿੱਚ ਸੀ ਤਾਂ ਆਜ਼ਾਦ ਭਾਰਤ ਦੀਆਂ ਪਹਿਲੀਆਂ ਚੋਣਾਂ ਵੇਲੇ ਪੰਜਾਬ ਅਸੈਂਬਲੀ ‘ਚ 1952 ਨੂੰ ਹਲਕਾ ਟਾਂਡਾ ਦੇ ਲੋਕਾਂ ਨੇ ਉਸ ਨੂੰ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਵੱਜੋ ਚੁਣ ਕੇ ਆਪਣਾ ਨੁਮਾਂਇੰਦਾ ਭੇਜਿਆ ਸੀ। ਉਹ ਇਕ ਵੱਧੀਆ ਪਾਰਲੀਮੈਂਟੇਰੀਅਨ ਅਤੇ ਆਮ ਲੋਕਾਂ ਦੇ ਮਸਲਿਆਂ ਨੂੰ ਉਭਾਰ ਕੇ ਅਸੈਂਬਲੀ ਅੰਦਰ ਲੋਕਾਂ ਦਾ ਪੱਖ ਠੋਕ ਵਜਾ ਕੇ ਰੱਖਦਾ ਸੀ। ਧੂਤ ਜੀ ਵੱਲੋਂ 5-ਸਾਲਾਂ ਦੇ ਇਸ ਪਿਛਲੇ ਕਾਰਜਕਾਲ ਦੌਰਾਨ ਉਠਾਏ ਮੱਸਲਿਆਂ ‘ਤੇ ਲੋਕਾਂ ਦੇ ਹਿਤਾਂ ਲਈ ਆਵਾਜ਼ ਉਠਾਉਣ ਕਾਰਨ ਅੱਜ ਵੀ ਪੰਜਾਬ ਅਸੈਂਬਲੀ ਦੇ ਪੁਰਾਣੇ ਰਿਕਾਰਡ ਬੋਲ ਰਹੇ ਹਨ। ਉਨ੍ਹਾਂ ਦੇ ਲੋਕ ਪੱਖੀ ਇਹ ਬੋਲ ਅੱਜ ਵੀ ਅਸੈਂਬਲੀ ‘ਚ ਗੂੰਜਦੇ ਸੁਣੇ ਜਾ ਸਕਦੇ ਹਨ। ਗੜ੍ਹਦੀਵਾਲਾ ਇਲਾਕੇ ਦੇ ਮੱਸਲਿਆ ਦੇ ਹਲ ਲਈ ਉਚੇਚਾ ਧਿਆਨ ਦਿੰਦੇ ਰਹੇ।

ਕਾਮ: ਚੰਨਣ ਸਿੰਘ ਧੂਤ ਇਕ ਪਿੰਡ ਤੋਂ ਲੈ ਕੇ ਕੌਮੀ ਤੇ ਕੌਮਾਂਤਰੀ ਪੱਧਰ ਤੱਕ ਦੇ ਮਸਲਿਆਂ ਤੇ ਮਾਰਕਸਵਾਦ ਨਾਲ ਲੈਸ ਹੋ ਕੇ, ‘ਪਹਿਲਾ ਸੀ.ਪੀ.ਆਈ. ਅਤੇ ਫਿਰ 1964 ਬਾਦ ਸੀ.ਪੀ.ਆਈ. (ਐਮ) ਦੇ ਇਕ ਵਫ਼ਾਦਾਰ ਸਿਪਾਹੀ ਵੱਜੋਂ ਲੋਕਾਂ ਦੀਆਂ ਸਮੱਸਿਆਵਾਂ ਤੇ ਉਨ੍ਹਾਂ ਦੇ ਹਲ ਲਈ ਪੂਰੀ ਪਕੜ ਰੱਖਦਾ ਸੀ। ਉਹ ਪੂਰੀ ਬੌਧਿਕ ਤੇ ਸਿਧਾਂਤਕ ਸਮੱਰਥਾ ਨਾਲ ਪਾਰਟੀ ਅੰਦਰ ਵੀ ਆਪਣੀ ਰਾਏ ਰੱਖਦਾ ਸੀ। ਇਹੀ ਕਾਰਨ ਹੈ, ‘ਕਿ ਉਹ ਲੰਬਾ ਸਮਾਂ ਜ਼ਿਲ੍ਹਾ ਹੁਸ਼ਿਆਰਪੁਰ ਪਾਰਟੀ ਦਾ ਸਕੱਤਰ ਅਤੇ ਸ਼ਹੀਦੀ ਸਮੇਂ ਤਕ ਸੂਬਾ ਕਮੇਟੀ ਮੈਂਬਰ ਸੀ।

ਮਾਰਕਸਵਾਦੀ ਸਿਧਾਂਤ ਬਾਰੇ ਮਜ਼ਬੂਤ ਪਕੜ ਕਾਰਨ ਉਹ ਪਾਰਟੀ ਅੰਦਰ ਹਰ ਤਰ੍ਹਾਂ ਦੇ ਕੁਹਾਹਿਆ ਵਿਰੁੱਧ ਬੇ-ਕਿਰਕੀ ਨਾਲ ਲੜਨ ਤੋਂ ਕਦੀ ਵੀ ਗੁਰੇਜ ਨਹੀਂ ਕਰਦਾ ਸੀ। ਪੰਜਾਬ ਅੰਦਰ ਪਣਪੇ ਦਹਿਸ਼ਤਗਰਦੀ ਲਹਿਰ ਤੇ ਇਸ ਪਿਛੇ ਕੰਮ ਕਰਦੀਆਂ ਸ਼ਕਤੀਆਂ ਨੂੰ ਸਮਝਣ ਅਤੇ ਇਨ੍ਹਾਂ ਵਿਰੁਧ ਵਿਚਾਰ ਧਾਰਕ ਅਤੇ ਜੱਥੇਬੰਦਕ ਢੰਗ ਨਾਲ ਝੰਡਾ ਚੁੱਕਣ ਲਈ ਪਾਰਟੀ ਦੀਆਂ ਮੂਹਰਲੀਆਂ ਕਤਾਰਾਂ ‘ਚ ਸ਼ਾਮਲ ਹੋਣ ਕਰਕੇ ਹੀ, ‘ਖਾਲਿਸਤਾਨੀ ਦਹਿਸ਼ਤਗਰਦਾਂ ਨੇ ਜਦੋਂ ਉਹ 15 ਫਰਵਰੀ, 1987 ਨੂੰ ਜਲੰਧਰ ਵਿਖੇ ਹੋਈ ਸਰਬ ਪਾਰਟੀ ਫਿਰਕੂ ਏਕਤਾ ਕਨਵੈਨਸ਼ਨ ‘ਚ ਭਾਗ ਲੈ ਕੇ ਆਪਣੇ ਸਾਥੀਆਂ ਸੰਤੋਖ ਸਿੰਘ ਧੂਤ ਅਤੇ ਰਾਜਿੰਦਰ ਕੌਰ ਚੋਹਕਾ ਨਾਲ ਵਾਪਸ ਪਰਤ ਰਿਹਾ ਸੀ ਤਾਂ ਪਿੰਡ ਦੇ ਬੱਸ ਅੱਡੇ ਲਾਗੇ ਦਹਿਸ਼ਤ- ਗਰਦਾ ਦੀ ਗੋਲੀ ਦਾ ਨਿਸ਼ਾਨਾ ਬਣ ਗਏ ਤੇ ਆਪਣਾ ਕੌਲ ਪੂਰਾ ਕਰਕੇ ਅਮਰ ਸ਼ਹੀਦ ਹੋ ਗਏ।

ਗੜ੍ਹਦੀਵਾਲਾ ਇਲਾਕੇ ਦੇ ਪਿੰਡ ਧੂਤ ਕਲਾਂ, ਦੀ ਧਰਤੀ ‘ਤੇ ਜਨਮ ਲੈਣ ਵਾਲੇ ਬਾਬਾ ਕਰਮ ਸਿੰਘ ਧੂਤ, ਮਾ: ਹਰੀ ਸਿੰਘ ਧੂਤ, ਕਾਮ: ਨੈਣਾ ਸਿੰਘ ਧੂਤ, ਸਰਵ ਸਾਥੀ ਸੰਤੋਖ ਸਿੰਘ, ਮਾ: ਜਸਵੰਤ ਸਿੰਘ ਧੂਤ, ਸਵਰਨ ਸਿੰਘ ਕਿਰਤੀ, ਜਵਾਲਾ ਸਿੰਘ, ਜ:ਊਧਮ ਸਿੰਘ, ਕਾਮ: ਪ੍ਰਤਾਪ ਚੰਦ, ਰਾਵਲ ਸਿੰਘ ਆਦਿ 74 ਤੋਂ ਵੱਧ ਦੇਸ਼ ਭਗਤਾਂ ਨੇ ਦੇਸ਼ ਲਈ ਕੁਰਬਾਨੀਆਂ ਕੀਤੀਆਂ ਅਤੇ ਇਕ ਇਤਿਹਾਸ ਸਿਰਜਿਆ ਸੀ। ਲਾਲ-ਪਿੰਡ (ਮਾਸਕੋ) ਵੱਜੋ ਸਦਾ ਲਈ ਇਹ ਪਿੰਡ ਯਾਦ ਕੀਤਾ ਜਾਂਦਾ ਰਹੇਗਾ।

ਜਗਦੀਸ਼ ਸਿੰਘ ਚੋਹਕਾ

91-921799744 5 
001-403-285-4208
Email-jagdishchohka@gmail.com

Previous article“ਇੱਛਾਵਾਂ , ਸੁਫ਼ਨੇ ,ਸਰਬੱਤ ਦਾ ਭਲਾ “
Next articleਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵਲੋਂ ਪੰਜਾ਼ਬ ਦਾ ਪਾਰਟੀ ਪ੍ਰਧਾਨ ਬਣਨ ਤੇ ਲੱਖ ਲੱਖ ਵਧਾਈਆਂ ਬਿੱਟੂ ਲਿਬੜਾ