ਨਵੀਂ ਦਿੱਲੀ (ਸਮਾਜ ਵੀਕਲੀ): ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤ ਨੂੰ ਵਿਸ਼ਵ ਦੇ ਸਭ ਤੋਂ ਵਿਕਸਤ ਦੇਸ਼ਾਂ ’ਚੋਂ ਇਕ ਬਣਾਉਣ ਲਈ ਲੋਕਾਂ ਨੂੰ ਪਾਰਟੀ ਸਫ਼ਾਂ ਤੋਂ ਉਪਰ ਉੱਠ ਕੇ ਅਗਲੇ 25 ਸਾਲ ਦੇਸ਼ ਦੀ ਭਲਾਈ ਲਈ ਕੰਮ ਕਰਨ ਦੀ ਅਪੀਲ ਕੀਤੀ ਹੈ।
ਸ੍ਰੀ ਸ਼ਾਹ ਨੇ ‘ਆਜ਼ਾਦੀ ਕਾ ਅਮ੍ਰਿਤ ਮਹੋਤਸਵ’ ਬਾਰੇ ‘ਅੰਮ੍ਰਿਤ ਸਮਾਗਮ’ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਅਗਲੇ 25 ਸਾਲ (ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਤੋਂ ਦੇਸ਼ ਦੀ ਆਜ਼ਾਦੀ ਦੇ 100 ਸਾਲ ਤੱਕ) ਦੇਸ਼ ਦੇ ਵਿਕਾਸ ਤੇ ਤਰੱਕੀ ਲਈ ਬਹੁਤ ਅਹਿਮ ਹਨ ਅਤੇ ਇਸ ਅਰਸੇ ਨੂੰ ‘ਅਮ੍ਰਿਤ ਕਾਲ’ ਦਾ ਨਾਂ ਦਿੱਤਾ ਗਿਆ ਹੈ। ਸ਼ਾਹ ਨੇ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਕਿ ਅਗਲੇ 25 ਸਾਲਾਂ ਲਈ ਯੋਜਨਾਵਾਂ ਤਿਆਰ ਕੀਤੀਆਂ ਜਾਣ ਕਿ ਕਿਵੇਂ ‘ਆਜ਼ਾਦੀ ਕਾ ਅਮ੍ਰਿਤ ਮਹੋਤਸਵ’ ਵਿੱਚ ਲੋਕਾਂ ਦੀ ਸ਼ਮੂਲੀਅਤ ਵਧਾਉਣੀ ਹੈ ਅਤੇ ਕਿਵੇਂ ਹਰ ਪਿੰਡ, ਸਕੂਲ ਤੇ ਨੌਜਵਾਨ ਦੀ ਸ਼ਮੂਲੀਅਤ ਯਕੀਨੀ ਬਣਾ ਕੇ ਦੇਸ਼ ਤੇ ਲੋਕਾਂ ਦੀ ਭਲਾਈ ਲਈ ਕੰਮ ਕਰਨਾ ਹੈ।’’ ਉਨ੍ਹਾਂ ਕਿਹਾ, ‘‘ਸਾਨੂੰ ਨਹੀਂ ਪਤਾ ਕਿ 25 ਸਾਲਾਂ ਮਗਰੋਂ ਕੌਣ ਪ੍ਰਧਾਨ ਮੰਤਰੀ ਹੋਵੇਗਾ ਤੇ ਕਿਹੜੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਹੋਵੇਗੀ। ਕੋਈ ਵੀ ਹੋਵੇ, ਪਰ ਇਹ ਮੁਲਕ ਹਮੇਸ਼ਾ ਰਹੇਗਾ। ਲਿਹਾਜ਼ਾ ਸਾਰੇ ਜਣੇ ਪਾਰਟੀ ਸਿਆਸਤ ਤੋਂ ਉਪਰ ਉੱਠ ਕੇ ਇਸ ਮਿਸ਼ਨ ਨੂੰ ਸਫ਼ਲ ਬਣਾਉਣ।’’ ਉਨ੍ਹਾਂ ਕਿਹਾ ਕਿ ਲੋਕ ਕੋਈ ਚੰਗਾ ਕੰਮ ਕਰਨ ਦੀ ਸਹੁੰ ਚੁੱਕਣ ਤੇ ਸਰਕਾਰ ਦਾ ਹਰ ਵਿਭਾਗ ਵੀ ਇਸੇ ਤਰ੍ਹਾਂ ਦੀ ਸਹੁੰ ਚੁੱਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ‘ਆਜ਼ਾਦੀ ਕਾ ਅਮ੍ਰਿਤ ਮਹੋਤਸਵ’ ਤਹਿਤ ਹੁਣ ਤੱਕ 25 ਹਜ਼ਾਰ ਪ੍ਰੋਗਰਾਮ ਕਰ ਚੁੱਕੀ ਹੈ ਜਦੋਂਕਿ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਸਿਰਫ਼ 7200 ਅਜਿਹੇ ਪ੍ਰੋਗਰਾਮ ਕਰਵਾੲੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly