ਬਰਨਾਲਾ ਦੇ ਸ਼ਾਇਰ ਦੀ ਪੁਸਤਕ ਦਾ ਵਿਆਹ ਸਮਾਗਮ ਵਿੱਚ ਲੋਕ ਅਰਪਣ

ਵਿਆਹ ਸਮੇਂ ਪੁਸਤਕ ਲੋਕ ਅਰਪਣ ਕਰਨਾ ਇਕ ਨਵੀਂ ਪਿਰਤ – ਮਾਲਵਿੰਦਰ

ਬਰਨਾਲਾ (ਸਮਾਜ ਵੀਕਲੀ): ਬੀਤੇ ਦਿਨੀਂ ਬਰਨਾਲਾ ਦੇ ਇੱਕ ਪ੍ਰਸਿੱਧ ਸ਼ਾਇਰ ਦੀ ਕਾਵਿ ਰਚਨਾ ਉੱਪਰ ਅਲੋਚਨਾ ਦੀ ਪੁਸਤਕ ਵਿਆਹ ਸਮਾਗਮ ਵਿੱਚ ਲਾੜੇ ਅਤੇ ਲਾੜੀ ਵੱਲੋਂ ਲੋਕ ਅਰਪਣ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ ਦੇ ਸੰਸਥਾਪਕ ਅਤੇ ਪ੍ਰਧਾਨ ਤੇਜਿੰਦਰ ਚੰਡਿਹੋਕ ਨੇ ਦੱਸਿਆ ਕਿ ਮਾਲਵਿੰਦਰ ਸ਼ਾਇਰ ਦੀਆਂ ਕਵਿਤਾਵਾਂ ਅਤੇ ਗ਼ਜ਼ਲਾਂ ਆਦਿ ਉੱਪਰ ਵੱਖ-ਵੱਖ ਵਿਦਵਾਨਾਂ ਵਲੋਂ ਲਿਖੇ ਕਰੀਬ 19 ਜਾਣਕਾਰੀ ਭਰਪੂਰ ਲੇਖਾਂ ਵਾਲੀ ਅਲੋਚਨਾ ਦੀ ਪੁਸਤਕ ‘ਮਾਲਵਿੰਦਰ ਸ਼ਾਇਰ: ਕਾਵਿ ਸੰਦਰਭ’ ਜੋ ਸਾਹਿਤਕਾਰ ਜਗਮੀਤ ਹਰਫ਼ ਅਤੇ ਗੁਰਜੰਟ ਰਾਜਿਆਣਾ ਵੱਲੋਂ ਸੰਪਾਦਿਤ ਕੀਤੀ ਗਈ ਹੈ­ ਨੂੰ ਜਗਮੀਤ ਹਰਫ਼ ਦੇ ਵਿਆਹ ਸਮੇਂ ਲੋਕ ਅਰਪਣ ਕੀਤੀ ਗਈ। ਇਸ ਤਰ੍ਹਾਂ ਵਿਆਹਾਂ ਸਮੇਂ ਪੁਸਤਕਾਂ ਦਾ ਲੋਕ ਅਰਪਣ ਕਰਨਾ ਜਗਮੀਤ ਹਰਫ਼ ਵੱਲੋਂ ਇੱਕ ਨਵੀਂ ਪਿਰਤ ਪਾਈ ਹੈ। ਜਗਮੀਤ ਹਰਫ਼ ਨੇ ਇਸ ਪੁਸਤਕ ਦੀ ਪਹਿਲੀ ਕਾਪੀ ਆਪਣੀ ਹਮਸਫ਼ਰ ਨੂੰ ਪਿਆਰ ਅਤੇ ਸਤਿਕਾਰ ਸਹਿਤ ਭੇਟ ਕੀਤੀ।

ਇਸ ਮੌਕੇ ਉਸਤਾਦ ਗ਼ਜ਼ਲਗੋ ਸੁਲੱਖਣ ਸਰਹੱਦੀ ਨੇ ਕਿਹਾ ਕਿ ਸਾਨੂੰ ਵਿਆਹ ਸਮਾਗਮਾਂ ਤੋਂ ਇਲਾਵਾ ਹੋਰ ਸਮਾਜਿਕ ਸਮਾਗਮਾਂ ਸਮੇਂ ਵੀ ਸਿਹਤਮੰਦ ਅਤੇ ਉਸਾਰੂ ਸੱਭਿਆਚਾਰ ਨਾਲ ਸਬੰਧਤ ਰੀਤੀ ਰਿਵਾਜਾਂ ਤੇ ਰਸਮਾਂ ਨੂੰ ਅਪਣਾਉਣਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ ਕਿ ਜਗਮੀਤ ਹਰਫ਼ ਨੇ ਆਪਣੇ ਵਿਆਹ ਸਮਾਗਮ ਮੌਕੇ ਇਹ ਪੁਸਤਕ ਲੋਕ ਅਰਪਣ ਕਰਕੇ ਪੰਜਾਬੀ ਸਮਾਜ ਨੂੰ ਡੀ. ਜੇ­ ਆਰਕੈਸਟਰਾ­ ਲੋਕ ਵਿਰੋਧੀ ਗਾਇਕੀ ਆਦਿ ਨੂੰ ਤਿਲਾਂਜਲੀ ਦੇ ਕੇ ਸ਼ਬਦ ਸੱਭਿਆਚਾਰ ਨਾਲ ਜੁੜਨ ਦਾ ਸੰਦੇਸ਼ਾ ਦਿੱਤਾ ਹੈ ਜੋ ਕਿ ਅਗਾਂਹਵੱਧੂ ਅਤੇ ਸਲਾਘਾਯੋਗ ਕਦਮ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਨੇ ਮੰਚ ਸੰਚਾਲਨ ਦੌਰਾਨ ਹਾਜ਼ਰੀਨ ਨੂੰ ਪੁਸਤਕ ਬਾਰੇ ਜਾਣ ਪਹਿਚਾਣ ਕਰਵਾਈ। ਇਸ ਮੌਕੇ ਹੋਰ ਵਿਦਵਾਨਾਂ ਨੇ ਵੀ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।

=ਤੇਜਿੰਦਰ ਚੰਡਿਹੋਕ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIsrael welcomes opening of Azerbaijani embassy in Tel Aviv
Next articleਘੁਟਾਲਾ ਯੁਨੀਵਰਸਿਟੀ ਹਾਸ ਵਿਅੰਗ