ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) -“ਸੱਭਿਆਚਾਰ ਸੰਭਾਲ ਸੁਸਾਇਟੀ” ਦੇ ਪ੍ਰਧਾਨ ਮਾਸਟਰ ਕੁਲਵਿੰਦਰ ਸਿੰਘ ਜੰਡਾ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿਦਿਆਰਥੀਆਂ ਵਲੋਂ ਕੀਤੀ ਜਾ ਰਹੀ ਸੈਨੇਟ ਚੋਣਾਂ ਦੇ ਐਲਾਨ ਦੀ ਮੰਗ ਦਾ ਸਮਰਥਨ ਕਰਦਿਆਂ ਕਿਹਾ ਕਿ ਚੰਡੀਗੜ੍ਹ ਦੇ ਯੂ.ਟੀ. ਹੋਣ ਦਾ ਕੇਂਦਰ ਦੀ ਭਾਜਪਾ ਸਰਕਾਰ ਨਜਾਇਜ ਫਾਇਦਾ ਚੁੱਕ ਰਹੀ ਹੈ ਅਤੇ ਪੰਜਾਬ ਯੂਨੀਵਰਸਿਟੀ ਨੂੰ ਆਪਣੀ ਸਿਆਸੀ ਖੇਡ ਦਾ ਮੋਹਰਾ ਬਨਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਤੋਂ ਭਾਜਪਾ ਨੂੰ ਗੁਰੇਜ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਚੰਡੀਗੜ੍ਹ ਪੁਲਿਸ ਵਲੋਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ‘ਤੇ ਕੀਤੇ ਲਾਠੀਚਾਰਜ ਦੀ ਸਖਤ ਨਿਖੇਧੀ ਕੀਤੀ ਅਤੇ ਕਿਹਾ ਕਿ ਪੁਲਿਸ ਵਲੋਂ ਸਾਰੇ ਐਂਟਰੀ ਪੁਆਇੰਟ ਬੰਦ ਕਰਕੇ ਵਿਦਿਆਰਥੀਆਂ ਨੂੰ ਜਬਰਦਸਤੀ ਯੂਨੀਵਰਸਿਟੀ ਕੈਂਪਸ ‘ਚ ਦਾਖਲ ਹੋਣ ਤੋਂ ਰੋਕਿਆ ਜਾਣਾ ਸ਼ਰੇਆਮ ਧੱਕਾ ਹੈ ਜਦਕਿ ਸ਼ਾਂਤਮਈ ਵਿਰੋਧ ਪ੍ਰਗਟਾਉਣਾ ਕੋਈ ਜੁਰਮ ਨਹੀਂ ਹੈ। ਪਰ ਭਾਜਪਾ ਵਿਦਿਆਰਥੀਆਂ ਤੋਂ ਇਹ ਅਧਿਕਾਰ ਖੋਹ ਕੇ ਬਾਬਾ ਸਾਹਿਬ ਡਾ.ਭੀਮ ਰਾਉ ਅੰਬੇਡਕਰ ਜੀ ਵਲੋਂ ਦਿੱਤੇ ਸੰਵਿਧਾਨਕ ਹੱਕ ਨੂੰ ਕੁਚਲ ਰਹੀ ਹੈ। ਜੋ ਕਿ ਘਿਨਾਉਣੀ ਤੇ ਗੈਰ ਜਮਹੂਰੀ ਹਰਕਤ ਹੈ। ਪੰਜਾਬ ਦੇ ਲੋਕ ਅਜਿਹੀ ਕਿਸੇ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰਨਗੇ। ਉਹਨਾਂ ਚੰਡੀਗੜ੍ਹ ਪੁਲਿਸ ਨੂੰ ਵੀ ਤਾੜਨਾ ਕੀਤੀ ਕਿ ਆਪਣੀ ਤਾਕਤ ਦੀ ਵਿਦਿਆਰਥੀਆਂ ਉਪਰ ਫਾਲਤੂ ਵਰਤੋਂ ਨਾ ਕੀਤੀ ਜਾਵੇ। ਉਹਨਾਂ ਕਿਹਾ ਕਿ ਪਹਿਲਾਂ ਕੇਂਦਰ ਸਰਕਾਰ ਨੇ ਸੈਨੇਟ ਤੇ ਸਿੰਡੀਕੇਟ ਨੂੰ ਖਤਮ ਕਰਨ ਦਾ ਬੇਲੋੜਾ ਤੇ ਗੈਰ ਜਰੂਰੀ ਕਦਮ ਚੁੱਕਿਆ ਅਤੇ ਹੁਣ ਚੋਣ ਕਰਾਉਣ ਤੋਂ ਭੱਜ ਰਹੀ ਹੈ। ਜੇਕਰ ਵਿਦਿਆਰਥੀ ਸੈਨੇਟ ਦੀ ਚੋਣ ਕਰਵਾਉਣ ਦੀ ਮੰਗ ਕਰ ਰਹੇ ਹਨ ਤਾਂ ਉਹਨਾਂ ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਉਹਨਾਂ ਸਪੱਸ਼ਟ ਕਿਹਾ ਕਿ ਪੰਜਾਬ ਦੇ ਲੋਕ ਪੀ.ਯੂ.ਦੇ ਵਿਦਿਆਰਥੀਆਂ ਦੀਆ ਹੱਕੀ ਮੰਗਾ ਦਾ ਪੂਰਣ ਸਮਰਥਨ ਕਰਦੇ ਹਨ ।
HOME ਪੰਜਾਬ ਦੇ ਲੋਕ ਪੀ.ਯੂ.ਦੇ ਵਿਦਿਆਰਥੀਆਂ ਦੀਆ ਹੱਕੀ ਮੰਗਾ ਦਾ ਪੂਰਨ ...



