ਹਿਮਾਚਲ ਦੇ ਲੋਕਾਂ ਨੂੰ ਡਬਲ-ਇੰਜਣ ਸਰਕਾਰ ਦਾ ਫਾਇਦਾ ਹੋਇਆ: ਮੋਦੀ

ਮੰਡੀ(ਹਿਮਾਚਲ ਪ੍ਰਦੇਸ਼) (ਸਮਾਜ ਵੀਕਲੀ):  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਸੂਬੇ ਤੇ ਕੇਂਦਰ ਵਿੱਚ ਦੋਹਰੇ-ਇੰਜਣ ਵਾਲੀ ਸਰਕਾਰ ਦਾ ਫਾਇਦਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਦੋਹਰੇ-ਇੰਜਣ ਕਰਕੇ ਹੀ ਸੂੁਬੇ ਵਿੱਚ ਵਿਕਾਸ ਪ੍ਰਾਜੈਕਟਾਂ ਤੇ ਵੱਖ ਵੱਖ ਸਕੀਮਾਂ ਨੂੰ ਲਾਗੂ ਕਰਨ ਦੇ ਅਮਲ ਨੇ ਰਫ਼ਤਾਰ ਫੜੀ ਹੈ। ਸ੍ਰੀ ਮੋਦੀ ਇਥੇ ਪੱਡਲ ਮੈਦਾਨ ਵਿੱਚ ਮੁੱਖ ਮੰਤਰੀ ਜੈ ਰਾਮ ਠਾਕੁਰ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇ ਚਾਰ ਸਾਲ ਪੂਰੇ ਹੋਣ ਮੌਕੇ ਰੱਖੇ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਹਿਮਾਚਲ ਪ੍ਰਦੇਸ਼ ਅਸੈਂਬਲੀ ਲਈ ਅਗਲੇ ਸਾਲ (2022) ਦੇ ਅਖੀਰ ਵਿੱਚ ਚੋਣਾਂ ਹੋਣੀਆਂ ਹਨ।

ਕੇਂਦਰ ਤੇ ਸੂਬੇ ਵਿੱਚ ਇਕੋ ਵੇਲੇ ਭਾਜਪਾ ਸਰਕਾਰਾਂ ਹੋਣ ਦੇ ਫਾਇਦੇ ਗਿਣਾਉਂਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਪਿਛਲੇ ਚਾਰ ਸਾਲਾਂ ਵਿੱਚ ਕੇਂਦਰ ਸਰਕਾਰ ਵੱਲੋਂ ਚਲਾਈਆਂ ਤੇ ਠਾਕੁਰ ਸਰਕਾਰ ਵੱਲੋਂ ਵੱਧ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤੀਆਂ ਵੱਖ ਵੱਖ ਭਲਾਈ ਸਕੀਮਾਂ ਦਾ ਲਾਭ ਮਿਲਿਆ ਹੈ। ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਯੂੁਸ਼ਮਾਨ ਭਾਰਤ ਸਕੀਮ ਲਿਆਂਦੀ ਤੇ ਹਿਮਾਚਲ ਪ੍ਰਦੇਸ਼ ਸਰਕਾਰ ਨੇ ਵੀ ਹਿਮਕੇਅਰ ਨਾਂ ਦੀ ਮਿਲਦੀ ਜੁਲਦੀ ਸਕੀਮ ਦਾ ਆਗਾਜ਼ ਕੀਤਾ। ਉਨ੍ਹਾਂ ਕਿਹਾ ਕਿ ਅੱਜ ਸੂੁਬੇ ਦੇ ਸਵਾ ਲੱਖ ਲੋਕ ਇਨ੍ਹਾਂ ਦੋਵਾਂ ਸਕੀਮਾਂ ਦਾ ਲਾਭ ਲੈ ਰਹੇ ਹਨ। ਉਨ੍ਹਾਂ ਅੱਜ ਲਾਂਚ ਕੀਤੇ ਪਾਵਰ ਪ੍ਰਾਜੈਕਟਾਂ ਦੇ ਹਵਾਲੇ ਨਾਲ ਕਿਹਾ ਕਿ ਸੂਬੇ ਵਿੱਚ ਬਿਜਲੀ ਦੀ ਵੱਧ ਪੈਦਾਵਾਰ ਹੋਵੇਗੀ ਤੇ ‘ਜ਼ਿੰਦਗੀ ਨੂੰ ਸੁਖਾਲਾ ਬਣਾਉਣਾ ਸਾਡੀ ਸਰਕਾਰ ਦੀ ਸਿਖਰਲੀ ਤਰਜੀਹ ਹੈ ਤੇ ਬਿਜਲੀ ਦੀ ਇਸ ਵਿੱਚ ਅਹਿਮ ਭੂਮਿਕਾ ਹੈ।’

ਸ੍ਰੀ ਮੋਦੀ ਨੇ ਆਪਣੀ ਤਕਰੀਰ ਦੀ ਸ਼ੁਰੂਆਤ ਹਿਮਾਚਲੀ ਬੋਲੀ ਨਾਲ ਕੀਤੀ। ਉਨ੍ਹਾਂ ਕਿਹਾ ਕਿ ਉਹ ਮੰਡੀ, ਜਿਸ ਨੂੰ ‘ਛੋਟੀ ਕਾਸ਼ੀ’ ਵੀ ਕਹਿੰਦੇ ਹਨ, ਆਏ ਹਨ ਤਾਂ ਕਿ ਬਾਬਾ ਭੂਤਨਾਥ (ਭਗਵਾਨ ਸ਼ਿਵ) ਦਾ ਅਸ਼ੀਰਵਾਦ ਲੈ ਸਕਣ। ਸ੍ਰੀ ਮੋਦੀ ਨੇ ਠੰਢ ਦੇ ਬਾਵਜੂਦ ਰੈਲੀ ਵਿੱਚ ਜੁੜੀ ਭੀੜ ਲਈ ਮੁੱਖ ਮੰਤਰੀ ਜੈ ਰਾਮ ਠਾਕੁਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਰੈਲੀ ਵਿੱਚ ਸ਼ਾਮਲ ਲੋਕਾਂ ਤੋਂ ਪਤਾ ਲੱਗਦਾ ਹੈ ਕਿ ਹਿਮਾਚਲ ਪ੍ਰਦੇਸ਼ ਦੇ ਲੋਕ ਸੂਬਾ ਸਰਕਾਰ ਦੀਆਂ ਪਿਛਲੇ ਚਾਰ ਸਾਲ ਦੀਆਂ ਪ੍ਰਾਪਤੀਆਂ ਤੋਂ ਸੰਤੁਸ਼ਟ ਹਨ। ਮੁੱਖ ਮੰਤਰੀ ਨੇ ‘ਵੱਡਾ ਤ੍ਰਿਸ਼ੂਲ’ ਦੇ ਕੇ ਪ੍ਰਧਾਨ ਮੰਤਰੀ ਨੂੰ ਜੀ ਆਇਆਂ ਆਖਿਆ। ਉਂਜ ਰੈਲੀ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ 11,581 ਕਰੋੜ ਰੁਪਏ ਦੀ ਲਾਗਤ ਵਾਲੇ ਵੱਖ ਵੱਖ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਤੇ 28,197 ਕਰੋੜ ਦੇ 287 ਨਿਵੇਸ਼ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਸ੍ਰੀ ਮੋਦੀ ਨੇ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਕੌਫ਼ੀ ਟੇਬਲ ਬੁੱਕ ਵੀ ਰਿਲੀਜ਼ ਕੀਤੀ। 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੁਧਿਆਣਾ ਬੰਬ ਕਾਂਡ: ਅਦਾਲਤ ਜਾਣ ਤੋਂ ਪਹਿਲਾਂ ਖੰਨਾ ਦੇ ਹੋਟਲ ’ਚ ਰੁਕਿਆ ਸੀ ਮੁਲਜ਼ਮ
Next articleSigns of disunity prompt concerns about EU solidarity