ਮਲੋਟ (ਸਮਾਜ ਵੀਕਲੀ): ਨਸ਼ੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੋਣ ਮਗਰੋਂ, ਹੁਣ ਪਿੰਡਾਂ ਵਾਂਗ ਸ਼ਹਿਰਾਂ ਵਿੱਚ ਵੀ ਵਾਰਡ ਪੱਧਰ ‘ਤੇ ਨਸ਼ਾ ਤਸਕਰਾਂ ਵਿਰੁੱਧ ਮਤੇ ਪੈਣ ਲੱਗੇ ਹਨ ਅਤੇ ਲੋਕ, ਤਸਕਰਾਂ ਖ਼ਿਲਾਫ਼ ਕਮੇਟੀਆਂ ਬਣਾ ਕੇ ਲਾਮਬੰਦ ਹੋਣ ਲੱਗੇ ਹਨ। ਬੀਤੀ ਕੱਲ੍ਹ ਵਾਰਡ ਨੰਬਰ 14 ਵਿੱਚ ਸਥਿਤ ਬਾਬਾ ਅਜੀਤ ਸਿੰਘ ਗੁਰਦੁਆਰਾ ਵਿਖੇ ਮੁਹੱਲੇ ਦੇ ਲੋਕਾਂ ਨੇ ਹਾਜ਼ਰੀ ਲਵਾਈ ਅਤੇ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਕਾਲੇ ਕਾਰੋਬਾਰ ਤੋਂ ਬਾਜ਼ ਆ ਜਾਣ ਜਾਂ ਘਰ ਬਾਰ ਛੱਡ ਜਾਣ।
ਅਧਿਆਪਕ ਆਗੂ ਬਲਦੇਵ ਸਿੰਘ ਸਾਹੀਵਾਲ ਅਤੇ ਵਾਰਡ ਦੇ ਕਾਂਗਰਸ ਪਾਰਟੀ ਦੇ ਕੌਂਸਲਰ ਹਰਮੇਲ ਸਿੰਘ ਨੇ ਕਿਹਾ ਕਿ ਨਸ਼ੇ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਨੇ ਸਭ ਦੇ ਹਿਰਦੇ ਵਲੂੰਧਰੇ ਹਨ, ਉਹ ਨਸ਼ਾ ਤਸਕਰਾਂ ਨੂੰ ਚਿਤਾਵਨੀ ਦਿੰਦੇ ਹਨ ਕਿ ਉਹ ਆਪਣੇ ਇਸ ਕਾਲੇ ਧੰਦੇ ਤੋਂ ਹਟ ਜਾਣ , ਨਹੀਂ ਤਾਂ ਸਖ਼ਤ ਅੰਜਾਮ ਭੁਗਤਣ ਲਈ ਤਿਆਰ ਰਹਿਣ। ਉਨ੍ਹਾਂ ਸਥਾਨਕ ਪੁਲੀਸ ਤੋਂ ਵੀ ਸਹਿਯੋਗ ਦੀ ਮੰਗ ਕੀਤੀ। ਉਨ੍ਹਾਂ ਹੋਰਨਾਂ ਕੌਂਸਲਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਆਪੋ-ਆਪਣੇ ਵਾਰਡਾਂ ਵਿੱਚ ਤਸਕਰਾਂ ਖਿਲਾਫ ਇਕ ਮੁਹਿੰਮ ਵਿੱਢਣ। ਸਿਟੀ ਪੁਲੀਸ ਨੇ ਵੀ ਨੌਜਵਾਨਾਂ ਦੀਆਂ ਮੌਤਾਂ ਉਪਰੰਤ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸ ਮੌਕੇ ਉਨ੍ਹਾਂ ਨਾਲ ਬੂਟਾ ਸਿੰਘ ਠੇਠੀ, ਗੁਰਪਿਆਰ ਸਿੰਘ, ਗੁਰਮੀਤ ਸਿੰਘ, ਕਿਰਪਾਲ ਸਿੰਘ, ਸੁਰਜੀਤ ਸਿੰਘ, ਇਕਬਾਲ ਸਿੰਘ,ਪਾਲ ਸਿੰਘ , ਮੰਗਾ ਰਾਮ, ਪਪਲਪ੍ਰੀਤ ਸਿੰਘ, ਹਰਪਾਲ ਸਿੰਘ ਅਤੇ ਬਿਕਰਮਜੀਤ ਸਿੰਘ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly