ਲੋਕ – ਦਿਲਾਂ ਦੀ ਧੜਕਣ : ਲੋਕ – ਗਾਇਕ ਭੁਪਿੰਦਰ ਮਾਹੀ

(ਸਮਾਜ ਵੀਕਲੀ)

ਖੁਸ਼ਕ ਦਰਿਆਓਂ ਮੇਂ ਹਲਕੀ ਸੀ ਰਵਾਨੀ ਔਰ ਹੈ ,
ਰੇਤ ਕੇ ਨੀਚੇ ਅਭੀ ਥੋੜ੍ਹਾ ਸਾ ਪਾਨੀ ਔਰ ਹੈ। ”
ਕਲਾਕਾਰ , ਸਾਹਿਤਕਾਰ , ਗਾਇਕ , ਨਾਇਕ ਜਾਂ ਹੋਰ ਵਿਸ਼ੇਸ਼ ਗੁਣਾਂ ਦੇ ਧਾਰਨੀ ਵਿਅਕਤੀ ਆਪਣੀ ਖ਼ਾਸ ਕਾਬਲੀਅਤ ਸਦਕਾ ਜਿੱਥੇ ਜ਼ਮਾਨੇ ਵਿੱਚ ਨਾਮਣਾ ਖੱਟਦੇ ਤੇ ਸਮੇਂ ਨਾਲ਼ ਸਮਾਜ ਨੂੰ ਸਹੀ ਸੇਧ ਦਿੰਦੇ ਨੇ ; ਉੱਥੇ ਹੀ ਸਮਾਜ ਵਿੱਚ ਖਾਸ ਪਹਿਚਾਣ ਬਣਾ ਲੈਣ ਵਿੱਚ ਸਫ਼ਲ ਹੋ ਜਾਂਦੇ ਹਨ। ਦੇਸ਼ – ਸਮਾਜ ਦੇ ਅਜਿਹੇ ਰਵਾਨੀਅਤ ਅਤੇ ਇਨਸਾਨੀਅਤ ਭਰੇ ਲਹਿਜੇ ਵਾਲੇ ਮਨੁੱਖ ਚਿਰਾਂ ਤੱਕ ਲੋਕ – ਮਨਾਂ ਵਿੱਚ ਰਸੇ – ਵਸੇ ਤਾਂ ਰਹਿੰਦੇ ਹੀ ਨੇ , ਨਾਲ਼ ਹੀ ਲੋਕ – ਮਨਾਂ ਵਿੱਚ ਅਜਿਹੇ ਇਨਸਾਨਾਂ ਦੇ ਲਈ ਇੱਕ ਅਮਿੱਟ ਛਾਪ ਵੀ ਬਣੀ ਰਹਿੰਦੀ ਹੈ। ਇਹੋ ਜਿਹੇ ਇਨਸਾਨਾਂ ਦੇ ਲਈ ਇਹੋ ਕੁਝ ਹੀ ਮਹਾਨ ਸਨਮਾਨ ਤੇ ਅਵਾਰਡ ਬਣ ਜਾਂਦਾ ਹੈ। ਅਜਿਹੀ ਹੀ ਸ਼ਖ਼ਸੀਅਤ ਹੈ : ਲੋਕ – ਗਾਇਕ ਭੁਪਿੰਦਰ ਮਾਹੀ। ਜਿਸ ਨੇ ਛੋਟੀ ਜਿਹੀ ਉਮਰ ਵਿੱਚ ਹੀ ਆਪਣੀ ਮਿਹਨਤ , ਲਗਨ , ਕਾਬਲੀਅਤ , ਕਲਾਕਾਰੀ ਤੇ ਲੋਕ – ਗਾਇਕੀ ਸਦਕਾ ਸਮੇਂ ਅਨੁਸਾਰ ਦੇਸ਼ – ਦੁਨੀਆ ਵਿੱਚ ਵਿਸ਼ੇਸ਼ ਥਾਂ ਤੇ ਪਹਿਚਾਣ ਬਣਾ ਲੈਣ ਦੇ ਨਾਲ਼ – ਨਾਲ਼ ਆਪਣੀ ਲੋਕ – ਗਾਇਕੀ ਵਿੱਚ ਵਿਸ਼ੇਸ਼ ਮਿਹਨਤ ਅਤੇ ਸਮਰਪਣ ਸਦਕਾ ਸਮਾਜ ਵਿੱਚ ਆਪਣਾ ਲੋਹਾ ਮਨਵਾਇਆ। ਸੰਨ1986 ਵਿੱਚ ਪਿਤਾ ਸ੍ਰੀ ਰਾਮ ਪਿਆਰਾ ਅਤੇ ਮਾਤਾ ਸ੍ਰੀਮਤੀ ਮਨਜੀਤ ਕੌਰ ਦੇ ਘਰ ਲੋਕ – ਗਾਇਕ ਭੁਪਿੰਦਰ ਮਾਹੀ ਦਾ ਜਨਮ ਹੋਇਆ। ਭੁਪਿੰਦਰ ਮਾਹੀ ਨੇ ਐਜੂਕੇਸ਼ਨ ਇਨ ਇੰਜਨੀਅਰਿੰਗ ਦੀ ਪੜ੍ਹਾਈ ਕੀਤੀ ਅਤੇ ਕਾਲਜ ਸਮੇਂ ਦੌਰਾਨ ਤਿੰਨ ਵਾਰ ‘ ਯੂਥ ਫੈਸਟੀਵਲ ‘ ਵਿੱਚ ਗੋਲਡ ਮੈਡਲ ਆਪਣੀ ਕਾਬਲੀਅਤ ਕਰਕੇ ਹਾਸਲ ਕੀਤਾ।ਉੱਭਰਦੇ ਲੋਕ – ਗਾਇਕ ਭੁਪਿੰਦਰ ਮਾਹੀ ਨੇ ਇਸ ਖੇਤਰ ਵਿੱਚ 2004 ਸੰਨ ਤੋਂ ਤਨ ਮਨ ਧਨ ਨਾਲ਼ ਸਮਰਪਿਤ ਹੋ ਕੇ ਅਪਾਰ ਮਿਹਨਤ ਕਰਨੀ ਆਰੰਭ ਕੀਤੀ। ਭੁਪਿੰਦਰ ਮਾਹੀ ਨੇ ਇਸ ਗੀਤ ਸੰਗੀਤ – ਜਗਤ ਤੇ ਲੋਕ – ਗਾਇਕੀ ਵਿੱਚ ਸ੍ਰੀ ਚੰਦਰ ਮੋਹਨ ਸ਼ਰਮਾ , ਸ੍ਰੀ ਪਰਮਹੰਸ ਆਹੂਜਾ , ਸ੍ਰੀ ਰੂਪ ਲਾਲ ਤੇ ਸ੍ਰੀ ਅਜਮੇਰ ਮੀਤ ਜੀ ਪਾਸੋਂ ਯੋਗ ਅਗਵਾਈ ਪ੍ਰਾਪਤ ਕੀਤੀ।

ਇਨ੍ਹਾਂ ਵਿਦਵਾਨਾਂ ਨਾਲ਼ ਵੀਹ ਸਾਲ ਦੇ ਕਰੀਬ ਰਹਿ ਕੇ ਜਾਗਰਣ , ਚੌਂਕੀ ਤੇ ਹਰ ਤਰ੍ਹਾਂ ਦੇ ਧਾਰਮਿਕ ਪ੍ਰੋਗਰਾਮ ਕੀਤੇ ਤੇ ਕਾਫ਼ੀ ਕੁਝ ਸਿੱਖਿਆ ਵੀ। ਸਿਨੇ ਪ੍ਰਾਈਮ ਮੀਡੀਆ ਕੰਪਨੀ , ਡਾਇਮੰਡ , ਸੈਵਨ ਸਟਾਰ ਮਿਊਜ਼ਿਕ , ਤਾਜ ਫ਼ਿਲਮ ਪ੍ਰੋਡਕਸ਼ਨ , ਰਾਏ ਪ੍ਰੋਡਕਸ਼ਨ ਆਦਿ ਵਿਸ਼ਵ – ਵਿਖਿਆਤ ਕੰਪਨੀਆਂ ਨਾਲ਼ ਜੁੜ ਕੇ ਭੁਪਿੰਦਰ ਮਾਹੀ ਨੇ ” ਰਵਿਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ” , ” ਸੁਣੋ ਅਰਜ਼ ਮੇਰੀ ਰਵਿਦਾਸ ਗੁਰੂ ” , ” ਤੇਰੀ ਕਿਰਪਾ ” , ” ਜੀਹਦੇ ਸਿਰ ਉੱਤੇ ਹੱਥ ਮੇਰੇ ਗੁਰਾਂ ਦਾ ” ਆਦਿ ਧਾਰਮਿਕ ਤੇ ਸੱਭਿਆਚਾਰਕ ਲੋਕ – ਗੀਤ ਤੇ ਕਾਰਜ ਸਮਾਜ ਨੂੰ ਸਮਰਪਿਤ ਕੀਤੇ।ਭੁਪਿੰਦਰ ਮਾਹੀ ਵੱਲੋਂ ਬਾਬਾ ਸਾਹਿਬ ਡਾ. ਬੀ. ਆਰ. ਅੰਬੇਦਕਰ ਜੀ ਨਾਲ਼ ਸੰਬੰਧਿਤ ਅਨੇਕਾਂ ਗੀਤ ਆਦਿ ਵੀ ਗਾਏ ਗਏ। ਉਹਨਾਂ ਦਾ ਪੰਜਾਬੀ ਗੀਤ ਜਿਸ ਦਾ ਟਾਈਟਲ ” ਡਾਇਮੰਡ ” ਹੈ ; ਤਾਜ ਫ਼ਿਲਮ ਪ੍ਰੋਡਕਸ਼ਨ ਰਾਹੀਂ ਆ ਰਿਹਾ ਹੈ ਤੇ 13 ਅਪ੍ਰੈਲ 2022 ਨੂੰ ਵਿਸਾਖੀ ਦੇ ਸ਼ੁੱਭ ਦਿਹਾਡ਼ੇ ‘ਤੇ ਰਿਲੀਜ਼ ਹੋ ਰਿਹਾ ਹੈ ; ਇਸ ਗੀਤ ਦੇ ਲੇਖਕ ਬੱਬੂ ਖਾਨ ਖਾਨੀਆਂ ਜੀ ਤੇ ਬਿੰਦਰ ਮਹੇ ਕਡਿਆਣਾ ਜੀ ਹਨ , ਸੰਗੀਤ ਦਿੱਤਾ ਹੈ ਦਾ ਰਾਗ ਪਰਮ ਉਰਫ਼ ਪਰਮਜੀਤ ਜੀ ਨੇ , ਵੀਡੀਓ ਡਾਇਰੈਕਟਰ ਮੁਨੀਸ਼ ਠੁਕਰਾਲ , ਪ੍ਰੋਡਿਊਸਰ ਸਟੀਵ ਹੀਰ ਜੀ ਤੇ ਮਾਈਕ ਹੋਠੀ ਜੀ ਹਨ।

ਇਹ ਵੀ ਦੱਸਣਯੋਗ ਹੈ ਕਿ ਲੋਕ – ਗਾਇਕ ਭੁਪਿੰਦਰ ਮਾਹੀ ਜੀ ਲੋਕ – ਗਾਇਕੀ ਦੇ ਨਾਲ਼ – ਨਾਲ਼ ਲਿਖਣ ਅਤੇ ਜਾਗਰਣ ਕਰਨ ਦਾ ਵੀ ਸ਼ੌਕ ਰੱਖਦੇ ਹਨ। ਉਹ ਕੇਵਲ ਪੰਜਾਬ ਵਿੱਚ ਹੀ ਨਹੀਂ , ਸਗੋਂ ਰਾਜਸਥਾਨ , ਉੱਤਰਾਖੰਡ , ਹਿਮਾਚਲ – ਪ੍ਰਦੇਸ਼ ਤੇ ਦੇਸ਼ ਦੇ ਹੋਰ ਅਨੇਕਾਂ ਕੋਨਿਆਂ ਵਿੱਚ ਜਾ ਕੇ ਆਪਣੀ ਕਲਾ ਦਾ ਲੋਹਾ ਮਨਵਾਉਂਦੇ ਰਹੇ ਤੇ ਲੋਕ – ਦਿਲਾਂ ਵਿੱਚ ਵਸੇ ਹੋਏ ਨੇ।ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੰਦੇ ਹੋਏ ਭੁਪਿੰਦਰ ਮਾਹੀ ਜੀ ਆਖਦੇ ਹਨ ਕਿ ਸਾਨੂੰ ਆਪਣੇ ਸੱਭਿਆਚਾਰ , ਆਪਣੇ ਵਿਰਸੇ , ਆਪਣੀ ਮਾਂ – ਬੋਲੀ ਪੰਜਾਬੀ ਨਾਲ਼ ਜੁੜੇ ਰਹਿਣਾ ਚਾਹੀਦਾ ਹੈ ; ਕਿਉਂਕਿ ਇਸ ਤੋਂ ਟੁੱਟਿਆ ਵਿਅਕਤੀ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਹੋ ਸਕਦਾ।ਪ੍ਰਮਾਤਮਾ ਕਰੇ ! ਉੱਭਰ ਰਹੇ ਪ੍ਰਸਿੱਧ ਲੋਕ – ਗਾਇਕ ਭੁਪਿੰਦਰ ਮਾਹੀ ਜੀ ਇਸੇ ਤਰ੍ਹਾਂ ਆਪਣੀ ਕਲਾ ਦੇ ਜ਼ੌਹਰ ਲੋਕਾਂ ਵਿੱਚ ਪ੍ਰਗਟਾਉਂਦੇ ਰਹਿਣ ; ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਨ ਅਤੇ ਅਵਾਮ ਦੇ ਦਿਲਾਂ ਵਿੱਚ ਵਸੇ ਰਹਿਣ।
” ਪਾਤੇ ਹੈਂ ਮੁਕਾਮ ਵੋ ਹਰ ਕਦਮ ਪਰ ,
ਬੜਤੇ ਹੈਂ ਜੋ ਆਗੇ ਇਨਸਾਨੀਅਤ ਕੇ ਦਮ ਪਰ ,
ਰੋਨਾ ਨਾ ਕਭੀ ਹਿੰਮਤ ਕੋ ਹਾਰ ਕੇ ,
ਪਤਝੜ ਕੇ ਬਾਅਦ ਹੀ ਆਤੇ ਹੈਂ ਦਿਨ ਬਹਾਰ ਕੇ । ”

 

ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਔਰਤ
Next articleਨਾੜ ਜਾਂ ਪਰਾਲ਼ੀ ਸਾੜਨਾ