ਹੁਣ ਨਾ ਲੱਗਣ ਪਿੱਪਲੀਂ ਮਜਲਸਾਂ… “

(ਸਮਾਜ ਵੀਕਲੀ)- ਰੁੱਖ਼ ਧਰਤੀ ਦਾ ਸ਼ਿੰਗਾਰ ਹੁੰਦੇ ਹਨ । ਪਿੱਪਲ ਇੱਕ ਪਵਿੱਤਰ ਅਤੇ ਮਸ਼ਹੂਰ ਦਰੱਖਤ ਹੈ । ਇਸ ਨੂੰ ਅਕਸਰ ਧਾਰਮਿਕ ਸਥਾਨਾਂ ਦੇ ਨਜ਼ਦੀਕ ਲਗਾਇਆ ਜਾਂਦਾ ਹੈ । ਪਿੱਪਲ ਦਾ ਰੁੱਖ ਇਕ ਵਿਸ਼ਾਲ , ਵੱਡਾ ਰੁੱਖ਼ ਹੁੰਦਾ ਹੈ ਅਤੇ ਦੂਰ – ਦੂਰ ਤਕ ਫੈਲਿਆ ਹੋਇਆ ਹੁੰਦਾ ਹੈ । ਕਈ ਵਾਰ ਪਿੱਪਲ ਨੂੰ ਤ੍ਰਿਵੇਣੀ ਵਿੱਚ ਵੀ ਲਗਾਉਣ ਦੀ ਪਰੰਪਰਾ ਹੈ । ਤ੍ਰਿਵੇਣੀ ਵਿੱਚ ਬਰੋਟਾ ( ਬੜ੍ਹ ) , ਨਿੰਮ ਤੇ ਪਿੱਪਲ ਦਰੱਖਤ ਸ਼ਾਮਲ ਹੁੰਦੇ ਹਨ । ਪਿੱਪਲ ਦਾ ਦਰੱਖ਼ਤ ਅਕਸਰ ਪਹਿਲੇ ਸਮਿਆਂ ਵਿੱਚ ਟੋਭਿਆਂ ਉੱਤੇ , ਧਾਰਮਿਕ ਸਥਾਨਾਂ , ਸਮਾਧਾ, ਡੇਰਿਆਂ , ਕਬਰਾਂ ਜਾਂ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਉੱਤੇ ਆਮ ਹੀ ਲਾੲਿਆ ਜ਼ਾਂਦਾ ਹੁੰਦਾ ਸੀ। ੲਿਸ ਰੁੱਖ ਦੀ ਉਮਰ ਵੀ ਬਹੁਤ ਵੱਡੀ ਹੁੰਦੀ ਹੈ । ਵਿਦਵਾਨਾਂ ਦਾ ਵਿਸ਼ਵਾਸ ਹੈ ਕਿ ਪਿੱਪਲ ਦਾ ਦਰਖ਼ਤ ਦਿਨ – ਰਾਤ ਸਾਨੂੰ ਆਕਸੀਜ਼ਨ ਦਿੰਦਾ ਹੈ ਅਤੇ ਬਹੁਤ ਜਿਆਦਾ ਮਾਤਰਾ ਵਿਚ ਸਾਨੂੰ ਪ੍ਰਾਣ – ਵਾਯੂ ਆਕਸੀਜ਼ਨ ਮੁਹੱਈਆ ਕਰਾਉਂਦਾ ਹੈ ।

ਜੇਠ – ਹਾੜ ਦੀਆਂ ਧੁੱਪਾਂ ਵਿੱਚ ਪਿੱਪਲ ਦੀ ਮਿੱਠੀ – ਮਿੱਠੀ ਰੁਮਕਦੀ ਹਵਾ ਤੇ ਠੰਡਕ ਕਿਸੇ ਅਨੰਦ ਤੇ ਵਰਦਾਨ ਤੋਂ ਘੱਟ ਨਹੀਂ ਜਾਪਦੀ । ਇਸ ਰੁੱਖ ਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਵੀ ਬਣਾਈਆਂ ਜਾਂਦੀਆਂ ਹਨ । ਇਸ ਰੁੱਖ ਦੀ ਮਨੁੱਖਤਾ ਨੂੰ ਕਾਫ਼ੀ ਦੇਣ ਕਰਕੇ ਸ਼ਾਇਦ ਬਹੁਤੇ ਲੋਕ ਵਿਸ਼ਵਾਸ ਵਜੋਂ ਅਤੇ ਸ਼ਰਧਾ ਭਾਵਨਾ ਹਿੱਤ ੲਿਸ ਨੂੰ ਪੂਜਦੇ ਵੀ ਹਨ । ਇਸ ਦਰੱਖਤ ਦੇ ਪੱਤੇ ਲੰਮੀ – ਲੰਮੀ ਚੁੰਝ ਵਰਗੇ ਅਤੇ ਚਮਕਦਾਰ ਜਿਹੇ ਹੁੰਦੇ ਹਨ ।ਇਨ੍ਹਾਂ ਪੱਤਿਆਂ ਨੂੰ ਪਸ਼ੂ ਅਤੇ ਖ਼ਾਸ ਤੌਰ ‘ਤੇ ਹਾਥੀ ਕਾਫੀ ਖੁਸ਼ੀ ਨਾਲ ਚਾਰੇ ਵਜੋਂ ਵਰਤਦੇ ਸਨ । ਪਿੱਪਲ ਦਾ ਦਰੱਖਤ ਪੰਛੀ -ਪਰਿੰਦਿਆਂ ਦੇ ਲਈ ਇੱਕ ਵੱਡੇ ਰੇੈਣ – ਬਸੇਰੇ ਦਾ ਕੰਮ ਵੀ ਕਰਦਾ ਹੈ ਅਤੇ ਰਾਹਗੀਰਾਂ ਲਈ ਵੀ ਵੱਡਾ ਆਸਰਾ ਬਣਦਾ ਹੈ । ਵਾਤਾਵਰਨ ਨੂੰ ਦਰੁਸਤ ਰੱਖਣ ਵਿੱਚ ਇਸ ਦਰੱਖਤ ਦੀ ਬਹੁਤ ਵੱਡੀ ਭੂਮਿਕਾ ਹੈ ; ਕਿਉਂਕਿ ਇਹ ਬਹੁਤ ਜ਼ਿਆਦਾ ਮਾਤਰਾ ਵਿੱਚ ਕਾਰਬਨ ਡਾਈਆਕਸਾਈਡ ਨੂੰ ਸੋਖ ਕੇ ਆਕਸੀਜਨ ਵਿੱਚ ਬਦਲ ਦਿੰਦਾ ਹੈ । ਗਹਿਰਾਈ ਤੱਕ ਇਸ ਦੀਆਂ ਜੜ੍ਹਾਂ ਬਾਰਿਸ਼ ਦੇ ਪਾਣੀ ਨੂੰ ਧਰਤੀ ਦੀ ਕੋਖ ਤੱਕ ਪਹੁੰਚਾ ਕੇ ਨਾ ਕੇਵਲ ਜਲ ਸਤਰ ਉੱਚਾ ਕਰਨ ਵਿੱਚ ਮੱਦਦ ਕਰਦੀਆਂ ਹਨ, ਬਲਕਿ ਬਹੁਤ ਹੀ ਮਜ਼ਬੂਤੀ ਦੇ ਨਾਲ ਮਿੱਟੀ ਦੇ ਕਟਾਵ ਨੂੰ ਰੋਕਦੀਆਂ ਹਨ । ਇਸ ਦੇ ਫਲ ਪੱਤੇ ਆਦਿ ਧਰਤੀ ‘ਤੇ ਡਿੱਗ ਕੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਂਦੇ ਹਨ ।

ਫਿਰ ਫਲਾਂ ਆਦਿ ਨੂੰ ਕੀੜੇ – ਮਕੌੜੇ ਤੇ ਪੰਛੀ ਪਰਿੰਦੇ ਆਦਿ ਖਾ ਕੇ ਪ੍ਰਸਥਿਤਿਕ ਤੰਤਰ ਨੂੰ ਮਜ਼ਬੂਤ ਬਣਾਉਂਦੇ ਹਨ । ਧੁੂੜ , ਤਾਪਮਾਨ , ਗੇੈਸਾ ਦੇ ਪ੍ਰਦੁੂਸ਼ਣ ਅਤੇ ਹੋਰ ਉਤਸਰਜਨਾਂ ਨੂੰ ਰੋਕਣ ਲਈ ਪਿੱਪਲ ਦੇ ਦਰੱਖ਼ਤ ਦੀ ਬਹੁਤ ਵੱਡੀ ਭੂਮਿਕਾ ਹੈ । ਪਿੱਪਲ ਦੇ ਫਲ ਜਿਸ ਨੂੰ ਕਿ ਗੋਲਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ , ਇਨ੍ਹਾਂ ਗੋਲਾਂ ਨੂੰ ਜਾਨਵਰ ਅਤੇ ਪੰਛੀ ਬਹੁਤ ਖੁਸ਼ੀ ਅਤੇ ਚਾਅ ਮਲਾਰ ਨਾਲ ਖਾਂਦੇ ਹਨ ਅਤੇ ਫਿਰ ਇਹੀ ਪੰਛੀ – ਪਰਿੰਦੇ ਕੁਦਰਤੀ ਤੌਰ ‘ਤੇ ਪਿੱਪਲ ਦੀ ਨਵੀਂ ਪੌਦ ਤਿਆਰ ਕਰਨ ਵਿੱਚ ਆਪਣੀ ਅਹਿਮ ਭੂਮਿਕਾ ਨਿਭਾੳੁਂਦੇ ਹਨ , ਜੋ ਕੇ ਇਕ ਕੁਦਰਤੀ ਪ੍ਰਕ੍ਰਿਆ ਹੈ । ਬੁੱਧ ਧਰਮ ਵਿੱਚ ਪਿੱਪਲ ਦੇ ਦਰੱਖਤ ਨੂੰ ‘ ਬੋਧੀ ਰੁੱਖ ‘ ਆਖਿਆ ਜਾਂਦਾ ਹੈ ; ਕਿਉਂਕਿ ਮਹਾਤਮਾ ਬੁੱਧ ਜੀ ਨੂੰ ਪਿੱਪਲ ਦੇ ਦਰੱਖਤ ਹੇਠਾਂ ਗਿਆਨ ਦੀ ਪ੍ਰਾਪਤੀ ਹੋਈ ਸੀ। ਪਿਪਲ ਦੀ ਉਮਰ ਲੱਗਭੱਗ ਇੱਕ ਹਜ਼ਾਰ ਸਾਲ ਤੋਂ ਵੀ ਵੱਧ ਮੰਨੀ ਜਾਂਦੀ ਹੈ। ਕਾਫ਼ੀ ਸਮਾਂ ਪਹਿਲਾਂ ਪਿੱਪਲ ਦੇ ਦਰੱਖਤ ਦੇ ਥੱਲੇ ਸੱਥਾਂ / ਮਜਲਸਾਂ ਲੱਗਦੀਆਂ ਹੁੰਦੀਆਂ ਸਨ ਅਤੇ ਛੋਟੇ – ਵੱਡੇ , ਬਜ਼ੁਰਗ ਸਭ ਪਿੱਪਲ ਦੇ ਦਰੱਖਤ ਥੱਲੇ ਸੱਥਾਂ ਵਿੱਚ ਬੈਠ ਕੇ ਹਾਸੇ – ਠੱਠੇ , ਵਿਹਲੀਆਂ ਗੱਲਾਂ , ਮਨੋਰੰਜਨ , ਗਿਲੇ – ਸ਼ਿਕਵੇ , ਵਿਚਾਰ – ਵਟਾਂਦਰੇ , ਸੁੱਖ – ਦੁੱਖ , ਸੁੱਖਾਂ – ਸਾਦਾ ਤੇ ਮਨ ਦੀਆਂ ਭਾਵਨਾਵਾਂ ਸਾਂਝੀਆਂ ਕਰਕੇ ਉਨਾਂ ਦਾ ਆਦਾਨ – ਪ੍ਰਦਾਨ ਕਰਦੇ ਹੁੰਦੇ ਸਨ । ਇਸ ਤਰ੍ਹਾਂ ਕਰਨ ਨਾਲ ਘਰੇਲੂ ਤੇ ਭਾਈਚਾਰਕ ਸਾਂਝ ਬਣੀ ਰਹਿੰਦੀ ਸੀ ਅਤੇ ਨਵੀਆਂ – ਨਵੀਆਂ ਜੀਵਨ ਸੇਧਾਂ ਨੈਤਿਕਤਾ ਅਤੇ ਕਦਰਾਂ ਕੀਮਤਾਂ ਵੀ ਪਰਾਪਤ ਹੁੰਦਿਆਂ ਰਹਿੰਦੀਆਂ ਸਨ । ਪਿੱਪਲ ਥੱਲੇ ਲੱਗਣ ਵਾਲੀਆਂ ਮਜਲਸਾਂ ਸਾਡੀਆਂ ਮਾਨਸਿਕ ਪ੍ਰੇਸ਼ਾਨੀਆਂ ਨੂੰ ਘਟਾਉਣ ਵਿੱਚ ਵੀ ਸਹਾਇਕ ਸਿੱਧ ਹੁੰਦੀਆਂ ਸਨ । ਪਿੱਪਲ ਦੇ ਦਰੱਖਤ ਦਾ ਸਬੰਧ ਸਾਡੇ ਸੱਭਿਆਚਾਰ ਅਤੇ ਵਿਰਸੇ ਨਾਲ ਵੀ ਹੈ । ਸਾਉਣ ਮਹੀਨੇ ਕੁੜੀਆਂ ਪਿੱਪਲਾਂ ਹੇਠਾਂ ਪੀਂਘਾਂ ਪਾ ਕੇ ਤੀਆਂ ਦਾ ਤਿਉਹਾਰ ਬੜੇ ਚਾਅ ਨਾਲ ਮਨਾਉਂਦੀਆਂ ਸਨ।

ਇਸ ਦਰਖਤ ਦਾ ਜਿਕਰ ਆਮ ਤੌਰ ‘ਤੇ ਸਾਡੇ ਅਖਾਣਾਂ , ਲੋਕ ਗੀਤਾਂ ਅਤੇ ਲੋਕ ਸਾਹਿਤ ਵਿੱਚ ਵੀ ਮਿਲਦਾ ਹੈ :- ” ਸੁਣ ਪਿੱਪਲਾ ਵੇ ਮੇਰੇ ਪਿੰਡ ਦਿਆ , ਪੀਂਘਾਂ ਤੇਰੇ ‘ਤੇ ਪਾਈਆਂ, ਦਿਨ ਤੀਆਂ ਦੇ ਆ ਗਏ ਨੇੜੇ, ਉੱਠ ਪੇਕਿਆਂ ਨੂੰ ਆਈਆਂ । ”
ਸਮਾਂ ਬਦਲਣ ਦੇ ਨਾਲ – ਨਾਲ ਅੱਜ ਸਾਡੇ ਆਲੇ – ਦੁਆਲੇ ਅਤੇ ਸਮਾਜ ਵਿੱਚੋਂ ਕਈ ਚੀਜ਼ਾਂ ਘੱਟਦੀਆਂ ਜਾ ਰਹੀਆਂ ਹਨ ਅਤੇ ਇਸੇ ਪਰਿਵਰਤਨ ਸਦਕਾ ਅੱਜ ਪਿੱਪਲ ਦੇ ਦਰੱਖਤ ਵੀ ਕਿਸੇ – ਕਿਸੇ ਥਾਂ ‘ਤੇ ਹੀ ਦੇਖਣ ਨੂੰ ਮਿਲਦੇ ਹਨ , ਜੋ ਕਿ ਕੇਵਲ ਪੁਰਾਣੇ ਦਰੱਖਤ ਹੀ ਹਨ । ਨਵੇਂ ਪਿੱਪਲ ਦੇ ਦਰੱਖਤ ਲਗਾਉਣ ਦੀ ਰੀਝ ਦੇਖਣ ਨੂੰ ਨਹੀਂ ਮਿਲ ਰਹੀ । ਪਿੱਪਲ ਦੇ ਦਰੱਖਤ ਅਤੇ ਥੜ੍ਹੇ ਘਟਣ ਦੇ ਨਾਲ – ਨਾਲ , ਸਮਾਜਿਕ ਪਰਿਵਰਤਨ ਆਉਣ ਸਦਕਾ , ਸਮੇਂ ਦੀ ਘਾਟ , ਆਪਸੀ ਰੁਝੇਵਿਆਂ ਅਤੇ ਨਵੀਂ – ਨਵੀਂ ਤਕਨੀਕ ਆਉਣ ਨਾਲ ਅੱਜ ਪਿੱਪਲਾਂ ਦੇ ਥੱਲੇ ਲਗਦੀਆਂ ਮਜਲਸਾਂ ਦੇਖਣ ਨੂੰ ਨਹੀਂ ਮਿਲਦੀਆਂ ।
” ਨਾ ਲੱਗਣ ਪਿੱਪਲੀ ਮਜਲਸਾਂ ,
ਨਾ ਰਹੀਆਂ ਸੱਥਾਂ ਜੀ ,
ਹੁਣ ਆਪਣੇ ਘਰਾਂ ਤਕ ਸੀਮਿਤ ਹੋ ਗਏ ,
ਲੋਕੀ ਲੱਖਾਂ ਜੀ਼ ।”


ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੋਰੋਨਾ ਦੇ ਸਾਏ ਹੇਠ ਕ੍ਰਿਸਮਿਸ ਦਾ ਤਿਉਹਾਰ
Next articleਸਾਰੇ ਦਫ਼ਤਰਾਂ ਵਿੱਚ ਹੋਣਗੀਆਂ ਰੋਸ ਰੈਲੀਆਂ