(ਸਿਹਤ ਵਿਭਾਗ ਦੀ ਟੀਮ ਨੇ ਘਰਾਂ ਵਿੱਚ ਜਾ ਕੇ ਲਾਰਵਾ ਚੈੱਕ ਕੀਤਾ ਅਤੇ ਸਪਰੇਅ ਕਰਵਾਈ)
ਮਾਨਸਾ, 31 ਜੁਲਾਈ ( ਚਾਨਣ ਦੀਪ ਸਿੰਘ ਔਲਖ ) ਨੈਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲ ਪ੍ਰੋਗਰਾਮ ਤਹਿਤ ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਨਸਾ ਜ਼ਿਲ੍ਹੇ ਵਿੱਚ ਡੇਂਗੂ ਦੀ ਰੋਕਥਾਮ ਲਈ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਅਰਸ਼ਦੀਪ ਸਿੰਘ, ਸ੍ਰੀ ਸੰਤੋਸ਼ ਭਾਰਤੀ ਅਤੇ ਗੁਰਜੰਟ ਸਿੰਘ ਏ ਐਮ ਓ ਦੀ ਅਗਵਾਈ ਵਿੱਚ ਸਿਹਤ ਟੀਮ ਵੱਲੋਂ ਅੱਜ ਵਾਰਡ ਨੰਬਰ 27 ਮਾਨਸਾ ਵਿਖੇ ਡੋਰ ਟੂ ਡੋਰ ਜਾ ਕੇ ਘਰਾਂ ਵਿੱਚ ਪਾਣੀ ਦੇ ਸੋਮਿਆਂ ਵਿੱਚ ਲਾਰਵਾ ਚੈੱਕ ਕੀਤਾ ਗਿਆ , ਜਾਗਰੂਕਤਾ ਪੈਂਫਲਿਟ ਵੰਡੇ ਗਏ ਅਤੇ ਟਾਮੀਫਾਸ ਦੀ ਸਪਰੇਅ ਕਰਵਾਈ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸਿਹਤ ਕਰਮਚਾਰੀ ਚਾਨਣ ਦੀਪ ਸਿੰਘ ਅਤੇ ਇਨਸੈਕਟ ਕੁਲੈਕਟਰ ਕ੍ਰਿਸ਼ਨ ਕੁਮਾਰ ਨੇ ਦੱਸਿਆ ਕਿ ਘਰਾਂ ਵਿੱਚ ਬਿਨਾਂ ਢੱਕੀਆਂ ਪਾਣੀ ਦੀਆਂ ਟੈਂਕੀਆਂ, ਘੜੇ, ਟੁੱਟੇ ਹੋਏ ਭਾਂਡੇ, ਟਾਇਰ, ਗਮਲੇ, ਫਰਿਜ਼ ਦੇ ਪਿੱਛੇ ਲੱਗੀਆਂ ਟਰੇਆਂ, ਕੂਲਰ ਆਦਿ ਡੇਂਗੂ ਦੇ ਲਾਰਵੇ ਦੇ ਪਨਪਣ ਦੀਆਂ ਮੁੱਖ ਥਾਵਾਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਥਾਵਾਂ ਦਾ ਨਿਰੰਤਰ ਧਿਆਨ ਰੱਖ ਕੇ ਇਸ ਨੂੰ ਪਨਪਣ ਤੋਂ ਰੋਕਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਪਾਣੀ ਦੀਆਂ ਟੈਂਕੀਆਂ, ਘੜੇ ਆਦਿ ਪੂਰੀ ਤਰ੍ਹਾਂ ਢੱਕ ਕੇ ਰੱਖਣੇ ਚਾਹੀਦੇ ਹਨ।
ਫਰਿਜ਼ ਦੇ ਪਿੱਛੇ ਲੱਗੀ ਟਰੇਅ ਨੂੰ ਨਿਯਮਤ ਸਾਫ਼ ਕਰਨਾ ਚਾਹੀਦਾ ਹੈ ਅਤੇ ਕੂਲਰਾਂ ਵਿਚਲੇ ਪਾਣੀ ਨੂੰ ਹਰ ਹਫ਼ਤੇ ਬਦਲਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਅਗਰ ਕਿਸੇ ਭਾਂਡੇ, ਟਾਇਰ ਆਦਿ ਵਿੱਚ ਲਾਰਵਾ ਦਿਖਾਈ ਦਿੰਦਾ ਹੈ ਤਾਂ ਉਸ ਪਾਣੀ ਨੂੰ ਨਾਲੀ ਵਿੱਚ ਨਾ ਡੋਲਿਆ ਜਾਵੇ ਸਗੋਂ ਧੁੱਪ ਵਿੱਚ ਡੋਲਿਆ ਜਾਵੇ ਤਾਂ ਕਿ ਲਾਰਵਾ ਉਥੇ ਹੀ ਖ਼ਤਮ ਹੋ ਜਾਵੇ। ਇਸ ਮੌਕੇ ਸਿਹਤ ਕਰਮਚਾਰੀ ਗੁਰਿੰਦਰ ਸਿੰਘ, ਬ੍ਰੀਡਿੰਗ ਚੈਕਰ ਧੀਰਜ, ਮਨਜੀਤ ਸਿੰਘ, ਹਰਪ੍ਰੀਤ ਸਿੰਘ, ਲਵਪ੍ਰੀਤ ਸਿੰਘ ਅਤੇ ਵਾਰਡ ਵਾਸੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly