(ਸਮਾਜ ਵੀਕਲੀ)
ਜਿਊਂਦੇ ਜੀਅ ਪੈਨਸ਼ਨ ਭਾਂਵੇ ਮਿਲਦੀ ਨਹੀਂ
ਮਰੇ ਹੋਇਆਂ ਦੇ ਖਾਤੇ ਵਿੱਚ ਪਰ ਜਾਂਦੀ ਹੈ।
ਪਤਾ ਨਹੀਂ ਕਿਹੜਾ ਕਢਵਾ ਲੈ ਜਾਂਦਾ ਓਹ
ਕਈਆਂ ਦੀ ਤਾਂ ਇਸ ਅੰਦਰ ਵੀ ਚਾਂਦੀ ਹੈ।
ਅੰਦਰੋਂ ਅੰਦਰੀ ਸਾਰੇ ਹੀ ਘਿਓ ਖਿਚੜੀ ਨੇ
ਨੀਲਾ ਭਗਵਾਂ ਜਾਂ ਚਰਖੇ ਵਾਲਾ ਗਾਂਧੀ ਹੈ।
ਮੰਜਿਲ ਤੇ ਇਹ ਆਪ ਨੇ ਸਾਰੇ ਪਹੁੰਚ ਗਏ
ਵੋਟਰ ਅੱਜ ਤੱਕ ਲੰਬੇ ਰਾਹ ਦਾ ਪਾਂਧੀ ਹੈ।
ਕਾਗਜਾਂ ਦੇ ਵਿੱਚ ਤਾਂ ਸੜਕ ਨਵੀਂ ਬਣਾ ਦਿੱਤੀ
ਜਨਤਾ ਤਾਂ ਨਹੀਂ ਲੁੱਕ ਤੇ ਬਜਰੀ ਖਾਂਦੀ ਹੈ।
ਪਿਓ ਦੇ ਨਾਂ ਤੇ ਲੋਨ ਨਾਲ ਹੈ ਕਾਰ ਲਈ
ਪੁੱਤ ਕੀ ਜਾਣੇ ਕਿਸ਼ਤ ਇਹ ਕਿੱਥੋਂ ਜਾਂਦੀ ਹੈ।
ਕਰ ਕਰ ਵਾਅਦੇ ਲੀਡਰ ਹੁਣ ਨੇ ਚੁੱਪ ਹੋਏ
ਚੈਨਲਾਂ ਦੀ ਪਰ ਫੌਜ ਪਈ ਗੁਣ ਗਾਂਦੀ ਹੈ।
ਸੋਚ ਸੋਚ ਕੇ ਸੋਚਾਂ ਪਾਗਲ ਹੋਈਆਂ ਹੁਣ
ਟਾਈ ਦੀ ਥਾਂ ਗਲ ਸਾਡੇ ਪਈ ਪਰਾਂਦੀ ਹੈ।
ਸਬਰ ਕਰੋ ਭਾਈ ਅੱਛੇ ਦਿਨ ਨੇ ਲੋਡ ਹੋਏ
ਪਰ ਵਿੱਚ ਟਰੈਫਿਕ ਗੱਡੀ ਰੁਕਦੀ ਜਾਂਦੀ ਹੈ।
ਮਾਇਆ ਹੁੰਦੀ ਮੈਲ ਹੱਥਾਂ ਦੀ ਐ “ਇੰਦਰ”
ਇਸ ਨੂੰ ਵੀ ਸਰਕਾਰੀ ਕੁਰਸੀ ਭਾਂਦੀ ਹੈ।
ਇੰਦਰ ਪਾਲ ਸਿੰਘ ਪਟਿਆਲਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly