ਕਿਸਾਨੀ ਸੰਘਰਸ਼-ਜਬਰ ਉੱਤੇ ਸਬਰ ਦੀ ਜਿੱਤ

ਰਾਣਾ ਸੈਦੋਵਾਲੀਆ

(ਸਮਾਜ ਵੀਕਲੀ)

ਜਗਤ ਗੁਰ ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਤੇ ਅਚਾਨਕ ਕਿਸਾਨੀ ਬਿੱਲ ਵਾਪਿਸ ਲੈਣ ਦੀ ਪ੍ਰਧਾਨ ਮੰਤਰੀ ਦੇ ਸੰਬੋਧਨ ਨੇ ਉਹਨਾਂ ਸਵਾ ਸਾਲ ਤੋਂ ਸੜਕਾਂ ਤੇ ਰੇਲ ਪਟੜੀਆਂ ਰੋਕ ਕੇ ਪੰਜਾਬ ਦੀ ਧਰਤ ਤੋਂ ਸ਼ੁਰੂ ਕੀਤੇ ਸੰਘਰਸ਼ ਦੇ ਅਤੇ ਇੱਕ ਹਫਤਾ ਘੱਟ ਇੱਕ ਸਾਲ ਤੋਂ ਦਿੱਲੀ ਦਿਆਂ ਬਾਰਡਰਾਂ ਤੇ ਬੈਠੇ ਸੰਘਰਸ਼ੀ ਯੋਧਿਆਂ ਦੇ ਝੋਲੀ ਵਿੱਚ ਇੱਕ ਵੱਡੀ ਇਤਿਹਾਸਕ ਜਿੱਤ ਪਾਈ ਹੈ।

ਇਸ ਲਾਮਿਸਾਲ ਰੋਸ ਵਿਰੋਧ ਦਾ ਜ਼ਿਕਰ ਆਉਣ ਵਾਲੀਆਂ ਸਦੀਆਂ ਤੱਕ ਵੀ ਕੀਤਾ ਜਾਇਆ ਕਰੇਗਾ । ਬੇਸ਼ੱਕ ਸਰਕਾਰ ਨੇ ਉਹ ਹਰ ਹੱਥਕੰਡਾ ਅਪਣਾ ਕੇ ਦੇਖਿਆ। ਕਦੇ ਇਸ ਸੰਘਰਸ਼ ਨੂੰ ਸਿੱਖ ਤੇ ਹਿੰਦੂ ਨਾਲ ਜੋੜਿਆ, ਕਦੇ ਸਿੱਖ ਬਨਾਮ ਕਾਮਰੇਡ ਨਾਲ ਜੋੜਿਆ, ਕਦੇ ਮਾਉ ਵਾਦੀ,ਕਦੇ ਖਾਲਿਸਤਾਨੀ, ਕਦੇ ਪਾਕਿਸਤਾਨ ਦੀ ਸ਼ਹਿ, ਕਦੇ ਹੋਂਦ ਵੱਲ ਮੋੜ ਕੇ ਦੇਖਿਆ ਤੇ ਕਦੇ ਬੇਅਦਬੀ ਦੇ ਨਾਮ ਤੇ ਉਲਝਾਉਣ ਦੀ ਕੋਸ਼ਿਸ਼ ਕੀਤੀ।

ਪਰ ਇਸ ਮੋਰਚੇ ਦੀ ਅਗਵਾਈ ਕਰਦੇ ਕਿਸਾਨ ਲੀਡਰਾਂ ਨੇ ਹਰ ਘਿਨਾਉਣੇ ਵਾਰ ਝੱਲਕੇ ਸੰਤੋਖ, ਸਹਿਜ, ਦ੍ਰਿੜਤਾ ਅਤੇ ਸਾਂਝੀਵਾਲਤਾ ਦੇ ਪੈਂਤੜੇ ਨਾਲ ਸਰਕਾਰ ਦੇ ਪਾਲ਼ੇ ਵੱਲ ਮੋੜ ਕੇ ਸੁੱਟਿਆ ਹੀ ਨਹੀਂ ਸਗੋਂ ਨਸ਼ਟ ਵੀ ਕੀਤਾ ।ਸਦਕੇ ਜਾਈਏ ਇਨ੍ਹਾਂ ਪੁਰਖਾਂ ਦੇ ਜਿਨ੍ਹਾਂ ਦੀ ਕਾਬਲੀਅਤ ਨੇ ਕਾਲੇ ਕਾਨੂੰਨਾਂ ਨੂੰ ਆਪਣੀ ਸਿਆਣਪ ਤੇ ਕਾਬਲੀਅਤ ਨਾਲ ਲੋਕ ਮਾਰੂ ਬਿੱਲ਼ ਸਾਬਤ ਕਰਕੇ ਸਰਕਾਰ ਦੇ ਲੱਖਾਂ ਰੂਪੈ ਤਨਖਾਹ ਲੈਣ ਵਾਲੇ ਅਧਿਕਾਰੀਆਂ ਦੀ ਬੋਲਤੀ ਬੰਦ ਕਰਕੇ ਰੱਖੀ ਅਤੇ ਲੋਕਾਂ ਨੂੰ ਸਮਝਾਉਣ ਵਿੱਚ ਕਾਮਯਾਬੀ ਹਾਸਲ ਕਰਕੇ ਇਸ ਅੰਦੋਲਨ ਨੂੰ ਜਨ ਅੰਦੋਲਨ ਦਾ ਰੂਪ ਦੇਣ ਵਿੱਚ ਵੀ ਕਾਮਯਾਬ ਰਹੇ।

ਕਰੋਨਾ ਦੇ ਡਰ ਤੋਂ ਸਹਿਮੇ ਲੋਕਾਂ ਦੀ ਮਾਨਸਿਕਤਾ ਉਪਰ ਖੇਤੀ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਅਤੇ ਰਾਜਾਂ ਦੇ ਅਧਿਕਾਰਾਂ ਤੇ ਡਾਕਾ ਮਾਰਨ ਦੀ ਕੇਂਦਰ ਸਰਕਾਰ ਦੀ ਕਸੂਤੇ ਮੌਕੇ ਕੀਤੀ ਕੋਸ਼ਿਸ਼ ਜੋ ਰਾਜ ਸਰਕਾਰਾਂ ਦੀ ਲੜਾਈ ਸੀ ਕਿਸਾਨਾਂ ਨੇ ਆਪਣੇ ਸਿਰ ਲੈ ਕੇ ਬਾਖੂਬੀ ਨਿਭਾਈ ਹੈ ਭਾਵੇਂ ਆਪਣੇ ਹੀ ਅੰਦਰ ਲੱਤਾਂ ਖਿਚਣ ਵਾਲਿਆਂ ਨਾਲ ਹਿੰਮਤ ਤੇ ਦਲੇਰੀ ਨਾਲ ਦੇਸ਼ ਦੀ ਜਮਹੂਰੀਅਤ ਦੀ ਨਵੀਂ ਇਬਾਰਤ ਲਿਖ ਵਿਖਾਈ ਹੈ ।

ਪਹਿਲਾਂ ਪੱਛਮੀਂ ਬੰਗਾਲ ਸਮੇਤ ਪੰਜ ਸੂਬਿਆਂ ਅੰਦਰ ਕੇਵਲ ਭਾਜਪਾ ਖਿਲਾਫ ਵੋਟ ਪ੍ਰਚਾਰ ਦੀ ਨਵੀਂ ਕਵਾਇਤ ਨਾਲ ਸਮੀਕਰਣ ਬਦਲਣ ਵਿੱਚ ਜਿੱਤ ਵੱਲ ਵੱਧਣ ਦੇ ਸੰਕੇਤਕ ਨਤੀਜੇ ਮਿਲ ਚੁੱਕੇ ਸਨ ਅਤੇ ਹੁਣ ਪੰਜਾਬ ਤੇ ਉਤਰ ਪ੍ਰਦੇਸ਼ ਦੀਆਂ2022 ਦੀਆਂ ਵਿਧਾਨਸਭਾ ਦੀਆਂ ਚੋਣਾਂ ਖਾਸ ਕਰਕੇ ਉਤਰ ਪ੍ਰਦੇਸ਼ ਜੋ ਮੰਨਿਆਂ ਜਾਂਦਾ ਹੈ ਕਿ ਇਸ ਰਸਤਿਓਂ ਲੰਘ ਕੇ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਅਪੜਿਆ ਜਾ ਸਕਦਾ ਹੈ,ਉਹੀ ਫਾਰਮੂਲਾ ਅਜਮਾਇਆ ਜਾਵੇਗਾ , ਉਸ ਤੋਂ ਪਹਿਲਾਂ ਪਹਿਲਾਂ ਹੀ ਆਪਣਾ ਆਧਾਰ ਗਵਾ ਚੁੱਕੀ ਯੋਗੀ ਸਰਕਾਰ ਦੇ ਕੇਂਦਰੀ ਰਾਜ ਮੰਤਰੀ ਦੇ ਨਲਾਇਕ ਪੁੱਤਰ ਵਲੋਂ ਸ਼ਾਤਮਈ ਪ੍ਰਦਰਸ਼ਨ ਕਰਦੇ ਕਿਸਾਨਾਂ ਉਪਰ ਗੱਡੀ ਚਾੜ ਕੇ ਸ਼ਹੀਦ ਹੋਏ ਕਿਸਾਨਾਂ ਦੇ ਰੋਹ ਨੇ ਪੈਰਾਂ ਹੇਠੋਂ ਜਮੀਨ ਖਿਸਕਾਉਣ ਦਾ ਝਟਕਾ ਆਪਣੀ ਜਾਨ ਦੀ ਅਹੂਤੀ ਨਾਲ ਦੇ ਦਿੱਤਾ ਸੀ।

ਜਿਸ ਦੀ ਨਿੰਦਾ ਦੇਸ਼ ਵਿਦੇਸ਼ ਵਿੱਚ ਹੋਈ ਸੀ।ਉਸ ਤੋਂ ਬਚਣ ਅਤੇ ਧਿਆਨ ਹਟਾਉਣ ਲਈ ਬੇਦਰਦੀ ਦੇ ਨਾਮ ਤੇ ਹੋਏ ਕਤਲ ਦੀਆਂ ਤਾਰਾਂ ਵੀ ਨਿਹੰਗ ਅਮਨ ਸਿੰਘ ਦੀਆਂ ਤਸਵੀਰਾਂ ਕੇਂਦਰੀ ਖੇਤੀ ਮੰਤਰੀ ,ਕੈਟ ਪਿੰਕੀ ਤੇ ਹੋਰਾਂ ਨਾਲ ਅਖਬਾਰਾਂ ਵਿੱਚ ਨਸ਼ਰ ਹੋਣ ਨਾਲ ਕੇਂਦਰ ਸਰਕਾਰ ਫਿਰ ਕਟਿਹਰੇ ਵਿੱਚ ਖੜੀ ਹੋਈ ਸੀ ਤੇ ਸੰਯੁਕਤ ਮੋਰਚੇ ਦੇ ਸੰਚਾਲਕ ਬਲਬੀਰ ਸਿੰਘ ਰਾਜੇਵਾਲ ਦਾ ਬਿਆਨ ਕਿ ਨਿਹੰਗ ਅਮਨ ਤੇ ਬੇਅਦਬੀ ਕਰਨ ਵਾਲਾ ਤੇ ਉਸ ਦਾ ਕਾਤਲ ਸਾਡਾ ਹਿੱਸਾ ਨਹੀਂ,ਫਿਰ ਮੋਰਚੇ ਵਿੱਚ ਜਾਨ ਭਰ ਗਿਆ ਸੀ।

ਕਿਸਾਨ ਲੀਡਰਾਂ ਵਲੋਂ ਸ਼ਾਤਮਈ ਰੋਸ ਦੀ ਹਰ ਵੇਲੇ ਦੀ ਗੁਹਾਰ ਉੱਤੇ ਕਦੇ ਨੌਜਵਾਨਾਂ ਵਲੋਂ ਵਿਰੋਧ ਵੀ ਕੀਤਾ ਜਾਂਦਾ ਰਿਹਾ ਤੇ ਸਖਤ ਪ੍ਰੋਗਰਾਮ ਦੀ ਮੰਗ ਵੀ ਕੀਤੀ ਜਾਂਦੀ ਰਹੀ ਪਰ ਉਮਰ ਦਾ ਵੱਡਾ ਹਿੱਸਾ ਸੰਘਰਸ਼ ਵਿੱਚ ਹੰਢਾਇਆ ਹੋਣ ਕਰਕੇ ਕਿਸਾਨ ਇਸ ਨੂੰ ਕਦੇ ਵੀ ਹਿੰਸਾ ਵਲ ਨਹੀਂ ਸੀ ਜਾਣ ਦੇਣਾ ਚਾਹੁੰਦੇ। ਉਨ੍ਹਾਂ ਦਾ ਮੰਨਣਾ ਸੀ ਕਿ ਹਿੰਸਕ ਹੋਵੋਂਗੇ ਤੇ ਹਾਰੋਂਗੇ,ਸ਼ਾਤਮਈ ਰਹੇ ਤੇ ਜਿੱਤ ਯਕੀਨੀ ਹੈ ਅੱਜ ਸੱਚ ਹੋ ਨਿਬੜੀ ਹੈ। ਅਫਸੋਸ ਹੈ ਕਿ ਸ਼ਾਂਤਮਈ ਰਹਿ ਕੇ ਵੀ ਕੁੱਝ ਜਾਨਾਂ ਗਵਾਊਣੀਆਂ ਪਈਆਂ ਜਿਨ੍ਹਾਂ ਵਿੱਚ ਕਰਨਾਲ ਦੀ ਘਟਨਾ ਤੇ ਲਖੀਮਪੁਰ ਖੀਰੀ ਦੀ ਘਟਨਾ ਜਿਕਰਯੋਗ ਹੈ ਪਰ ਕਿਸਾਨਾਂ ਵਲੋਂ ਕਿਸੇ ਇੱਕ ਵਿੱਚ ਵੀ ਹਿੰਸਕ ਹੋਣ ਦੇ ਸਾਬੂਤ ਨਹੀਂ ਹਨ।

ਇਸ ਸੰਘਰਸ਼ ਦੀ ਗੱਲ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਦੀਆਂ ਪਾਰਲੀਮੈਂਟਾਂ ਵਿੱਚ ਵੀ ਹੋਈ ਹੈ ਅਤੇ ਸੰਸਾਰ ਪ੍ਰਸਿੱਧ ਹਸਤੀਆਂ ਚਾਹੇ ਖਿਡਾਰੀ, ਲਿਖਾਰੀ, ਕਲਾਕਾਰ ਜਾਂ ਅਦਾਕਾਰ ਹੋਣ ਹਾਅ ਦਾ ਨਾਅਰਾ ਮਾਰਦੇ ਰਹੇ ਹਨ ।ਇਹ ਪਹਿਲਾ ਸੰਘਰਸ਼ ਹੈ ਜਿਸ ਨੂੰ ਵੱਖ ਵੱਖ ਖੇਤਰਾਂ ਵਿੱਚ ਆਵਾਰਡ ਹਾਸਲ ਕਰ ਚੁੱਕੀਆਂ ਹਸਤੀਆਂ ਨੇ ਆਪਣੇ ਆਵਾਰਡ ਸਰਕਾਰ ਨੂੰ ਵਾਪਿਸ ਕਰਕੇ ਸਮਰਥਨ ਦਿੱਤਾ ਹੈ ਇਸ ਰਿਜ਼ਕ ਦੀ ਲੜਾਈ ਲਾਲੋਆਂ ਤੇ ਮਲਕ ਭਾਗੋਆਂ ਦੀ ਲੜਾਈ ਨੂੰ ਸਰਕਾਰ ਦੇ ਮਨਸ਼ੇ ਮੁਤਾਬਿਕ ਜਹਾਦ ਵਿੱਚ ਨਹੀਂ ਬਦਲਣ ਦਿੱਤਾ।ਮੋਦੀ ਸਰਕਾਰ ਦੇ ਅੱਜ ਤੱਕ ਦੇ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਭਾਵੇਂ ਧਾਰਾ 370 ਜਾਂ ਨਾਗਰਿਕ ਸੋਧ ਹੋਣ ਨੂੰ ਧਾਰਮਿਕ ਰੰਗਤ ਦੇ ਕੇ ਸਹਿਜੇ ਹੀ ਨਖੇੜਿਆ ਗਿਆ ਸੀ।

ਕਿਸਾਨ ਲੀਡਰ ਦੁਸ਼ਮਣ ਦੀ ਨਬਜ਼ ਨੂੰ ਚੰਗੀ ਤਰ੍ਹਾਂ ਜਾਣਦੇ ਸਨ ਜਿਨ੍ਹਾਂ ਨੇ ਆਪਣੀ ਸਮਝ ਤੇ ਏਕਤਾ ਨਾਲ ਇਸ ਵੱਡੇ ਦਰਿਆ ਨੂੰ ਡੱਕੀ ਰੱਖਿਆ ਜਿਹਦੇ ਨਾਲ ਉਹ ਇਤਿਹਾਸਕ ਦਸਤਾਵੇਜਾਂ ਵਿੱਚ ਅਮਰ ਹੋਏ ਰਹਿਣਗੇ।ਇਸ ਸੰਘਰਸ਼ ਦਾ ਸਿਹਰਾ ਉਹਨਾਂ ਪੰਜਾਬ ਦੀ ਮਿੱਟੀ ਦੇ ਜਾਇਆਂ ਵਿਦੇਸ਼ ਵਿੱਚ ਵਸਦੇ ਵੀਰਾਂ ਸਿਰ ਵੀ ਜਾਂਦਾ ਹੈ ਜਿਨ੍ਹਾਂ ਨੇ ਪੈਸੇ ਨਾਲ ਹੀ ਨਹੀਂ ਆਪਣੀਆਂ ਅਰਦਾਸੀਏ ਮਨ ਨੂੰ ਸੰਘਰਸ਼ ਨਾਲ ਜੋੜੀ ਰੱਖਿਆ ਜਿਸ ਦੀ ਮਿਸਾਲ ਬਿੱਲ ਮੁਆਫ ਹੋਣ ਦੇ ਬਿਆਨ ਬਾਅਦ ਵੰਡੀਆਂ ਗਈਆਂ ਮਠਿਆਈਆਂ ਤੇ ਖੁਸ਼ੀਆਂ ਵਿੱਚ ਪਾਏ ਭੰਗੜੇ ਅਤੇ ਪਿਛੇ ਪੰਜਾਬ ਵਿੱਚ ਫੋਨ ਕਾਲਾਂ ਰਾਹੀਂ ਦਿੱਤੀਆਂ ਵਧਾਈਆਂ ਤੋਂ ਸਹਿਜੇ ਲਗਦਾ ਹੈ।ਉਹ ਕਾਰਸੇਵਾ ਵਾਲੇ ਬਾਬੇ ਜੋ ਲਗਾਤਾਰ ਲੰਗਰਾਂ ਦੀ ਸੇਵਾ ਵਿੱਚ ਡਟੇ ਰਹੇ ਹਨ ਤੇ ਉਹ ਹਰ ਮਾਈ ਭਾਈ ਜੋ ਦਿਲੋਂ ਸੰਘਰਸ਼ ਨਾਲ ਜੁੜਿਆ ਰਿਹਾ ਵਧਾਈ ਦਾ ਹੱਕਦਾਰ ਹੈ।ਇਸ ਇਤਿਹਾਸਕ ਦਿਨ ਤੇ ਇਤਿਹਾਸਕ ਜਿੱਤ ਨੇ ਪੱਗ ਦਾ ਮਾਣ ਵੀ ਵਧਾਇਆ ਹੈ ਅਤੇ ਐਮਨਾਬਾਦ ਦੀ ਧਰਤ ਤੋਂ “ਪਾਪ ਕੀ ਜੰਝ ਲੈ ਕਾਬਲੋਂ ਧਾਇਆ” ਦੇ ਇੰਨਕਲਾਬੀ ਨਾਅਰੇ ਦੀ ਗੂੰਜ ਦਾ ਅਸਰ ਵੀ।

ਰਾਣਾ ਸੈਦੋਵਾਲ
9855463376

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article” ਵਿਰਸਾ ਪੰਜਾਬ ਦਾ “
Next articleਸਿਨਸਿਨਾਟੀ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੂਰਬ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ