ਪੈਟਰੋਲ ਸੈਂਕੜਾ ਟੱਪ ਗਿਆ

ਗੁਰਵਿੰਦਰ ਸਿੰਘ 'ਉੱਪਲ'

(ਸਮਾਜ ਵੀਕਲੀ)

ਮੱਥੇ ‘ਤੇ ਹੱਥ ਰੱਖ-ਰੱਖ ਕੇ, ਅੱਜ ਰੋਵੇ ਰੁਪਈਆ ਜੀ।
ਮਸਾਂ ਝੂਲ-ਝੂਲ ਕੇ ਚੱਲਦਾ, ਜ਼ਿੰਦਗੀ ਦਾ ਪਹੀਆ ਜੀ।
ਭੂਤ ਚਿੰਬੜ ਗਿਆ ਵੱਡਾ, ਕੀ ਟਾਲ਼ਾ ਕਰਵਾਈਏ ਜੀ।
ਪੈਟਰੋਲ ਸੈਂਕੜਾ ਟੱਪ ਗਿਆ, ਕਿੱਧਰ ਨੂੰ ਜਾਈਏ ਜੀ।

ਦਿਨੋ-ਦਿਨ ਕਰ ਮਹਿੰਗਾਈ, ਸਾਡੇ ਹੱਥ ਹੀ ਖੜ੍ਹੇ ਕਰਾ ਦਿੱਤੇ।
ਚੰਗੇ-ਭਲੇ ਗੁਜ਼ਾਰਾ ਕਰਦਿਆਂ ਦੇ, ਤੂੰ ਕਾਸੇ ਹੱਥ ਫੜਾ ਦਿੱਤੇ।
ਬੇਸਮਝ ਜਿਹੇ ਬਣ ਗਏ, ਕਿੱਦਾਂ ਮਨ ਸਮਝਾਈਏ ਜੀ।
ਪੈਟਰੋਲ ਸੈਂਕੜਾ ਟੱਪ ਗਿਆ, ਕਿੱਧਰ ਨੂੰ ਜਾਈਏ ਜੀ।

ਖਾਣ-ਪੀਣ ਦੀਆਂ ਚੀਜ਼ਾਂ ਵੱਲੋਂ, ਕਿੱਥੇ ਸਰਦਾ ਏ।
ਰੇਟ ਪੁੱਛ ਕੇ ਚੀਜ਼ਾਂ ਦੇ, ਬੰਦਾ ਪਿਆ ਮਰਦਾ ਏ।
ਔਖਾ ਅਲਜ਼ਬਰਾ ਜ਼ਿੰਦਗੀ ਦਾ, ਨਾ ਹੱਲ ਕਰ ਪਾਈਏ ਜੀ।
ਪੈਟਰੋਲ ਸੈਂਕੜਾ ਟੱਪ ਗਿਆ, ਕਿੱਧਰ ਨੂੰ ਜਾਈਏ ਜੀ।

ਅੱਛੇ ਦਿਨਾਂ ਦੇ ਲਾਲਚ ਵਿੱਚ, ਨਿੱਤ ਸੰਘੀ ਘੁੱਟਦਾ ਏਂ।
ਲੁੱਟ ਕੇ ਕਿਰਤ ਗਰੀਬਾਂ ਦੀ, ਆਪ ਨਜ਼ਾਰੇ ਲੁੱਟਦਾ ਏਂ।
ਕੁਝ ਤਾਂ ਸੋਚ ਵਿਚਾਰ ਹਾਕਮਾਂ, ਨਾ ਇੰਝ ਤੜਫਾਈਏ ਜੀ।
ਪੈਟਰੋਲ ਸੈਂਕੜਾ ਟੱਪ ਗਿਆ, ਕਿੱਧਰ ਨੂੰ ਜਾਈਏ ਜੀ।

ਬੱਚੇ ਵੱਡੇ ਹੋ ਗਏ, ਫ਼ਿਕਰ ਵਿਆਹ ਦਾ ਖਾਂਦਾ ਏ।
ਇੱਥੇ ਕਿਰਤ ਦਾ ਮੁੱਲ ਨਹੀਂ ਪੈਂਦਾ, ਪੁੱਤਰ ਬਾਹਰ ਨੂੰ ਜਾਂਦਾ ਏ।
ਹਜ਼ਾਰਾਂ ਹੀ ਗ਼ਮ ਚਿੰਬੜੇ ਨੇ, ਕਿਹੜਾ ਗ਼ਮ ਖਾਈਏ ਜੀ।
ਪੈਟਰੋਲ ਸੈਂਕੜਾ ਟੱਪ ਗਿਆ, ਕਿੱਧਰ ਨੂੰ ਜਾਈਏ ਜੀ।

ਝੂਠ ਕਪਟ ਨਾਲ਼ ਬੁਣੀਆਂ, ਤੂੰ ਆਪਣੀਆਂ ਤੰਦਾਂ ਨੇ।
ਵੱਢ-ਵੱਢ ਖਾਣ ਪੈਂਦੀਆਂ, ਸਾਨੂੰ ਘਰ ਦੀਆਂ ਕੰਧਾਂ ਨੇ।
ਅਸੀਸ ਲਈ ਦੀ ਜ਼ਾਲਮਾਂ, ਚੰਗਾ ਫ਼ਰਮਾਈਏ ਜੀ।
ਪੈਟਰੋਲ ਸੈਂਕੜਾ ਟੱਪ ਗਿਆ, ਕਿੱਧਰ ਨੂੰ ਜਾਈਏ ਜੀ।

ਨੌਂ ਸੌ ਚੂਹਾ ਖਾ ਕੇ ਬਿੱਲੀ, ਹੱਜ ਨੂੰ ਚੱਲੀ ਏ।
ਕੱਢ ਕਚੂੰਭਰ ਰੱਖਿਆ, ਮਚਾ ਕੇ ਤਰਥੱਲੀ ਏ।
ਆ ਜ਼ਬਰ ਵਿਰੁੱਧ ਦੋਸਤਾ, ਆਵਾਜ਼ ਉਠਾਈਏ ਜੀ।
ਪੈਟਰੋਲ ਸੈਂਕੜਾ ਟੱਪ ਗਿਆ, ਕਿੱਧਰ ਨੂੰ ਜਾਈਏ ਜੀ।

‘ਗੁਰਵਿੰਦਰਾ’ ਹੱਲ ਸਭ ਹੁੰਦੇ ਨੇ, ਬਸ ਲੋੜ ਹੈ ਏਕੇ ਦੀ।
ਕਰ ਕੇ ਹੌਂਸਲਾ ਵਹੀ ਪਾੜ ਦਿਓ, ਦੁਸ਼ਮਣ ਦੇ ਲੇਖੇ ਦੀ।
ਦਿਖਾ ਦਿਓ ਆਪਣਾ ਜਜ਼ਬਾ, ਗਲ਼ੋਂ ਕਲ੍ਹੀਂਡਰ ਲਾਹੀਏ ਜੀ।
ਪੈਟਰੋਲ ਸੈਂਕੜਾ ਟੱਪ ਗਿਆ, ਕਿੱਧਰ ਨੂੰ ਜਾਈਏ ਜੀ।

ਗੁਰਵਿੰਦਰ ਸਿੰਘ ‘ਉੱਪਲ’
ਈ.ਟੀ.ਟੀ. ਅਧਿਆਪਕ,
ਸ. ਪ੍ਰਾ. ਸਕੂਲ, ਦੌਲੋਵਾਲ (ਮਾਲੇਰਕੋਟਲਾ)
ਸੰਪਰਕ – 98411-45000

Previous articleਇਹ ਦੁਨੀਆਂ ਮਤਲਬ ਦੀ
Next articleਝੱਲ ਲੇਈ ਵਾਲਾ ’ਚ 4 ਮੋਟਰਾਂ ਤੋਂ ਤਾਰ ਚੋਰੀ