ਦੇਸ਼ ਭਗਤੀ ਨੂੰ ਪਰਦੇ ਉੱਤੇ ਜਿਊਣ ਵਾਲਾ ਨਾਇਕ : ਮਨੋਜ ਕੁਮਾਰ

ਮਨੋਜ ਕੁਮਾਰ ਨੇ ਹਮੇਸ਼ਾ ਆਪਣੀਆਂ ਫਿਲਮਾਂ ਰਾਹੀਂ ਸਮਾਜਕ ਤੇ ਰਾਸ਼ਟਰੀ ਮੁੱਦਿਆਂ ਨੂੰ ਉਤਸ਼ਾਹਿਤ ਕੀਤਾ।
ਬਲਦੇਵ ਸਿੰਘ ਬੇਦੀ

(ਸਮਾਜ ਵੀਕਲੀ) ਭਾਰਤੀ ਸਿਨੇਮਾ ਇੱਕ ਅਜਿਹਾ ਮਚ ਹੈ, ਜਿੱਥੇ ਕਈ ਚਿਹਰੇ ਆਉਂਦੇ ਹਨ ਅਤੇ ਕਈ ਚਲੇ ਜਾਂਦੇ ਹਨ। ਪਰ ਕੁਝ ਅਜਿਹੇ ਵੀ ਹੁੰਦੇ ਹਨ ਜੋ ਸਿਰਫ਼ ਚਿਹਰੇ ਨਹੀਂ ਬਲਕਿ ਇੱਕ ਵਿਚਾਰਧਾਰਾ, ਇੱਕ ਜਜ਼ਬਾਤ, ਇੱਕ ਯੁੱਗ ਬਣ ਜਾਂਦੇ ਹਨ। ਮਨੋਜ ਕੁਮਾਰ ਉਨ੍ਹਾਂ ਵਿੱਚੋਂ ਹੀ ਇੱਕ ਸਨ। ਦੇਸ਼ ਭਗਤੀ ਅਤੇ ਆਮ ਆਦਮੀ ਦੀ ਅਵਾਜ਼ ਨੂੰ ਪਰਦੇ ਉੱਤੇ ਲਿਆਉਣ ਵਾਲਾ ਇਹ ਕਲਾ-ਯੋਗੀ ਬੀਤੇ ਦਿਨੀਂ 4 ਅਪ੍ਰੈਲ 2025 ਨੂੰ 87 ਸਾਲ ਦੀ ਉਮਰ ‘ਚ ਇਸ ਫ਼ਾਨੀ ਸੰਸਾਰ ਤੋ ਵਿਦਾ ਹੋ ਗਿਆ, ਪਰ ਆਪਣੀਆਂ ਫਿਲਮਾਂ ਰਾਹੀਂ ਉਹ ਹਮੇਸ਼ਾਂ ਲਈ ‘ਅਮਰ’ ਹੋ ਗਿਆ।

ਮਨੋਜ ਕੁਮਾਰ ਦਾ ਅਸਲੀ ਨਾਂ ਹਰੀਕਿਸ਼ਨ ਗਿਰੀ ਗੋਸਵਾਮੀ ਸੀ। 24 ਜੁਲਾਈ 1937 ਨੂੰ ਐਬਟਾਬਾਦ (ਬ੍ਰਿਟਿਸ਼ ਭਾਰਤ, ਹੁਣ ਪਾਕਿਸਤਾਨ) ਵਿੱਚ ਜਨਮੇ ਮਨੋਜ ਕੁਮਾਰ ਦਾ ਪਰਿਵਾਰ 1947 ਦੀ ਵੰਡ ਦੌਰਾਨ ਦਿੱਲੀ ਆ ਵੱਸਿਆ। ਉਨ੍ਹਾਂ ਨੇ ਛੋਟੀ ਉਮਰ ‘ਚ ਹੀ ਫਿਲਮਾਂ ਪ੍ਰਤੀ ਆਪਣਾ ਰੁਝਾਨ ਵਿਖਾਇਆ ਅਤੇ ਦਿਲੀਪ ਕੁਮਾਰ ਵਲੋਂ 1949 ਦੀ ਫਿਲਮ ‘ਸ਼ਬਨਮ’ ਵਿਚ ਨਿਭਾਏ ਗਏ ਮਨੋਜ ਕੁਮਾਰ ਦੇ ਰੋਲ ਤੋਂ ਐਨਾ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਆਪਣਾ ਨਾਂ ‘ਮਨੋਜ ਕੁਮਾਰ’ ਹੀ ਰੱਖ ਲਿਆ।
ਉਨ੍ਹਾਂ ਦੀ ਫਿਲਮੀ ਯਾਤਰਾ ਦੀ ਸ਼ੁਰੂਆਤ 1957 ਵਿੱਚ ਫਿਲਮ ‘ਫੈਸ਼ਨ’ ਵਿਚ ਇਕ ਭਿਖਾਰੀ ਦੇ ਰੋਲ ਤੋਂ ਹੋਈ। ਫ਼ਿਲਮ ਦੇ ਗੀਤ ‘ਮਾਟੀ ਕੋ ਲਜਾਨਾ ਨਹੀਂ,ਮੇਰਾ ਦੇਸ਼ ਹੈ ਮਹਾਨ..’। ਜੋਕਿ ਇਕ ਦੇਸ਼ ਭਗਤੀ ਗੀਤ ਸੀ, ਵਿਚ ਉਹਨਾਂ ਦੀ ਅਦਾਕਾਰੀ ਐਨੀ ਪ੍ਰਭਾਵਸ਼ਾਲੀ ਸੀ ਕਿ ਭਰਤ ਵਿਆਸ ਵਰਗੇ ਵੱਡੇ ਸੰਗੀਤਕਾਰ ਨੇ ਕਿਹਾ, “ਇਹ ਤਾਂ ਹੀਰੋ ਲੱਗਦਾ ਹੈ ਨਾ ਕਿ ਭਿਖਾਰੀ।” ਫੇਰ 1958 ਵਿੱਚ ‘ਸਹਾਰਾ’ ਵਿੱਚ ਉਨ੍ਹਾਂ ਨੇ ਮੁੱਖ ਅਦਾਕਾਰ ਵਜੋਂ ਕਿਰਦਾਰ ਨਿਭਾਇਆ ਅਤੇ ਅਸਲ ਫ਼ਿਲਮੀ ਸਫਰ ਦੀ ਸ਼ੁਰੂਆਤ ਕੀਤੀ। 1962 ਦੀ ‘ਹਰਿਆਲੀ ਔਰ ਰਾਸਤਾ’ ਅਤੇ 1964 ਦੀ ‘ਵੋ ਕੌਨ ਥੀ’ ਨੇ ਉਨ੍ਹਾਂ ਨੂੰ ਘਰ-ਘਰ ਪਹੁੰਚਾ ਦਿੱਤਾ। 1965 ਦੀ ‘ਸ਼ਹੀਦ’ ਫਿਲਮ, ਜਿਸ ਵਿੱਚ ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਦਾ ਕਿਰਦਾਰ ਨਿਭਾਇਆ ਅਤੇ ਉਨ੍ਹਾਂ ਨੂੰ ਇੱਕ ਰਾਸ਼ਟਰੀ ਕਲਾ-ਨਾਇਕ ਬਣਾਇਆ। 1967 ਦੀ ‘ਉਪਕਾਰ’ ਫਿਲਮ, ਜੋ ਉਨ੍ਹਾਂ ਵਲੋਂ ਹੀ ਨਿਰਦੇਸ਼ਿਤ ਕੀਤੀ ਗਈ ਅਤੇ ਫਿਲਮ ਵਿੱਚ ਕੀਤੇ ਗਏ ਰੋਲ ਨੇ ਉਨ੍ਹਾਂ ਨੂੰ ‘ਭਾਰਤ ਕੁਮਾਰ’ ਬਣਾਇਆ। ਇਸ ਫਿਲਮ ਦਾ ਥੀਮ ‘ਜੈ ਜਵਾਨ ਜੈ ਕਿਸਾਨ’ ਸੀ, ਜੋਕਿ ਉਸ ਵੇਲੇ ਦੇ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਨਾਅਰੇ ਤੋਂ ਪ੍ਰੇਰਿਤ ਸੀ।
ਮਨੋਜ ਕੁਮਾਰ ਨੇ ਹਮੇਸ਼ਾ ਆਪਣੀਆਂ ਫਿਲਮਾਂ ਰਾਹੀਂ ਸਮਾਜਕ ਤੇ ਰਾਸ਼ਟਰੀ ਮੁੱਦਿਆਂ ਨੂੰ ਉਤਸ਼ਾਹਿਤ ਕੀਤਾ। ‘ਪੂਰਬ ਔਰ ਪੱਛਿਮ’ (1970) ਨੇ ਭਾਰਤੀ ਸੱਭਿਆਚਾਰ ਅਤੇ ਪੱਛਮੀ ਸੰਸਕਾਰਾਂ ਵਿਚਕਾਰ ਟਕਰਾਅ ਨੂੰ ਦਰਸਾਇਆ। ‘ਰੋਟੀ ਕਪੜਾ ਔਰ ਮਕਾਨ’ (1974) ਨੇ ਆਮ ਆਦਮੀ ਦੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਨੂੰ ਪਰਦੇ ‘ਤੇ ਲਿਆਂਦਾ। ‘ਕ੍ਰਾਂਤੀ’ (1981) ਨੇ ਆਜ਼ਾਦੀ ਦੀ ਲੜਾਈ ਨੂੰ ਨਵੇਂ ਰੂਪਾਂ ‘ਚ ਪਰਗਟ ਕੀਤਾ। ਇਸ ਤੋਂ ਇਲਾਵਾ 1979 ‘ਚ ਆਈ ਪੰਜਾਬੀ ਫਿਲਮ ‘ਜੱਟ ਪੰਜਾਬੀ’ ਵਿੱਚ ਵੀ ਮਨੋਜ ਕੁਮਾਰ ਵਲੋਂ ਰੋਲ ਅਦਾ ਕੀਤਾ ਗਿਆ। ਹਰੇਕ ਫ਼ਿਲਮ ਵਿਚ ਉਹਨਾਂ ਤੇ ਫ਼ਿਲਮਾਏ ਗਏ ਗੀਤ ਵੀ ਆਪਣੇ ਆਪ ‘ਚ ਹਿੱਟ ਹੋਣ ਦੀ ਗਵਾਹੀ ਭਰਦੇ ਹਨ।
ਮਨੋਜ ਕੁਮਾਰ ਨੂੰ ਸੱਤ ਫਿਲਮਫੇਅਰ ਪੁਰਸਕਾਰ, ਰਾਸ਼ਟਰੀ ਫਿਲਮ ਪੁਰਸਕਾਰ, 1992 ਵਿੱਚ ਪਦਮ ਸ਼੍ਰੀ ਅਤੇ 2015 ਵਿੱਚ ਭਾਰਤ ਸਰਕਾਰ ਵੱਲੋਂ ‘ਦਾਦਾ ਸਾਹਿਬ ਫਾਲਕੇ’ ਪੁਰਸਕਾਰ ਵੀ ਮਿਲਿਆ। ਇਹ ਸਾਰੇ ਪੁਰਸਕਾਰ ਅੱਜ ਵੀ ਉਨ੍ਹਾਂ ਦੇ ਸਿਨੇਮਾਈ ਯੋਗਦਾਨ ਦੀ ਮੋਹਰ ਹਨ।
ਉਹਨਾਂ ਨੇ ਫ਼ਿਲਮ ਇੰਡਸਟਰੀ ‘ਚ ਲਗਭਗ 53 ਫਿਲਮਾਂ ਰਾਹੀਂ ਆਪਣੀ ਅਦਾਕਾਰੀ ਦੇ ਜੌਹਰ ਵਿਖਾਏ। ਉਹ ਸਿਰਫ਼ ਇਕ ਅਭਿਨੇਤਾ ਹੀ ਨਹੀਂ ਸਨ, ਉਹ ਨਿਰਮਾਤਾ, ਨਿਰਦੇਸ਼ਕ ਤੋਂ ਇਲਾਵਾ ਇੱਕ ਹੋਮਿਓਪੈਥਿਕ ਡਾਕਟਰ ਵੀ ਸਨ। ਉਨ੍ਹਾਂ ਦੀ ਇੱਕ ਵਿਲੱਖਣ ਅਦਾ ਫਿਲਮਾਂ ਵਿੱਚ ਹੱਥ ਨਾਲ ਚਿਹਰਾ ਢੱਕਣਾ ਮੁੱਖ ਪਛਾਣ ਬਣੀ।
ਮਨੋਜ ਕੁਮਾਰ ਅਜਿਹੇ ਕਲਾਕਾਰ ਸਨ ਜਿਨ੍ਹਾਂ ਨੇ ਸਿਨੇਮਾ ਨੂੰ ਕੇਵਲ ਮਨੋਰੰਜਨ ਹੀ ਨਹੀਂ, ਰਾਸ਼ਟਰ ਭਗਤੀ ਅਤੇ ਸੱਭਿਆਚਾਰਕ ਜਾਗਰੂਕਤਾ ਦਾ ਸਾਧਨ ਵੀ ਬਣਾਇਆ। ਉਨ੍ਹਾਂ ਦੀਆਂ ਫਿਲਮਾਂ ਅੱਜ ਵੀ ਲੋਕਾਂ ਨੂੰ ਦੇਸ਼, ਮਾਂ-ਬੋਲੀ ਅਤੇ ਆਪਣੀ ਮਿੱਟੀ ਨਾਲ ਜੁੜੇ ਰਹਿਣ ਦਾ ਪਾਠ ਪੜ੍ਹਾਉਂਦੀਆਂ ਹਨ। ਅੱਜ ਭਾਵੇਂ ਉਹ ਸਾਡੇ ਵਿਚ ਨਹੀਂ ਹਨ, ਪਰ ‘ਭਾਰਤ ਕੁਮਾਰ’ ਸਦੀਵ ਲਈ ਜੀਉਂਦਾ ਰਹੇਗਾ। ਉਸਦੀ ਸਿਨੇਮਾਈ ਮਿਰਾਸ਼, ਉਸ ਦੀ ਸੋਚ ਅਤੇ ਉਸ ਦਾ ਦੇਸ਼ ਭਗਤੀ ਲਈ ਪ੍ਰੇਮ ਹਮੇਸ਼ਾ ਲੋਕਾਂ ਦੇ ਦਿਲਾਂ ‘ਚ ਵਸਿਆ ਰਹੇਗਾ।
✍️ ਬਲਦੇਵ ਸਿੰਘ ਬੇਦੀ 
      ਜਲੰਧਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਯੂਰਪੀ ਪੰਜਾਬੀ ਲੇਖਕ ਭਾਈਚਾਰੇ ਵਲੋਂ ਬਲਵਿੰਦਰ ਸਿੰਘ ਚਾਹਲ ਯੂ ਕੇ ਨੂੰ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵਲੋਂ ਐਸੋਸੀਏਟ ਮੈਂਬਰ ਨਾਮਜ਼ਦ ਕਰਨ ਤੇ ਵਧਾਈ।
Next articleਖਾਲਸੇ ਦੇ ਸਾਜਨਾ ਦਿਵਸ ਨੂੰ ਸਮਰਪਿਤ ਗੁਰਦੁਆਰਾ ਬਾਬਾ ਦਰਬਾਰਾ ਸਿੰਘ ਵਿਖੇ ਕਬੱਡੀ ਟੂਰਨਾਮੈਂਟ 13 ਅਪ੍ਰੈਲ ਨੂੰ