HOME ਦੇਸ਼ ਭਗਤ ਯਾਦਗਾਰ ਹਾਲ ਸਮਾਗਮ ਨੇ ਉਭਾਰੀ ਭਗਤ ਸਿੰਘ ਅਤੇ ਸਾਥੀਆਂ ਦੇ...

ਦੇਸ਼ ਭਗਤ ਯਾਦਗਾਰ ਹਾਲ ਸਮਾਗਮ ਨੇ ਉਭਾਰੀ ਭਗਤ ਸਿੰਘ ਅਤੇ ਸਾਥੀਆਂ ਦੇ ਵਿਚਾਰਾਂ ਦੀ ਸਾਰਥਕਤਾ

1

ਜਲੰਧਰ   (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ)  ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਪਬਲਿਕ ਸੇਫ਼ਟੀ ਬਿੱਲ ਅਤੇ ਟ੍ਰੇਡ ਡਿਸਪਿਊਟ ਬਿੱਲ ਵਰਗੇ ਮਜ਼ਦੂਰ ਅਤੇ ਲੋਕ ਵਿਰੋਧੀ ਕਾਲ਼ੇ ਕਾਨੂੰਨਾਂ ਖ਼ਿਲਾਫ਼ ਕੇਂਦਰੀ ਅਸੈਂਬਲੀ ਦਿੱਲੀ ਵਿੱਚ ਚਿੰਨਾਤਮਕ ਬੰਬ ਧਮਾਕੇ ਕਰਕੇ ਅਤੇ ‘ਬੋਲਿਆਂ ਨੂੰ ਸੁਣਾਉਣ ਲਈ ਧਮਾਕੇ ਦੀ ਲੋੜ ਹੁੰਦੀ ਹੈ’ ਵਰਗੇ ਬੋਲ ਹਵਾ ਦੇ ਪਰਾਂ ‘ਤੇ ਲਿਖਕੇ ਭਗਤ ਸਿੰਘ ਅਤੇ ਬੀ.ਕੇ. ਦੱਤ ਵੱਲੋਂ 8 ਅਪ੍ਰੈਲ 1929 ਨੂੰ ਸਿਰਜੇ ਬੋਲਾਂ ਦੀ ਇਤਿਹਾਸਕ ਮਹੱਤਤਾ ਅਤੇ ਪ੍ਰਸੰਗਿਕਤਾ ਉਭਾਰਨ ਵਿੱਚ ਸਫ਼ਲ ਰਿਹਾ ਦੇਸ਼ ਭਗਤ ਯਾਦਗਾਰ ਹਾਲ ‘ਚ ਹੋਇਆ ਅੱਜ ਦਾ ਵਿਚਾਰ-ਚਰਚਾ ਸਮਾਗਮ। ਇਸ ਵਿਚਾਰ-ਚਰਚਾ ਨੂੰ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ, ਉਦੇਸ਼ਾਂ ਅਤੇ ਅਜੋਕੇ ਭਖ਼ਦੇ ਸਰੋਕਾਰਾਂ ਨੂੰ ਕੇਂਦਰ ‘ਚ ਰੱਖਕੇ ਸਾਰਥਕ ਬਣਾਉਣ ਉਪਰ ਜ਼ੋਰ ਦਿੰਦਿਆਂ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਨੇ ਇਸ ਦਾ ਆਗਾਜ਼ ਕੀਤਾ। ਉਹਨਾਂ ਦੱਸਿਆ ਕਿ ਅਜੇਹੀਆਂ ਵਿਚਾਰ-ਚਰਚਾ ਮਿਲਣੀਆਂ ਦਾ ਆਪਣਾ ਮਹੱਤਵ ਅਤੇ ਲੋੜ ਹੈ। ਵਿਚਾਰ-ਚਰਚਾ ਦਾ ਮੁੱਢ ਬੰਨ੍ਹਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਅਤੇ ਲਾਇਬ੍ਰੇਰੀ ਕਮੇਟੀ ਦੇ ਕਨਵੀਨਰ ਹਰਵਿੰਦਰ ਭੰਡਾਲ ਨੇ ਕਿਹਾ ਕਿ ਸਾਡੇ ਲੋਕਾਂ ਦੇ ਭਗਤ ਸਿੰਘ ਨੂੰ ਹਾਕਮ ਜਮਾਤੀ ਸੰਸਥਾਵਾਂ ਅਤੇ ਵਿਚਾਰਧਾਰਾਵਾਂ ਕਦੇ ਹਥਿਆਉਣ, ਕਦੇ ਬਦਨਾਮ ਕਰਨ ਦੇ ਸਾਰੇ ਹੱਥ ਕੰਡੇ ਵਰਤਦੀਆਂ ਹਨ ਪਰ ਸਮਾਜਕ ਬਦਲਾਅ ਭਾਵ ਇਨਕਲਾਬ ਦੇ ਚਿੰਨ੍ਹ ਭਗਤ ਸਿੰਘ ਦੀ ਹਸਤੀ ਨੂੰ ਮਿਟਾਇਆ ਨਹੀਂ ਜਾ ਸਕਦਾ। ਇਸ ਵਿਚਾਰ-ਚਰਚਾ ‘ਚ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ, ਸਰਵਜੀਤ ਗਿੱਲ, ਕਮੇਟੀ ਮੈਂਬਰ ਪ੍ਰੋ. ਤੇਜਿੰਦਰ ਵਿਰਲੀ, ਕਮੇਟੀ ਮੈਂਬਰ ਅਜਮੇਰ ਸਿੰਘ, ਵਿਦਿਆਰਥੀ ਪਰਵਿੰਦਰ ਕੌਰ, ਜਾਣੇ-ਪਹਿਚਾਣੇ ਪੱਤਰਕਾਰ ਰਮਨਦੀਪ ਸਿੰਘ ਸਿੱਧੂ, ਕਮੇਟੀ ਮੈਂਬਰ ਅਤੇ ਮਿਊਜ਼ੀਅਮ ਕਮੇਟੀ ਦੇ ਕਨਵੀਨਰ ਸੁਰਿੰਦਰ ਕੁਮਾਰੀ ਕੋਛੜ ਅਤੇ ਕਮੇਟੀ ਮੈਂਬਰ ਮੰਗਤ ਰਾਮ ਪਾਸਲਾ ਨੇ ਵਿਚਾਰ ਰੱਖੇ। ਬੁਲਾਰਿਆਂ ਨੇ ਜ਼ੋਰ ਦਿੱਤਾ ਕਿ ਭਗਤ ਸਿੰਘ ਦੀ ਸਖਸ਼ੀਅਤ, ਉਸਦੀ ਅਤੇ ਉਸਦੇ ਸਾਥੀਆਂ ਦੀ ਦੇਣ, ਪੜ੍ਹਨ ਅਧਿਐਨ ਕਰਨ ਅਤੇ ਅਮਲ ‘ਚ ਵਿਚਾਰਾਂ ਨੂੰ ਲਾਗੂ ਕਰਨ ਦੀ ਉਹਨਾਂ ਦੀ ਯੋਗਤਾ ਨੂੰ ਤਾਂ ਸਲਾਮ ਕਰਨਾ ਬਣਦਾ ਹੀ ਹੈ ਇਸਤੋਂ ਕਿਤੇ ਵੱਧ ਜ਼ਰੂਰੀ ਹੈ ਕਿ ਉਹਨਾਂ ਦੇ ਅਧੂਰੇ ਕਾਜ਼ ਨੂੰ ਨੇਪਰੇ ਚਾੜ੍ਹਨ ਲਈ ਤਨਦੇਹੀ ਨਾਲ ਇਕਜੁੱਟ ਹੋ ਕੇ ਲੋਕ ਸੰਗਰਾਮ ਦੀ ਸੂਝ-ਬੂਝ ਦਾ ਲੋਕਾਈ ਵਿੱਚ ਸੰਚਾਰ ਕੀਤਾ ਜਾਏ। ਕਮੇਟੀ ਮੈਂਬਰ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਵੱਲੋਂ ਕਮੇਟੀ ਦੀ ਤਰਫ਼ੋਂ ਰੱਖੇ ਮਤਿਆਂ ‘ਚ ਮੰਗ ਕੀਤੀ ਗਈ ਕਿ ਇਰਾਨ ਉਪਰ ਅਮਰੀਕੀ-ਇਜ਼ਰਾਇਲੀ ਹਮਲੇ ਬੰਦ ਕੀਤੇ ਜਾਣ, ਤਾਜ਼ਾ ਲੇਬਰ ਕਾਨੂੰਨ ਮੂਲੋਂ ਰੱਦ ਕੀਤੇ ਜਾਣ, ਮੁਲਕ ਅੰਦਰ ਫ਼ਿਰਕੂ ਫਾਸ਼ੀ ਮਾਹੌਲ ਦੀ ਗਰਮ ਹਵਾ ਵਗਾਉਣਾ ਬੰਦ ਕੀਤਾ ਜਾਵੇ। ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉਪਰ ਰੋਕਾਂ ਬੰਦ ਕੀਤੀਆਂ ਜਾਣ ਅਤੇ ਜੇਲ੍ਹੀਂ ਡੱਕੇ ਲੋਕਾਂ ਦੇ ਪ੍ਰਤੀਨਿੱਧਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਏ। ਮੌਸਮ ਦੀ ਖਰਾਬੀ ਨਾਲ ਹੋਏ ਫ਼ਸਲਾਂ ਦੇ ਨੁਕਸਾਨ ਕਾਰਨ ਕਿਸਾਨਾਂ-ਮਜ਼ਦੂਰਾਂ ਦੀ ਤੁਰੰਤ ਬਾਂਹ ਫੜੀ ਜਾਏ। ਇਹਨਾਂ ਮਤਿਆਂ ਦੀ ਹੱਥ ਖੜ੍ਹੇ ਕਰਕੇ ਸਮੂਹ ਹਾਜ਼ਰੀਨ ਨੇ ਪ੍ਰਵਾਨਗੀ ਦਿੱਤੀ। ਸਮਾਗਮ ਦੇ ਸਿਖ਼ਰ ‘ਤੇ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੂੰ ਜਾਨਣ ਸਮਝਣ ਲਈ ਸਾਨੂੰ ਗਹਿਰਾਈ ਨਾਲ ਪੜ੍ਹਨ, ਵਿਚਾਰਨ ਅਤੇ ਲੋਕਾਂ ਨਾਲ ਆਤਮਸਾਤ ਹੋਣ ਦੀ ਲੋੜ ਹੈ। ਉਹਨਾਂ ਕਿਹਾ ਕਿ ਅਜੇਹੀ ਵਿਚਾਰ-ਚਰਚਾ ਮਿਲਣੀ ਦਾ ਆਪਣਾ ਮਹੱਤਵ ਹੈ ਇਹ ਭਵਿੱਖ਼ ਵਿੱਚ ਵੀ ਜਾਰੀ ਰੱਖੀ ਜਾਏਗੀ। ਇਸ ਸਮਾਗਮ ‘ਚ ਕਮੇਟੀ ਮੈਂਬਰ ਅਤੇ ਆਡਿਟ/ਦੇਖ-ਰੇਖ ਕਮੇਟੀ ਦੇ ਕਨਵੀਨਰ ਰਣਜੀਤ ਸਿੰਘ ਔਲਖ, ਕਮੇਟੀ ਮੈਂਬਰ ਕੁਲਬੀਰ ਸਿੰਘ ਸੰਘੇੜਾ, ਕਮੇਟੀ ਮੈਂਬਰ ਪ੍ਰਗਟ ਸਿੰਘ ਜਾਮਾਰਾਏ ਤੋਂ ਇਲਾਵਾ ਵਿਦਿਆਰਥੀ, ਨੌਜਵਾਨਾਂ, ਕਿਰਤੀ-ਕਿਸਾਨਾਂ, ਔਰਤ ਪ੍ਰਤੀਨਿੱਧਾਂ ਦੀ ਭਰਮੀ ਹਾਜ਼ਰੀ ਸੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleSAMAJ WEEKLY = 10/04/2026
Next articleਪੰਜਾਬ ਸੰਭਾਲੋ ਮੁਹਿਮ ਦੇ ਹੱਕ ਵਿੱਚ ਉਮੜਿਆ ਜਨ ਸੈਲਾਬ, ਮਿਸ਼ਨ ਮਾਲਵਾ ਫਤਿਹ ਦੀ ਸ਼ੁਰੂਆਤ -ਕਰੀਮਪੁਰੀ