ਪਟਿਆਲਾ, (ਸਮਾਜ ਵੀਕਲੀ)- ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਅਧਾਰਤ ਸਾਂਝਾ ਮਜ਼ਦੂਰ ਮੋਰਚਾ ਦੇ ਸੂਬਾਈ ਸੱਦੇ ਤਹਿਤ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਚ ਪੇਂਡੂ ਅਤੇ ਖੇਤ ਮਜ਼ਦੂਰ ਪਰਿਵਾਰਾਂ ਸਮੇਤ 9 ਅਗਸਤ ਤੋਂ ਸ਼ਾਹੀ ਸ਼ਹਿਰ ਪਟਿਆਲਾ ਵਿਖੇ ਗਰਜਣਗੇ।ਇਸ ਸੰਬੰਧੀ ਸਭ ਤਿਆਰੀਆਂ ਮੁਕੰਮਲ ਹਨ। ਜ਼ਿਕਰਯੋਗ ਹੈ ਕਿ ਚਿਰਾਂ ਤੋਂ ਲਟਕਦੀਆਂ ਮਜ਼ਦੂਰ ਮੰਗਾਂ ਦੇ ਹੱਲ ਲਈ 7 ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 9,10,11 ਅਗਸਤ ਨੂੰ ਪਟਿਆਲਾ ਦੀ ਪੁੱਡਾ ਗਰਾਉਂਡ ਵਿਖੇ ਮੋਰਚਾ ਲਗਾਉਣ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਵੱਲ ਨੂੰ ਮਾਰਚ ਕੀਤੇ ਜਾਣ ਦਾ ਐਲਾਨ ਕੀਤਾ ਹੋਇਆ ਹੈ।ਇਸ ਸੰਘਰਸ਼ ਵਿੱਚ ਪੰਜਾਬ ਭਰ ਵਿੱਚ ਮਜ਼ਦੂਰਾਂ ਵਲੋਂ ਸ਼ਮੂਲੀਅਤ ਦੀਆਂ ਉਤਸ਼ਾਹਜਨਕ ਰਿਪੋਰਟਾਂ ਹੈੱਡਕੁਆਰਟਰ ਉੱਤੇ ਪੁੱਜੀਆਂ ਹਨ।
ਸਾਂਝੇ ਮੋਰਚੇ ਦੇ ਆਗੂ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ,ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਬਬਲੀ ਅਟਵਾਲ, ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਦੇਵੀ ਕੁਮਾਰੀ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਪ੍ਰਧਾਨ ਸੰਜੀਵ ਮਿੰਟੂ ਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਹਰਵਿੰਦਰ ਸਿੰਘ ਸੇਮਾ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬਾ ਕਾਂਗਰਸ ਸਰਕਾਰ ਵਲੋਂ ਚੋਣ ਵਾਅਦਿਆਂ ਨੂੰ ਅਮਲ ਵਿੱਚ ਲਾਗੂ ਕਰਨ ਦੀ ਥਾਂ ਇਹਨਾਂ ਤੋਂ ਮੁਕਰਨ ਖਿਲਾਫ਼ ਪੰਜਾਬ ਭਰ ਮਜ਼ਦੂਰਾਂ ਦੇ ਮਨਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਸਰੂਪ ਨਗਰ ਰਾਊਵਾਲੀ ਸਥਿਤ # ਪੰਜਾਬੀ ਲਹਿਰ ਸੂਚਨਾ ਤੇ ਮੀਡੀਆ ਕੇਂਦਰ# ਨਾਲ ਗੱਲਬਾਤ ਦੌਰਾਨ ਕਿਹਾ ਕਿ ਇਹ ਸਰਕਾਰ ਵੀ ਲੋਕ ਵਿਰੋਧੀ ਨੀਤੀਆਂ ਲਾਗੂ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਦੇ ਰਾਹ ਪਈ ਹੋਈ ਹੈ। ਇਹਨਾਂ ਨੀਤੀਆਂ ਦੇ ਕਾਰਨ ਬੇਰੁਜ਼ਗਾਰੀ, ਅਰਧ ਬੇਰੁਜ਼ਗਾਰੀ ਦੇ ਚਲਦਿਆਂ ਮਜ਼ਦੂਰਾਂ ਦਾ ਜਿਊਣਾ ਦੁੱਭਰ ਹੋਇਆ ਪਿਆ ਹੈ।ਦੋ ਡੰਗ ਦਾ ਚੁੱਲਾ ਤੱਪਦਾ ਰੱਖਣ ਤੋਂ ਵੀ ਅਵਾਜ਼ਾਰ ਮਜ਼ਦੂਰ ਕਰਜ਼ਾ ਕੁੜਿੱਕੀ ਵਿੱਚ ਫਸੇ ਹੋਏ ਹਨ। ਕਾਂਗਰਸੀ ਸਰਕਾਰ ਵੀ ਵਾਅਦੇ ਅਨੁਸਾਰ ਮਜ਼ਦੂਰਾਂ ਦੇ ਸਮੁੱਚੇ ਕਰਜ਼ੇ ਮੁਆਫ਼ ਕਰਨ, ਰੁਜ਼ਗਾਰ, ਰਿਹਾਇਸ਼ੀ ਪਲਾਟ ਦੇਣ, ਘਰੇਲੂ ਬਿਜਲੀ ਬਿੱਲ ਮੁਆਫ਼ ਕਰਨ ਸਮਾਜਿਕ ਜ਼ਬਰ ਤੋਂ ਨਿਜਾਤ ਦਿਵਾਉਣ ਆਦਿ ਤੋਂ ਅਸਫ਼ਲ ਸਿੱਧ ਹੋਈ ਹੈ। ਫਾਸ਼ੀਵਾਦੀ ਮੋਦੀ ਸਰਕਾਰ ਦੁਆਰਾ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਸੋਧਾਂ ਨੂੰ ਰੱਦ ਕਰਨ ਸੰਬੰਧੀ ਸੂਬਾ ਸਰਕਾਰ ਵਿਧਾਨ ਸਭਾ ਵਿੱਚ ਮਤਾ ਪਾਸ ਨਾ ਕਰਕੇ ਵੀ ਮਜ਼ਦੂਰਾਂ ਨਾਲ ਵਿਤਕਰੇਬਾਜ਼ੀ ਕਰ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪੇਂਡੂ ਅਤੇ ਖੇਤ ਮਜ਼ਦੂਰਾਂ ਪਾਸ ਆਪਣੀਆਂ ਮੰਗਾਂ ਮਸਲਿਆਂ ਦੇ ਹੱਲ ਸੰਘਰਸ਼ ਕਰਨ ਤੋਂ ਬਿਨ੍ਹਾਂ ਕੋਈ ਹੋਰ ਚਾਰਾ ਨਹੀਂ ਹੈ।
ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਸਮੂਹ ਮਜ਼ਦੂਰਾਂ ਨੂੰ ਹੁੰਮ ਹੁੰਮਾ ਕੇ ਪਟਿਆਲਾ ਮੋਰਚੇ ਵਿੱਚ ਸ਼ਾਮਲ ਹੋਣ ਦੀ ਅਪੀਲ ਵੀ ਕੀਤੀ ਗਈ।
ਜਾਰੀ ਕਰਤਾ, ਕਸ਼ਮੀਰ ਸਿੰਘ ਘੁੱਗਸ਼ੋਰ,
ਸੂਬਾ ਪ੍ਰੈੱਸ ਸਕੱਤਰ
ਪੇਂਡੂ ਮਜ਼ਦੂਰ ਯੂਨੀਅਨ ਪੰਜਾਬ
8968684311