ਪਾਥੀਆਂ ਪਹੁੰਚੀਆਂ ਅਮਰੀਕਾ !

(ਸਮਾਜ ਵੀਕਲੀ)

ਅਸੀਂ ਪਿੰਡਾਂ ਆਲੇ ਕੀ ਕਰੀਏ , ਸਾਡੇ ਦੇਸੀ ਪਿੰਡਾਂ ਆਲੇ ਕੰਮ ਸਾਨੂੰ ਹਰ ਥਾਂ ਕਰਨੇ ਪੈਂਦੇ ਜਾ ਫੇਰ ਅਸੀਂ ਕਰਕੇ ਹੀ ਰਹਿੰਦੇ ਹਾਂ । ਚਾਹੇ ਖਾਣ ਪੀਣ ਹੋਵੇ , ਟੂਣੇ ਟਾਮਣ , ਪਹਿਰਾਵਾ, ਬੋਲੀ , ਗਾਲੀ ਗਲੋਚ, ਭੀੜ ਵਿੱਚ ਇੱਕ ਦੁਜੇ ਦੇ ਬਾਂਹਾਂ ਮਾਰਕੇ ਲੰਘਣਾ , ਜਾ ਫੇਰ ਹੋਰ ਨਿੱਕੜ ਸੁੱਕੜ , ਸਭ ਕੁਝ ਸਾਡੇ ਪਿੰਡਾਂ ਆਲ਼ੀਆਂ ਦਾ ਵੱਖਰਾ ਤੇ ਨਿਵੇਕਲਾ ਹੀ ਹੁੰਦਾ ਹੈ।

ਜਿਵੇਂ ਸਿਆਣੀਆਂ ਕਿਹਾ ਖਾਈਏ ਮਨ ਭਾਉਂਦਾ , ਪਹਿਨੀਏ ਜੱਗ ਭਾਉਂਦਾ । ਖਾਣ ਪੀਣ ਦੀ ਗੱਲ ਕਰੀਏ ਤਾਂ ਸਾਨੂੰ ਪਿੰਡਾਂ ਆਲੇ ਪੰਜਾਬੀਆਂ ਨੂੰ ਸ਼ਹਿਰੀ ਖਾਣੇ ਕੋਈ ਬਹੁਤੇ ਰਾਸ ਨੀ ਆਉਂਦੇ । ਫੇਰ ਬਾਹਰਲੇ ਮੁਲਕ ਵਿੱਚ ਆ ਕੇ ਕਿੱਥੋਂ ਰਾਸ ਆਉਣਗੇ ਭਲਾ ?

ਗੱਲ ਕਰਦੇ ਆ ਬੀਬੀ ਬਲਵਿੰਦਰ ਦੀ , ਬੀਬੀ ਬਲਵਿੰਦਰ ਨੂੰ ਸਵੇਰੇ ਤਾਜ਼ੇ ਮੱਖਣ ਨਾਲ ਪਰੌਂਠਾ ਤੇ ਨਾਲ ਚਾਹ ਦਾ ਸਟੀਲ ਦਾ ਉਹ ਵੱਡਾ ਦੇਸੀ ਕੱਪ ਚਾਹੀਦਾ ਹੁੰਦਾ । ਭਾਵੇ ਬੀਬੀ ਬਲਵਿੰਦਰ ਪੇਕੇ ਪਿੰਡ ਹੋਵੇ , ਭਾਵੇ ਸਹੁਰੇ ਪਿੰਡ , ਭਾਵੇ ਵੱਡੀ ਧੀ ਕੋਲ ਸਿਡਨੀ ਤੇ ਭਾਵੇ ਨਿੱਕੀ ਧੀ ਕੋਲ ਅਮਰੀਕਾ । ਸਵੇਰ ਦਾ ਨਾਸ਼ਤਾ ਉਹ ਹੀ ਰਹਿੰਦਾ ਭਾਵੇ ਘਰ ਵਿੱਚ ਸ਼ਗਨਾਂ ਦਾ ਕੰਮ ਹੋਵੇ ਭਾਵੇ ਸੱਸ ਦੀ ਅੰਤਿਮ ਅਰਦਾਸ ਦਾ ਭੋਗ ।
ਸਾਗ ਨਾਲ ਮੱਕੀ ਦੀ ਰੋਟੀ ਬਣੀ ਹੋਵੇ ਤਾਂ ਬੀਬੀ ਨੂੰ ਰੋਟੀ ਨਾਲ ਧੁਆਂਖਣ ਲੱਗਿਆ ਖੱਟਾ/ਲੱਸੀ ਜ਼ਰੂਰ ਚਾਹੀਦੀ ਆ। ਆ ਜਦੋਂ ਦੀ ਬੀਬੀ ਅਮਰੀਕਾ ਗਈ ਅਸੀਂ ਸੋਚਦੇ ਸੀ ਕਿ ਬੀਬੀ ਬਦਲ ਗਈ ਹੋਣੀ ਹੁਣ ਅਮਰੀਕਾ ਵਿੱਚ ਸਾਡੇ ਪਿੰਡਾਂ ਆਲੇ ਖਾਣੇ ਕਿੱਥੇ ? ਪਰ ਬੀਬੀ ਬਲਵਿੰਦਰ ਕਿਵੇਂ ਬਦਲ ਸਕਦੀ , ਰੱਬ ਰੱਬ ਕਰੋ !

ਵਾਰਿਸ ਸ਼ਾਹ ਆਦਤਾਂ ਜਾਂਦੀਆਂ ਨੀ , ਭਾਵੇ ਕੱਟੀਏ ਪੋਰੀਆਂ ਪੋਰੀਆਂ ਜੀ !

ਇੱਕ ਦਿਨ ਮੈਂ ਬੀਬੀ ਬਲਵਿੰਦਰ ਨੂੰ ਫੋਨ ਕੀਤਾ ਤਾਂ ਕਹਿੰਦੇ ਮੈਂ ਧੁਆਂਖਣ ਲਾਉਂਦੀ ਸੀ ।

ਮੈਂ ਪੁੱਛਿਆ ਕੋਲ਼ੇ ਨਾਲ ਲਾਉਂਦੇ ਹੁੰਦੇ ?

ਨਾ ਮੈਂ ਤਾਂ ਚਮਚਾ ਕੁ ਪਾਥੀ ਦਾ ਤੋੜ ਕੇ ਗੈਸ ਤੇ ਅੱਗ ਨਾਲ ਸਾੜ ਕੇ ਲਾਉਂਦੀ ਹੁੰਦੀ ਹਮੇਸ਼ਾ !

ਹੇ ! ਪਾਥੀਆਂ ! ਪਾਥੀਆਂ ਵੀ ਪੱਥ ਲਈਆਂ ਅਮਰੀਕਾ ਜਾ ਕੇ ਜਾ ਫੇਰ ਕਿੱਥੋਂ ਲਈਆਂ ?

ਲੈ ਮੈਂ ਸਹੁਰੇ ਪਿੰਡ ਇੰਡੀਆ ਤੇ ਲਿਆਈ ਸੀ ਜਦੋਂ ਦੂਜੀ ਵਾਰੀ ਆਈ ਆ । ਅਟੈਚੀ ਵਿੱਚ ਕਿਸੇ ਨੇ ਨੀ ਚੈੱਕ ਕੀਤਾ । ਤਿੰਨ ਸਾਲ ਹੋ ਗਏ ਧੁਆਂਖਣ ਲੱਗਦੇ ਨੂੰ । ਬਹੁਤ ਬਰਕਤ ਉਹਨਾਂ ਪਾਥੀਆਂ ਦੀ !

ਤੋਬਾ ਤੋਬਾ, ਨਾ ਤੁਸੀਂ ਪਾਥੀਆਂ ਵੀ ਜਹਾਜ਼ ਚੜਾ ਕੇ ਲੈ ਆਏ । ਨਹੀਂ ਰੀਸਾਂ ਬੀਬੀ ਬਲਵਿੰਦਰ ਕੌਰੇ ਤੇਰੀਆਂ ।

ਲੈ ਹੋਰ ਮੈਂ ਤਾਂ ਹੁਣ ਅਗਲੇ ਫੇਰੇ ਚੁੱਲਾ ਵੀ ਲੈ ਕੇ ਆਉਣਾ ਸਾਗ ਧਰਨੇ ਨੂੰ । ਗੈਸ ਤੇ ਬਣਾਈਆਂ ਸਾਗ ਸਵਾਦ ਜਿਹਾ ਨੀ ਲੱਗਦਾ ।

ਆ ਹੈ ਜੀ ਅਸੀਂ ਪਿੰਡਾਂ ਆਲੇ ਕੋਈ ਖੇਤਾਂ ਦੀ ਮਿੱਟੀ ਲੈ ਗਿਆ , ਕੋਈ ਬਾਬੇ ਦੀ ਸਮਾਧ ਦੀਆ ਇੱਟਾਂ ਤੇ ਇੱਧਰ ਬੀਬੀ ਬਲਵਿੰਦਰ ਪਾਥੀਆਂ ਵੀ ਅਮਰੀਕਾ ਨੂੰ ਲੈ ਆਈ । ਹੈ ਕੋਈ ਰੀਸ ਸਾਡੀ ਪਿੰਡਾਂ ਆਲ਼ੀਆਂ ਦੀ ? ਜੋ ਕੰਮ ਕਰੀਦਾ ਅਨੋਖਾ ਈ ਕਰੀਦਾ । ਜਿੱਥੇ ਵੀ ਜਾਈਦਾ ਨਵਾਂ ਪੰਜਾਬੀ ਪਿੰਡ ਵਸਾਈਦਾ ।

ਸਰਬਜੀਤ ਲੌਂਗੀਆਂ ਜਰਮਨੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleBiden, Egypt’s Sisi discuss regional, int’l issues
Next articlePalestine welcomes UN resolution against Israeli settlements