(ਸਮਾਜ ਵੀਕਲੀ) ਗੁਰਦਿਆਲ ਕੌਰ ਜਲਦੀ ਕਰ ਆਪਾਂ ਨੇ ਲੇਟ ਹੋ ਜਾਣਾ, ਹੋਰ ਕਿੰਨਾ ਸਮਾਂ ਲੱਗਣਾ ਹੈ ਤੈਨੂੰ ਤਿਆਰ ਹੋਣ ਵਿੱਚ। ਬਸ ਜੀ, ਆਈ 10 ਮਿੰਟ ਰੁਕੋ ,ਹੁਣੇ ਹੀ ਤਿਆਰ ਹੋ ਕੇ ਆਈ। ਚਲ ,ਜਲਦੀ ਕਰ ,ਗੱਡੀ ਵਿੱਚ ਬੈਠ ਆਪਾਂ ਪਹਿਲਾਂ ਹੀ ਲੇਟ ਹੋ ਚੁੱਕੇ ਹਾਂ। ਗੁਰਦਿਆਲ ਕੌਰ ਅਤੇ ਮਾਸਟਰ ਹਰਦੀਪ ਸਿੰਘ ਦੋਵੇਂ ਗੱਡੀ ਵਿੱਚ ਬੈਠ ਕੇ ਫੰਕਸ਼ਨ ਲਈ ਰਵਾਨਾ ਹੋ ਚੁੱਕੇ ਸੀ। ਰਸਤੇ ਦੇ ਅੱਧ ਵਿਚਕਾਰ ਜਾ ਕੇ ਗੁਰਦਿਆਲ ਕੌਰ ਨੂੰ ਯਾਦ ਆਇਆ ਕਿ, ਰਿਸ਼ਤੇਦਾਰਾਂ ਨੂੰ ਦੇਣ ਵਾਲਾ ਤੋਹਫਾ ਤਾਂ ਘਰ ਵਿੱਚ ਹੀ ਰਹਿ ਗਿਆ ਹੈ। ਮਾਸਟਰ ਹਰਦੀਪ ਸਿੰਘ ਨੂੰ ਬਹੁਤ ਗੁੱਸਾ ਆ ਰਿਹਾ ਸੀ, ਆਪਣੀ ਪਤਨੀ ਤੇ ਕਿਉਂਕਿ ਉਹ ਪਹਿਲਾਂ ਹੀ ਲੇਟ ਹੋ ਚੁੱਕੇ ਸਨ ਤੇ ਉਸ ਉੱਤੇ ਰਿਸ਼ਤੇਦਾਰਾਂ ਨੂੰ ਦੇਣ ਵਾਲਾ ਤੋਹਫਾ ਵੀ ਘਰ ਵਿੱਚ ਰਹਿ ਗਿਆ ਸੀ। ਹੁਣ ਉਨਾਂ ਕੋਲ ਇੰਨਾ ਸਮਾਂ ਨਹੀਂ ਸੀ ਕਿ ਉਹ ਕੋਈ ਤੋਹਫਾ ਖਰੀਦ ਸਕਦੇ ਸਨ ।ਥੋੜੀ ਜਿਹੀ ਅੱਗੇ ਜਾ ਕੇ ਉਨਾਂ ਨੇ ਦੇਖਿਆ ਕਿ ਅੱਗੇ ਇੱਕ ਬਹੁਤ ਵੱਡੀ ਨਰਸਰੀ ਹੈ, ਅਤੇ ਉਸ ਵਿੱਚ ਫੁੱਲਾਂ ਦੀ ਦੁਕਾਨ ਵੀ ਹੈ। ਪਤੀ ਪਤਨੀ ਦੋਵਾਂ ਨੇ ਵਿਚਾਰ ਬਣਾਇਆ ,ਕਿਉਂ ਨਾ ਇੱਥੋਂ ਇੱਕ ਗੁਲਦਸਤਾ ਤਿਆਰ ਕਰਵਾ ਲਿਆ ਜਾਵੇ, ਗੁਲਦਸਤੇ ਦੇ ਨਾਲ ਉਹ ਕੁੱਝ ਨਗਦੀ ਦੇ ਦੇਣਗੇ। ਇਸ ਗੱਲ ਤੇ ਦੋਵਾਂ ਦੀ ਸਹਿਮਤੀ ਹੋ ਗਈ। ਦੋਵੇਂ ਪਤੀ ਪਤਨੀ ਨਰਸਰੀ ਕੋਲ ਜਾ ਕੇ ਰੁੱਕ ਗਏ ਅਤੇ ਗੁਲਦਸਤਾ ਤਿਆਰ ਕਰਵਾਉਣ ਲਈ ਕਹਿਣ ਲੱਗੇ। ਗੁਲਦਸਤਾ ਤਿਆਰ ਕਰਵਾਉਣ ਵਾਲੀ ਕੀਮਤ ਨੂੰ ਲੈ ਕੇ ਗੁਰਦਿਆਲ ਕੌਰ ਅਤੇ ਦੁਕਾਨਦਾਰ ਵਿੱਚ ਸਹਿਮਤੀ ਨਹੀਂ ਹੋ ਰਹੀ ਸੀ। ਉਨਾਂ ਦੀ ਬਹਿਸ ਸੁਣ ਕੇ ਨਰਸਰੀ ਅਤੇ ਫੁੱਲਾਂ ਦੀ ਦੁਕਾਨ ਦਾ ਮਾਲਕ ਬਾਹਰ ਆਇਆ, ਥੋੜੀ ਦੇਰ ਉਨਾਂ ਵੱਲ ਦੇਖ ਕੇ ਉਨਾਂ ਨੂੰ ਬਿਨਾਂ ਪੈਸੇ ਲਏ ਹੀ ਗੁਲਦਸਤਾ ਦੇਣ ਲਈ ਕਿਹਾ, ਮਾਸਟਰ ਹਰਦੀਪ ਸਿੰਘ ਬੜੇ ਹੀ ਹੈਰਾਨ ਹੋਏ, ਫਿਰ ਉਹ ਦੁਕਾਨਦਾਰ ਮਾਸਟਰ ਹਰਦੀਪ ਸਿੰਘ ਦੇ ਪੈਰੀ ਪੈ ਗਿਆ, ਤੇ ਕਹਿਣ ਲੱਗਿਆ ,ਸਰ ਜੀ,ਸਰ ਜੀ, ਤੁਸੀਂ ਪਛਾਣਿਆ ਨਹੀਂ ਮੈਨੂੰ। ਮੈਂ ਗੁਰਤੇਜ ਸਿੰਘ ਤੁਹਾਡਾ ਵਿਦਿਆਰਥੀ, ਮੈਂ ਅੱਜ ਜੋ ਵੀ ਹਾਂ ਜਾਂ ਮੇਰੇ ਕੋਲ ਜੋ ਵੀ ਕੁਝ ਹੈ ,ਉਹ ਤੁਹਾਡੀ ਹੀ ਮਿਹਰਬਾਨੀ ਹੈ। ਮਾਸਟਰ ਹਰਦੀਪ ਸਿੰਘ ਨੂੰ ਥੋੜਾ ਵੀ ਵਕਤ ਨਾ ਲੱਗਿਆ ਆਪਣੇ ਵਿਦਿਆਰਥੀ ਗੁਰਤੇਜ ਸਿੰਘ ਨੂੰ ਪਛਾਣਨ ਵਿੱਚ। ਪਰ ਸਰ ਜੀ ਮੈਨੂੰ ਮਾਫ ਕਰ ਦਿਓ, ਉਸ ਵਕਤ ਮੈਂ ਤੁਹਾਡੇ ਹੱਕ ਚ ਨਹੀਂ ਖਲੋ ਸਕਿਆ, ਪਰ ਤੁਹਾਡੀ ਸਿਖਾਈ ਹੋਈ ਬਾਗਬਾਨੀ ਅਤੇ ਹੱਥ ਦੇ ਕੀਤੇ ਨੇ ਮੈਨੂੰ ਆਪਣੀ ਰੋਜੀ ਰੋਟੀ ਕਮਾਣ ਲਾ ਦਿੱਤਾ ਹੈ। ਇਸੇ ਕੀਤੇ ਦੇ ਸਹਾਰੇ ਮੈਂ ਆਪਣਾ ਅਤੇ ਆਪਣੇ ਪਰਿਵਾਰ ਦਾ ਪਾਲਨ ਪੋਸ਼ਣ ਕਰ ਰਿਹਾ ਹਾਂ। ਮਾਸਟਰ ਹਰਦੀਪ ਸਿੰਘ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ ਅਤੇ ਉਹ ਬੀਤੇ ਸਮੇਂ ਵਿੱਚ ਚਲੇ ਗਏ, ਜਦੋਂ ਉਹ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਹੱਥੀ ਕੰਮ ਕਰਨ ਦੇ ਵੀ ਹੁਨਰ ਸਿਖਾਂਦੇ ਸੀ ,ਇਸ ਦੇ ਨਾਲ ਹੀ ਉਹ ਬੱਚਿਆਂ ਨੂੰ ਖੇਤੀ ਦੇ ਤਜੁਰਬੇ ਅਤੇ ਬਾਗਬਾਨੀ ਦੇ ਕੰਮਾਂ ਵਿੱਚ ਲਾਈ ਰੱਖਦੇ ਸੀ, ਤਾਂ ਜੋ ਬੱਚੇ ਪੜ੍ਹਾਈ ਦੇ ਨਾਲ ਨਾਲ ਜ਼ਿੰਦਗੀ ਦੇ ਤਜਰਬੇ ਵੀ ਸਿੱਖਦੇ ਰਹਿਣ। ਪਰ ਉਹ ਮੰਦਭਾਗਾ ਦਿਨ ਜਿਸ ਦਿਨ ਕਿਸੇ ਅਨਪੜ ਵਿਅਕਤੀ ਨੇ ਗੁਰਤੇਜ ਦੀ ਸਕੂਲ ਵਿੱਚ ਕਹੀ ਚਲਾਉਂਦੇ ਦੀ ਫੋਟੋ ਖਿੱਚ ਕੇ ਅਖਬਾਰ ਵਿੱਚ ਪਾ ਦਿੱਤੀ ਅਤੇ ਲਿਖ ਦਿੱਤਾ ਕਿ ਮਾਸਟਰ ਹਰਦੀਪ ਸਿੰਘ ਸਕੂਲ ਵਿੱਚ ਪੜ੍ਹਾਈ ਦੀ ਥਾਂ ਬੱਚਿਆਂ ਤੋਂ ਦਿਹਾੜੀ ਕਰਵਾਉਂਦੇ ਹਨ , ਜਿਸ ਦੇ ਸਿੱਟੇ ਵਜੋਂ ਮਾਸਟਰ ਹਰਦੀਪ ਸਿੰਘ ਨੂੰ ਉਨਾਂ ਦੀਆਂ ਸੇਵਾਵਾਂ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਮਾਸਟਰ ਹਰਦੀਪ ਸਿੰਘ ਇੰਨਾ ਸੋਚ ਹੀ ਰਹੇ ਸੀ ਕਿ ਗੁਰਤੇਜ ਨੇ ਉਨਾਂ ਨੂੰ ਬੁਲਾਇਆ, ਤੇ ਕਹਿਣ ਲੱਗਿਆ ਤੁਹਾਡੇ ਵਰਗੇ ਮਾਸਟਰ ਬੱਚਿਆਂ ਨੂੰ ਸਿਰਫ ਪੜਾਉਂਦੇ ਹੀ ਨਹੀਂ, ਉਨਾਂ ਨੂੰ ਅਸਲ ਜ਼ਿੰਦਗੀ ਵਿੱਚ ਵਿਚਰਨਾ ਵੀ ਸਿਖਾਂਦੇ ਹਨ। ਮਾਸਟਰ ਜੀ ਮੈਂ ਪੜ੍ਹਾਈ ਵੀ ਬਹੁਤ ਕੀਤੀ ,ਨੌਕਰੀ ਦੇ ਫਾਰਮ ਵੀ ਬਹੁਤ ਭਰੇ ,ਪੇਪਰ ਵੀ ਬਹੁਤ ਦਿੱਤੇ, ਪਰ ਜਦ ਆਖਿਰ ਚ ਕੁਝ ਵੀ ਨਾ ਬਣਿਆ, ਤਾਂ ਮੈਨੂੰ ਆਪਣੇ ਅੰਦਰ ਛਿਪਿਆ ਇਹ ਹੁਨਰ ਦਿਖਿਆ, ਜਿਸ ਦਾ ਬੀਜ ਤੁਸੀਂ ਬਚਪਨ ਚ ਮੇਰੇ ਅੰਦਰ ਬੋਇਆ ਸੀ, ਬਾਗਬਾਨੀ ਦਾ, ਜਿਹੜਾ ਕਿ ਤੁਸੀਂ ਹਰ ਬੱਚੇ ਚ ਕੱਢਣਾ ਚਾਹੁੰਦੇ ਸੀ,ਉਸਦਾ ਹੀ ਪਰਿਣਾਮ ਹੈ, ਕਿ ਅੱਜ ਮੈਂ ਆਪਣੇ ਪੈਰਾਂ ਤੇ ਖੜਾ ਹਾਂ। ਧੰਨਵਾਦ ਸਰ ਜੀ।
ਨੀਤੂ ਰਾਣੀ
ਗਣਿਤ ਅਧਿਆਪਿਕਾ
ਲਹਿਰਾਗਾਗਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



