ਸੰਘਰਸ਼ਾਂ ਦਾ ਜਾਇਆ…ਜਗਤਾਰ ਜਜ਼ੀਰਾ

31 ਜਨਵਰੀ,2024 ਨੂੰ ਸੇਵਾ-ਮੁਕਤੀ ‘ਤੇ ਵਿਸ਼ੇਸ਼…

ਬਰਨਾਲਾ 30, ਜਨਵਰੀ (ਚੰਡਿਹੋਕ) ਜਗਤਾਰ ਨੇ ਆਪਣੇ ਜੀਵਨ ਦਾ ਸਮੁੱਚਾ ਪੈਂਡਾ ਸੌਖਿਆਂ ਹੀ ਤੈਅ ਨਹੀਂ ਕੀਤਾ। ਉਹ ਬਾਲ ਉਮਰ ਤੋਂ ਹੀ ਆਰਥਿਕ ਤੰਗੀਆਂ-ਤਰੁਸ਼ੀਆਂ ਨਾਲ਼ ਜੂਝਿਆ। 5 ਜਨਵਰੀ 1966 ਨੂੰ ਪਿੰਡ ਉਗੋਕੇ ਜਿਲ੍ਹਾ ਸੰਗਰੂਰ ( ਹੁਣ ਬਰਨਾਲਾ) ਵਿਖੇ ਮਾਤਾ ਸਵ : ਦਲੀਪ ਕੌਰ ਦੀ ਕੁੱਖੋਂ ਪਿਤਾ ਮੁਖਤਿਆਰ ਸਿੰਘ “ਹੱਟੀਵਾਲ਼ਾ” ਦੇ ਘਰ ਜਨਮੇ ਇਸ ਸਪੂਤ ਨੇ ਅੱਠਵੀਂ ਤੱਕ ਦੀ ਵਿੱਦਿਆ ਪਿੰਡ ਉਗੋਕੇ ਦੇ ਸਕੂਲ ਵਿੱਚੋਂ ਪਾਸ ਕੀਤੀ। ਆਪਣੇ ਪੰਜ ਭੈਣ-ਭਰਾਵਾਂ ਵਿੱਚੋਂ ਦੂਜਾ ਸਥਾਨ ‘ਤੇ ਜਨਮੇ ਜਗਤਾਰ ਨੇ ਫਿਰ ਦਸਵੀਂ  ਤੱਕ ਦੀ ਪੜ੍ਹਾਈ ਲਾਗਲੇ ਪਿੰਡ ਸੁਖਪੁਰਾ ਦੇ ਸਰਕਾਰੀ ਹਾਈ ਸਕੂਲ ਤੋਂ ਪਹਿਲੇ ਦਰਜੇ ਵਿੱਚ 70%ਨੰਬਰ ਲੈ ਕੇ ਸੰਨ 1984 ਵਿੱਚ ਪਾਸ ਕੀਤੀ। ਪਰ ਘਰ ਦੇ ਆਰਥਿਕ ਹਾਲਾਤ ਨਾਸਾਜ਼ ਹੋਣ ਕਾਰਨ ਉਸਦਾ ਅਗਲੇਰੀ ਪੜ੍ਹਾਈ ਲਈ ਕਾਲਜ ਜਾਣ ਦਾ ਸੁਪਨਾ ਰਾਹ ‘ਚ ਹੀ ਦਮ ਤੋੜ ਗਿਆ।  ਜਗਤਾਰ ਨੇ ਪੜ੍ਹਦੇ ਸਮੇਂ ਹੀ ਸਾਇਕਲਾਂ ਨੂੰ ਪੈਂਚਰ ਲਾਉਣ ਦੀ ਛੋਟੀ ਜਿਹੀ ਦੁਕਾਨ ਪਾ ਲਈ ਜੋ ਨੌਕਰੀ ਲੱਗਣ ਤੱਕ ਸਾਲਮ ਸਬੂਤੀ ਚਲਦੀ ਰਹੀ। ਆਪਣੀ ਅਗਲੇਰੀ ਜ਼ਿੰਦਗੀ ਖ਼ੁਸ਼ਨੁਮਾ ਬਤੀਤ ਕਰਨ ਅਤੇ ਆਪਣੇ ਅੰਦਰ ਪਲਦੇ ਸੁਪਨੇ ਸਾਕਾਰ ਕਰਨ ਲਈ ਉਸਨੇ ਬਰਨਾਲਾ ਵਿਖੇ ਨੌਜੁਆਨਾਂ ਦੇ ਰਾਹ ਦਸੇਰਾ ਪੱਤਰਕਾਰ ਅਸ਼ੋਕ ਭਾਰਤੀ ਕੋਲ਼ ਪੰਜਾਬੀ ਟਾਇਪਿੰਗ ਸਿਖਦੇ ਸਮੇਂ ਮਾਰਚ 1985 ਵਿੱਚ ਮਲਟੀਪਰਪਜ਼ ਹੈਲਥ ਵਰਕਰ ਦੀ ਟ੍ਰੇਨਿੰਗ ਲਈ ਫਾਰਮ ਭਰ ਦਿੱਤੇ। 15 ਅਪ੍ਰੈਲ 1985 ਨੂੰ ਕਿਸੇ ਤੋਂ ਕਿਰਾਇਆ ਉਧਾਰਾ ਮੰਗ ਕੇ ਉਹ ਖਰੜ ਇੰਟਰਵਿਊ ‘ਤੇ ਚਲਾ ਗਿਆ। ਉਸਨੂੰ 1 ਮਈ ਨੂੰ ਸਿਲੈਕਸ਼ਨ ਦੀ ਚਿੱਠੀ ਆ ਗਈ ਪਰ 5 ਮਈ ਤੱਕ ਕਿਰਾਏ ਸਮੇਤ ਕੁਝ ਖਰਚੇ ਦਾ ਜੁਗਾੜ ਕਰਨ ਦੇ ਮੱਦੇਨਜ਼ਰ ਲੰਘ ਗਏ। ਜਦੋਂ ਸਲੈਕਸ਼ਨ ਹੋਈ ਤਾਂ ਅੱਗੋਂ ਹੋਸਟਲ ਦੇ ਸਾਰੇ ਕਮਰੇ ਮੁੰਡਿਆਂ ਨਾਲ ਭਰ ਚੁੱਕ ਸਨ ਅਤੇ ਉਸਨੂੰ ਕੋਈ ਵੀ ਹੋਸਟਲ ਕਮਰੇ ਵਿੱਚ ਨਾਲ਼ ਰੱਖਣ ਲਈ ਤਿਆਰ ਨਾ ਹੋਇਆ। ਹਾਲਾਤ ਨਾਲ਼ ਜੂਝਦਿਆਂ ਉਸਨੇ ਦੋ ਰਾਤਾਂ ਉੱਥੇ ਬਰਾਂਡੇ ਵਿੱਚ ਹੀ ਭੁੰਝੇ ਮੱਛਰ ਨਾਲ਼ ਦੋ-ਚਾਰ ਹੁੰਦਿਆਂ ਕੱਟੀਆਂ । ਤੀਜੇ ਦਿਨ ਜਾਕੇ ਦੋ ਅੰਮ੍ਰਿਤਸਰ ਦੇ ਮੁੰਡਿਆਂ ਨੇ ਕੁਝ ਸ਼ਰਤਾਂ ਤੇ ਉਸਨੂੰ ਕਮਰੇ ਵਿੱਚ ਰੱਖ ਲਿਆ। ਟ੍ਰੇਨਿੰਗ ਕਰਨ ਉਪਰੰਤ 6 ਫਰਵਰੀ 1987 ਨੂੰ ਸਿਵਲ ਸਰਜਨ ਸੰਗਰੂਰ ਤੋਂ ਮੈਡੀਕਲ ਕਰਵਾਉਣ ਉਪਰੰਤ ਸਿਵਲ ਸਰਜਨ ਪਟਿਆਲਾ ਦੇ ਦਫ਼ਤਰ ਪਹੁੰਚ ਕੇ ਉਸਨੇ ਹਾਜ਼ਰੀ ਦਿੱਤੀ । 7, 8 ਫਰਵਰੀ ਦੀ ਦਫਤਰ ਵਿੱਚ ਛੁੱਟੀ ਹੋਣ ਕਾਰਨ ਦੋ ਦਿਨ ਗੁਰਦੁਆਰਾ ਸ਼੍ਰੀ ਦੂਖ-ਨਿਵਾਰਨ ਸਾਹਿਬ, ਪਟਿਆਲਾ ਵਿਖੇ ਕੱਟੇ ।

ਜਗਤਾਰ ਨੇ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਦਿਆਂ 9 ਫਰਵਰੀ ਨੂੰ ਪੀ ਐਚ ਸੀ ਕਾਲ਼ੋਮਾਜਰਾ ਵਿਖੇ ਪਹਿਲੀ ਹਾਜ਼ਰੀ ਲਾਈ। ਪਰ ਨੌਕਰੀ ਦੇ ਸ਼ੁਰੂਆਤੀ ਦੌਰ ਵਿੱਚ ਉਸਨੂੰ ਕਲਰਕਾਂ ਦੀ ਘੁੰਡੀ ਕਾਰਨ 6,7,8 ਫਰਵਰੀ ਦੀ ਤਨਖਾਹ ਹੀ ਨਾ ਮਿਲੀ। ਵੈਸੇ ਸੁਭਾਅ ਪੱਖੋਂ ਜੁਝਾਰੂਪਨ ਬਚਪਨ ਤੋਂ ਉਸਦੇ ਅੰਗ-ਸੰਗ ਰਿਹਾ। ਇੱਥੇ ਹੀ ਪੈਰਾ-ਮੈਡੀਕਲ ਜਿਲ੍ਹਾ ਆਗੂ ਸ਼੍ਰੀ ਦੌਲਤ ਰਾਮ ਨਾਲ਼ ਮੇਲ-ਮਿਲਾਪ ਹੋਇਆ ਜਿਸ ਦੀ ਪ੍ਰੇਰਨਾ ਸਦਕਾ ਜਗਤਾਰ ਨੇ ਸਿਹਤ ਮੁਲਾਜ਼ਮ ਜਥੇਬੰਦੀ ਵਿੱਚ ਡਟ ਕੇ ਕੰਮ ਕੀਤਾ। ਉਸਨੇ ਜੁਲਾਈ 1990 ਵਿੱਚ ਬਦਲੀ ਕਰਵਾ ਕੇ ਲੁਧਿਆਣਾ ਜਿਲ੍ਹੇ ਦੀ ਪੀ ਐਚ ਸੀ ਵਿੱਚ ਜਾ ਹਾਜ਼ਰੀ ਭਰੀ ਅਤੇ ਇਥੋਂ ਚਾਰ ਕੁ ਮਹੀਨਿਆਂ ਬਾਅਦ ਹੀ ਬਦਲੀ ਕਰਵਾ ਕੇ ਪੀ ਐਚ ਸੀ ਹਠੂਰ (ਲੁਧਿਆਣਾ) ਵਿੱਚ ਆ ਗਿਆ। ਇਸ ਪੀ ਐਚ ਸੀ ਨੂੰ ਇਸ ਮਹਿਕਮੇ ਦੇ ਮੁਲਾਜ਼ਮ ਕਾਲ਼ਾ-ਪਾਣੀ ਆਖਦੇ ਸਨ ਪਰ ਇਹ ਕਾਲ਼ਾ-ਪਾਣੀ “ਜਜ਼ੀਰੇ” ਨੂੰ ਫਿੱਟ ਬਹਿ ਗਿਆ। ਇਥੇ ਰਹਿ ਕੇ ਸਾਥੀ ਭਾਨ ਸਿੰਘ ਦੀ ਅਗਵਾਈ ਵਿੱਚ ਬਲਾਕ ਪ੍ਰਧਾਨ ਵੱਜੋਂ ਸਿਹਤ ਮੁਲਾਜ਼ਮਾਂ ਲਈ ਸੰਘਰਸ਼ ਵਿੱਢੇ।

ਇਸ ਤੋਂ ਬਾਅਦ ਜਗਤਾਰ ਨੇ ਆਪਣੀ ਜ਼ਿੰਦਗੀ ਦੀ ਪੈੜ ਚਾਲ ਨੂੰ ਅੱਗੇ ਤੋਰਦਿਆਂ ਮਈ 2002 ਵਿੱਚ ਬਦਲੀ ਕਰਵਾਉਣ ਉਪਰੰਤ ਜਿਲ੍ਹਾ ਸੰਗਰੂਰ (ਉਸ ਵੇਲੇ ਦੇ ਜਿਲ੍ਹਾ ਜੋ ਹੁਣ ਬਰਨਾਲਾ ਜਿਲ੍ਹਾ ਅਧੀਨ ਹੈ ) ਸੀ ਐਚ ਸੀ ਧਨੌਲਾ ਵਿਖੇ ਹਾਜ਼ਰੀ ਲਗਵਾਈ। ਇਥੇ ਪੈਰਾ-ਮੈਡੀਕਲ ਜਮਾਤ ਦੇ ਘਾਗ ਆਗੂ ਸਾਥੀ ਲਾਲ ਸਿੰਘ ਨਾਲ਼ ਰਲ਼ਕੇ ਬਲਾਕ ਪ੍ਰਧਾਨ, ਫੇਰ ਤਿੰਨ ਸਾਲ ਮਲਟੀਪਰਪਜ਼ ਹੈਲਥ ਵਰਕਰ ਮਰਦ/ਔਰਤ ਦੇ ਜਿਲ੍ਹਾ ਆਗੂ ਵਜੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਕੀਤਾ। ਇਥੇ ਲਾਲ ਸਿੰਘ ਧਨੌਲਾ ਨਾਲ਼ ਕੁਝ ਜਮਾਤੀ ਮੰਗਾਂ ਤੇ ਮੱਤ ਭੇਦ ਹੋਣ ਕਾਰਨ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਮਲਟੀਪਰਪਜ਼ ਹੈਲਥ ਵਰਕਰ ਮਰਦ/ਔਰਤ ਦੀ ਵੱਖਰੀ ਜਥੇਬੰਦੀ ਦਾ ਗਠਨ ਕਰ ਲਿਆ ਜਿਸ ਦੇ ਪਹਿਲੇ ਪੰਜਾਬ ਪ੍ਰਧਾਨ ਗੁਰਦੇਵ ਸਿੰਘ “ਢਿੱਲੋਂ” ਅੰਮ੍ਰਿਤਸਰ ਅਤੇ ਪੰਜਾਬ ਦੇ ਜਨਰਲ ਸਕੱਤਰ ਜਗਤਾਰ “ਜਜ਼ੀਰੇ” ਦੀ ਚੋਣ ਮੁਲਾਜ਼ਮਾਂ ਦੀ ਆਪਸੀ ਸਹਿਮਤੀ ਨਾਲ ਕੀਤੀ ਗਈ।

18 ਦਸੰਬਰ 2007 ਨੂੰ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਵਜੋਂ ਪਦ ਉੱਨਤ ਹੋ ਕੇ ਪੀ ਐਚ ਸੀ ਖਿਆਲ਼ਾ ਕਲਾਂ (ਮਾਨਸਾ) ਵਿੱਚ ਹਾਜ਼ਰੀ ਲਗਵਾਈ ਅਤੇ ਅੱਗੋਂ ਫਫੜੇ-ਭਾਈਕੇ ਨੂੰ ਆਪਣਾ ਹੈੱਡ-ਕੁਆਰਟਰ ਬਣਾ ਕੇ 8 ਅਗਸਤ 2008 ਨੂੰ ਮੁੜ ਧਨੌਲਾ ਸੀ ਐਚ ਸੀ ਵਾਪਿਸ ਆ ਕੇ ਇਸ ਅਧੀਨ ਪੈਂਦੇ ਪਿੰਡ ਰੂੜੇਕੇ ਕਲਾਂ ਹੈਡਕੁਆਰਟਰ ਡਿਊਟੀ ਨਿਭਾਉਂਦੇ ਹੋਏ 3 ਸਤੰਬਰ 2019 ਨੂੰ ਸਹਾਇਕ ਮਲੇਰੀਆ ਅਫ਼ਸਰ ਸੰਗਰੂਰ ਵਜੋਂ ਪਦ ਉੱਨਤ ਹੋਏ। ਅੱਜ 31 ਜਨਵਰੀ 2024 ਦਿਨ ਬੁੱਧਵਾਰ ਨੂੰ  36 ਸਾਲ 22 ਦਿਨ ਦੀ ਆਪਣੀ ਨੌਕਰੀ (ਸੇਵਾ) ਕਰਨ ਉਪਰੰਤ ਸਿਵਲ ਸਰਜਨ ਸੰਗਰੂਰ ਦਫ਼ਤਰ ਤੋਂ ਸੇਵਾ ਮੁਕਤ ਹੋ ਰਹੇ ਹਨ। ਸ਼ਾਲਾ…! ਉਹ ਹਮੇਸ਼ਾਂ ਹਸਦੇ ਵਸਦੇ ਰਹਿਣ ।ਆਮੀਨ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

 

Previous articleਆਕਸਫੋਰਡ ਸ਼ਾਈਨ ਇੰਟਰਨੈਸ਼ਨਲ ਸਕੂਲ ਅੱਪਰਾ ਵਿਖੇ 75ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ
Next articleSamaj Weekly 331 = 31/01/2024