(ਸਮਾਜ ਵੀਕਲੀ)
(पंजाबी/हिन्दी में ‘प’ अक्षर के अर्थ-१):
ਪੰਜਾਬੀ ਸ਼ਬਦਾਵਲੀ ਵਿੱਚ ਹਰ ਧੁਨੀ ਦੇ ਅਰਥ ਹਨ ਅਤੇ ਧੁਨੀਆਂ ਦੇ ਅਰਥਾਂ ਨੂੰ ਪ੍ਰਮੁੱਖ ਰੱਖ ਕੇ ਹੀ ਸ਼ਬਦਾਂ ਵਿੱਚ ਲੋੜ ਅਨੁਸਾਰ ਉਹਨਾਂ ਦੀ ਵਰਤੋਂ ਕੀਤੀ ਗਈ ਹੈ। ਇਸ ਸੰਬੰਧ ਵਿੱਚ ਇਸ ਗੱਲ ਦਾ ਵਿਸ਼ੇਸ਼ ਤੌਰ ‘ਤੇ ਧਿਆਨ ਰੱਖਿਆ ਗਿਆ ਹੈ ਕਿ ਹਰ ਸ਼ਬਦ ਦੇ ਅਰਥਾਂ ਨੂੰ ਤੋੜ ਚੜ੍ਹਾਉਣ ਲਈ ਕਿਸੇ ਪੱਖੋਂ ਵੀ ਕੋਈ ਘਾਟ ਨਾ ਰਹੇ। ਸ਼ਬਦਾਂ ਨੂੰ ਨੀਝ ਨਾਲ਼ ਦੇਖਿਆਂ ਪਤਾ ਲੱਗਦਾ ਹੈ ਕਿ ਹਰ ਸ਼ਬਦ ਵਿੱਚ ਧੁਨੀਆਂ ਨੂੰ ਏਨੀ ਨਿਪੁੰਨਤਾ ਨਾਲ਼ ਬੀੜਿਆ ਗਿਆ ਹੈ ਕਿ ਕੋਈ ਅੱਖਰ ਤਾਂ ਕੀ ਸਗੋਂ ਕਿਸੇ ਲਗ ਜਾਂ ਲਗਾਖਰ ਤੱਕ ਦੀ ਵੀ ਬਿਨਾਂ ਲੋੜ ਤੋਂ ਵਰਤੋਂ ਨਹੀਂ ਕੀਤੀ ਗਈ। ਇਸ ਲੇਖ ਵਿੱਚ ਪੇਸ਼ ਹੈ ਪੰਜਾਬੀ ਸ਼ਬਦਾਵਲੀ ਵਿੱਚ ‘ਪ’ ਧੁਨੀ ਦੇ ਅਰਥ ਅਤੇ ਇਸ ਦੀ ਵਰਤੋਂ ਸੰਬੰਧੀ ਕੁਝ ਮਹੱਤਵਪੂਰਨ ਤੱਥ।
‘ਸ਼ਬਦਾਂ ਦੀ ਪਰਵਾਜ਼’: ਭਾਗ-2 ਵਿੱਚ ‘ਪਹਿਰ/ਦੁਪਹਿਰ’ ਸ਼ਬਦਾਂ ਦੀ ਵਿਉਤਪਤੀ ਬਾਰੇ ਵਿਚਾਰ ਕਰਦਿਆਂ ‘ਪ’ ਧੁਨੀ ਨਾਲ਼ ਬਣੇ ਕੁਝ ਸ਼ਬਦਾਂ, ਜਿਵੇਂ: ਪਹਿਰ, ਦੁਪਹਿਰ, ਪੰਛੀ, ਪੰਖ, ਪੱਖ, ਪਾਸਾ, ਪਰ ਆਦਿ ਦਾ ਜ਼ਿਕਰ ਆਇਆ ਸੀ। ਇਸ ਭਾਗ ਵਿੱਚ ਦੱਸਿਆ ਗਿਆ ਸੀ ਕਿ ਇਹਨਾਂ ਸਾਰੇ ਸ਼ਬਦਾਂ ਵਿੱਚ ਆਏ ‘ਪ’ ਅੱਖਰ ਦੇ ਅਰਥ; ਦੋ ਦੂਜਾ, ਦੂਜੇ ਆਦਿ ਹਨ। ਦੂਜੀ ਗੱਲ ਇਹ ਕਿ ਪ ਧੁਨੀ ਨਾਲ਼ ਬਣੇ ਕੁਝ ਸ਼ਬਦਾਂ ਨਾਲ਼ ਸੰਬੰਧਿਤ ਚੀਜ਼ਾਂ ਦੇ ਇੱਕੋ-ਜਿਹੇ ਦੋ ਜਾਂ ਦੋ ਤੋਂ ਵੱਧ ਪੱਖ ਜਾਂ ਪਾਸੇ ਹੁੰਦੇ ਹਨ; ਮਿਸਾਲ ਦੇ ਤੌਰ ‘ਤੇ ਪੰਖ ਸ਼ਬਦ ਵਿਚਲੇ ਪ ਅੱਖਰ ਦਾ ਭਾਵ ਹੈ- ਦੋ (ਪੰਖ); ਪੰਨਾ (ਸਫ਼ਾ) ਅਰਥਾਤ ਇੱਕ ਵਰਕੇ ਜਾਂ ਕਾਗ਼ਜ਼ ਦੇ ਦੋ ਪਾਸੇ ਜਾਂ ਕਿਸੇ ਕਿਤਾਬ ਜਾਂ ਕਾਪੀ ਆਦਿ ਦੇ ਬਹੁਤ ਸਾਰੇ (ਦੋ ਤੋਂ ਵੱਧ) ਪੰਨੇ ਅਤੇ ਪਹਿਰ ਸ਼ਬਦ ਵਿਚਲੇ ਪ+ਅਹਿਰ (ਦੋ/ਦੂਜਾ/ਦੂਜੇ + ਦਿਨ) ਦਾ ਭਾਵ ਹੈ- ਦਿਨ ਦੇ ਵੱਖ-ਵੱਖ ਬਰਾਬਰ ਭਾਗਾਂ ਵਿਚਲੇ ਅੱਠ ਪਹਿਰਾਂ (ਦੋ ਤੋਂ ਵੱਧ) ਵਿੱਚੋਂ ਇੱਕ ਪਹਿਰ।
ਪਰ ਉਸ ਲੇਖ ਦਾ ਵਿਸ਼ਾ ਕਿਉਂਕਿ ਕੇਵਲ ਦਸਹਿਰਾ, ਪਹਿਰ ਜਾਂ ਦੁਪਹਿਰ ਆਦਿ ਸ਼ਬਦਾਂ ਤੱਕ ਹੀ ਸੀਮਿਤ ਸੀ ਇਸ ਲਈ ਉਸ ਲੇਖ ਵਿੱਚ ਉਪਰੋਕਤ ਵਿਸ਼ੇ ਨਾਲ਼ ਸੰਬੰਧਿਤ ਕੇਵਲ ਕੁਝ ਇਕ ਸ਼ਬਦਾਂ ਦੀ ਹੀ ਵਿਆਖਿਆ ਕੀਤੀ ਜਾ ਸਕਦੀ ਸੀ। ਇਸ ਲੇਖ ਵਿੱਚ ਵੀ ਬੇਸ਼ੱਕ ‘ਪ’ ਧੁਨੀ ਦੀ ਸ਼ਮੂਲੀਅਤ ਵਾਲ਼ੇ ਸਾਰੇ ਸ਼ਬਦਾਂ ਦਾ ਜ਼ਿਕਰ ਤਾਂ ਸੰਭਵ ਨਹੀਂ ਪਰ ਫਿਰ ਵੀ ਕੋਸ਼ਸ਼ ਕੀਤੀ ਗਈ ਹੈ ਕਿ ਅਜਿਹੇ ਸ਼ਬਦਾਂ ਦਾ ਜ਼ਿਕਰ ਜ਼ਰੂਰ ਕੀਤਾ ਕੀਤਾ ਜਾਵੇ ਜਿਨ੍ਹਾਂ ਦੀ ਵਰਤੋਂ ਸਾਡੀ ਰੋਜ਼ਮੱਰਾ ਦੀ ਬੋਲੀ ਵਿੱਚ ਅਕਸਰ ਕੀਤੀ ਜਾਂਦੀ ਹੈ ਤਾਂਜੋ ਇਹ ਸਪਸ਼ਟ ਹੋ ਸਕੇ ਕਿ ਧੁਨੀਆਂ ਦੇ ਬਾਕਾਇਦਾ ਅਰਥ ਹੁੰਦੇ ਹਨ ਅਤੇ ਹਰ ਸ਼ਬਦ ਵਿੱਚ ਹਰ ਧੁਨੀ ਦਾ ਕੋਈ ਨਾ ਕੋਈ ਅਰਥ ਹੁੰਦਾ ਹੈ। ਹਾਂ, ਧੁਨੀਆਂ ਦੀਆਂ ਕਲਾਵਾਂ ਕਾਰਨ ਇਹਨਾਂ ਦੇ ਅਰਥਾਂ ਵਿੱਚ ਕਦੇ-ਕਦਾਈਂ ਥੋੜ੍ਹੀ-ਬਹੁਤ ਤਬਦੀਲੀ ਜ਼ਰੂਰ ਹੋ ਸਕਦੀ ਹੈ ਪਰ ਇਹ ਤਬਦੀਲੀਆਂ ਇਹਨਾਂ ਦੇ ਸੁਭਾਵਾਂ ਦਾ ਇੱਕ ਅਨਿੱਖੜਵਾਂ ਅੰਗ ਹੁੰਦੀਆਂ ਹਨ; ਇਹੋ ਤਬਦੀਲੀਆਂ ਕਿਸੇ ਸ਼ਬਦ ਦੇ ਦੋ ਜਾਂ ਦੋ ਤੋਂ ਵੱਧ ਅਰਥ ਹੋਣ ਦਾ ਆਧਾਰ, ਕਾਰਨ ਜਾਂ ਸਬਬ ਵੀ ਬਣਦੀਆਂ ਹਨ ਜਾਂ ਇਹ ਕਹਿ ਲਓ ਕਿ ਇਹ ਤਬਦੀਲੀਆਂ ਕਿਸੇ ਸ਼ਬਦ ਦੇ ਇੱਕ ਤੋਂ ਵੱਧ ਅਰਥ ਹੋਣ ਦਾ ਖ਼ੁਲਾਸਾ ਵੀ ਕਰਦੀਆਂ ਹਨ।
ਸੋ, ਪ ਧੁਨੀ ਦੇ ਅਰਥ ਤਾਂ ਉੱਪਰ ਦੱਸ ਹੀ ਦਿੱਤੇ ਗਏ ਹਨ- ਦੋ, ਦੂਜਾ ਜਾਂ ਦੂਜੇ ਆਦਿ। ਲੇਖ ਦੇ ਅਗਲੇ ਭਾਗ ਵਿੱਚ ਇਹ ਸਿੱਧ ਕਰਨ ਦੀ ਕੋਸ਼ਸ਼ ਕੀਤੀ ਜਾਵੇਗੀ ਕਿ ਪੰਜਾਬੀ ਦੇ ਹਰ ਸ਼ਬਦ (ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਤੋਂ ਆਏ) ਵਿੱਚ ਪ ਧੁਨੀ ਦੇ ਅਰਥ: ਦੋ ਜਾਂ ਦੂਜਾ ਆਦਿ ਹੀ ਹਨ ਅਤੇ ਇਹ ਕਿ ਸ਼ਬਦ ਧੁਨੀਆਂ ਦੇ ਮੇਲ਼ ਤੋਂ ਹੀ ਬਣੇ ਹਨ ਅਤੇ ਪ ਧੁਨੀ ਦੇ ਅਰਥਾਂ ਵਾਂਗ ਹਰ ਧੁਨੀ ਦੇ ਆਪੋ-ਆਪਣੇ, ਵੱਖੋ-ਵੱਖਰੇ ਅਰਥ ਹੁੰਦੇ ਹਨ।
ਸਭ ਤੋਂ ਪਹਿਲਾਂ ਪੇਸ਼ ਹੈ ਇੱਕ ਦੋ-ਅੱਖਰੀ ਸ਼ਬਦ: ਪਰ। ਪੰਜਾਬੀ ਵਿੱਚ ਪਰ ਸ਼ਬਦ ਦੇ ਤਿੰਨ ਅਰਥ ਹਨ। ਇਸ ਸ਼ਬਦ ਵਿੱਚ ‘ਪ’ ਧੁਨੀ ਸ਼ਾਮਲ ਹੋਣ ਕਾਰਨ ਸੰਸਕ੍ਰਿਤ ਮੂਲ ਵਾਲ਼ੇ ਸ਼ਬਦ ‘ਪਰ’ ਦਾ ਪਹਿਲਾ ਅਰਥ ਹੈ; ਦੂਜਾ, ਪਰਾਇਆ, ਗ਼ੈਰ, ਅਜਨਬੀ ਅਾਦਿ, ਜਿਵੇਂ: ਪਰਦੇਸ, ਪਰਉਪਕਾਰ ਪਰਲੋਕ ਅਾਦਿ। ਇਸੇ ਮੂਲ ਦਾ ਹੋਣ ਕਾਰਨ ਹੀ ਇਸ ਸ਼ਬਦ ਨੂੰ ਲਗ-ਪਗ ਇਹਨਾਂ ਹੀ ਅਰਥਾਂ (ਦੂਜਾ, ਦੂਜੇ ਅਾਦਿ) ਵਿੱਚ ਇੱਕ ਯੋਜਕ (ਦੋ ਸਾਮਾਨ ਜਾਂ ਸਾਧਾਰਨ ਵਾਕਾਂ ਨੂੰ ਜੋੜਨ ਵਾਲ਼ਾ) ਦੇ ਤੌਰ ‘ਤੇ ਵੀ ਵਰਤਿਆ ਜਾਂਦਾ ਹੈ, ਜਿਵੇਂ: “ਉਹ ਸਕੂਲ ਗਿਆ ਪਰ ਛੇਤੀ ਹੀ ਘਰ ਮੁੜ ਆਇਆ।”
ਇਸ ਵਾਕ ਵਿੱਚ ਦੋ ਗੱਲਾਂ ਹੋਣ ਬਾਰੇ ਦੱਸਿਆ ਦੱਸਿਆ ਗਿਆ ਹੈ- ਪਹਿਲੀ ਗੱਲ “ਉਸ ਦੇ ਸਕੂਲ ਜਾਣ ਦੀ” ਹੈ ਤੇ ਦੂਜੀ ਗੱਲ “ਉਸ ਦੇ ਘਰ ਮੁੜ ਆਉਣ ਦੀ” ਹੈ। ਇਹਨਾਂ ਦੋਂਹਾਂ ਵਾਕਾਂ ਨੂੰ ਜੋੜਨ ਵਾਲ਼ਾ ਯੋਜਕ (ਸਮਾਨ ਯੋਜਕ) ‘ਪਰ’ ਹੈ ਜੋਕਿ ਇੱਥੇ “ਦੂਜੀ ਗੱਲ” ਬਾਰੇ ਜਾਣਕਾਰੀ ਦੇ ਰਿਹਾ ਹੈ। ਸਪਸ਼ਟ ਹੈ ਕਿ ਇਸ ਸ਼ਬਦ ਦੇ ਅਜਿਹੇ ਅਰਥਾਂ ਦਾ ਕਾਰਨ ਇਸ ਵਿੱਚ ਪ ਧੁਨੀ ਦਾ ਸ਼ਾਮਲ ਹੋਣਾ ਹੀ ਹੈ। ਇਸੇ ਸ਼ਬਦ ਪਰ ਦੇ ਤੀਸਰੇ ਅਰਥ ਹਨ- ਖੰਭ। ਇਹ ਸ਼ਬਦ ਫ਼ਾਰਸੀ ਭਾਸ਼ਾ ਦਾ ਹੈ ਅਤੇ ਇਸੇ ਤੋਂ ਹੀ ਫ਼ਾਰਸੀ ਭਾਸ਼ਾ ਦੇ ਪਰਿੰਦਾ (ਪਰਾਂ ਵਾਲ਼ੇ), ਪਰੀ, ਪਰਵਾਨਾ, ਪਰਵਾਜ਼ ਆਦਿ ਸ਼ਬਦ ਬਣੇ ਹਨ।
ਜੇਕਰ ਧੁਨੀਆਂ ਦੀਆਂ ਕਲਾਵਾਂ ਦੀ ਗੱਲ ਕੀਤੀ ਜਾਵੇ ਤਾਂ ਉਪਰੋਕਤ ਅਨੁਸਾਰ ਸੰਸਕ੍ਰਿਤ ਮੂਲ ਵਾਲ਼ੇ ਸ਼ਬਦ ‘ਪਰ’ ਦੇ ਦੋ ਅਰਥ ਹਨ ਜਦ ਕਿ ਇਸ ਵਿੱਚ ਕੋਈ ਧੁਨੀ ਵੀ ਨਹੀਂ ਬਦਲੀ ਗਈ। ਜੇਕਰ ‘ਪਰ’ ਦੇ ‘ਰਾਰੇ’ ‘ਤੇ ‘ਲਾਂ’ ਲਾ ਦੇਈਏ ਤਾਂ ਇਸ ਤੋਂ ਬਣੇ ਸ਼ਬਦ ‘ਪਰੇ’ ਦੇ ਅਰਥ ਹੋ ਜਾਣਗੇ: ਦੂਰ ਜਾਂ ਦੂਜੀ ਥਾਂ ‘ਤੇ। ਇਸੇ ਤਰ੍ਹਾਂ ਜੇਕਰ ਇਸ (ਪਰ) ਦੇ ਵਿਚਕਾਰ ਇੱਕ ਮਧੇਤਰ (ਆ ਜਾਂ ਕੰਨਾ) ਲਾ ਦਿੱਤਾ ਜਾਵੇ ਤਾਂ ਸ਼ਬਦ ‘ਪਾਰ’ ਦਾ ਰੂਪ ਧਾਰ ਲਵੇਗਾ ਅਤੇ ਉਸ ਦੇ ਅਰਥ ਹੋ ਜਾਣਗੇ: ਕਿਸੇ ਥਾਂ ਜਾਂ ਚੀਜ਼ ਦੇ ਦੂਜੇ ਪਾਸੇ; ਜਿਵੇਂ: ਦਰਿਆਓਂ ਜਾਂ ਨਦੀਓਂ ਪਾਰ ਅਾਦਿ। ਆਰ-ਪਾਰ ਸ਼ਬਦ-ਜੁੱਟ ਵਿੱਚ ਵੀ ‘ਆਰ’ ਦਾ ਅਰਥ ਹੈ ਇਸ ਪਾਸੇ ਜਾਂ ਉਰਲੇ ਪਾਸੇ ਅਤੇ ਪਾਰ ਦਾ ਅਰਥ ਹੈ- ਦੂਜੇ ਪਾਸੇ।
ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ‘ਪਾਰ’ ਸ਼ਬਦ ਦਰਅਸਲ ਬਣਿਆ ਹੀ ‘ਆਰ’ ਸ਼ਬਦ ਦੇ ਮੂਹਰੇ ਪ ਦੀ ਧੁਨੀ ਲਾਉਣ ਨਾਲ਼ ਹੈ। ਇਸ ਤੋਂ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਪ ਧੁਨੀ ਦੇ ਅਰਥ ਦੋ ਜਾਂ ਦੂਜਾ ਹੋਣ ਕਾਰਨ ਹੀ ਇਸ ਧੁਨੀ ਨੂੰ ਇੱਕ ਨਵਾਂ ਸ਼ਬਦ ਪਾਰ (ਪ+ਆਰ) ਬਣਾਉਣ ਲਈ ਵਰਤਿਆ ਗਿਆ ਹੈ। ਇਸ ਪ੍ਰਕਾਰ ਅਸੀਂ ਇਹ ਵੀ ਦੇਖਦੇ ਹਾਂ ਕਿ ਜਿਵੇਂ-ਜਿਵੇਂ ਸ਼ਬਦਾਂ ਵਿੱਚ ਧੁਨੀਆਂ ਬਦਲਦੀਆਂ ਹਨ, ਤਿਵੇਂ-ਤਿਵੇਂ ਸ਼ਬਦਾਂ ਦੇ ਅਰਥ ਵੀ ਬਦਲ ਰਹੇ ਹਨ। ਸੋ, ਸਪਸ਼ਟ ਹੈ ਕਿ ਹਰ ਧੁਨੀ ਦਾ ਅਰਥ ਹੁੰਦਾ ਹੈ ਅਤੇ ਸਾਰੇ ਸ਼ਬਦ ਬਣੇ ਹੀ ਧੁਨੀਆਂ ਦੇ ਅਜਿਹੇ ਅਰਥਾਂ ਦੇ ਆਧਾਰ ‘ਤੇ ਹਨ।
ਪਰੰਪਰਾ ਸ਼ਬਦ ਦੇ ਕੋਸ਼ਗਤ ਅਰਥ ਹਨ: ਰਹੁ-ਰੀਤ, ਰਿਵਾਜ, ਰਵਾਇਤ ਪਰਿਪਾਟੀ ਆਦਿ ਪਰ ਜੇਕਰ ਇੱਕ ਧੁਨੀ-ਸਮੂਹ ਵਜੋਂ ਇਸ ਦੇ ਅਰਥ ਦੇਖਣੇ ਹੋਣ ਕਿ ਇਹ ਸ਼ਬਦ ਬਣਾਉਣ ਲਈ ਅਰਥਾਂ ਪੱਖੋਂ ਕਿਹੜੀਆਂ ਧੁਨੀਆਂ ( ਪ+ਰ+ਮ+ਪ+ਰ+ਆ ਜਾਂ ਕੰਨਾ) ਦੀ ਚੋਣ ਤੇ ਵਰਤੋਂ ਕਿਵੇਂ ਤੇ ਕਿਉਂ ਕੀਤੀ ਗਈ ਹੈ ਤਾਂ ਸਾਰੀ ਗੱਲ ਸਹਿਜੇ ਹੀ ਸਪਸ਼ਟ ਹੋ ਜਾਂਦੀ ਹੈ ਕਿ ਉਹ ਚੀਜ਼ ਜਾਂ ਪ੍ਰਕਿਰਿਆ ਜੋ ਭੂਤਕਾਲ ਤੋਂ ਸ਼ੁਰੂ ਹੋ ਕੇ ਸਾਡੇ ਤੱਕ ਪਹੁੰਚੀ ਹੋਵੇ (ਪਹਿਲੇ ਪ ਦੇ ਅਰਥ) ਅਤੇ ਉਸੇ ਹੀ ਪ੍ਰਾਰੂਪ ਵਿੱਚ ਵਰਤਮਾਨ ਸਮੇਂ ਤੋਂ ਭਵਿਖ (ਦੂਜੇ ਪ ਦੇ ਅਰਥ) ਵੱਲ ਜਾ ਰਹੀ ਹੋਵੇ; ਉਸੇ ਨੂੰ ਹੀ ‘ਪਰੰਪਰਾ’ ਕਿਹਾ ਜਾਂਦਾ ਹੈ।
ਜ਼ਾਹਰ ਹੈ ਕਿ ਇਸ ਸ਼ਬਦ ਨੂੰ ਅਰਥਗਤ ਤੌਰ ‘ਤੇ ਜਾਇਜ਼ ਠਹਿਰਾਉਣ ਲਈ ਮੁਢਲੇ ਸ਼ਬਦਕਾਰਾਂ ਨੂੰ ਦੋ ਪੱਪੇ (ਪ ਅੱਖਰ) ਦਰਕਾਰ ਸਨ। ਇਸੇ ਕਾਰਨ ਇਸ ਦੇ ਬਹੁਤ ਹੀ ਕਰੀਬੀ ਅਰਥਾਂ ਵਾਲ਼ੇ ਸ਼ਬਦ ‘ਪਰਿਪਾਟੀ’ (ਰੀਤ, ਦਸਤੂਰ, ਚਾਲ, ਪਰੰਪਰਾ, ਸਿਲਸਿਲਾ) ਵਿੱਚ ਵੀ ਦੋ ਪੱਪਿਆਂ ਦੀ ਹੀ ਵਰਤੋਂ ਕੀਤੀ ਗਈ ਹੈ। ਇੱਥੇ ਵੀ ਪਹਿਲੇ ਪ ਦਾ ਇਸ਼ਾਰਾ ਭੂਤਕਾਲ ਵੱਲ ਅਤੇ ਦੂਜੇ ਪ ਦਾ ਇਸ਼ਾਰਾ ਭਵਿਖਤਕਾਲ ਵੱਲ ਹੀ ਹੈ। ਇਸ ਤੋਂ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਧੁਨੀਆਂ ਦੇ ਬਾਕਾਇਦਾ ਅਰਥ ਹੁੰਦੇ ਹਨ ਅਤੇ ਸ਼ਬਦ ਸਿਰਜਣ ਦੀ ਪ੍ਰਕਿਰਿਆ ਵਿੱਚ ਧੁਨੀਆਂ ਮਹਿਜ਼ ਖ਼ਾਨਾਪੂਰਤੀ ਲਈ ਹੀ ਨਹੀਂ ਹੁੰਦੀਆਂ।
ਇਸ ਤੋਂ ਬਿਨਾਂ ਪ ਤੇ ਰ ਅੱਖਰਾਂ ਦੇ ਮੇਲ਼ ਤੋਂ ਬਣੇ ਤਿੰਨ ਸਜਾਤੀ ਅਗੇਤਰਾਂ; ਪਰ (ਪਰਾਇਆ, ਓਪਰਾ, ਦੂਜਾ) ਪਰਿ (ਆਲ਼ੇ-ਦੁਆਲ਼ੇ) ਅਤੇ ਪ੍ਰ (ਦੂਰ-ਦੂਰ ਤੱਕ) ਦੀ ਉਦਾਹਰਨ ਪਾਠਕ ਪਿਛਲੇ ਲੇਖ (ਭਾਗ ਤਿੰਨ) ਵਿੱਚ ਦੇਖ ਹੀ ਚੁੱਕੇ ਹਨ ਕਿ ਪ ਤੇ ਰ ਦੀਆਂ ਮੂਲ ਧੁਨੀਆਂ ਸਾਂਝੀਆਂ ਹੋਣ ਦੇ ਬਾਵਜੂਦ ਬਾਕੀ ਧੁਨੀਆਂ ਅਤੇ ਉਹਨਾਂ ਦੀਆਂ ਕਲਾਵਾਂ ਰਲ਼ ਕੇ ਕਿਵੇਂ ਸ਼ਬਦ-ਰਚਨਾ ਵਿੱਚ ਆਪੋ-ਆਪਣੇ ਅਹਿਮ ਕਿਰਦਾਰ ਨਿਭਾ ਰਹੀਆਂ ਹਨ। ਇੱਕ ਝਲਕ:
‘ਪਰਨਾਲਾ’ (ਸੰਸਕ੍ਰਿਤ ਵਿੱਚ: ‘ਪ੍ਰਣਾਲ’) ਸ਼ਬਦ ਵਿਚਲੇ ‘ਪ’ ਦੀ ਧੁਨੀ ਹੀ ਇਸ ਦੇ ਅਰਥਾਂ (ਛੱਤ ਉੱਪਰਲੇ ਪਾਣੀ ਨੂੰ “ਦੂਜੀ ਥਾਂ” ‘ਤੇ ਸੁੱਟਣ ਵਾਲ਼ਾ) ਨੂੰ ਸਾਕਾਰ ਕਰ ਰਹੀ ਹੈ। ਪਰਾਹੁਣਾ (ਹਿੰਦੀ: ਪਾਹੁਨਾ) ਸ਼ਬਦ ਦੇ ਅਰਥ ਹਨ: ਰਿਸ਼ਤੇਦਾਰ ਜਾਂ ਮਿੱਤਰ ਆਦਿ ਭਾਵ ਕੋਈ ਦੂਜਾ ਵਿਅਕਤੀ ਜੋ ਥੋੜ੍ਹੀ ਦੇਰ ਲਈ ਘਰ ਆਇਆ ਹੋਵੇ। ਇਸ ਸ਼ਬਦ ਦੇ ਅਜਿਹੇ ਅਰਥਾਂ ਨੂੰ ਅੰਜਾਮ ਦੇਣ ਵਾਲ਼ੀ ਮੁੱਖ ਧੁਨੀ ਪ ਅਤੇ ਉਸ ਦੇ ਉਪਰੋਕਤ ਅਰਥ ਹੀ ਹਨ। ਮੂਲ ਰੂਪ ਵਿੱਚ ‘ਪ੍ਰ’ (ਅਰਥ: ਦੂਰ ਦੂਰ ਤੱਕ) ਅਗੇਤਰ ਤੋਂ ਬਣੇ ਸ਼ਬਦ ‘ਪ੍ਰੇਤ’ ਵਿੱਚ ਵੀ ‘ਪ’ ਦੀ ਧੁਨੀ ਹੀ ਇਸ ਦੇ ਅਰਥਾਂ ਨੂੰ ਸੰਪੂਰਨਤਾ ਦੇ ਰਹੀ ਹੈ-
ਮਰ ਮੁੱਕ ਚੁੱਕੇ ਅਰਥਾਤ ਆਪਣੇ ਜੀਵਨ ਦੇ ਦੂਜੇ ਪਾਰ (ਪ ਧੁਨੀ ਦੇ ਅਰਥ) ਜਾ ਚੁੱਕੇ ਮਨੁੱਖ ਦੀ ਰੂਹ, ਭੂਤ ਜਿੰਨ ਆਦਿ। ‘ਭੂਤ’ ਸ਼ਬਦ ਦੇ ਵੀ ਇਸ ਵਿਚਲੀਆਂ ਧੁਨੀਆਂ ਅਨੁਸਾਰ ਇਹੋ ਹੀ ਅਰਥ ਹਨ।
ਇਸੇ ਤਰ੍ਹਾਂ ਪ੍ਰਾਂਤ ਜਾਂ ਪ੍ਰਦੇਸ਼ ਦਾ ਅਰਥ ਹੈ- ਕਿਸੇ ਦੇਸ ਦਾ ਦੂਰ-ਦੂਰ (ਦੂਜੇ ਸਿਰੇ ਤੱਕ) ਦਾ ਇਲਾਕਾ। ਇਹ ਸ਼ਬਦ ਵੀ ਪ੍ਰ ਅਗੇਤਰ (ਅਰਥ= ਦੂਰ-ਦੂਰ ਤੱਕ) ਤੋਂ ਹੀ ਬਣਿਆ ਹੋਇਆ ਹੈ ਜਿਸ ਵਿੱਚ ਪ ਧੁਨੀ ਦੇ ਅਰਥ ਵੀ ਸ਼ਾਮਲ ਹਨ। ਇਸੇ ਤਰ੍ਹਾਂ ‘ਪਰਦੇਸ’ ਸ਼ਬਦ ਭਾਵੇਂ ਪਰ ਅਗੇਤਰ ਤੋਂ ਹੀ ਬਣਿਆ ਹੈ ਪਰ ਇਸ ਦੇ ਅਰਥ ਇਸ ਵਿੱਚ ਪ ਧੁਨੀ ਦੇ ਹੋਣ ਕਾਰਨ ਹੀ ਦੂਜਾ ਜਾਂ ਪਰਾਇਆ ਅਾਦਿ ਹਨ।
‘ਪ੍ਰਵਾਹ’ (ਧਾਰਾ) ਸ਼ਬਦ ‘ਪ੍ਰ+ਵਾਹ’ ਸ਼ਬਦਾਂ ਦੇ ਮੇਲ਼ ਤੋਂ ਬਣਿਆ ਹੈ।ਇਸ ਵਿਚਲੇ ਪ੍ਰ ਅਗੇਤਰ ਦੇ ਅਰਥ ਉੱਪਰ ਲਿਖੇ ਅਨੁਸਾਰ ਹੀ ਹਨ: ਦੂਰ ਦੂਰ ਤੱਕ/ਦੂਜੀ ਥਾਂ ਤੱਕ ਗਿਆ ਜਾਂ ਫੈਲਿਆ ਹੋਇਆ; ‘ਵਾਹ’ ਸ਼ਬਦ ‘ਵਹਿ’ ਧਾਤੂ ਤੋਂ ਬਣਿਆ ਹੈ ਜਿਸ ਦੇ ਅਰਥ ਹਨ: ਵਹਿਣਾ, ਵਗਣਾ ਅੱਗੇ ਵੱਲ ਵਧਣਾ।
ਸੋ, ਉਹ ਧਾਰਾ (ਪਾਣੀ ਜਾਂ ਰੀਤੀ ਰਿਵਾਜ ਆਦਿ ਦੀ) ਜੋ ਪਿੱਛੇ ਤੋਂ ਲੈ ਕੇ ਹੁਣ ਤੱਕ ਤੁਰੀ/ਚੱਲੀ ਆ ਰਹੀ ਹੋਵੇ ਅਤੇ ਬਦਸਤੂਰ ਅੱਗੇ ਵੱਲ ਵਧ (ਵਹਿ) ਰਹੀ ਹੋਵੇ, ਉਸ ਨੂੰ ‘ਪ੍ਰਵਾਹ’ ਕਿਹਾ ਜਾਂਦਾ ਹੈ। ਦੂਜਾ ‘ਪਰਵਾਹ’ (ਫ਼ਾਰਸੀ=ਪਰਵਾ) ਸ਼ਬਦ ਜਿਸ ਦੇ ਅਰਥ ਹਨ: ਧਿਆਨ, ਤਵੱਜੋ, ਚਿੰਤਾ, ਫ਼ਿਕਰ; ਫਾਰਸੀ ਭਾਸ਼ਾ ਦਾ ਹੈ ਅਤੇ ਇਸ ਨੂੰ ਪੂਰੇ ਰਾਰੇ ਨਾਲ਼ ਹੀ ਲਿਖਿਆ ਜਾਣਾ ਹੈ। ਮੂਲ ਰੂਪ ਵਿੱਚ ਇਹ ਸ਼ਬਦ ਹਾਹੇ ਤੋਂ ਬਿਨਾਂ ‘ਪਰਵਾ’ ਹੀ ਹੈ ਪਰ ਪੰਜਾਬੀ/ਹਿੰਦੀ ਵਿੱਚ ਲੋਕ-ਉਚਾਰਨ ਕਾਰਨ ਇਸ ਵਿੱਚ ਹ ਦੀ ਧੁਨੀ ਜੁੜਨ ਕਰਕੇ ਇਸ ਦਾ ਤਦਭਵ ਰੂਪ ‘ਪਰਵਾਹ’ ਹੋ ਗਿਆ ਹੈ।
ਪਿਆਰ ਸ਼ਬਦ ਜੋ ਕਿ ਪ ਧੁਨੀ ਤੇ ਇਸ ਦੇ ਅਰਥਾਂ ਤੋਂ ਹੀ ਬਣਿਆ ਹੈ, ਅੱਗੋਂ ਸੰਸਕ੍ਰਿਤ ਦੇ ਪ੍ਰਿਯ ਸ਼ਬਦ ਤੋਂ ਬਣਿਆ ਹੈ। ਪ੍ਰਿਯ ਸ਼ਬਦ ਤੋਂ ਹੀ ਪੀਆ (ਪ੍ਰੇਮੀ/ਪਤੀ) ਸ਼ਬਦ ਹੋਂਦ ਵਿੱਚ ਆਇਆ ਹੈ। ਪ੍ਰੀਤ ਅਤੇ ਪ੍ਰੀਤਮ ਆਦਿ ਸ਼ਬਦ ਵੀ ਪ ਧੁਨੀ ਦੇ ਅਰਥਾਂ ਤੇ ਹੀ ਆਧਾਰਿਤ ਹਨ। ਇਹਨਾਂ ਸਾਰੇ ਸ਼ਬਦਾਂ ਵਿੱਚ ਪ ਧੁਨੀ ਦੀ ਵਰਤੋਂ ਕਿਸੇ ‘ਦੂਜੇ ਨਾਲ਼’ (ਪ ਧੁਨੀ ਦੇ ਅਰਥ) ਨੇੜਤਾ ਵਾਲ਼ੇ ਸੰਬੰਧ (ਯ ਧੁਨੀ ਦੇ ਅਰਥ) ਪ੍ਰਗਟਾਉਣ ਲਈ ਕੀਤੀ ਗਈ ਹੈ।
‘ਪੈਰ’ ਸ਼ਬਦ ਵੀ ਸੰਸਕ੍ਰਿਤ ਮੂਲਿਕ ਸ਼ਬਦ ਹੈ ਜੋਕਿ ਪ ਧੁਨੀ ਤੋਂ ਹੀ ਬਣਿਆ ਹੈ। ਪ ਧੁਨੀ ਦੇ ਅਰਥਾਂ ਅਨੁਸਾਰ ਇਸ ਸ਼ਬਦ ਦੇ ਅਰਥ ਵੀ ਦੂਜੇ ਪਾਸੇ ਜਾਣ ਜਾਂ ਅੱਗੇ ਵੱਲ ਜਾਣ ਵਾਲ਼ੇ ਹੀ ਹਨ: ਸਾਡੇ ਸਰੀਰ ਦਾ ਉਹ ਭਾਗ ਜੋ ਸਾਨੂੰ ਅੱਗੇ ਵੱਲ ਲਿਜਾਂਦਾ ਹੈ। ਇਸੇ ਕਾਰਨ ਹੀ ਸੰਸਕ੍ਰਿਤ ਭਾਸ਼ਾ ਦੇ ਸ਼ਬਦ ‘ਪਦ’ (ਪੈਰ) ਵਿੱਚ ਵੀ ਪ ਧੁਨੀ ਨੂੰ ਸ਼ਾਮਲ ਕੀਤਾ ਗਿਆ ਹੈ। ਇਸੇ ਪਦ ਤੋਂ ਹੀ ਪੈਦਲ (ਪਦ ਸ਼ਬਦ ਵਿੱਚ ਮਧੇਤਰ ਦੁਲਾਵਾਂ ਅਤੇ ਅੱਖਰ ਲ ਜੋੜ ਕੇ) ਸ਼ਬਦ ਹੋਂਦ ਵਿੱਚ ਆਇਆ ਹੈ। ਅੰਗਰੇਜ਼ੀ ਦਾ ‘ਪੈਡਲ’ ਸ਼ਬਦ ਵੀ ਇਸੇ ਹੀ ਸ਼ਬਦ ਪਦ ਤੋਂ ਬਣਿਆ ਦਿਖਾਈ ਦਿੰਦਾ ਹੈ। ਯਾਦ ਰਹੇ ਕਿ ਅੰਗਰੇਜ਼ੀ ਵਿੱਚ ਦ ਦੀ ਧੁਨੀ ਹੀ ਨਹੀਂ ਹੈ। ਫ਼ਾਰਸੀ ਭਾਸ਼ਾ ਵਿੱਚ ਵੀ ਪੈਰ ਨੂੰ ਪਾਵ ਆਖਿਆ ਜਾਂਦਾ ਹੈ। ਪੀਲਪਾਵਾ (ਹਾਥੀ ਦੇ ਪੈਰ ਵਰਗਾ) ਸ਼ਬਦ ਇਸੇ ਪਾਵ ਸ਼ਬਦ ਤੋਂ ਹੀ ਹੋਂਦ ਵਿੱਚ ਆਇਆ ਹੈ। ‘ਪਯਾਨ’ (ਠੀਕਰਿ ਫੋਰਿ ਦਿਲੀਸ ਸਿਰਿ ਪ੍ਰਭ ਪੁਰ ਕੀਆ ਪਯਾਨ॥) ਸ਼ਬਦ; ਜਿਸ ਦਾ ਅਰਥ ਹੈ- ਗਮਨ, ਰਵਾਨਗੀ ਯਾਤਰਾ; ਵੀ ਪ ਧੁਨੀ ਨਾਲ਼ ਹੀ ਬਣਿਆ ਹੈ। ਇਸੇ ਤਰ੍ਹਾਂ ਸੰਸਕ੍ਰਿਤ ਮੂਲ ਦੇ ਸ਼ਬਦ (ਪਲਾਇਨ, ਦੌੜ ਜਾਣਾ, ਟਿਭ ਜਾਣਾ, ਉਡਾਰੀ ਮਾਰ ਜਾਣਾ) ਵਿੱਚ ਵੀ ਇੱਕ ਥਾਂ ਤੋਂ ਦੂਜੀ ਥਾਂ ਨੂੰ ਭੱਜ ਜਾਣ ਦੇ ਅਰਥ ਇਸ ਵਿਚਲੀ ਪ ਧੁਨੀ ਦੇ ਕਾਰਨ ਹੀ ਆਏ ਹਨ।
ਸੰਸਕ੍ਰਿਤ ਭਾਸ਼ਾ ਦਾ ‘ਪੰਥ’ ਅਤੇ ਇਸੇ ਤੋਂ ਬਣਿਆ ਸ਼ਬਦ ‘ਪੰਧ’ ਅਰਥਾਤ ਵਾਟ ਜਾਂ ਰਸਤਾ (ਜੋ ਦੂਜੀ ਥਾਂ ਵੱਲ ਲਿਜਾਂਦਾ ਹੋਵੇ) ਵੀ ‘ਪ’ ਧੁਨੀ ਤੇ ਇਸ ਦੇ ਅਜਿਹੇ ਅਰਥਾਂ ਤੋਂ ਹੀ ਬਣੇ ਹੋਏ ਸ਼ਬਦ ਹਨ। ਪੰਜਾਬੀ ਦਾ ‘ਪੈਂਡਾ’ (ਰਸਤਾ, ਰਾਹ, ਸਫ਼ਰ) ਸ਼ਬਦ ਵੀ ਪ ਧੁਨੀ ਨਾਲ਼ ਹੀ ਬਣਿਆ ਹੋਇਆ ਹੈ। ‘ਪੁੱਜਣਾ’ ਜਾਂ ‘ਪਹੁੰਚਣਾ’ ਆਦਿ ਸ਼ਬਦਾਂ ਦੇ ਅਰਥ (ਦੂਜੀ ਥਾਂ ‘ਤੇ ਚਲੇ ਜਾਣਾ) ਵੀ ‘ਪ’ ਧੁਨੀ ਦੀ ਹੀ ਦੇਣ ਹਨ। ਹਿੰਦੀ ਦਾ ਪੜੌਸੀ ਸ਼ਬਦ ਜਿਸ ਦਾ ਭਾਵ ਗੁਆਂਢੀ ਹੈ; ਵੀ ਪ ਧੁਨੀ ਤੋਂ ਹੀ ਬਣਿਆ ਹੈ; ਇਸੇ ਲਈ ਇਸ ਦੇ ਅਰਥ- ਨਾਲ ਲੱਗਦੇ/ਕੋਲ਼-ਕੋਲ਼ ਦੇ “ਦੂਜੇ ਘਰ” ਹਨ। ‘ਗੁਆਂਢ’ ਸ਼ਬਦ ਦੇ ਵੀ ਇਸ ਵਿਚਲੀਆਂ ਧੁਨੀਆਂ ਪੱਖੋਂ ਲਗ-ਪਗ ਇਹੋ ਹੀ ਅਰਥ ਹਨ।
ਇਹਨਾਂ ਤੋਂ ਬਿਨਾਂ ਪਿਤਾ, ਪੁੱਤਰ, ਪਿੱਤਰ, ਪਿੱਤਰੀ, ਪਿਤਾਮਾ,ਪਿਓ, ਪੋਤਰਾ ਆਦਿ ਨੇੇੜੇ ਦੇ ਸਾਰੇ ਪੈਤਰਿਕ ਰਿਸ਼ਤਿਆ਼ ਨੂੰ ਦਰਸਾਉਣ ਵਾਲ਼ੇ ਸ਼ਬਦ ਵੀ ‘ਪ’ ਧੁਨੀ ਨਾਲ਼ ਹੀ ਬਣੇ ਹੋਏ ਹਨ। ਇਹ ਸਾਰੇ ਸ਼ਬਦ ਪਿਓ, ਪੁੱਤਰਾਂ ਅਤੇ ਪੋਤਰਿਆਂ, ਪੜਪੋਤਰਿਆਂ ਆਦਿ ਰਿਸ਼ਤਿਆਂ ਸੰਬੰਧੀ ਦੱਸਦੇ ਹਨ ਕਿ ਇਹ ਰਿਸ਼ਤੇ “ਦੂਜੀ ਥਾਂ” ਵਾਲ਼ੇ ਹਨ; ਪਿਤਾ ਦਾ ਪੁੱਤਰ ਨਾਲ ਰਿਸ਼ਤਾ ਅਤੇ ਪੁੱਤਰ ਦਾ ਪਿਤਾ ਨਾਲ਼ ਰਿਸ਼ਤਾ ਦੂਜੀ ਥਾਂ ਵਾਲ਼ਾ ਹੀ ਹੁੰਦਾ ਹੈ। ਜਿੱਥੋਂ ਤੱਕ ਪਿੱਤਰਾਂ ਅਤੇ ਪੋਤਰਿਆਂ ਨਾਲ਼ ਰਿਸ਼ਤੇ ਵਾਲੀ ਗੱਲ ਹੈ ਇਸ ਰਿਸ਼ਤੇ ਬਾਰੇ ਵੀ ਪ ਦੀ ਧੁਨੀ ਹੀਂ ਦੱਸ ਰਹੀ ਹੈ: ਜਿਹੜਾ ਦੋ ਜਾਂ ਦੋ ਤੋਂ ਵੱਧ ਪੀੜ੍ਹੀਆਂ ਦੀ ਦੂਰੀ ‘ਤੇ ਚਲੇ ਗਿਆ ਹੋਵੇ, ਉਸ ਨੂੰ ਪੋਤਰਾ, ਪਿੱਤਰ, ਪਿੱਤਰੀ ਜਾਂ ਪੈਤਰਿਕ ਆਦਿ ਹੀ ਕਿਹਾ ਜਾ ਸਕਦਾ ਹੈ। ਹਿੰਦ-ਯੂਰਪੀ ਭਾਸ਼ਾ ਪਰਿਵਾਰ ਨਾਲ਼ ਸੰਬੰਧਿਤ ਹੋਣ ਕਾਰਨ ਧੁਨੀਆਂ ਦੇ ਅਰਥਾਂ ਦੀ ਇਹ ਸਾਂਝ ਕਈ ਵਾਰ ਫ਼ਾਰਸੀ ਜਾਂ ਅੰਗਰੇਜ਼ੀ ਆਦਿ ਭਾਸ਼ਾਵਾਂ ਵਿੱਚ ਵੀ ਦ੍ਰਿਸ਼ਟੀਗੋਚਰ ਹੋ ਜਾਂਦੀ ਹੈ, ਜਿਵੇਂ: ਫ਼ਾਰਸੀ ਵਿੱਚ ਪਿਤਾ= ਪਿਦਰ; ਅੰਗਰੇਜ਼ੀ ਵਿੱਚ ਮਾਪੇ= parents ਆਦਿ।
ਹੁਣ ‘ਪ’ ਧੁਨੀ ਨਾਲ਼ ਬਣਨ ਵਾਲ਼ੇ ਕੁਝ ਅਜਿਹੇ ਸ਼ਬਦਾਂ ਵੱਲ ਨਜ਼ਰ ਮਾਰਦੇ ਹਾਂ ਜਿਨ੍ਹਾਂ ਤੋਂ ਨਾ ਕੇਵਲ ਪ ਧੁਨੀ ਦੇ ਅਰਥ ਹੀ ਸਪਸ਼ਟ ਹੁੰਦੇ ਹਨ ਸਗੋਂ ਪਿਛਲੇ ਲੇਖਾਂ ਵਿੱਚ ਦੱਸੀਆਂ ਧੁਨੀਆਂ ਦੀਆਂ ਕਲਾਵਾਂ ਸੰਬੰਧੀ ਗੱਲ ਵੀ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ:
ਸੰਸਕ੍ਰਿਤ ਕੋਸ਼ਾਂ ਅਨੁਸਾਰ ਇਸ ਭਾਸ਼ਾ ਦੀਆਂ ‘ਪ’ ਅਤੇ ‘ਤ’ ਧੁਨੀਆਂ ਤੋਂ ਬਣੇ ਸ਼ਬਦ ‘ਪਤ’ ਦੇ ਦੋ ਪ੍ਰਮੁੱਖ ਅਰਥਾਂ ਵਿੱਚੋਂ ਪਹਿਲਾ ਹੈ- ਉੱਡਣਾ/ ਉੱਪਰ ਵੱਲ ਜਾਣਾ ਅਤੇ ਦੂਜਾ- ਡਿਗਣਾ ਅਰਥਾਤ ਹੇਠਾਂ ਵੱਲ ਆਉਣਾ। ਅਜਿਹਾ ਕਿਉਂ ਹੈ? ਅਜਿਹਾ ਕੇਵਲ ਧੁਨੀਆਂ ਦੀਆਂ ਕਲਾਵਾਂ ਕਰਕੇ ਹੀ ਹੈ। ਸ਼ਬਦਕਾਰੀ ਵਿੱਚ ਵਾਪਰਦੀਆਂ ਇਹੋ-ਜਿਹੀਆਂ ਕਲਾਵਾਂ ਕਾਰਨ ਹੀ ਵਿਦਵਾਨਾਂ ਅਤੇ ਭਾਸ਼ਾ-ਵਿਗਿਆਨੀਆਂ ਵੱਲੋਂ ਅੱਜ ਤੱਕ ਧੁਨੀਆਂ ਦੇ ਇਸ ਵਿਲੱਖਣ ਵਰਤਾਰੇ ਨੂੰ ਸਮਝਣ ਦੀ ਬਜਾਏ ਇੱਕ ਹਊਆ ਬਣਾ ਕੇ ਪੇਸ਼ ਕੀਤਾ ਜਾਂਦਾ ਰਿਹਾ ਹੈ।
ਜਿਵੇਂਕਿ ਹੁਣ ਤੱਕ ਸਪਸ਼ਟ ਹੋ ਹੀ ਚੁੱਕਿਆ ਹੈ ਕਿ ਪ ਧੁਨੀ ਦਾ ਅਰਥ ਹੈ- ਦੂਜੀ ਥਾਂ ਵੱਲ ਜਾਣਾ/ਅੱਗੇ ਵੱਲ ਜਾਣਾ; ਪ ਧੁਨੀ ਦੇ ਇਹਨਾਂ ਅਰਥਾਂ ਅਨੁਸਾਰ ਜੇਕਰ ਕੋਈ ਚੀਜ਼ ਹੇਠੋਂ ਉੱਪਰ ਵੱਲ ਨੂੰ ਜਾਂਦੀ ਹੈ ਤਾਂ ਵੀ ਉਹ ਦੂਜੀ ਥਾਂ ਵੱਲ ਹੀ ਵਧ ਰਹੀ ਹੁੰਦੀ ਹੈ ਅਤੇ ਜੇਕਰ ਉੱਪਰੋਂ ਹੇਠਾਂ ਵੱਲ ਆਉਂਦੀ ਹੈ ਤਾਂ ਵੀ ਉਹ ਇੱਕ ਥਾਂ ਤੋਂ ਦੂਜੀ ਥਾਂ (ਅੱਗੇ) ਵੱਲ ਹੀ ਵਧ ਰਹੀ ਹੁੰਦੀ ਹੈ। ‘ਪਤ’ ਸ਼ਬਦ ਦੇ ਦੋ ਅਰਥ ਹੋਣ ਦਾ ਇਹੋ ਹੀ ਕਾਰਨ ਹੈ। ਸ਼ਬਦਕਾਰੀ ਵਿੱਚ ਅੱਖਰਾਂ ਦੀਆਂ ਕਲਾਵਾਂ ਦੇ ਨਾਲ਼-ਨਾਲ਼ ਲਗਾਂ-ਮਾਤਰਾਵਾਂ ਦੇ ਅਰਥ ਅਤੇ ਕਲਾਵਾਂ ਵੀ ਅਸਰ-ਅੰਦਾਜ਼ ਹੁੰਦੀਆਂ ਹਨ।
ਉਪਰੋਕਤ ਪਤ ਸ਼ਬਦ ਤੋਂ ਅਨੇਕਾਂ ਸ਼ਬਦ ਬਣੇ ਹਨ। ਪਤੰਗਾ (ਸੰਸਕ੍ਰਿਤ: ਪਤੰਗ) ਸ਼ਬਦ ਜਿਸ ਦੇ ਦੋ ਅਰਥ ਹਨ- ਕਾਗ਼ਜ਼ ਦੀ ਗੁੱਡੀ ਅਤੇ ਭਮੱਕੜ ਜਾਂ ਪਰਵਾਨਾ (ਕੀਟ-ਪਤੰਗ/ਪਤੰਗਾ)। ਇਹ ਸ਼ਬਦ ਪਤ+ਅੰਗ ਸ਼ਬਦਾਂ ਤੋਂ ਨਹੀਂ ਸਗੋਂ ਪ+ਤ+ਙ+ਗ ਧੁਨੀਆਂ ਤੋਂ ਬਣਿਆ ਹੈ। ਟਿੱਪੀ ਇੱਥੇ ਙ ਧੁਨੀ ਦੀ ਪ੍ਰਤੀਕ ਹੈ ਅਤੇ ਉਸੇ ਦੇ ਹੀ ਅਰਥ ਦੇ ਰਹੀ ਹੈ। ਗ ਧੁਨੀ ਦੇ ਇੱਕ ਅਰਥ ਹਨ- ਜਾਣਾ, ਅੱਗੇ ਵਧਣਾ।
ਸੋ, ਪਤੰਗ ਸ਼ਬਦ ਵਿਚਲੀਆਂ ਇਹਨਾਂ ਧੁਨੀਆਂ ਦੇ ਅਰਥਾਂ ਅਨੁਸਾਰ ਇਸ ਦੇ ਅਰਥ ਬਣੇ- ਉੱਪਰ ਵੱਲ/ਦੂਜੀ ਥਾਂ ਵੱਲ ਉੱਡਣ ਵਾਲ਼ਾ/ਜਾਣ ਵਾਲ਼ਾ। ‘ਪਤ’ ਸ਼ਬਦ ਦੇ ਦੋ ਅਰਥ ਹੋਣ ਕਾਰਨ ਇਹ ਦੋਵੇਂ ਉੱਪਰ ਵੱਲ ਵੀ ਜਾਂਦੇ ਹਨ ਅਤੇ ਹੇਠਾਂ ਵੱਲ ਵੀ ਆਉਂਦੇ ਹਨ।ਫ਼ਾਰਸੀ ਭਾਸ਼ਾ ਵਿੱਚ ਵੀ ਕਾਗ਼ਜ਼ ਦੀ ਗੁੱਡੀ ਨੂੰ ਪਤੰਗ ਹੀ ਆਖਿਆ ਜਾਂਦਾ ਹੈ ਪੱਤਣ (ਦਰਿਆ ਦਾ ਕਿਨਾਰਾ) ਸ਼ਬਦ ਵੀ ਇਹਨਾਂ ਹੀ ਧੁਨੀਆਂ ਤੋਂ ਬਣਿਆ ਹੈ- ਦਰਿਆ ਦੀ ਉਹ ਥਾਂ ਜਿੱਥੋਂ ਚੱਲ ਕੇ ਦਰਿਆ ਦੇ ਦੂਜੇ ਪਾਸੇ/ਪਾਰ ਪਹੁੰਚਿਆ ਜਾ ਸਕੇ। ਪਤਾਲ (ਸੰਸਕ੍ਰਿਤ=ਪਾਤਾਲ) ਸ਼ਬਦ ਵੀ ਪਤ (ਹੇਠਾਂ ਵੱਲ ਡਿਗਣਾ) ਸ਼ਬਦ ਵਿੱਚ ਕੰਨਾ ਵਧੇਤਰ ਅਤੇ ‘ਆਲ’ ਪਿਛੇਤਰ ਲਾ ਕੇ ਹੀ ਬਣਿਆ ਹੋਇਆ ਹੈ।
ਪੱਤਾ (ਸੰਸਕ੍ਰਿਤ ਵਿੱਚ ਪੱਤਰ ਜਾਂ ਪਤਰਮ) ਸ਼ਬਦ ਵੀ ਇਸੇ ‘ਪਤ’ ਸ਼ਬਦ ਦੀ ਹੀ ਦੇਣ ਹੈ- ਹੇਠਾਂ/ਦੂਜੀ ਥਾਂ ਡਿਗਣ ਵਾਲ਼ਾ (ਦਰਖ਼ਤ ਨਾਲ਼ੋਂ ਟੁੱਟ ਕੇ)। ਇਸ ਪ੍ਰਕਾਰ ਸਪਸ਼ਟ ਹੈ ਕਿ ‘ਪਤਨ’ ਗਿਰਾਵਟ ਵੱਲ ਜਾਣਾ ਸ਼ਬਦ ਵੀ ਇਸੇ ‘ਪਤ’ ਸ਼ਬਦ ਤੋਂ ਹੀ ਬਣਿਆ ਹੋਇਆ ਹੈ। ਪੱਤਰ ਸ਼ਬਦ ਦੇ ਦੋ ਅਰਥ ਹਨ: ਪਹਿਲਾ ਸ਼ਬਦ ਪੱਤਰ (ਚਿੱਠੀ ਜਾਂ ਖ਼ਤ) ਜੋਕਿ ਇੱਕ ਸਥਾਨ ਤੋਂ ਅਗਲੇ/ਦੂਜੇ ਦੂਜਿਆਂ) ਸਥਾਨ/ਸਥਾਨਾਂ ਤੱਕ ਦੀ ਯਾਤਰਾ ਕਰਦਾ ਹੈ, ਵੀ ਇਹਨਾਂ ਹੀ ਧੁਨੀਆਂ ਦੀ ਉਪਜ ਹੈ। ਦੂਜੇ ਅਰਥਾਂ ਵਾਲਾ ਪੱਤਰ (ਕਾਗ਼ਜ਼-ਪੱਤਰ) ਸ਼ਬਦ ਵੀ ਇਸੇ ਹੀ ਧੁਨੀ ਪ ਤੋਂ ਬਣਿਆ ਹੈ ਜਿਸ ਦਾ ਭਾਵ ਹੈ- ਦੋ ਪੰਨਿਆਂ/ਸਫ਼ਿਆਂ ਵਾਲ਼ਾ ਅਰਥਾਤ ਜਿਸ ਦੇ ਦੋ ਪਾਸੇ ਹੋਣ। ਯਾਦ ਰਹੇ ਕਿ ਪੱਤਾ, ਪਤੰਗ (ਗੁੱਡੀ), ਪੱਤਰਾ ਅਾਦਿ ਸ਼ਬਦਾਂ ਵਿੱਚ ਵੀ ਇਹ ਦੋਵੇਂ ਅਰਥ ਕੰਮ ਕਰ ਰਹੇ ਹਨ। ਪਤਾ (ਥਾਂ-ਟਿਕਾਣਾ) ਸ਼ਬਦ ਵੀ ਇਸੇ ਪ ਧੁਨੀ ਦੇ ਕਾਰਨ ਹੀ ਬਣਿਆ ਹੈ ਜਿਸ ਤੋਂ ਭਾਵ ਹੈ ਕਿਸੇ ਦੂਜੇ ਦੇ ਨਿਵਾਸ-ਸਥਾਨ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਜਾਂ ਅਜਿਹੀ ਜਾਣਕਾਰੀ ਆਪਣੇ ਬਾਰੇ ਕਿਸੇ ਦੂਜੇ ਨੂੰ ਦੇਣੀ।
ਲਸਣ ਦੀਆਂ ਗੰਢੀਆਂ ਵਿਚਲੀਆਂ ਤੁਰੀਆਂ ਨੂੰ ਪ ਧੁਨੀ ਦੇ ਅਰਥਾਂ ਕਾਰਨ ਹੀ ਪੋਥੀਆਂ ਕਿਹਾ ਜਾਂਦਾ ਹੈ: ਉਹ ਗੰਢੀਆਂ ਜਿਨ੍ਹਾਂ ਵਿੱਚ ਦੋ ਤੋਂ ਵੱਧ ਅਰਥਾਤ ਬਹੁਤ ਸਾਰੀਆਂ ਪੋਥੀਆਂ ਇਕੱਠੀਆਂ ਜੁੜੀਆਂ ਹੋਣ। ਪਲਟਣਾ ਸ਼ਬਦ ਵਿੱਚ ਵੀ ਪ ਧੁਨੀ ਹੋਣ ਕਾਰਨ ਇਸ ਦੇ ਅਰਥ ਸਿੱਧੇ ਤੋਂ ਦੂਜੇ ਅਰਥਾਤ ਪੁੱਠੇ (ਪੁੱਠੇ ਸ਼ਬਦ ਵੀ ਪ ਧੁਨੀ ਦੇ ਅਰਥਾਂ ਤੋਂ ਬਣਿਆ ਸ਼ਬਦ ਹੈ) ਪਾਸੇ ਵੱਲ ਉਲਟ ਜਾਣਾ ਹੈ। ਇਸੇ ਤਰ੍ਹਾਂ ‘ਪਲ਼ਸੇਟਾ’ ਸ਼ਬਦ ਦੇ ਅਰਥ ਵੀ ਲੇਟਿਆਂ-ਲੇਟਿਆਂ ਪਾਸਾ (ਦੂਜਾ ਪਾਸਾ=ਪ ਧੁਨੀ ਦੇ ਅਰਥ) ਬਦਲਣਾ ਹਨ। ਕੁਝ ਲੋਕਾਂ ਦਾ ਵਿਚਾਰ ਹੈ ਕਿ ਇਹ ਸ਼ਬਦ ਪੱਸਲ਼ੀਆਂ ਤੋਂ ਬਣਿਆ ਹੈ ਜੋਕਿ ਪੂਰੀ ਤਰ੍ਹਾਂ ਨਿਰਾਧਾਰ, ਤੁੱਕੇਬਾਜ਼ੀ ਅਤੇ ਨਿਰੀ ਕਿਆਸ-ਅਰਾਈ ਹੈ। ਕਾਗ਼ਜ਼ਾਂ ਦੇ ਮੁੱਠੇ ਜਾਂ ਮੋਟੀ ਤਹਿ ਨੂੰ ਵੀ ਇਸ ਵਿੱਚ ਪ ਧੁਨੀ ਸ਼ਾਮਲ ਹੋਣ ਕਾਰਨ ਹੀ ‘ਪੁਲੰਦਾ’ (ਦੂਜੀ ਥਾਂ/ਕਾਗ਼ਜ਼ ਰੱਖ-ਰੱਖ ਕੇ ਹੇਠਾਂ ਤੋਂ ਉੱਪਰ ਤੱਕ ਲਿਆਂਦਾ ਹੋਇਆ) ਆਖਦੇ ਹਨ।
ਪਰਤ (ਚਾੜ੍ਹਨਾ) ਵਿੱਚ ਵੀ ਪ ਧੁਨੀ ਦੇ ਅਰਥ ਹੀ ਕੰਮ ਕਰ ਰਹੇ ਹਨ- ਦੂਜੇ ਸਿਰੇ ਤੱਕ (ਹੇਠੋਂ ਉੱਪਰ ਤੱਕ) ਚਾੜ੍ਹੀ ਹੋਈ ਪਤਲੀ ਜਾਂ ਮੋਟੀ ਤਹਿ। ਹਲਤ-ਪਲਤ ਸ਼ਬਦ-ਜੁੱਟ ਵਿਚਲੇ ‘ਪਲਤ’ (ਹਲਤੁ ਪਲਤੁ ਦੁਇ ਲੇਹੁ ਸਵਾਰਿ॥) ਅਤੇ ‘ਪਰਲੋਕ’ ਸ਼ਬਦਾਂ ਵਿੱਚ ਵੀ ਪ ਦੀ ਧੁਨੀ ਹੋਣ ਕਾਰਨ ਇਹਨਾਂ ਸ਼ਬਦਾਂ ਦੇ ਅਰਥ: ਦੂਜਾ ਲੋਕ ਜਾਂ ਦੂਜੀ ਦੁਨੀਆ (ਇਸ ਦੁਨੀਆ ਤੋਂ ਅਲੱਗ) ਹਨ।
‘ਅਲਪ’ (ਥੋੜ੍ਹਾ, ਘੱਟ, ਕੁਝ) ਸ਼ਬਦ ਵਿਚਲੀ ਪ ਦੀ ਧੁਨੀ ਦੀ ਵਰਤੋਂ ਕਿਸੇ ਚੀਜ਼ ਦੀ ਮਾਤਰਾ ਨੂੰ ਦੂਜੀ ਪੱਧਰ ‘ਤੇ ਲਿਆਉਣ ਅਰਥਾਤ ਘਟਾਉਣ ਦੇ ਕਾਰਨ ਹੀ ਕੀਤੀ ਗਈ ਹੈ। ਇਸੇ ਤਰ੍ਹਾਂ ਲੁਪ, ਲੁਪਤ, ਲੋਪ, ਅਲੋਪ ਆਦਿ ਸ਼ਬਦਾਂ ਵਿੱਚ ਪ ਧੁਨੀ ਦੀ ਵਰਤੋਂ ਵੀ ਇਸ ਕਾਰਨ ਕੀਤੀ ਗਈ ਹੈ ਤਾਂਕਿ ਇਹ ਦੱਸਿਆ ਜਾ ਸਕੇ ਕਿ ਸੰਬੰਧਿਤ ਚੀਜ਼ ਦ੍ਰਿਸ਼ ਤੋਂ ਲਾਂਭੇ (ਪ ਧੁਨੀ ਦੇ ਅਰਥ=ਦੂਜੀ ਥਾਂ ‘ਤੇ) ਜਾ ਚੁੱਕੀ ਹੈ।
ਉੱਪਰ ਸ਼ਬਦ ਵਿੱਚ ਪ ਧੁਨੀ ਦੇ ਅਰਥ ਹਨ- ਕਿਸੇ ਚੀਜ਼ ਦਾ ਹੇਠਾਂ ਤੋਂ ਦੂਜੀ ਥਾਂ (ਉਤਾਂਹ) ਵੱਲ ਚਲੇ ਜਾਣਾ (ਇਸ ਵਿੱਚ ‘ਉ’ ਧੁਨੀ ਦੇ ਅਰਥ ਵੀ ਸ਼ਾਮਲ ਹਨ) ਹਨ ਕਿਉਂਕਿ ਹੇਠਾਂ ਦਾ ਵਿਰੋਧੀ ਸ਼ਬਦ ਉੱਪਰ ਹੀ ਹੁੰਦਾ ਹੈ। ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ‘ਪ’ ਧੁਨੀ ਦਾ ਅਰਥ ਪ੍ਰਮੁੱਖ ਤੌਰ ‘ਤੇ ਕਿਸੇ ਚੀਜ਼ ਦੀ ਮੌਜੂਦਾ ਥਾਂ ਤੋਂ ਦੂਜੀ ਥਾਂ ‘ਤੇ ਜਾਣ ਵਾਲ਼ੇ ਹੀ ਹਨ। ਇਹ ਦੂਜੀ ਥਾਂ ਭਾਵੇਂ ਅੱਗੇ ਵਾਲ਼ੀ ਹੋਵੇ ਤੇ ਭਾਵੇਂ ਪਿੱਛੇ ਵਾਲ਼ੀ; ਹੇਠਾਂ ਵਾਲ਼ੀ ਹੋਵੇ,ਭਾਵੇਂ ਉੱਪਰ ਵਾਲ਼ੀ; ਬੀਤ ਚੁੱਕੇ ਸਮੇਂ ਦੀ ਹੋਵੇ ਤੇ ਭਾਵੇਂ ਆਉਣ ਵਾਲ਼ੇ ਸਮੇਂ ਦੀ; ਇਤਿਆਦਿ। —-(ਚੱਲਦਾ)।
ਨੋਟ: ਸਾਰਥਕ ਸੁਝਾਵਾਂ ਦਾ ਸੁਆਗਤ ਹੈ ਜੀ।
ਜਸਵੀਰ ਸਿੰਘ ਪਾਬਲਾ
ਲੰਗੜੋਆ (ਨਵਾਂਸ਼ਹਿਰ)।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly