- ਕਾਂਗਰਸ ’ਤੇ ਇਕ ਧਰਮ ਨੂੰ ਦੂਜੇ ਨਾਲ ਲੜਾਉਣ ਦਾ ਦੋਸ਼ ਲਾਇਆ
- ਪੰਜਾਬ ਦੇ ਮੁਕੰਮਲ ਵਿਕਾਸ ਲਈ ਪੰਜ ਸਾਲ ਮੰਗੇ
- ਡਬਲ ਇੰਜਣ ਸਰਕਾਰ ’ਤੇ ਮੁੜ ਜ਼ੋਰ ਦਿੱਤਾ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦਾ ਸਿਹਰਾ ਆਪਣੀ ਸਰਕਾਰ ਸਿਰ ਬੰਨ੍ਹਿਆ
ਅਬੋਹਰ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਯੂਪੀ, ਬਿਹਾਰ ਤੇ ਦਿੱਲੀ ਦੇ ਭੱਈਏ’ ਟਿੱਪਣੀ ਨੂੰ ਲੈ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਤਿੱਖਾ ਸਿਆਸੀ ਹਮਲਾ ਕਰਦਿਆਂ ਕਿਹਾ ਕਿ ‘ਵੰਡੀਆਂ ਪਾਉਣ ਵਾਲੀ ਅਜਿਹੀ ਸੋਚ’ ਦੇ ਮਾਲਕ ਲੋਕਾਂ ਨੂੰ ਸੂੁਬੇ ਵਿੱਚ ਰਾਜ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਪੰਜਾਬ ਅਸੈਂਬਲੀ ਲਈ 20 ਫਰਵਰੀ ਨੂੰ ਪੈਣ ਵਾਲੀਆਂ ਵੋਟਾਂ ਤੋਂ ਪਹਿਲਾਂ ਅੱਜ ਇਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਮੁਕੰਮਲ ਵਿਕਾਸ ਲਈ ਭਾਜਪਾ ਦੀ ਅਗਵਾਈ ਵਾਲੇ ਗੱਠਜੋੜ ਨੂੰ ਸੱਤਾ ਵਿੱਚ ਲਿਆਉਣ। ਚੇਤੇ ਰਹੇ ਕਿ ਚੰਨੀ ਨੇ ਮੰਗਲਵਾਰ ਨੂੰ ਕੱਢੇ ਰੋਡ ਸ਼ੋਅ ਦੌਰਾਨ ਲੋਕਾਂ ਨੂੰ ਇਹ ਕਹਿ ਕੇ ਵਿਵਾਦ ਸਹੇੜ ਲਿਆ ਸੀ ਕਿ ਐਤਕੀਂ ਉੱਤਰ ਪ੍ਰਦੇਸ਼, ਬਿਹਾਰ ਤੇ ਦਿੱਲੀ ਦੇ ‘ਭੱਈਆਂ’ ਨੂੰ ਪੰਜਾਬ ਵਿੱਚ ਦਾਖ਼ਲ ਨਾ ਹੋਣ ਦੇਣ।
ਚੰਨੀ ਦੀ ਇਹ ਟਿੱਪਣੀ ਹਾਲਾਂਕਿ ਆਮ ਆਦਮੀ ਪਾਰਟੀ, ਜੋ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮਜ਼ਬੂਤ ਦਾਅਵੇਦਾਰ ਵਜੋਂ ਉਭਰ ਕੇ ਸਾਹਮਣੇ ਆਈ ਹੈ, ਦੇ ਆਗੂਆਂ ਵੱਲ ਸੇਧਿਤ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੈਲੀ ਦੌਰਾਨ ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਇਸ ਪਾਰਟੀ ਨੇ ‘‘ਆਪਣੇ ਸਿਆਸੀ ਮੰਤਵਾਂ ਦੀ ਪੂਰਤੀ ਲਈ ਹਮੇਸ਼ਾ ਇਕ ਧਰਮ ਦੇ ਲੋਕਾਂ ਨੂੰ ਦੂਜੇ ਧਰਮ ਨਾਲ ਲੜਾਇਆ ਹੈ।’’ ਚੰਨੀ ਦੀ ‘ਭੱਈਆ’ ਟਿੱਪਣੀ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਨੇ ਇਸ ਨੂੰ ਅੱਖੀਂ ਵੇਖਿਆ ਹੈ। ਮੋਦੀ ਨੇ ਕਿਹਾ, ‘‘ਇਹ ਬਿਆਨ, ਜੋ ਪੰਜਾਬ ਦੇ ਮੁੱਖ ਮੰਤਰੀ ਨੇ ਦਿੱਤਾ ਅਤੇ ਉਨ੍ਹਾਂ ਦੀ ਆਗੂ, ਜੋ ਉਨ੍ਹਾਂ ਦੇ ਕੋਲ ਖੜ੍ਹੀ ਤਾੜੀਆਂ ਮਾਰ ਰਹੀ ਸੀ, ਪੂਰੇ ਦੇਸ਼ ਨੇ ਵੇਖਿਆ ਹੈ।’’
ਉਨ੍ਹਾਂ ਕਿਹਾ, ‘‘ਅਜਿਹੇ ਬਿਆਨਾਂ ਨਾਲ ਉਹ ਕਿਸ ਦਾ ਨਿਰਾਦਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਪੰਜਾਬ ਵਿੱਚ ਸ਼ਾਇਦ ਹੀ ਅਜਿਹਾ ਕੋਈ ਪਿੰਡ ਹੋਵੇ, ਜਿੱਥੇ ਸਾਡੇ ਉੱਤਰ ਪ੍ਰਦੇਸ਼ ਜਾਂ ਬਿਹਾਰ ਤੋਂ ਆਏ ਸਾਡੇ ਭਰਾ ਮਿਹਨਤ ਨਾ ਕਰਦੇ ਹੋਣ।’’ ਬੁੱਧਵਾਰ ਨੂੰ ਮਨਾਈ ਗੁਰੂ ਰਵਿਦਾਸ ਜੈਅੰਤੀ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨੇ ਕਿਹਾ, ‘‘ਮੈਂ ਇਨ੍ਹਾਂ ਆਗੂਆਂ ਨੂੰ ਪੁੱਛਣਾ ਚਾਹਾਂਗਾ ਕਿ ਸੰਤ ਰਵਿਦਾਸ ਦਾ ਜਨਮ ਕਿੱਥੇ ਹੋਇਆ। ਕੀ ਉਹ ਪੰਜਾਬ ਵਿੱਚ ਪੈਦਾ ਹੋਏ ਸਨ? ਉਹ ਉੱਤਰ ਪ੍ਰਦੇਸ਼ ਦੇ ਵਾਰਾਨਸੀ ਵਿੱਚ ਪੈਦਾ ਹੋਏ ਅਤੇ ਤੁਸੀਂ ਉੱਤਰ ਪ੍ਰਦੇਸ਼ ਦੇ ‘ਭੱਈਆਂ’ ਨੂੰ ਇਥੇ ਦਾਖ਼ਲ ਨਹੀਂ ਹੋਣ ਦੇਵੋਗੇ, ਕੀ ਤੁਸੀਂ ਰਵਿਦਾਸੀਆਂ (ਗੁਰੂ ਰਵਿਦਾਸ ਦੇ ਭਗਤਾਂ) ਨੂੰ ਵੀ ਇਥੋਂ ਬਾਹਰ ਕੱਢ ਦੇਵੋਗੇ। ਕੀ ਤੁਸੀਂ ਸੰਤ ਰਵਿਦਾਸ ਦਾ ਨਾਂ ਵੀ ਮਿਟਾ ਦਿਓਗੇ। ਤੁਸੀਂ ਕਿਸ ਤਰ੍ਹਾਂ ਦੀ ਭਾਸ਼ਾ ਬੋਲ ਰਹੇ ਹੋ?’’
ਸ੍ਰੀ ਮੋਦੀ ਨੇ ਸਵਾਲ ਕੀਤਾ ਕਿ ਗੁਰੂ ਗੋਬਿੰਦ ਸਿੰਘ ਕਿੱਥੇ ਪੈਦਾ ਹੋਏ ਸਨ। ਉਨ੍ਹਾਂ ਕਿਹਾ, ‘‘ਉਹ (ਗੁਰੂ ਗੋਬਿੰਦ ਸਿੰਘ) ਬਿਹਾਰ ਵਿੱਚ ਪੈਦਾ ਹੋਏ ਸਨ ਤੇ ਤੁਸੀਂ ਕਹਿੰਦੇ ਹੋ ਕਿ ਬਿਹਾਰ ਦੇ ਲੋਕਾਂ ਨੂੰ ਦਾਖ਼ਲ ਨਹੀਂ ਹੋਣ ਦਿਆਂਗੇ। ਕੀ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਨਿਰਾਦਰ ਕਰੋਗੇ?…ਕੀ ਤੁਸੀਂ ਉਸ ਥਾਂ ਦਾ ਨਿਰਾਦਰ ਕਰੋਗੇ, ਜਿੱਥੇ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਹੋਇਆ ਸੀ, ਕੀ ਤੁਸੀਂ ਅਜਿਹੀ ਭਾਸ਼ਾ ਵਰਤੋਗੇ ਕਿ ਉਸ ਰਾਜ ਦੇ ਲੋਕਾਂ ਨੂੰ ਇਥੇ ਦਾਖ਼ਲ ਨਹੀਂ ਹੋਣ ਦੇਵਾਂਗੇ।’’ ਸ੍ਰੀ ਮੋਦੀ ਨੇ ਕਿਹਾ ਉਹ ਆਖਦੇ ਹਨ ਕਿ ਉਹ ਯੂਪੀ ਤੇ ਬਿਹਾਰ ਦੇ ਲੋਕਾਂ ਨੂੰ ਦਾਖ਼ਲ ਨਹੀਂ ਹੋਣ ਦੇਣਗੇ, ਪਰ ਵੰਡੀਆਂ ਪਾਉਣ ਵਾਲੀ ਅਜਿਹੀ ਸੋਚ ਰੱਖਣ ਵਾਲਿਆਂ ਨੂੰ ਇਕ ਪਲ ਲਈ ਵੀ ਪੰਜਾਬ ਦੀ ਸੱਤਾ ’ਤੇ ਬੈਠਣ ਦਾ ਕੋਈ ਅਧਿਕਾਰ ਨਹੀਂ ਹੈ। ਸ੍ਰੀ ਮੋਦੀ ਨੇ ਜ਼ੋਰ ਦੇ ਕੇ ਕਿਹਾ ਕਿ ਕੌਮਾਂਤਰੀ ਸਰਹੱਦ ਨਾਲ ਲੱਗਦੇ ਇਸ ਸੂਬੇ ਨੂੰ ਦੇਸ਼ ਭਗਤ ਅਤੇ ਮਜ਼ਬੂਤ ਇੱਛਾ ਸ਼ਕਤੀ ਵਾਲੀ ਸਰਕਾਰ ਦੀ ਲੋੜ ਹੈ, ਜੋ ਸਿਰਫ਼ ਭਾਜਪਾ ਹੀ ਦੇ ਸਕਦੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਿੱਧੇ ਹਵਾਲੇ ਨਾਲ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਰੀਬਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਲਈ ਸ਼ੁਰੂ ਕੀਤੀ ‘ਆਯੂਸ਼ਮਾਨ’ ਯੋਜਨਾ ਨੂੰ ਦਿੱਲੀ ਵਿੱਚ ਲਾਗੂ ਨਹੀਂ ਕੀਤਾ। ਉਨ੍ਹਾਂ ਕੇਜਰੀਵਾਲ ’ਤੇ ਤਨਜ਼ ਕਸਦਿਆਂ ਕਿਹਾ ਕਿ ਦਿੱਲੀ ਦੇ ਸਕੂਲਾਂ ਦੇ ਬਾਹਰ ਸ਼ਰਾਬ ਦੇ ਠੇਕੇ ਖੁਲ੍ਹਵਾਉਣ ਵਾਲੇ ਵਿਅਕਤੀ ਨੂੰ ਪੰਜਾਬ ਆ ਕੇ ਸੂਬੇ ਨੂੰ ਨਸ਼ਾਮੁਕਤ ਬਣਾਉਣ ਦੇ ਦਾਅਵੇ ਕਰਨੇ ਸ਼ੋਭਾ ਨਹੀਂ ਦਿੰਦੇ।
ਸਵਾਮੀਨਾਥਨ ਕਮਿਸ਼ਨ ਰਿਪੋਰਟ ਵਿਚਲੀਆਂ ਸਿਫ਼ਾਰਸ਼ਾਂ ਦੇ ਹਵਾਲੇ ਨਾਲ ਸ੍ਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਹੀ ਇਨ੍ਹਾਂ ਨੂੰ ਲਾਗੂ ਕੀਤਾ। ਪ੍ਰਧਾਨ ਮੰਤਰੀ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਭੰਡਦਿਆਂ ਕਿਹਾ ਕਿ ਪੰਜਾਬ ਵਿੱਚ ਹਰੇਕ ਵਪਾਰ ’ਤੇ ਮਾਫ਼ੀਆ ਦਾ ਕਬਜ਼ਾ ਹੈ। ਕਾਂਗਰਸ ਸਰਕਾਰ ਦੀਆਂ ਨੀਤੀਆਂ ਕਰਕੇ ਕੋਈ ਵੀ ਪੰਜਾਬ ਵਿੱਚ ਨਿਵੇਸ਼ ਕਰਨ ਲਈ ਤਿਆਰ ਨਹੀਂ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly