- ਰਾਜ ਸਭਾ ਚੇਅਰਮੈਨ ਨੇ ਚਰਚਾ ਕਰਾਉਣ ਲਈ ਦਿੱਤੇ 10 ਨੋਟਿਸ ਨਾਮਨਜ਼ੂਰ ਕੀਤੇ
ਨਵੀਂ ਦਿੱਲੀ (ਸਮਾਜ ਵੀਕਲੀ): ਅਡਾਨੀ ਗਰੁੱਪ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਲਈ ਸਾਂਝੀ ਸੰਸਦੀ ਕਮੇਟੀ (ਜੇਪੀਸੀ) ਬਣਾਉਣ ਦੀ ਮੰਗ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਅੱਜ ਵੀ ਸੰਸਦ ਦੇ ਦੋਵੇਂ ਸਦਨਾਂ ’ਚ ਜ਼ੋਰਦਾਰ ਹੰਗਾਮਾ ਕੀਤਾ ਗਿਆ। ਕਾਂਗਰਸ ਸਮੇਤ ਵਿਰੋਧੀ ਧਿਰਾਂ ਨੇ ਅਡਾਨੀ ਗਰੁੱਪ ਦੇ ਮੁੱਦੇ ’ਤੇ ਚਰਚਾ ਕਰਾਉਣ ਦੀ ਮੰਗ ਕੀਤੀ ਜਿਸ ਨੂੰ ਲੋਕ ਸਭਾ ’ਚ ਸਪੀਕਰ ਓਮ ਬਿਰਲਾ ਅਤੇ ਰਾਜ ਸਭਾ ’ਚ ਚੇਅਰਮੈਨ ਜਗਦੀਪ ਧਨਖੜ ਨੇ ਨਕਾਰ ਦਿੱਤਾ। ਲੋਕ ਸਭਾ ’ਚ ਸਪੀਕਰ ਨੇ ਵਿਰੋਧੀ ਧਿਰ ਦੇ ਸਾਰੇ ਕੰਮ ਰੋਕੂ ਮਤੇ ਰੱਦ ਕਰ ਦਿੱਤੇ ਅਤੇ ਰਾਜ ਸਭਾ ’ਚ ਦਿੱਤੇ ਗਏ 10 ਨੋਟਿਸਾਂ ਨੂੰ ਜਗਦੀਪ ਧਨਖੜ ਨੇ ਸਵੀਕਾਰ ਨਹੀਂ ਕੀਤਾ। ਉਨ੍ਹਾਂ ਮੰਗ ਕੀਤੀ ਸੀ ਕਿ ਸਦਨ ਦੇ ਕੰਮਕਾਰ ਨੂੰ ਰੋਕ ਕੇ ਅਡਾਨੀ ਦੇ ਮੁੱਦੇ ’ਤੇ ਚਰਚਾ ਕਰਵਾਈ ਜਾਵੇ। ਜਦੋਂ ਦੋ ਵਾਰ ਸਦਨ ਦੀ ਕਾਰਵਾਈ ਠੱਪ ਰਹੀ ਤਾਂ ਦੋਵੇਂ ਸਦਨਾਂ ਨੂੰ ਦਿਨ ਭਰ ਲਈ ਉਠਾ ਦਿੱਤਾ ਗਿਆ।
ਲੋਕ ਸਭਾ ਦੀ ਕਾਰਵਾਈ ਅੱਜ ਸਵੇਰੇ ਜਿਵੇਂ ਹੀ ਸ਼ੁਰੂ ਹੋਈ ਤਾਂ ਕਾਂਗਰਸ ਸਮੇਤ ਹੋਰ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਸਪੀਕਰ ਦੇ ਆਸਨ ਅੱਗੇ ਆ ਕੇ ‘ਅਡਾਨੀ ਸਰਕਾਰ ਸ਼ਰਮ ਕਰੋ, ਸ਼ਰਮ ਕਰੋ’ ਆਦਿ ਦੇ ਨਾਅਰੇ ਲਗਾਏ। ਸਪੀਕਰ ਓਮ ਬਿਰਲਾ ਨੇ ਮੈਂਬਰਾਂ ਨੂੰ ਆਪਣੀ ਸੀਟਾਂ ’ਤੇ ਜਾ ਕੇ ਚਰਚਾ ’ਚ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ,‘‘ਇਹ ਠੀਕ ਨਹੀਂ ਹੈ। ਨਾਅਰੇਬਾਜ਼ੀ ਸਦਨ ਦੀ ਮਰਿਆਦਾ ਖ਼ਿਲਾਫ਼ ਹੈ। ਲੋਕਾਂ ਨੇ ਸੰਸਦ ’ਚ ਆਪਣੇ ਮੁੱਦੇ ਉਠਾਉਣ ਲਈ ਤੁਹਾਨੂੰ ਚੁਣਿਆ ਹੈ ਪਰ ਤੁਸੀਂ ਚਰਚਾ ’ਚ ਹਿੱਸਾ ਨਹੀਂ ਲੈਣਾ ਚਾਹੁੰਦੇ ਹੋ। ਵਿਰੋਧੀ ਮੈਂਬਰ ਮੇਰੇ ਚੈਂਬਰ ’ਚ ਆ ਕੇ ਆਪਣੀਆਂ ਮੰਗਾਂ ਬਾਰੇ ਵਿਚਾਰ ਵਟਾਂਦਰਾ ਕਰਨ।’’ ਉਨ੍ਹਾਂ ਭਰੋਸਾ ਦਿੱਤਾ ਕਿ ਉਹ ਵਿਰੋਧੀ ਧਿਰ ਨੂੰ ਸਦਨ ’ਚ ਮੁੱਦੇ ਉਠਾਉਣ ਲਈ ਢੁੱਕਵਾਂ ਸਮਾਂ ਦੇਣਗੇ।
ਵਿਰੋਧੀ ਧਿਰ ਨੇ ਉਨ੍ਹਾਂ ਦੀਆਂ ਅਪੀਲਾਂ ਵੱਲ ਧਿਆਨ ਨਾ ਦੇ ਕੇ ਆਪਣੇ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਜਾਰੀ ਰੱਖੀ ਜਿਸ ਕਾਰਨ ਸਪੀਕਰ ਨੇ ਸਦਨ ਦੀ ਕਾਰਵਾਈ ਦੁਪਹਿਰ 2 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ। ਸਦਨ ਜਦੋਂ 2 ਵਜੇ ਮੁੜ ਜੁੜਿਆ ਤਾਂ ਵਿਰੋਧੀ ਪਾਰਟੀਆਂ ਨੇ ਪ੍ਰਦਰਸ਼ਨ ਜਾਰੀ ਰੱਖੇ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਉਨ੍ਹਾਂ ਨੂੰ ਸ਼ਾਂਤ ਰਹਿਣ ਦੀ ਬੇਨਤੀ ਕਰਦਿਆਂ ਰਾਸ਼ਟਰਪਤੀ ਦੇ ਭਾਸ਼ਨ ’ਤੇ ਧੰਨਵਾਦ ਮਤੇ ਉਪਰ ਚਰਚਾ ਸ਼ੁਰੂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਦੇ ਸਟੈਂਡ ਨੂੰ ਵਿੱਤ ਮੰਤਰੀ ਨੇ ਸਪੱਸ਼ਟ ਕਰ ਦਿੱਤਾ ਹੈ ਅਤੇ ਵਿਰੋਧੀ ਧਿਰਾਂ ਪ੍ਰਦਰਸ਼ਨ ਨਾ ਕਰਨ। ਹੰਗਾਮੇ ਦੌਰਾਨ ਹੀ ਸਪੀਕਰ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ। ਉਧਰ ਰਾਜ ਸਭਾ ’ਚ ਵੀ ਅੱਜ ਕੋਈ ਕੰਮ ਨਾ ਹੋ ਸਕਿਆ।