(ਸਮਾਜ ਵੀਕਲੀ)
ਕੁਝ ਦਿਨ ਪਹਿਲਾਂ
ਮੈਂ ਵੀ ਪਰਿਕਰਮਾ ਕੀਤੀ ਹੈ
ਉਸ ਨਾਂ ਦੀ,
ਉਸ ਥਾਂ ਦੀ
ਜਿਸ ਨੂੰ ਸ਼ੰਭੂ ਕਹਿੰਦੇ ਹਾਂ।
ਉੱਥੇ ਹਜ਼ਾਰਾਂ ਦੀ ਭੀੜ ਹੈ
ਉੱਥੇ ਬਹੁਤ ਲੋਕ ਨੇ,
ਜਿਹੜੇ ਗਾਉਂਦੇ ਨੇ,
ਦੀਵਿਆਂ ਵਾਂਗ ਜਗਦੇ ਨੇ,
ਹਨੇਰਿਆਂ ਨੂੰ ਚਿੜਾਉਂਦੇ ਨੇ।
ਕੁਝ ਮਘਦੇ ਸੂਰਜ ਵਰਗੇ ਨੇ,
ਹਨੇਰੇ ਜਿਨ੍ਹਾਂ ਤੋਂ ਡਰਦੇ ਨੇ।
ਕੁਝ ਦਲੀਲ ਨਾਲ ਗੱਲ ਕਰਦੇ ਨੇ,
ਹਾਕਮਾਂ ਨੂੰ ਸੱਪ ਵਾਂਗ ਲੜਦੇ ਨੇ।
ਪਤਾ ਉੱਥੇ ਹੋਰ ਕੌਣ ਸੀ?
ਉੱਥੇ ਕਰਤਾਰ ਸਿੰਘ ਸਰਾਭਾ ਕਿਤਾਬ ਪੜ੍ਹਦਾ ਹੈ,
ਭਗਤ ਸਿੰਘ ਮਾਂ ਗੁਜਰੀ ਦੀ ਸੇਵਾ ਕਰਦਾ ਹੈ,
ਉੱਥੇ ਚੰਡੀ ਰੱਖਿਆ ਕਰਦੀ ਹੈ,
ਜ਼ੁਲਮ ਵਿਰੁੱਧ ਲੜਦੀ ਹੈ।
ਉੱਥੇ ਜਿਉਂਦੀਆਂ ਰੂਹਾਂ ਘੁੰਮਦੀਆਂ ਨੇ,
ਕਦਮ ਕਦਮ ਲੇਖੇ ਕਰ ਪੈਰ ਚੁੰਮਦੀਆਂ ਨੇ।
ਨਾਨਕ ਲੰਗਰ ਲਾਉਂਦਾ ਹੈ
ਰਾਮ ਜੈਕਾਰੇ ਲਾਉਂਦਾ ਹੈ
ਹੁਣ ਵਾਹਿਗੁਰੂ ਜਿੰਨਾ ਹੀ
ਰਾਮ ਰਾਮ ਮਨ ਨੂੰ ਭਾਉਂਦਾ ਹੈ।
ਦੋਵੇਂ ਇਕੱਠੇ ਗਜਾ ਕਰਨ ਜਾਂਦੇ ਨੇ
ਰੁੱਖੇ ਮਿੱਸੇ ਨਾਲ ਸਭ ਦਾ ਢਿੱਡ ਭਰਦੇ ਨੇ।
ਉਹ ਗਰਾਹੀ ਖਾ ਢਿੱਡ ਭਰ ਗਿਆ,
ਸਭ ਨੂੰ ਮਿਲ ਕਾਲਜਾ ਠਰ ਗਿਆ।
ਜਾਓ ਤੁਸੀਂ ਵੀ ਮਿਲ ਆਓ,
ਫੇਰ ਨਾ ਕਿਹੋ ਦੱਸਿਆ ਨ੍ਹੀਂ
ਉੱਥੇ ਵਾਹਿਗੁਰੂ, ਭਗਵਾਨ ਤੇ ਅੱਲ੍ਹਾ
ਸਭ ਇਕੱਠੇ ਰਲ ਕੇ ਰਹਿੰਦੇ ਨੇ।
ਤਿੰਨੋਂ ਹੁਣ ਤਾਂ ਵਾਰੋ ਵਾਰੀ
ਵਾਹਿਗੁਰੂ, ਅੱਲ੍ਹਾ ਤੇ ਭਗਵਾਨ ਕਹਿੰਦੇ ਨੇ,
ਬੋਲੇ ਸੋ ਨਿਹਾਲ ਵਾਂਗ ਹੀ ਹੁਣ ਤਾਂ
ਰੇ ਭਾਈ ਬੋਲੋ ਰਾਮ ਰਾਮ ਸੁਣਾਈ ਦਿੰਦਾ ਹੈ।
ਭਗਵਾਨ ਪੱਗ ਬੰਨ੍ਹ ਅੱਲ੍ਹਾ ਦੇ ਹੱਥੋਂ ਪਾਣੀ ਪੀਂਦਾ ਹੈ।
ਮੈਂ ਉਸ ਥਾਂ ਦੀ ਮਿੱਟੀ ਲੈ ਕੇ ਆਈ ਹਾਂ,
ਉਸ ਮਿੱਟੀ ਤੋਂ ਮੈਂ ਚੁੱਲ੍ਹਾ ਬਣਾਉਣਾ ਹੈ,
ਉਸ ’ਤੇ ਪੱਕਿਆ ਅੰਨ ਸੰਗਤ ’ਚ ਵਰਤਾਉਣਾ ਹੈ…।
ਸੁਖਦੇਵ ਸਿੰਘ
0091 62830 11456
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly