ਸ੍ਰੀ ਮੁਕਤਸਰ ਸਾਹਿਬ (ਸਮਾਜ ਵੀਕਲੀ): ਯੂਕਰੇਨ ’ਚ ਜੰਗ ਦੇ ਛਾਏ ਬੱਦਲਾਂ ਨੇ ਉਥੇ ਡਾਕਟਰੀ ਦੀ ਪੜ੍ਹਾਈ ਕਰਨ ਗਏ ਵਿਦਿਆਰਥੀਆਂ ਦੇ ਮਾਪਿਆਂ ਦੇ ਸਾਹ ਸੂਤ ਕੇ ਰੱਖ ਦਿੱਤੇ ਹਨ। ਸਭ ਤੋਂ ਵੱਧ ਸਮੱਸਿਆ ਆਖਰੀ ਵਰ੍ਹੇ ’ਚ ਪੜ੍ਹਦੇ ਵਿਦਿਆਰਥੀਆਂ ਨੂੰ ਆ ਰਹੀ ਹੈ। ਆਖਰੀ ਵਰ੍ਹੇ ਦੇ ਪੇਪਰ ਮਈ ਮਹੀਨੇ ਹੋਣੇ ਹਨ ਅਤੇ ਜੂਨ ਵਿੱਚ ਵਿਦਿਆਰਥੀਆਂ ਦੀ ਘਰਾਂ ਨੂੰ ਵਾਪਸੀ ਹੈ। ਜੇ ਇਹ ਬੱਚੇ ਹੁਣ ਆਉਂਦੇ ਹਨ ਤਾਂ ਉਨ੍ਹਾਂ ਦੀ ਪੜ੍ਹਾਈ ਅਤੇ ਪੇਪਰਾਂ ’ਤੇ ਅਸਰ ਪੈ ਸਕਦਾ ਹੈ।
ਮੁਕਤਸਰ ਦੇ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਬੇਟੀ ਅਤੇ ਬੇਟਾ ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਯੂਕਰੇਨ ਵਿੱਚ ਪੜ੍ਹ ਰਹੇ ਹਨ। ਉਹ ਐੱਮਬੀਬੀਐੱਸ ਦੇ ਛੇਵੇਂ ਸਾਲ ਦੇ ਵਿਦਿਆਰਥੀ ਹਨ। ਯੂਨੀਵਰਸਿਟੀ ਨੇ ਭਾਵੇਂ ਵਿਦਿਆਰਥੀਆਂ ਨੂੰ ਭਾਰਤ ਜਾ ਕੇ ਆਨਲਾਈਨ ਪੜ੍ਹਾਈ ਕਰਨ ਲਈ ਕਹਿ ਦਿੱਤਾ ਹੈ ਪਰ ਵਿਦਿਆਰਥੀ ਕਿਸੇ ਤਰ੍ਹਾਂ ਦੀ ਸਮੱਸਿਆ ਤੋਂ ਬਚਣ ਲਈ ਭਾਰਤ ਆਉਣ ਤੋਂ ਝਿਜਕ ਰਹੇ ਹਨ। ਉਨ੍ਹਾਂ ਦੱਸਿਆ ਕਿ ਹਾਲ ਦੀ ਘੜੀ ਬੱਚੇ ਭਾਵੇਂ ਉਥੇ ਸੁਰੱਖਿਅਤ ਹਨ ਪਰ ਉਨ੍ਹਾਂ ਦੀ ਚਿੰਤਾ ਸਤਾ ਰਹੀ ਹੈ। ਇਸੇ ਤਰ੍ਹਾਂ ਕੁਲਦੀਪ ਸਿੰਘ ਅਤੇ ਗੁਰਮੁਖ ਸਿੰਘ ਦੇ ਬੱਚੇ ਵੀ ਯੂਕਰੇਨ ਵਿੱਚ ਪੜ੍ਹ ਰਹੇ ਹਨ। ਮਾਪਿਆਂ ਨੇ ਭਾਰਤ ਸਰਕਾਰ ਕੋਲੋਂ ਮਦਦ ਦੀ ਮੰਗ ਕੀਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly