*ਅੱਪਰਾ ਦੀ ਵਸਨੀਕ ਸ੍ਰੀਮਤੀ ਰਾਧਾ ਭਾਰਦਵਾਜ ਪਤਨੀ ਹਰਜੀਤ ਭਾਰਦਵਾਜ ਦਾ ਪੁੱਤਰ ਹੈ ਪਾਰਸ ਭਾਰਦਵਾਜ*ਪੰਜਾਬ ਤੇ ਅੱਪਰਾ ਦਾ ਨਾਂ ਦੁਨੀਆਂ ਭਰ ‘ਚ ਕੀਤਾ ਰੌਸ਼ਨ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਅੱਪਰਾ ਦੇ ਪਾਰਸ ਭਾਰਦਵਾਜ ਨੇ ਬੀਤੇ ਦਿਨ ਕੈਨੇਡਾ ਵਿਖੇ ਇੱਕ ਬਿਲਡਿੰਗ ‘ਚ ਲੱਗੀ ਭਿਆਨਕ ਅੱਗ ਨੂੰ ਜਾਨ ਜੋਖਿਮ ‘ਚ ਪਾ ਕੇ ਅੱਗ ‘ਤੇ ਕਾਬੂ ਪਾ ਕੇ ਸੈਂਕੜੇ ਕੀਮਤੀ ਜਾਨਾਂ ਬਚਾ ਕੇ ਪੰਜਾਬ, ਅੱਪਰਾ ਤੇ ਆਪਣੇ ਮਾਪਿਆਂ ਦਾ ਨਾਂ ਪੂਰੀ ਦੁਨੀਆਂ ਭਰ ‘ਚ ਰੌਸ਼ਨ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਰਦਵਾਜ ਜਿਊਲਰਜ਼ ਦੇ ਮਾਲਕ ਹਰਕੇਸ਼ ਭਾਰਦਵਾਜ (ਸੋਡੀ) ਸਰਾਫ਼ ਨੇ ਦੱਸਿਆ ਕਿ ਪਾਰਸ ਭਾਰਦਵਾਜ ਪੁੱਤਰ ਸ੍ਰੀਮਤੀ ਰਾਧਾ ਭਾਰਦਵਾਜ ਪਤਨੀ ਹਰਜੀਤ ਭਾਰਦਵਾਜ ਕੈਨੇਡਾ ਦੀ ‘ਪੈਰਾਗਨ’ ਸਕਿਊਰਟੀ ਕੰਪਨੀ ‘ਚ ਨੌਕਰੀ ਕਰਦਾ ਹੈ | ਬੀਤੇ ਦਿਨ ਕੈਨੇਡਾ ਦੇ ਸ਼ਹਿਰ ਸਕਾਰਬਰੋਹ (ਟਰਾਂਟੋ) ਦੀ ਇੱਕ ਬਿਲਿਡਿੰਗ ‘ਚ ਅਚਾਨਕ ਅੱਗ ਲੱਗ ਗਈ | ਇਸ ਬਿਲਡਿੰਗ ‘ਚ ਲਗਭਗ 500 ਦਫ਼ਦਰ ਹਨ ਤੇ ਸੈਂਕੜਿਆਂ ਦੀ ਗਿਣਤੀ ‘ਚ ਅਫਸਰ ਤੇ ਵਰਕਰਜ਼ ਕੰਮ ਕਰਦੇ ਹਨ | ਇਸ ਦੌਰਾਨ ਹੀ ਸਕਿਉਰਟੀ ਅਸਿਸਟੈਂਟ ਅਫਸਰ ਪਾਰਸ ਭਾਰਦਵਾਜ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਅੱਗ ਬੁਝਾਊ ਯੰਤਰਾਂ ਨਾਲ ਲੈਸ ਹੋ ਕੇ ਭਿਆਨਕ ਤੇ ਭਾਂਬੜ ਦੇ ਰੂਪ ‘ਚ ਮੱਚ ਰਹੀ ਅੱਗ ‘ਚ ਜਾ ਕੇ ਅੱਗ ‘ਤੇ ਕਾਬੂ ਪਾਇਆ | ਜੇਕਰ ਪਾਰਸ ਭਾਰਦਵਾਜ ਸਮੇਂ ਸਿਰ ਬਹਾਦਰੀ ਤੇ ਦਲੇਰੀ ਨਾ ਦਿਖਾਉਂਦੇ ਤਾਂ ਅੱਗ ਹੋਰ ਵੀ ਭਿਆਨ ਰੂਪ ਧਾਰਨ ਕਰ ਸਕਦੀ ਸੀ ਤੇ ਸੈਂਕੜੇ ਕੀਮਤੀ ਜਾਨਾਂ ਨੂੰ ਆਪਣੀ ਲਪੇਟ ‘ਚ ਲੈ ਸਕਦੀ ਸੀ | ਪਾਰਸ ਭਾਰਦਵਾਜ ਦੀ ਇਸ ਦਲੇਰੀ ਤੇ ਬਹਾਦਰੀ ਨੂੰ ਦੇਖ ਕੇ ਪੈਰਾਗਨ ਕੰਪਨੀ ਵਲੋਂ ਉਸ ਨੂੰ ਨਕਦ ਇਨਾਮ ਤੇ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਸੰਬੰਧੀ ਗੱਲਬਾਤ ਕਰਦਿਆਂ ਪਾਰਸ ਭਾਰਦਵਾਜ ਦੀ ਮਾਤਾ ਸ੍ਰੀਮਤੀ ਰਾਧਾ ਭਾਰਦਵਾਜ ਨੇ ਕਿਹਾ ਕਿ ਉਸ ਨੂੰ ਆਪਣੇ ਪੁੱਤਰ ਦੀ ਬਹਾਦਰੀ ‘ਤੇ ਪੂਰਾ ਮਾਣ ਹੈ ਤੇ ਉਸਦੇ ਇਸ ਕਾਰਨਾਮੇ ਨੇ ਉਨਾਂ ਦਾ ਸਿਰ ਉੱਚਾ ਕਰ ਦਿੱਤਾ ਹੈ | ਪਾਰਸ ਭਾਰਦਵਾਜ ਦੇ ਇਸ ਦਲੇਰਨਾਮਾ ਕਾਰਜ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਤੇ ਉਸਨੇ ਪੰਜਾਬ ਤੇ ਅੱਪਰਾ ਦਾ ਨਾਂ ਪੂਰੇ ਵਿਸ਼ਵ ਭਰ ‘ਚ ਰੌਸ਼ਨ ਕਰ ਦਿੱਤਾ ਹੈ |



