ਵੈਨਕੂਵਰ (ਸਮਾਜ ਵੀਕਲੀ) (ਮਲਕੀਤ ਸਿੰਘ)– ਸਰੀ ਦੇ ਪ੍ਰੋਗਰੈਸਿਵ ਕਲਚਰਲ ਸੈਂਟਰ ਵਿਖੇ ਬੀਤੇ ਐਤਵਾਰ ਲੁਧਿਆਣਾ ਨਾਲ ਸਬੰਧਿਤ ਨਾਮਵਰ ਸ਼ਾਇਰ ਪਰਮਜੀਤ ਸੋਹਲ ਦੇ ਨਵੇਂ ਕਾਵਿ-ਸੰਗ੍ਰਹਿ ‘ਪੂਰਬ ਦੇ ਬੱਦਲ’ ਦੇ ਲੋਕ-ਅਰਪਣ ਸਬੰਧੀ ਇੱਕ ਵਿਸ਼ੇਸ਼ ਅਤੇ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਸ਼ਾਇਰ ਪਰਮਜੀਤ ਸੋਹਲ, ਉੱਘੇ ਚਿੰਤਕ ਡਾ. ਸਾਧੂ ਬਿਨਿੰਗ, ਪ੍ਰਸਿੱਧ ਨਾਵਲਕਾਰ ਜਰਨੈਲ ਸਿੰਘ ਸੇਖਾ, ਡਾ. ਅਮਰਜੀਤ ਭੁੱਲਰ ਅਤੇ ਡਾ. ਸੁਖਦੇਵ ਮਾਨ ਨੇ ਸਾਂਝੇ ਤੌਰ ‘ਤੇ ਕੀਤੀ। ਮੰਚ ਸੰਚਾਲਕ ਸੁਰਿੰਦਰ ਚਾਹਲ ਨੇ ਹਾਜ਼ਰੀਨ ਦਾ ਨਿੱਘਾ ਸਵਾਗਤ ਕਰਦਿਆਂ ਪਰਮਜੀਤ ਸੋਹਲ ਦੇ ਸਾਹਿਤਕ ਸਫ਼ਰ, ਸਿਰਜਣਾਤਮਕ ਯੋਗਦਾਨ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪੁਸਤਕ ਦੇ ਰਸਮੀ ਲੋਕ-ਅਰਪਣ ਉਪਰੰਤ ਹੋਈ ਵਿਚਾਰ-ਚਰਚਾ ਦੌਰਾਨ ਬੁਲਾਰਿਆਂ ਨੇ ‘ਪੂਰਬ ਦੇ ਬੱਦਲ’ ਨੂੰ ਸਮਕਾਲੀ ਵਿਸ਼ਵ-ਪ੍ਰਸੰਗਾਂ, ਰਾਜਨੀਤਿਕ ਉਥਲ-ਪੁਥਲ, ਵਿਸ਼ਵ ਰਾਜਨੀਤਕ ਆਰਥਿਕਤਾ ਅਤੇ ਮਨੁੱਖੀ ਚਿੰਤਾਵਾਂ ਦਾ ਬੇਬਾਕ ਅਤੇ ਸੰਵੇਦਨਸ਼ੀਲ ਕਾਵਿਕ ਦਸਤਾਵੇਜ਼ ਕਰਾਰ ਦਿੱਤਾ। ਨਾਵਲਕਾਰ ਜਰਨੈਲ ਸਿੰਘ ਸੇਖਾ ਨੇ ਕਿਹਾ ਕਿ ਪਰਮਜੀਤ ਸੋਹਲ ਨੇ ਆਪਣੀਆਂ ਕਵਿਤਾਵਾਂ ਵਿੱਚ ਅਜੋਕੇ ਸੰਸਾਰ ਦੇ ਭਖਦੇ ਅਤੇ ਸੰਵੇਦਨਸ਼ੀਲ ਮਸਲਿਆਂ ਨੂੰ ਨਿਡਰਤਾ ਨਾਲ ਉਭਾਰਿਆ ਹੈ। ਉੱਘੇ ਚਿੰਤਕ ਡਾ. ਸਾਧੂ ਬਿਨਿੰਗ ਨੇ ਪੁਸਤਕ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕਵੀ ਨੇ ਅੱਜ ਦੀ ਮਾਨਵਤਾ ਨੂੰ ਦਰਪੇਸ਼ ਗੁੰਝਲਦਾਰ ਅਤੇ ਚਿੰਤਾਜਨਕ ਮਸਲਿਆਂ ਨੂੰ ਬਹੁਤ ਹੀ ਸਰਲ, ਪ੍ਰਭਾਵਸ਼ਾਲੀ ਅਤੇ ਸੰਚਾਰਯੋਗ ਭਾਸ਼ਾ ਵਿੱਚ ਪੇਸ਼ ਕੀਤਾ ਹੈ। ਡਾ. ਅਮਰਜੀਤ ਭੁੱਲਰ ਨੇ ਆਰਥਿਕ ਅਤੇ ਰਾਜਨੀਤਿਕ ਪੱਖ ਤੋਂ ਪੁਸਤਕ ਦਾ ਵਿਸ਼ਲੇਸ਼ਣ ਕਰਦਿਆਂ ਇਸ ਨੂੰ ਵਿਸ਼ਵ ਰਾਜਨੀਤਿਕ ਅਰਥਚਾਰੇ ਦਾ ਕਾਵਿਕ ਰੂਪਾਂਤਰਣ ਦੱਸਿਆ। ਡਾ. ਸੁਖਦੇਵ ਮਾਨ ਨੇ ਕਿਹਾ ਕਿ ਪੁਸਤਕ ਦਾ ਮੁੱਖਬੰਧ ਹੀ ਪਾਠਕ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲੈਂਦਾ ਹੈ ਅਤੇ ਪੂਰੀ ਕਿਤਾਬ ਪੜ੍ਹਨ ਲਈ ਪ੍ਰੇਰਿਤ ਕਰਦਾ ਹੈ।ਇਸ ਮੌਕੇ ਸਾਹਿਤਕਾਰ ਮੇਜਰ ਰੰਧਾਵਾ, ਕਵੀ ਦੀ ਬੇਟੀ ਗੁਰਲੀਨ ਸੋਹਲ ਅਤੇ ਮਿਸਟਰ ਜੋਸਨ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਪਰਮਜੀਤ ਸੋਹਲ ਨੂੰ ਇਸ ਮਹੱਤਵਪੂਰਨ ਸਾਹਿਤਕ ਕਿਰਤ ਲਈ ਵਧਾਈ ਦਿੱਤੀ। ਸਮਾਗਮ ਦੇ ਅਖੀਰ ਵਿੱਚ ਪਰਮਜੀਤ ਸੋਹਲ ਨੇ ਸਾਰੇ ਵਿਦਵਾਨਾਂ, ਸਾਹਿਤਕਾਰਾਂ ਅਤੇ ਸਾਹਿਤ-ਪ੍ਰੇਮੀਆਂ ਦਾ ਧੰਨਵਾਦ ਕੀਤਾ
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly





