ਗੁਰਬਤ ਅਤੇ ਕੁਦਰਤੀ ਮਾਰਾਂ ਵੀ ਨਹੀਂ ਡੇਗ ਸਕੀਆਂ ਇਸ ਖਿਡਾਰਨ ਬੀਬੀ ਦੇ ਬੁਲੰਦ ਹੌਂਸਲੇ
ਗੁਰਬਿੰਦਰ ਸਿੰਘ ਰੋਮੀ (ਸਮਾਜ ਵੀਕਲੀ) : ਇੱਥੇ ਦਰੋਣਾਚਾਰਿਆ ਸਟੇਡੀਅਮ ਵਿਖੇ ਚੱਲ ਰਹੀ ਨੈਸ਼ਨਲ ਮਾਸਟਰ ਅਥਲੈਟਿਕਸ ਮੀਟ ਵਿੱਚ ਭਾਰਤ ਦੇ ਵੱਖੋ-ਵੱਖ ਰਾਜਾਂ ਤੋਂ ਆਏ ਖਿਡਾਰੀਆਂ ਨੇ ਖੂਬ ਜੋਹਰ ਵਿਖਾਏ। ਜਿਸ ਵਿੱਚ ਜਿਲ੍ਹਾ ਰੋਪੜ ਦੇ ਪਿੰਡ ਬੈਂਸਾ (ਨੂਰਪੁਰ ਬੇਦੀ) ਤੋਂ ਪਹੁੰਚੀ ਪਰਮਜੀਤ ਕੌਰ (50+ਗਰੁੱਪ) ਨੇ 1500 ਤੇ 800 ਮੀਟਰ ਦੌੜਾਂ ਵਿੱਚ ਕ੍ਰਮਵਾਰ ਪਹਿਲੇ ਤੇ ਦੂਜੇ ਸਥਾਨ ‘ਤੇ ਰਹਿੰਦਿਆਂ ਚਾਂਦੀ ਤੇ ਕਾਂਸੀ ਦੇ ਦੋ ਤਮਗੇ ਹਾਸਲ ਕਰਕੇ ਰੋਪੜ ਜਿਲ੍ਹੇ ਅਤੇ ਪੰਜਾਬ ਰਾਜ ਦਾ ਨਾਮ ਰੋਸ਼ਨ ਕੀਤਾ। ਜਿਕਰਯੋਗ ਹੈ ਕਿ ਪਰਮਜੀਤ ਕੌਰ ਗਰੀਬੀ ਭਰੇ ਹਾਲਾਤ ਵਿੱਚ ਰਹਿ ਕੇ ਵੀ ਆਪਣੀ ਖੇਡ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ।
ਜਿਸ ਦੇ ਤਿੰਨ ਬੱਚਿਆਂ (ਦੋ ਪੁੱਤਰ ਤੇ ਇੱਕ ਧੀ) ਵਿੱਚੋਂ ਦੋਵੇਂ ਪੁੱਤਰ ਜਮਾਂਦਰੂ ਹੀ ਬੋਲਣ ਸੁਣਨ ਤੋਂ ਅਸਮਰੱਥ ਰਹੇ। ਉਨ੍ਹਾਂ ਵਿੱਚੋਂ ਵੀ ਛੋਟੇ ਦੀ 22 ਸਾਲ ਦੀ ਉਮਰ ਵਿੱਚ ਹੀ ਮੌਤ ਹੋ ਗਈ। ਪਤੀ ਹਰਮੇਸ਼ ਕੁਮਾਰ ਆਪਣੇ ਪਿੰਡ ਬੈਂਸਾ ਦੇ ਅੱਡੇ ਵਿੱਚ ਹੀ ਜੂਸ ਦੀ ਰੇਹੜੀ ਲਾ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਹੈ। ਸੋ ਸਮਰੱਥਾ ਰੱਖਦੇ ਖੇਡ ਪ੍ਰੇਮੀ ਸੱਜਣਾਂ ਨੂੰ ਨਵੀਂ ਪੀੜ੍ਹੀ ਲਈ ਚਾਨਣ ਮੁਨਾਰਾ ਬਣ ਰਹੀ ਇਸ ਮਾਸਟਰ ਅਥਲੀਟ ਦੀ ਬਣਦੀ ਮੱਦਦ ਜਰੂਰ ਕਰਨੀ ਚਾਹੀਦੀ ਹੈ। ਕੋਈ ਵੀ ਜਾਣਕਾਰੀ ਲਈ ਇਨ੍ਹਾਂ ਦਾ ਨਿੱਜੀ ਮੋਬਾਇਲ ਨੰਬਰ 9478127886 ਹੈ।