
(ਸਮਾਜ ਵੀਕਲੀ) ਸਿੱਖ ਧਰਮ ਅਤੇ ਗੁਰਬਾਣੀ ਪ੍ਰਤੀ ਅਦੁੱਤੀ ਸੇਵਾ ਨਿਭਾਉਣ ਵਾਲੇ ਪ੍ਰਸਿੱਧ ਪੰਥਕ ਸ਼੍ਰੋਮਣੀ ਰਾਗੀ ਭਾਈ ਹਰਜਿੰਦਰ ਸਿੰਘ ਜੀ ( ਸ੍ਰੀ ਨਗਰ ਵਾਲੇ ) ਨੂੰ ਇਸ ਸਾਲ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਸਨਮਾਨ ਗੁਰਮਤਿ ਸੰਗੀਤ ਤੇ ਗੁਰਬਾਣੀ ਪ੍ਰਚਾਰ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਅਤੇ ਇਸ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾਉਣ ਲਈ ਕੀਤੇ ਗਏ ਯਤਨਾਂ ਦੇ ਸਦਕਾ ਦਿੱਤਾ ਜਾ ਰਿਹਾ ਹੈ। ਭਾਈ ਹਰਜਿੰਦਰ ਸਿੰਘ ਜੀ ਦਾ ਜਨਮ ਜ਼ਿਲ੍ਹਾ ਗੁਰਦਾਸਪੁਰ ਦੇ ਛੋਟੇ ਜਿਹੇ ਪਿੰਡ ਬੱਲੜਵਾਲ ਵਿਖੇ ਹੋਇਆ। ਬਚਪਨ ਤੋਂ ਹੀ ਉਨ੍ਹਾਂ ਦੀ ਗੁਰਬਾਣੀ ਵਿਚ ਅਥਾਹ ਸ਼ਰਧਾ ਸੀ। ਉਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਿੱਖ ਮਿਸ਼ਨਰੀ ਕਾਲਜ ਵਿੱਖੇ ਸੰਗੀਤ ਦੀ ਵਿੱਦਿਆ ਹਾਸਲ ਕੀਤੀ ਅਤੇ 1980 ਵਿੱਚ ਭਾਈ ਮਨਿੰਦਰ ਸਿੰਘ ਤੇ ਭਾਈ ਹਰਨਾਮ ਸਿੰਘ ਜੀ ਨਾਲ ਮਿਲ ਕੇ ਆਪਣੇ ਜੱਥੇ ਦੀ ਸ਼ੁਰੂਆਤ ਕੀਤੀ । ਉਨ੍ਹਾਂ ਨੇ ਸ੍ਰੀ ਨਗਰ ( ਕਸ਼ਮੀਰ ) ਦੇ ਗੁਰਦੁਆਰਾ ਸਾਹਿਬ ਮਾਤਾ ਭਾਗ ਭਰੀ ਤੋਂ ਗੁਰਬਾਣੀ ਕੀਰਤਨ ਦੀ ਆਰੰਭਤਾ ਕੀਤੀ। ਉਹਨਾਂ ਨੇ ਆਪਣੇ ਰਸ ਭਿੰਨੇ ਕੀਰਤਨ ਨਾਲ ਸੰਗੀਤਕ ਜਗਤ ਵਿੱਚ ਆਪਣੀ ਪਛਾਣ ਬਣਾਈ ਅਤੇ ਤਿੰਨ ਸਾਲ ਬਾਅਦ ਲੁਧਿਆਣੇ ਦੇ ਇਕ ਗੁਰਦੁਆਰਾ ਸਾਹਿਬ ‘ਚ ਕੀਰਤਨ ਦੀ ਸੇਵਾ ਨਿਭਾਈ ਜਿੱਥੇ ਸੰਗਤਾਂ ਵਲੋਂ ਉਹਨਾਂ ਨੂੰ ਸ੍ਰੀ ਨਗਰ ਵਾਲੇ ਭਾਈ ਸਾਹਿਬ ਨਾਮ ਨਾਲ ਜਾਣਿਆ ਜਾਣ ਲੱਗਾ। ਉਨ੍ਹਾਂ ਦਾ ਗੁਰਬਾਣੀ ਕੀਰਤਨ ਦਾ ਸਫਰ ਬਹੁਤ ਹੀ ਲੰਮਾ ਤੇ ਪ੍ਰੇਰਣਾਦਾਇਕ ਰਿਹਾ। ਭਾਈ ਹਰਜਿੰਦਰ ਸਿੰਘ ਜੀ ਦੀ 1985 ਵਿੱਚ ਗੁਰਬਾਣੀ ਕੀਰਤਨ ਦੀ ਪਹਿਲੀ ਐਲਬਮ ਜਾਰੀ ਹੋਈ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਹੁਣ ਤਕ ਲਗਭਗ 150 ਤੋਂ ਵੱਧ ਐਲਬਮਾਂ ਰਿਲੀਜ਼ ਹੋ ਚੁੱਕੀਆਂ ਹਨ। ਉਨ੍ਹਾਂ ਦਾ ਗੁਰਬਾਣੀ ਗਾਇਨ ਬਹੁਤ ਸੁਰੀਲੇ ਪੱਧਰ ਦਾ ਅਤੇ ਅਧਿਆਤਮਿਕਤਾ ਨਾਲ ਭਰਪੂਰ ਹੈ। ਉਨ੍ਹਾਂ ਵਲੋਂ ਗਾਏ ਹੋਏ ਸ਼ਬਦ ਸੰਗਤਾਂ ਦੇ ਮਨਾਂ ਨੂੰ ਸ਼ਾਂਤੀ ਤੇ ਆਨੰਦ ਪ੍ਰਦਾਨ ਕਰਦੇ ਹਨ ਅਤੇ ਉਨ੍ਹਾਂ ਨੂੰ ਪਰਮਾਤਮਾ ਨਾਲ ਜੋੜਦੇ ਹਨ। ਭਾਈ ਸਾਹਿਬ ਜੀ ਦੇ ਯਤਨਾਂ ਨੇ ਗੁਰਬਾਣੀ ਨੂੰ ਵਿਸ਼ਵ ਪੱਧਰ ‘ਤੇ ਪ੍ਰਚਾਰਿਤ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਭਾਈ ਹਰਜਿੰਦਰ ਸਿੰਘ ਜੀ ਨੂੰ ਪਦਮ ਸ਼੍ਰੀ ਸਨਮਾਨ ਦੀ ਖਬਰ ਨਾਲ ਸਮੁੱਚੇ ਸਿੱਖ ਜਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਇਸ ਤੋਂ ਪਹਿਲਾਂ ਵੀ ਭਾਈ ਸਾਹਿਬ ਜੀ ਨੂੰ ਸ੍ਰੀ ਆਕਾਲ ਤਖਤ ਸਾਹਿਬ ਜੀ ਤੋਂ ਪੰਥਕ ਸ਼੍ਰੋਮਣੀ ਰਾਗੀ ਦਾ ਸਨਮਾਨ ਮਿਲ ਚੁੱਕਾ ਹੈ ਤੇ ਹੁਣ ਸਰਕਾਰ ਵਲੋਂ ਭਾਈ ਸਾਹਿਬ ਜੀ ਨੂੰ ਪਦਮ ਸ਼੍ਰੀ ਨਾਲ ਸਨਮਨਿਆ ਜਾਣਾ ਸਮੁੱਚੇ ਸਿੱਖ ਜਗਤ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।
ਬਲਦੇਵ ਸਿੰਘ ਬੇਦੀ https://play.google.com/store/apps/details?id=in.yourhost.samaj



