ਪੰਥ, ਧਰਮ ਤੇ ਰਾਜਨੀਤੀ

ਯਾਦਵਿੰਦਰ

(ਸਮਾਜ ਵੀਕਲੀ)

ਕਿਤਾਬ ਪੜਚੋਲ

ਅਜੋਕੇ ਦੌਰ ਵਿਚ ਅਕਾਲੀ ਸਿਆਸਤਦਾਨਾਂ ਉੱਤੇ ਸਿਧਾਂਤਕ ਤੌਰ ਉੱਤੇ ਥਿੜਕਣ ਦੇ ਦੋਸ਼ ਲੱਗ ਰਹੇ ਹਨ। ਜਿੱਥੇ ਇਕ ਪਾਸੇ ਰਵਾਇਤੀ ਅਕਾਲੀ ਲੀਡਰਸ਼ਿਪ ਆਪਣਾ ਖੁੱਸਿਆ ਵਜੂਦ ਮੁੜ ਹਾਸਲ ਕਰਨ ਲਈ ਹੱਥ ਪੈਰ ਮਾਰ ਰਹੀ ਹੈ ਓਥੇ ਦੂਜੇ ਬੰਨ੍ਹੇ ਇਤਿਹਾਸ ਦੀ ਬੁੱਕਲ ਵਿਚ ਲੁਕਿਆ ਸਰਮਾਇਆ, ਪੰਜਾਬੀ ਪਾਠਕਾਂ ਦੀ ਉਡੀਕ ਕਰਦਾ ਰਹਿੰਦਾ ਹੈ ਕਿ ਕੋਈ ਖੋਜੀ ਆਏ ਤੇ ਏਸ ਖ਼ਜ਼ਾਨੇ ਉੱਤੇ ਦਾਅਵਾ ਕਰੇ। ਇਹ ਦਾਅਵਾ ਓਹੀਓ ਕਰ ਸਕੇਗਾ, ਜਿਹਦੀ ਪੜ੍ਹਨ ਦੇ ਸ਼ੌਕ਼ ਨਾਲ ਪ੍ਰੀਤੀ ਪਈ ਹੋਈ ਏ।
***

ਇਸੇ ਪ੍ਰਥਾਇ ਅਸੀਂ ਏਸ ਕਾਲਮ ਦੇ ਜ਼ਰੀਏ ਨਾਲ ਗਿਆਨੀ ਹੀਰਾ ਸਿੰਘ ਦਰਦ ਵੱਲੋਂ ਉਨ੍ਹਾਂ ਦੇ ਦੌਰ ਦੇ ਅਕਾਲੀ ਦਲ ਦੇ ਪ੍ਰਧਾਨ ਮਾਸਟਰ ਤਾਰਾ ਸਿੰਘ ਦੇ ਸਿਆਸੀ ਸਬੰਧਾਂ ਤੇ ਰਾਜਸੀ ਵਿਰੋਧਤਾਈ ਦੀ ਗੱਲ ਕਰਨੀ ਹੈ।ਬਹੁਤ ਥੋੜ੍ਹੇ ਪੜ੍ਹਨਹਾਰ ਸ਼ਾਇਦ ਜਾਣਦੇ ਹੋਣਗੇ ਕਿ ਮਾਸਟਰ ਤਾਰਾ ਸਿੰਘ ਦੇ ਵੇਲੇ ਜਿੱਥੇ ਅਕਾਲੀ ਦਲ ਦੀ ਰਵਾਇਤੀ ਲੀਡਰਸ਼ਿਪ ਦਾ ਅਸਰ, ਸਮਕਾਲੀ ਲੋਕਾਈ ਉੱਪਰ ਲਗਾਤਾਰ ਵੱਧ ਰਿਹਾ ਸੀ, ਐਨ ਓਸੇ ਵੇਲੇ ਤਬਦੀਲੀ ਦੇ ਰੂਸੀ ਮਾਡਲ ਨੂੰ ਪਿਆਰ ਕਰਨ ਵਾਲੇ ਗਿਆਨੀ ਹੀਰਾ ਸਿੰਘ ਦਰਦ ਵੀ ਲੋਕਾਈ ਦੇ ਬਹੁਤ ਵੱਡੇ ਹਿੱਸੇ ਉੱਤੇ ਲਗਾਤਾਰ ਆਪਣੀ ਛਾਪ ਛੱਡ ਰਹੇ ਸਨ। ਉਨ੍ਹਾਂ ਦੇ ਪੋਤੇ ਪ੍ਰੋਫੈਸਰ ਹਰਜੀਤ ਸਿੰਘ ਨੇ ਦਾਦਾ (ਜੀ) ਦੀ ਵਿਚਾਰਧਾਰਕ ਵਿਰਾਸਤ ਨੂੰ ਲੋਕਾਂ ਵਿਚ ਲੈ ਕੇ ਆਉਣ ਲਈ (ਇਕ) ਕਿਤਾਬ ਦਾ ਸੰਪਾਦਨ ਕੀਤਾ ਸੀ। ਏਸ ਕਿਤਾਬ ਦਾ ਸਿਰਲੇਖ ਹੈ ; *ਪੰਥ, ਧਰਮ ਤੇ ਰਾਜਨੀਤੀ*।

ਜਿਵੇਂ ਕਿ ਆਪਾਂ ਸਾਰੇ ਜਾਣਦੇ ਈ ਹਾਂ ਕਿ ਸਿੱਖ ਲਹਿਰ ਦੇ ਰਾਜਸੀ ਅਸੂਲਾਂ ਮੁਤਾਬਕ ਧਰਮ ਤੇ ਰਾਜਨੀਤੀ ਇਕ ਦੂਜੇ ਦੇ ਪੂਰਕ ਨੇ, ਏਸ ਲਈ ਸਿੱਖ ਨੁਕਤਾ ਨਿਗਾਹ ਵਿਚ ਦਿਲਚਸਪੀ ਰੱਖਣ ਵਾਲੇ ਲੋਕਾਂ ਨੂੰ ਲਾਜ਼ਮੀ ਤੌਰ ਉੱਤੇ ਇਹ ਕਿਤਾਬ ਲੱਭ ਕੇ ਪੜ੍ਹਨੀ ਚਾਹੀਦੀ ਏ। ਵਜ੍ਹਾ ਇਹ ਹੈ ਕਿ ਗਿਆਨੀ ਹੀਰਾ ਸਿੰਘ ਦਰਦ ਦੀ ਅਕਾਦਮਿਕ ਕਾਬਲੀਅਤ ਤੇ ਆਪਣੇ ਵੇਲੇ ਦੀ ਸਮਾਜੀ/ਸਿਆਸੀ ਪਕੜ ਬਾਰੇ ਬਹੁਤ ਸਾਰੇ ਪੰਜਾਬ-ਦਰਦੀ ਜਿਊੜੇ ਯਾਂ ਤਾਂ ਜਾਣਦੇ ਈ ਨਈਂ, ਯਾਂ ਫੇਰ ਬਹੁਤ ਸੀਮਤ ਜਾਣਦੇ ਹਨ।

ਇਹ ਕਿਤਾਬ ਜਦੋਂ ਇਨ੍ਹਾਂ ਸਤਰਾਂ ਦੇ ਲਿਖਾਰੀ ਨੇ ਪੜ੍ਹੀ ਤਾਂ ਇਹ ਨੁਕਤੇ ਸਾਮ੍ਹਣੇ ਆਏ ਕਿ ਗਿਆਨੀ ਹੀਰਾ ਸਿੰਘ ਦਰਦ, ਦਰਅਸਲ, ਜਿੱਥੇ ਮਾਸਟਰ ਤਾਰਾ ਸਿੰਘ ਦੇ ਸਿਆਸੀ ਸਾਥੀ ਰਹੇ ਸਨ, ਓਥੇ ਦੋਵਾਂ ਸ਼ਖ਼ਸੀਅਤਾਂ ਦੇ ਰਾਹ ਪਾਟਣ ਮਗਰੋਂ ਦੋਵੇਂ ਜਣੇ ਵੱਖ ਵੱਖ ਤਰ੍ਹਾਂ ਦੇ ਸਿਆਸੀ ਆਦਰਸ਼ਾਂ ਦੇ ਮਗਰ ਤੁਰ ਪਏ ਸਨ। ਮਾਸਟਰ ਤਾਰਾ ਸਿੰਘ ਨਾਲੋਂ ਰਾਹ ਵੱਖਰਾ ਕਰਨ ਪਿੱਛੋਂ ਗਿਆਨੀ ਹੀਰਾ ਸਿੰਘ ਦਰਦ ਨੇ ਗੁਰਬਾਣੀ ਦੇ ਪੈਗ਼ਾਮ ਨੂੰ ਲੋਕਾਈ ਦੀ ਮੁਕਤੀ ਦੇ ਸੰਦਰਭ ਵਿਚ ਸਮਝ ਕੇ ਆਪਣੀ ਵਿਚਾਰਧਾਰਾ ਦਾ ਪਸਾਰ ਕੀਤਾ।

ਦੂਜੇ ਪਾਸੇ ਆਪਣੀ ਭਾਸ਼ਣ ਕਲਾ ਤੇ ਗੁਰਮੁਖ ਪਿਆਰੇ ਵਾਲ਼ੇ ਅਕਸ ਕਰਕੇ ਮਾਸਟਰ ਤਾਰਾ ਸਿੰਘ ਜਿੱਥੇ ਸਿੱਖਾਂ ਦੀ ਸਧਾਰਨ ਲੋਕਾਈ ਵਿਚ ਪ੍ਰਵਾਨਤ ਆਗੂ ਬਣ ਚੁੱਕੇ ਸਨ, ਓਥੇ ਸਿੱਖ ਰਾਜੇ ਤੇ ਜਗੀਰਦਾਰ ਵੀ ਉਨ੍ਹਾਂ ਦਾ ਅਕਸ ਚਮਕਾਉਣ ਲਈ ਮਾਇਕ ਸਹਿਯੋਗ ਕਰ ਰਹੇ ਸਨ। ਗਿਆਨੀ ਹੀਰਾ ਸਿੰਘ ਦਰਦ ਤੇ ਮਾਸਟਰ ਤਾਰਾ ਸਿੰਘ, ਦੋਵੇਂ, ਆਪਣੇ ਵੇਲੇ ਵਿਚ ਕ਼ਮਾਲ ਦੀ ਕਾਬਲੀਅਤ ਵਾਲ਼ੇ ਆਗੂ ਬਣ ਚੁੱਕੇ ਸਨ। ਇਕ ਦੂਜੇ ਦੇ ਘਰਾਂ ਵਿਚ ਆਉਂਦੇ ਜਾਂਦੇ ਸਨ। ਦੋਸਤ ਹੋਣ ਦੇ ਸਦਕਾ ਇਕ ਦੂਜੇ ਦੇ ਬਹੁਤ ਸਾਰੇ ਰਾਜ਼ ਜਾਣਦੇ ਸਨ। ਫੇਰ ਜਦੋਂ ਸੰਸਾਰ ਵਿਚ ਵੱਡੀ ਤਬਦੀਲੀ ਵਾਪਰਦੀ ਹੈ, ਰਸ਼ੀਆ ਵਿਚ ਵਿਰੋਧੀ ਧਿਰਾਂ ਤੇ ਮੈਨਸ਼ਵਿਕਾਂ ਨੂੰ ਮਾਤ ਦੇ ਕੇ, ਬੋਲਸ਼ਵਿਕ ਕਾਰਕੁਨ, ਰੂਸ ਦੇ ਰਾਜ ਭਾਗ ਉੱਤੇ ਕਾਬਜ਼ ਹੋ ਜਾਂਦੇ ਹਨ ਤਾਂ ਬੋਲਸ਼ਵਿਕ ਆਪਣੇ ਨਜ਼ਰੀਏ ਦੇ ਪਰਚਾਰ ਲਈ ਸਾਹਿਤ ਰਚਨਾਕਾਰਾਂ ਤੇ ਸਿਆਸੀ ਪ੍ਰਾਪੇਗੰਡਾ ਦਾ ਸੰਦ ਵਰਤਦੇ ਹਨ।

ਓਸੇ, ਬੋਲਸ਼ਵਿਕ ਰਾਜਸੀ ਵਿਚਾਰਧਾਰਾ ਦੇ ਅਸਰ ਹੇਠ ਗਿਆਨੀ ਹੀਰਾ ਸਿੰਘ ਦਰਦ “ਅਕਾਲੀ ਸਿਧਾਂਤਕਾਰ” ਤੋਂ ਮੋੜਾ ਕੱਟ ਕੇ, “ਸਮਤਾਵਾਦੀ ਸਿਧਾਂਤਕਾਰ” ਹੋਣ ਦਾ ਐਲਾਨ ਕਰ ਦਿੰਦੇ ਹਨ। ਏਸ ਐਲਾਨ ਤੋਂ ਮਗਰੋਂ ਵੀ ਗਿਆਨੀ ਜੀ, ਸਿੱਖੀ ਸਰੂਪ ਨੂੰ ਬਰਕਰਾਰ ਰੱਖਦੇ ਹਨ ਪਰ ਅਕਾਲੀ ਸਿਆਸਤਦਾਨਾਂ ਵੱਲੋਂ ਲਈ ਜਾਂਦੀ ਧਾਰਮਕ ਵਿਰਸੇ ਦੀ ਓਟ ਦੀ ਬਜਾਇ ਲੋਕਾਂ ਦੇ ਗ਼ਰੀਬ ਹੋਣ, ਸਿੱਖ ਵਿਚਾਰਧਾਰਾ ਦੇ ਉਲਟ ਜ਼ਾਤ ਪਾਤ ਦੀ ਪਰੰਪਰਾ ਨੂੰ ਮੰਨਣ ਅਤੇ ” ਭਾਈ ਲਾਲੋ ਦੇ ਪੰਥ” ਉੱਤੇ”ਮਲਕ ਭਾਗੋਆਂ” ਦੇ ਕ਼ਬਜ਼ੇ ਦਾ ਨੁਕਤਾ ਉਘਾੜਦੇ ਹਨ।ਏਸ ਤਰ੍ਹਾਂ ਦੋਵੇਂ ਸਮਕਾਲੀ ਮਿੱਤਰ, ਰਾਜਸੀ ਵਿਸ਼ਵਾਸ ਦੀ ਬਿਨਾਅ ਉੱਤੇ ਤਕਸੀਮ ਹੋ ਜਾਂਦੇ ਹਨ। ਉਹ ਮਾਸਟਰ ਤਾਰਾ ਸਿੰਘ ਤੇ ਉਹ ਗਿਆਨੀ ਹੀਰਾ ਸਿੰਘ ਦਰਦ ਜਿਹੜੇ ਸਿਆਸੀ ਪ੍ਰੋਗਰਾਮਾਂ ਦੇ ਤਹਿਤ ਜੇਲ੍ਹ ਯਾਤਰਾ ਵੀ ਇੱਕਠਿਆਂ ਈ ਕਰਦੇ ਸਨ, ਦੋਵੇਂ, ਰਾਜਸੀ ਰਾਹ ਪਾਟਣ ਕਾਰਨ ਆਪਸੀ ਵਿੱਥ ਸਿਰਜ ਲੈਂਦੇ ਹਨ।
****

ਏਸ ਵਰਤਾਰੇ ਪਿੱਛੋਂ, ਦੋਵਾਂ (ਸਾਬਕਾ ਦੋਸਤਾਂ) ਦਰਮਿਆਨ ਜਿਹੜਾ ਸੰਵਾਦ ਹੁੰਦਾ ਹੈ, ਉਹ ਮੌਖਿਕ ਨ੍ਹੀ ਹੁੰਦਾ, ਸਗੋਂ ਅਖ਼ਬਾਰਾਂ ਵਿਚ ਖੁੱਲ੍ਹੀਆਂ ਚਿੱਠੀਆਂ ਲਿਖ ਕੇ ਹੁੰਦਾ ਹੈ। ਇਕ ਵਕ਼ਤ ਇਹੋ ਜਿਹਾ ਵੀ ਆਉਂਦਾ ਐ ਕਿ ਮਾਸਟਰ ਤਾਰਾ ਸਿੰਘ ਨੇ ਗਿਆਨੀ ਹੀਰਾ ਸਿੰਘ ਦਰਦ ਦੀਆਂ ਚਿੱਠੀਆਂ ਦਾ ਜੁਆਬ ਦੇਣਾ ਬੰਦ ਕਰ ਦਿੱਤਾ ਸੀ। ਗਿਆਨੀ ਜੀ ਨੇ ਫੇਰ ਵੀ ਪਾਠਕਾਂ ਤੇ ਖ਼ਾਸਕਰ ਅਕਾਲੀ ਵਿਚਾਰਧਾਰਾ ਦੇ ਦਰਦੀਆਂ ਦੀ ਅਰਜ਼ ਕਾਰਨ ਮਾਸਟਰਜੀ ਨੂੰ ਮੁਖ਼ਾਤਿਬ ਹੋ ਕੇ, ਲਗਾਤਾਰ ਚਿੱਠੀਆਂ ਲਿਖੀਆਂ। ਉਨ੍ਹਾਂ ਨੇ ਇਕੋ ਨੁਕਤੇ ਉੱਤੇ ਸੁਆਲ ਕੇਂਦਰਤ ਰੱਖੇ ਕਿ ਮਾਸਟਰਜੀ ਤੁਸੀਂ ਇਹ ਤੇ ਦੱਸੋ ਖਾਂ ਕਿ ਤੁਸੀਂ ਮਲਕ ਭਾਗੋ ਦੇ ਪੰਥ ਵਿਚ ਹੋ ਕਿ ਭਾਈ ਲਾਲੋ ਦੇ ਪੰਥ ਨੂੰ ਮਾਨਤਾ ਦਿੰਦੇ ਓ?

ਬਿਨਾ ਸ਼ਕ਼ ਓ ਸ਼ੁਭਾ, ਇਹ ਓਪਨ ਚਿੱਠੀਆਂ ਜਾਂ ਇਹੋ ਜਿਹੀਆਂ ਚਿੱਠੀਆਂ ਜੇ ਕੋਈ ਜ਼ਹੀਨ ਲਿਖਾਰੀ, ਅਜੋਕੇ ਦੌਰ ਦੇ ਅਕਾਲੀ ਸਰਬਰਾਹਾਂ ਨੂੰ ਲਿਖ ਰਿਹਾ ਹੋਵੇ, ਤਦ ਵੀ, ਸੰਵੇਦਨਸ਼ੀਲ ਬੰਦਾ ਰੁਮਾਂਚਤ ਹੋ ਸਕਦਾ ਹੈ, ਸਦੀ ਪਹਿਲਾਂ ਲਿਖੀਆਂ ਇਹ “ਖੁੱਲ੍ਹੀਆਂ ਚਿੱਠੀਆਂ” ਤੇ ਇਨ੍ਹਾਂ ਦੇ ਸਮੂਹਕ ਅਸਰ ਨੇ ਕਿੰਨਾ ਸਿਆਸੀ ਉਨਮਾਦ ਲੈ ਕੇ ਆਉਂਦਾ ਹੋਵੇਗਾ, ਤੁਸੀਂ ਖ਼ੁਦ ਅੰਦਾਜ਼ਾ ਲਾ ਸਕਦੇ ਓ।
***

ਇਹ ਵੀ ਇਤਿਹਾਸਕ ਤੱਥ ਏ ਕਿ ਮਾਸਟਰ ਤਾਰਾ ਸਿੰਘ ਜੀ, ਜਿਹੜੇ ਕਿ ਆਪਣੇ ਵੇਲੇ ਦੌਰਾਨ ਸਿੱਖ ਲੋਕਾਈ ਦਰਮਿਆਨ ਮ. ਅ. ਜਿਨਾਹ ਵਰਗੀ ਮਕ਼ਬੂਲੀਅਤ ਹਾਸਿਲ ਕਰ ਚੁੱਕੇ ਸਨ, ਨੇ ਸਾਬਿਕ ਸਿਆਸੀ ਸਾਥੀ ਦੀਆਂ ਖੁੱਲ੍ਹੀਆਂ (ਅਖ਼ਬਾਰੀ) ਚਿੱਠੀਆਂ ਨੂੰ “ਹਊਂ ਪਰ੍ਹੇ” ਸੋਚ ਕੇ ਭਾਵੇਂ ਅੱਖੋਂ ਪ੍ਰੋਖੇ ਕਰ ਦਿੱਤਾ ਸੀ … ਪਰ … ਇਤਿਹਾਸ ਦੇ ਸਿਆਹ ਹੋ ਚੁੱਕੇ ਸਫ਼ੇ ਹਾਲੇ ਤਾਈਂ ਚੀਕ ਚੀਕ ਕੇ ਆਖ ਰਹੇ ਨੇ ਕਿ ਮਾਸਟਰ ਤਾਰਾ ਸਿੰਘ ਜੀ ਨੇ ਕਿਉਂ ਆਪਣੇ ਸਿਆਸੀ ਹਮਕ਼ਦਮ ਤੇ ਜਿਗਰੀ ਯਾਰ ਨੂੰ ਨਾਬਰੀ ਤੇ ਬਾਗ਼ੀਪਣੇ ਦਾ ਰਾਹ ਅਖ਼ਤਿਆਰ ਕਰਨ ਦਿੱਤਾ?
*******

ਤੁਸੀਂ, ਜਦੋਂ, ਇਹ ਕਿਤਾਬ (ਲੱਭ ਕੇ) ਮੁਤਾਲਾ ਕਰੋਂਗੇ ਤਾਂ ਯਕੀਨਨ ਇਹ ਸੁਆਲ ਤੁਹਾਡੇ ਜ਼ਿਹਨ ਵਿਚ ਵੀ ਖੌਰੂ ਪਾਏਗਾ ਕਿ ਕਿਉਂ? ਆਖ਼ਰ ਕਿਉਂ!! ਮਾਸਟਰਜੀ ਨੇ ਗਿਆਨੀ ਦਰਦ ਦੇ ਸੁਆਲਾਂ ਨੂੰ ਨਜ਼ਰਅੰਦਾਜ਼ ਕੀਤਾ?+!
********

ਸਦੀਵੀ ਸੁਆਲ
ਮਸਲਾ ਫੇਰ ਓਥੇ ਈ ਆ ਕੇ, ਖੜ੍ਹ ਜਾਂਦਾ ਏ ਕਿ “ਭਾਈ ਲਾਲੋ ਦੇ ਪੰਥ” ਨੂੰ ਮਲਕ ਭਾਗੋ ਦੇ ਅਖੌਤੀ ਪੰਥ ਨੇ ਕਿਉਂ ਤੇ ਕਦੋਂ ਅਗਵਾ ਕਰ ਲਿਆ?
ਚਲੰਤ ਸਮੇਂ ਵਿਚ ਅਕਾਲੀ ਦਲ ਦੇ ਪ੍ਰਧਾਨ, ਦਲ ਦੇ ਸਰਪ੍ਰਸਤ ਅਤੇ ਹੋਰ ਕਈ ਅਕਾਲੀ ਦਲਾਂ ਦੇ ਪਛਾਤੇ/ਅਣ ਪਛਾਤੇ ਪ੍ਰਧਾਨਾਂ, ਜਨਰਲ ਸਕੱਤਰਾਂ ਤੇ ਹੋਰਨਾਂ ਨੂੰ ਇਹ ਕਿਤਾਬ (ਲੱਭ ਕੇ) ਯਰੂਰ ਪੜ੍ਹਨੀ ਚਾਹੀਦੀ ਏ ਕਿ ਗ਼ਲਤੀ ਆਖ਼ਰ ਕੀਹਦੇ ਤੋਂ, ਤੇ, ਕਦੋਂ ਹੋਈ?
*******

ਆਖ਼ਰੀ ਗੱਲ
ਇਹ ਕਿਤਾਬ, ਇਤਿਹਾਸ ਦੇ ਵਿਦਿਆਰਥੀਆਂ ਲਈ ਪੜ੍ਹਨੀ ਲਾਹੇਵੰਦੀ ਏ। ਏਸ ਬਾਰੇ, ਵਿਚਾਰ ਚਰਚਾ ਕੀਤੀ ਜਾਵੇ ਤਾਂ ਹੋਰ ਵਧੀਆ ਤੇ “ਸੋਨੇ ਉੱਤੇ ਸੁਹਾਗੇ” ਵਾਲੀ ਗੱਲ ਹੋਵੇਗੀ। ਬਕਾਇਆ ਸੰਵਾਦ ਅਸੀਂ, ਉਦੋਂ, ਕਰਾਂਗੇ, ਜਦੋਂ ਤੁਸੀਂ ਇਹ ਕਿਤਾਬ ਪੜ੍ਹ ਲਓਗੇ। ਕਿਤਾਬ ਜਿੱਥੇ ਸੰਜੀਦਾ ਸਿਆਸੀ, ਵੀਚਾਰਧਾਰਕ ਬਿੰਦੂ ਉੱਤੇ ਕੇਂਦਰਤ ਹੁੰਦੀ ਹੈ, ਓਥੇ ਇਹ ਖ਼ਿਆਲ ਵੀ ਨਮੂਨਦਾਰ ਕਰਦੀ ਹੈ ਕਿ ਆਖਰ ਮਾਸਟਰ ਤਾਰਾ ਸਿੰਘ ਨੂੰ ਉਨ੍ਹਾਂ ਦੇ ਸਮੇਂ ਦੇ ਜ਼ੋਰਾਵਰਾਂ ਨੇ ਕਿਉਂ ਏਨੀ ਤਾਕ਼ਤ ਦਿੱਤੀ ਸੀ ਕਿ ਓਹ ਸਿੱਖ ਸਮਾਜ ਦੇ ਨਿਰ ਵਿਵਾਦ ਆਗੂ ਬਣ ਗਏ? ਗਿਆਨੀ ਹੀਰਾ ਸਿੰਘ ਦਰਦ ਨੂੰ ਕਿਉਂ ਕੋਈ ਹਮਦਰਦ ਤੇ ਹਮਦਾਨ ਨਹੀਂ ਮਿਲਿਆ? ਕਿਤਾਬ ਵੱਡੇ ਸੁਆਲਉਤਪੰਨ ਕਰਦੀ ਹੈ।

ਯਾਦਵਿੰਦਰ

#ਸੰਪਰਕ : ਦੀਦਾਵਰ ਕੁਟੀਆ,

ਸਰੂਪ ਨਗਰ, ਰਾਓਵਾਲੀ, ਜਲੰਧਰ ਦਿਹਾਤੀ।
+919465329617, +916284336773

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਹ ਇੰਤਜ਼ਾਰ
Next articleਜ਼ਿੰਦਗੀ ਹੰਢਾਉਣ ਨੂੰ ਤਾਂ ਜ਼ਿੰਦਗੀ ਹੀ ਪਈ ਏ