ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਤੇ ਐੱਨਸੀਆਰ ਵਿੱਚ ਵਿਗੜਦੀ ਹਵਾ ਗੁਣਵੱਤਾ ’ਤੇ ਕਾਬੂ ਪਾਉਣ ਲਈ ਕੇਂਦਰ ਦੇ ਹਵਾ ਗੁਣਵੱਤਾ ਪੈਨਲ ਨੇ ਅੱਜ ਸਾਰੀਆਂ ਸਿੱਖਿਆ ਸੰਸਥਾਵਾਂ ਬੰਦ ਕਰਨ ਦੇ ਹੁਕਮ ਕੀਤੇ ਹਨ। ਪੈਨਲ ਨੇ ਕਿਹਾ ਕਿ ਪ੍ਰੀਖਿਆਵਾਂ ਤੇ ਲੈਬਾਰਟਰੀ ਪ੍ਰੈਕਟੀਕਲ ਨੂੰ ਛੱਡ ਕੇ ਬਾਕੀ ਪੜ੍ਹਾਈ ਸਿਰਫ਼ ਆਨਲਾਈਨ ਮੋਡ ਵਿੱਚ ਹੀ ਕਰਨ ਦੀ ਇਜਾਜ਼ਤ ਹੋਵੇਗੀ ਜਦੋਂਕਿ ਪ੍ਰੀਖਿਆਵਾਂ ਤੇ ਲੈਬਾਰਟਰੀ ਪ੍ਰੈਕਟੀਕਲਾਂ ਲਈ ਹਵਾ ਗੁਣਵੱਤਾ ਪ੍ਰਬੰਧਨ ਬਾਰੇ ਕਮਿਸ਼ਨ (ਸੀੲੇਕਿਊਐੱਮ) ਨੇ ਇਹ ਹਦਾਇਤ ਵੀ ਕੀਤੀ ਕਿ ਐੱਨਸੀਆਰ ਵਿਚਲੀਆਂ ਸਨਅਤਾਂ, ਜਿਹੜੀਆਂ ਪਾਈਪਨੁਮਾ ਕੁਦਰਤੀ ਗੈਸ ਜਾਂ ਹੋਰਨਾਂ ਸਾਫ਼ ਈਂਧਣਾਂ ’ਤੇ ਨਹੀਂ ਚੱਲਦੀਆਂ, ਨੂੰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦਿਨ ਵਿੱਚ ਅੱਠ ਘੰਟੇ ਹੀ ਚਲਾਉਣ ਦੀ ਖੁੱਲ੍ਹ ਹੋਵੇਗੀ। ਅਜਿਹੀਆਂ ਸਨਅਤਾਂ ਨੂੰ ਸ਼ਨਿੱਚਰਵਾਰ ਤੇ ਐਤਵਾਰ ਨੂੰ ਬੰਦ ਰੱਖਣਾ ਹੋਵੇਗਾ।
ਗੈਰਪ੍ਰਵਾਨਿਤ ਈਂਧਣ ਦੀ ਵਰਤੋਂ ਕਰਨ ਵਾਲੀਆਂ ਐੱਨਸੀਆਰ ਦੀਆਂ ਸਾਰੀਆਂ ਸਨਅਤਾਂ ਸਬੰਧਤ ਸਰਕਾਰਾਂ ਵੱਲੋਂ ਤੁਰੰਤ ਪ੍ਰਭਾਵ ਤੋਂ ਬੰਦ ਕੀਤੀਆਂ ਜਾਣਗੀਆਂ। ਐੱਨਸੀਆਰ ਰਾਜਾਂ ਤੇ ਕੌਮੀ ਰਾਜਧਾਨੀ ਖੇਤਰ ਦਿੱਲੀ ਦੀ ਸਰਕਾਰ (ਜੀਐੱਨਸੀਟੀਡੀ) ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਡੀਜ਼ਲ ਜਨਰੇਟਰਾਂ ਦੀ ਵਰਤੋਂ ’ਤੇ ਪਾਬੰਦੀ ਲਾਉਣਗੀਆਂ। ਨਵੀਆਂ ਹਦਾਇਤਾਂ ਵਿੱਚ ਕਮਿਸ਼ਨ ਨੇ ਬਿਜਲਈ ਤੇ ਸੀਐੱਨਜੀ ਵਾਹਨਾਂ ਨੂੰ ਛੱਡ ਕੇ ਹੋਰਨਾਂ ਈਂਧਣਾਂ ’ਤੇ ਚੱਲਦੇ ਟਰੱਕਾਂ ਦੇ ਦਾਖਲੇ ’ਤੇ ਰੋਕ ਲਾ ਦਿੱਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly