(ਸਮਾਜ ਵੀਕਲੀ) ਏਨਾ ਕੁ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਔਰੰਗਜ਼ੇਬ ਦੇ ਦੂਸਰੇ ਧਰਮਾਂ ਦੇ ਲੋਕਾਂ ਵਿਰੁੱਧ ਫ਼ੈਸਲਿਆਂ ਅਤੇ ਕਾਰਵਾਈਆਂ ਅਰਥਾਤ ਜ਼ੁਲਮਾਂ ਦੇ ਸਤਾਏ ਕਸ਼ਮੀਰੀ ਪੰਡਿਤ ਆਪਣੇ ਆਗੂ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਗੁਰੂ ਤੇਗ ਬਹਾਦਰ ਦੇ ਦਰਬਾਰ ਵਿੱਚ ਫ਼ਰਿਆਦ ਲੈ ਕੇ ਆਏ ਸਨ ਪਰ ਕਹਾਣੀ ਇਸ ਤੋਂ ਪਿੱਛੇ ਵੀ ਹੈ ਅਤੇ ਇਸ ਤੋਂ ਅੱਗੇ ਤਾਂ ਹੋਰ ਵੀ ਬੜੀ ਮਹੱਤਵਪੂਰਨ ਹੈ। ਸ੍ਰੀਨਗਰ ਤੋਂ 20 ਮੀਲ ਦੂਰ ਮਤਨ ਨਗਰ ਦੇ ਪੰਡਿਤ ਅਰੂ ਰਾਮ ਨਾਂ ਦੇ ਦੱਤ ਬ੍ਰਾਹਮਣ ਸਨ ਜੋ ਸੱਤਵੇਂ ਗੁਰੂ ਹਰਿ ਰਾਏ ਸਾਹਿਬ ਦੇ ਸ਼ਰਧਾਲੂ ਸਨ। ਸੰਨ 1660 ਈਸਵੀ ਵਿੱਚ ਜਦੋਂ ਗੁਰੂ ਹਰਿ ਰਾਇ ਸਾਹਿਬ ਕਸ਼ਮੀਰ ਗਏ ਤਾਂ ਪੰਡਿਤ ਅਰੂ ਰਾਮ ਨੇ ਉਨ੍ਹਾਂ ਨੂੰ ਸ੍ਰੀਨਗਰ ਤੋਂ ਲਿਜਾ ਕੇ ਆਪਣੇ ਨਗਰ ਮਤਨ ਵਿਖੇ ਚਰਨ ਪਵਾਏ। ਪੰਡਿਤ ਜੀ ਦੇ ਤਿੰਨਾਂ ਪੁੱਤਰਾਂ ‘ਚੋਂ ਕਿਰਪਾ ਰਾਮ ਸਭ ਤੋਂ ਵੱਡੇ ਅਤੇ ਬੜੇ ਗੁਣੀ ਗਿਆਨੀ ਸਨ। ਸੰਨ 1670 ਈਸਵੀ ਵਿੱਚ ਜਦੋਂ ਬਾਲ ਗੋਬਿੰਦ ਰਾਏ ਆਪਣੇ ਪਿਤਾ ਨੌਵੇਂ ਗੁਰੂ ਤੇਗ ਬਹਾਦਰ ਵੱਲੋਂ ਨਵੇਂ ਵਸਾਏ ਨਗਰ ‘ਚੱਕ ਮਾਤਾ ਨਾਨਕੀ’ (ਅਨੰਦਪੁਰ ਸਾਹਿਬ) ਆਏ ਤਾਂ ਪੰਡਿਤ ਕਿਰਪਾ ਰਾਮ ਲਖਨੌਰ ਵਿਖੇ ਉਨ੍ਹਾਂ ਦੇ ਦਰਸ਼ਨ ਕਰਨ ਪਹੁੰਚੇ। ਔਰੰਗਜ਼ੇਬ ਦੇ ਰਾਜ ਵੇਲੇ ਜਦੋਂ ਜਬਰ-ਜ਼ੁਲਮ ਦਾ ਦੌਰ ਸ਼ੁਰੂ ਹੋਇਆ ਤਾਂ ਕਸ਼ਮੀਰੀ ਪੰਡਤਾਂ ਨੇ ਗੁਰੂ ਘਰ ਨਾਲ ਗਹਿਰੇ ਅਤੇ ਨੇੜਲੇ ਸਬੰਧ ਵਾਲੇ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿੱਚ ਅਨੰਦਪੁਰ ਸਾਹਿਬ ਜਾ ਕੇ ਗੁਰੂ ਤੇਗ ਬਹਾਦਰ ਪਾਸ ਫ਼ਰਿਆਦ ਕਰਨ ਦਾ ਫ਼ੈਸਲਾ ਕੀਤਾ। ਇਨ੍ਹਾਂ ਕਸ਼ਮੀਰੀ ਪੰਡਤਾਂ ਨੇ ਆਪਣੇ ਦੁੱਖਾਂ ਦਰਦਾਂ ਦੀ ਕਹਾਣੀ ਗੁਰੂ ਸਾਹਿਬ ਅੱਗੇ ਰੱਖੀ ਤਾਂ ਗੁਰੂ ਜੀ ਇਸ ਬਾਰੇ ਬਾਦਸ਼ਾਹ ਔਰੰਗਜ਼ੇਬ ਨਾਲ ਗੱਲ ਕਰਨ ਵਾਸਤੇ ਦਿੱਲੀ ਜਾਣ ਲਈ ਤਿਆਰ ਹੋਏ। ਗੁਰੂ ਸਾਹਿਬ ਦੇ ਦਿੱਲੀ ਨੂੰ ਚਾਲੇ ਪਾਉਣ ‘ਤੇ ਇਹ ਕਸ਼ਮੀਰੀ ਪੰਡਿਤ ਕਸ਼ਮੀਰ ਨੂੰ ਨਹੀਂ ਪਰਤੇ ਸਗੋਂ ਇਨ੍ਹਾਂ ਨੇ ਗੁਰੂ ਸਾਹਿਬ ਦੀ ਦਿੱਲੀ ਤੋਂ ਵਾਪਸੀ ਤੱਕ ਆਨੰਦਪੁਰ ਸਾਹਿਬ ਵਿਖੇ ਉਡੀਕ ਕਰਨ ਦਾ ਫ਼ੈਸਲਾ ਕੀਤਾ। ਗੁਰੂ ਤੇਗ ਬਹਾਦਰ ਸਾਹਿਬ ਜੀ ਆਪ ਤਾਂ ਦਿੱਲੀ ਤੋਂ ਨਹੀਂ ਪਰਤੇ, ਉਨ੍ਹਾਂ ਦੀ ਚਾਂਦਨੀ ਚੌਂਕ ਵਿੱਚ ਹੋਈ ਲਾਸਾਨੀ ਕੁਰਬਾਨੀ ਅਤੇ ਸ਼ਹਾਦਤ ਦੀ ਖ਼ਬਰ ਹੀ ਪਹੁੰਚੀ ਅਤੇ ਭਾਈ ਜੈਤਾ ਨਾਂ ਦੇ ਗੱਭਰੂ ਰੰਗਰੇਟੇ ਸਿੱਖ ਦੇ ਹੱਥੀਂ ਉਨ੍ਹਾਂ ਦਾ ਸੀਸ ਅਨੰਦਪੁਰ ਸਾਹਿਬ ਪਰਤਿਆ। ਇਸ ਹਿਰਦੇ ਵੇਧਕ ਘਟਨਾ ਦਾ ਪੰਡਿਤ ਕਿਰਪਾ ਰਾਮ ‘ਤੇ ਬਹੁਤ ਡੂੰਘਾ ਅਸਰ ਹੋਇਆ। ਉਨ੍ਹਾਂ ਨੇ (ਸ਼ਾਇਦ ਹੋਰ ਕਈ ਸਾਥੀਆਂ ਸਮੇਤ) ਕਸ਼ਮੀਰ ਵਾਪਸ ਜਾਣ ਦੀ ਬਜਾਏ, ਸ਼ਹੀਦ ਹੋਏ ਗੁਰੂ ਦੇ ਪਰਿਵਾਰ ਦੀ ਸੇਵਾ ਸੰਭਾਲ ਹਿਤ ਰਹਿੰਦੀ ਉਮਰ ਅਨੰਦਪੁਰ ਸਾਹਿਬ ਵਿਖੇ ਹੀ ਟਿਕੇ ਰਹਿਣ ਦਾ ਫ਼ੈਸਲਾ ਕੀਤਾ। ਪੰਡਿਤ ਜੀ ਸ਼ਾਸਤਰ ਅਤੇ ਸ਼ਸਤਰ ਵਿੱਦਿਆ ਦੇ ਧਨੀ ਸਨ। ਆਪ ਨੇ ਬਾਲ ਗੁਰੂ ਗੋਬਿੰਦ ਰਾਏ ਨੂੰ ਸੰਸਕ੍ਰਿਤ ਭਾਸ਼ਾ ਅਤੇ ਪੁਰਾਣੇ ਗ੍ਰੰਥਾਂ ਦਾ ਬੋਧ ਕਰਾਇਆ ਅਤੇ ਸ਼ਸਤਰ ਵਿੱਦਿਆ ਦਿੱਤੀ। 1699 ਦੀ ਵਿਸਾਖੀ ਨੂੰ ਜਦੋਂ ਦਸਮੇਸ਼ ਜੀ ਨੇ ਖਾਲਸਾ ਸਿਰਜਣਾ ਦਾ ਕੌਤਕ ਰਚਾਇਆ ਤਾਂ ਪੰਡਿਤ ਕਿਰਪਾ ਰਾਮ ਪਹਿਲੇ ਦਿਨ ਹੀ ਖੰਡੇ ਦੀ ਪਹੁਲ ਲੈ ਕੇ, ਗੁਰੂ ਦੀ ਖਾਲਸਾ ਸੈਨਾ ਦੇ ਮੋਹਰੀ ਸਿਪਾਹੀਆਂ ਵਿੱਚ ਸ਼ਾਮਿਲ ਹੋ ਗਏ ਅਤੇ ਉਸ ਦਿਨ ਤੋਂ ਉਨ੍ਹਾਂ ਦਾ ਨਾਮ ਭਾਈ ਕਿਰਪਾ ਸਿੰਘ ਹੋ ਗਿਆ। ਕਈ ਮੁੱਠਭੇੜਾਂ ਅਤੇ ਲੜਾਈਆਂ ਤੋਂ ਬਾਅਦ 1705 ਈਸਵੀ ਵਿੱਚ ਪਹਾੜੀ ਰਾਜਿਆਂ, ਸੂਬਾ ਸਰਹੰਦ ਅਤੇ ਮੁਗ਼ਲ ਸੈਨਾ ਨੇ ਰਲ਼ ਕੇ ਬਹੁਤ ਲੰਮਾ ਸਮਾਂ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਘੇਰਾ ਪਾਈ ਰੱਖਿਆ। ਅਖ਼ੀਰ ਦਸੰਬਰ 1705 ਨੂੰ ਗੁਰੂ ਸਾਹਿਬ ਨੂੰ ਆਪਣੇ ਪਰਿਵਾਰ ਅਤੇ ਪੰਜ ਸੌ ਦੇ ਕਰੀਬ ਸਿੰਘਾਂ ਸਮੇਤ ਕਿਲ੍ਹਾ ਛੱਡਣਾ ਪਿਆ। ਸਰਸਾ ਨਦੀ ਪਾਰ ਕਰਦਿਆਂ ਗੁਰੂ ਜੀ ਦੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਵਿਛੜ ਗਏ ਅਤੇ ਉਨ੍ਹਾਂ ਦੀ ਸਰਹੰਦ ਵਿਖੇ ਸ਼ਹੀਦੀ ਹੋਈ। ਬਹੁਤ ਸਾਰੇ ਸਿੰਘ ਸ਼ਾਹੀ ਫ਼ੌਜਾਂ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋਏ। ਗੁਰੂ ਕਾਲ ਦਾ ਇਹ ਸਭ ਤੋਂ ਦੁਖਦਾਈ ਸਮਾਂ ਚੱਲ ਰਿਹਾ ਸੀ। ਅਖ਼ੀਰ ਬਚੇ ਹੋਏ 40 ਦੇ ਕਰੀਬ ਸਿੰਘਾਂ ਅਤੇ ਵੱਡੇ ਸਾਹਿਬਜ਼ਾਦਿਆਂ ਸਮੇਤ, ਗੁਰੂ ਸਾਹਿਬ ਚਮਕੌਰ ਦੀ ਗੜ੍ਹੀ ਵਿੱਚ ਦਾਖ਼ਲ ਹੋਏ। ਗੜ੍ਹੀ ਦੇ ਬਾਹਰ ਲੱਖਾਂ ਦੀ ਗਿਣਤੀ ਵਿੱਚ ਹਕੂਮਤੀ ਫ਼ੌਜਾਂ ਦਾ ਘੇਰਾ ਪੈ ਗਿਆ ਦੱਸਿਆ ਜਾਂਦਾ ਹੈ। 40 ਸਿੰਘ ਅਤੇ ਦੋਵੇਂ ਸਾਹਿਬਜ਼ਾਦੇ ਏਨੀ ਭਾਰੀ ਫ਼ੌਜ ਨਾਲ ਸੰਸਾਰ ਦੀ ਸਭ ਤੋਂ ਅਸਾਵੀਂ ਲੜਾਈ ਲੜਦੇ ਹੋਏ 7-8 ਦਸੰਬਰ 1705 ਨੂੰ ਸ਼ਹੀਦ ਹੋਏ। ਇਨ੍ਹਾਂ ਲਾਸਾਨੀ ਸੂਰਬੀਰ ਯੋਧਿਆਂ ਵਿੱਚ ਸ਼ਹੀਦ ਭਾਈ ਕਿਰਪਾ ਸਿੰਘ ਦਾ ਨਾਂ ਵੀ ਸ਼ਾਮਲ ਹੈ। ਸੰਨ 2025 ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ 350ਵਾਂ ਵਰ੍ਹਾ ਹੈ। ਇਸ ਪ੍ਰਥਾਏ ਭਾਸ਼ਾ ਵਿਭਾਗ ਪੰਜਾਬ ਨੇ ਸ. ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਦੋ ਰੋਜ਼ਾ ਸਮਾਗਮ “ਤੇਗ ਬਹਾਦਰ ਸਿਮਰਿਐ” ਪੰਡਿਤ ਕਿਰਪਾ ਰਾਮ ਦੀ ਜਨਮ ਭੂਮੀ ਮਤਨ ਤੇ ਸ੍ਰੀਨਗਰ ਵਿਖੇ ਆਯੋਜਿਤ ਕਰਨ ਦਾ ਫ਼ੈਸਲਾ ਕੀਤਾ ਹੈ। ਵਿਭਾਗ ਦੀ ਟੀਮ ਪੰਜਾਬ ਤੋਂ ਕੁਝ ਵਿਦਵਾਨਾਂ ਅਤੇ ਕਵੀਆਂ ਨੂੰ ਬੱਸ ਰਾਹੀਂ ਕਸ਼ਮੀਰ ਲੈ ਕੇ ਜਾਵੇਗੀ। ਇਹ ਬੱਸ ਭਾਸ਼ਾ ਵਿਭਾਗ ਦੇ ਮੁੱਖ ਦਫ਼ਤਰ ਪਟਿਆਲਾ ਤੋਂ 21 ਜੁਲਾਈ 2025 ਦਿਨ ਸੋਮਵਾਰ ਨੂੰ ਸ਼ਾਮ 8 ਵਜੇ ਰਵਾਨਾ ਹੋਵੇਗੀ ਅਤੇ ਖੰਨਾ, ਲੁਧਿਆਣਾ, ਜਲੰਧਰ, ਪਠਾਨਕੋਟ ਅਤੇ ਜੰਮੂ ਤੋਂ ਹੁੰਦੀ ਹੋਈ 22 ਜੁਲਾਈ ਨੂੰ ਸਵੇਰੇ ਸ੍ਰੀਨਗਰ ਪਹੁੰਚੇਗੀ। 23 ਜੁਲਾਈ ਨੂੰ ਸਵੇਰੇ ਡੈਲੀਗੇਟਾਂ ਦਾ ਕਾਫ਼ਲਾ ਬੱਸ ਅਤੇ ਹੋਰ ਸੜਕੀ ਸਾਧਨਾਂ ਰਾਹੀਂ ਸ੍ਰੀਨਗਰ ਤੋਂ ਮਤਨ ਦੀ ਯਾਤਰਾ ਕਰੇਗਾ। ਮਤਨ ਦੇ ਗੁਰਦੁਆਰਾ ਸਾਹਿਬ ਵਿਖੇ ਪੰਡਿਤ ਕਿਰਪਾ ਰਾਮ / ਸ਼ਹੀਦ ਭਾਈ ਕਿਰਪਾ ਸਿੰਘ ਨੂੰ ਯਾਦ ਕੀਤਾ ਜਾਵੇਗਾ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਹੋਵੇਗੀ। ਪਰਤ ਕੇ ਸ੍ਰੀਨਗਰ ਵਿਖੇ ਜਿਹਲਮ ਦਰਿਆ ਕਿਨਾਰੇ ਬਣੇ ਬਹੁਤ ਸੁੰਦਰ ਟੈਗੋਰ ਹਾਲ ਵਿੱਚ ਸਮਾਗਮ ਹੋਏਗਾ। ਜਿਸ ਦਾ ਪਹਿਲਾ ਭਾਗ ਬਾਅਦ ਦੁਪਹਿਰ ਢਾਈ ਵਜੇ ਆਰੰਭ ਹੋਏਗਾ ਜਿਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ, ਬਾਣੀ ਅਤੇ ਸ਼ਹੀਦੀ ਬਾਰੇ ਵਿਦਵਾਨ ਵਿਚਾਰਾਂ ਕਰਨਗੇ। ਦੂਜੇ ਭਾਗ ਵਿੱਚ ਪੰਜਾਬੀ, ਡੋਗਰੀ ਅਤੇ ਕਸ਼ਮੀਰੀ ਜ਼ੁਬਾਨਾਂ ਦੇ ਚੋਣਵੇਂ ਕਵੀ ਗੁਰੂ ਸਾਹਿਬ ਨੂੰ ਕਾਵਿ-ਸੁਮਨ ਭੇਟ ਕਰਨਗੇ। ਅਗਲੇ ਦਿਨ 24 ਜੁਲਾਈ ਸ਼ਾਮ ਨੂੰ ਇਸੇ ਹਾਲ ਵਿੱਚ ਰਸ-ਭਿੰਨਾ ਸੰਗੀਤਕ ਸਮਾਗਮ ਹੋਏਗਾ। ‘ਗੁਰੂ ਨਾਨਕ ਜਹਾਜ਼’ ਫ਼ਿਲਮ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਾ ਗਾਇਨ ਕਰਨ ਵਾਲੇ ਬੜੇ ਰਸੀਲੇ ਅਤੇ ਮਨਮੋਹਣੇ ਨੌਜਵਾਨ ਗਾਇਕ ਬੀਰ ਸਿੰਘ ਗੁਰੂ ਸਾਹਿਬ ਦੀ ਬਾਣੀ ਦੇ ਗਾਇਨ ਦੇ ਨਾਲ-ਨਾਲ ਮੁਹੱਬਤੀ ਅਤੇ ਵਿਸਮਾਦੀ ਕਲਾਮ ਪੇਸ਼ ਕਰਨਗੇ। ਭਾਸ਼ਾ ਵਿਭਾਗ ਪੰਜਾਬ ਕਸ਼ਮੀਰ ਵਿੱਚ ਵਸਦੇ ਸਮੂਹ ਪੰਜਾਬੀਆਂ ਅਤੇ ਗੁਰੂ ਪਿਆਰਿਆਂ ਨੂੰ ਇਨ੍ਹਾਂ ਸਮਾਗਮਾਂ ਵਿੱਚ ਹੁੰਮ-ਹੁੰਮਾ ਕੇ ਹਿੱਸਾ ਲੈਣ ਦਾ ਪ੍ਰੇਮ ਸਹਿਤ ਖੁੱਲ੍ਹਾ ਸੱਦਾ ਦਿੰਦਾ ਹੈ।
ਜਸਵੰਤ ਸਿੰਘ ਜ਼ਫ਼ਰ
ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


