ਆਪ ਵਲੋਂ ਪਿੰਡਾਂ ਵਿੱਚ ਕੱਟੜ ਕਾਂਗਰਸੀ, ਅਕਾਲੀ , ਬਸਪਾ ਸਾਬਕਾ ਸਰਪੰਚਾਂ ਨੂੰ ਦੁਬਾਰਾ ਉਮੀਦਵਾਰ ਬਣਾਉਣ ਦੀ ਕੋਸ਼ਿਸ਼
ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਦੇਸ਼ ਵਿਚ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾ ਕੇ ਸੱਤਾ ਸੰਭਾਲਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਸਾਰੇ ਅਸੂਲ ਛਿੱਕੇ ਟੰਗ ਦਿੱਤੇ ਹਨ। ਜਿਸ ਸਮੇਂ ਆਮ ਆਦਮੀ ਪਾਰਟੀ ਸੂਬੇ ਵਿਚ ਸੱਤਾ ਹਥਿਆਉਣ ਦੀ ਕੋਸ਼ਿਸ਼ ਕਰ ਰਹੀ ਸੀ ਉਸ ਸਮੇਂ ਅਕਾਲੀ ਭਾਜਪਾ ਗਠਜੋੜ ਦਾ ਰਾਜ਼ ਸੀ। ਜਿੰਨਾ ਦਾ ਸਿਆਸੀ ਪਾਰਾ ਅਸਮਾਨ ਤੇ ਸੀ। ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਸੀ। ਅਕਾਲੀ ਆਗੂ ਹਰ ਤਰ੍ਹਾਂ ਦੀ ਗੁੰਡਾਗਰਦੀ ਨੂੰ ਅੰਜਾਮ ਦੇ ਰਹੇ ਸਨ। ਜਦੋਂ 2017 ਵਿਚ ਵਿਧਾਨ ਸਭਾ ਚੋਣਾਂ ਹੋਈਆ ਤਾਂ ਅਕਾਲੀ ਭਾਜਪਾ ਹਾਸ਼ੀਏ ਚ ਚਲੇ ਗਏ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਸਰਕਾਰ ਬਣ ਗਈ। ਦਸ ਸਾਲ ਸੱਤਾ ਤੋਂ ਦੂਰ ਰਹੇ ਕਾਂਗਰਸੀ ਵੀ ਸੂਬੇ ਨੂੰ ਭੁੱਖੇ ਬਘਿਆੜ ਵਾਂਗ ਲੁੱਟਣ ਲੱਗੇ। ਜਿਸ ਦੇ ਫਲਸਰੂਪ 2022 ਵਿਚ ਸੂਬੇ ਦੀ ਜਨਤਾ ਨੇ ਇਕ ਪਾਸਾ ਕਰਦਿਆਂ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ। ਦਸ ਸਾਲ ਆਪ ਵਰਕਰਾਂ ਨੇ ਜਿੱਥੇ ਵਿਰੋਧੀ ਪਾਰਟੀਆਂ ਦੇ ਜੁਲਮਾਂ ਦਾ ਸਾਹਮਣਾ ਕੀਤਾ ਉੱਥੇ ਪੱਲਿਓ ਖਰਚਾ ਕਰਕੇ ਸਿਆਸਤ ਦੇ ਅਨਾੜੀ ਲੋਕਾਂ ਨੂੰ ਵਿਧਾਇਕ ਮਂਤਰੀ ਬਣਾਇਆ। ਵਰਕਰਾਂ ਨੂੰ ਆਸ ਸੀ ਕਿ ਸੂਬੇ ਵਿਚ ਬੜੀ ਸਾਫ ਸੁਥਰੀ ਆਮ ਲੋਕਾਂ ਦੀ ਗੱਲਬਾਤ ਕਰਨ ਵਾਲੀ ਸਰਕਾਰ ਬਣੇਗੀ। ਜਿੱਥੇ ਅਫ਼ਸਰ ਮੰਤਰੀ ਆਮ ਲੋਕਾਂ ਦੇ ਸੇਵਾਦਾਰ ਬਣ ਕੇ ਕੰਮ ਕਰਨਗੇ। ਪਰ ਅਜਿਹਾ ਕੁਝ ਨਹੀਂ ਹੋਇਆ। ਇਹ ਲੋਕ ਪਹਿਲੇ ਲੋਕਾਂ ਨਾਲੋਂ ਵੀ ਖਤਰਨਾਕ ਸਾਬਿਤ ਹੋ ਰਹੇ ਹਨ। ਇਹਨਾਂ ਨੇ ਸਭ ਤੋਂ ਪਹਿਲਾਂ ਉਹਨਾਂ ਆਗੁਆ ਦਾ ਸਿਆਸੀ ਕਾਤਿਲ ਕੀਤਾ ਜਿਹੜੇ ਇਹਨਾਂ ਲਈ ਆਪਣਾ ਸਭ ਕੁੱਝ ਦਾਅ ਤੇ ਲਾ ਕੇ ਮੈਦਾਨ ਵਿੱਚ ਡਟੇ ਸਨ। ਜਿਨਾ ਅਕਾਲੀ ਭਾਜਪਾ ਕਾਂਗਰਸ ਆਗੂਆਂ ਨੂੰ ਭੰਡ ਕੇ ਇਹਨਾਂ ਨੇ ਸੱਤਾ ਲਈ ਸੀ। ਜਦੋਂ ਪਾਰਲੀਮੈਂਟ, ਵਿਧਾਨ ਸਭਾ ਜ਼ਿਮਨੀ ਚੋਣਾਂ ਆਈਆ ਤਾਂ ਉਹਨਾਂ ਨੂੰ ਹੀ ਟਿਕਟਾਂ ਦੇ ਕੇ ਨਿਵਜਿਆ। ਜਿਸ ਨਾਲ ਚਿਰਾ ਤੋਂ ਪਾਰਟੀ ਲਈ ਸੰਘਰਸ ਕਰਨ ਵਾਲੇ ਲੋਕ ਸਮਾਜ ਵਿਚ ਮਜਾਕ ਦੇ ਪਾਤਰ ਬਣ ਗਏ ਹਨ। ਹੁਣ ਇਸ ਤੋਂ ਵੀ ਕਈ ਕਦਮ ਅੱਗੇ ਚਲਦਿਆਂ ਆਮ ਆਦਮੀ ਪਾਰਟੀ ਪੰਚਾਇਤੀ ਚੋਣਾਂ ਵਿੱਚ ਕਾਂਗਰਸੀ , ਅਕਾਲੀ ਲੋਕਾਂ ਨੂੰ ਉਮੀਦਵਾਰ ਬਣਾ ਰਹੀ ਹੈ। ਜਿਸ ਨਾਲ ਆਮ ਆਦਮੀ ਪਾਰਟੀ ਦੇ ਜੁਝਾਰੂ ਲੋਕਾਂ ਦੇ ਹੌਂਸਲੇ ਬਿਲਕੁਲ ਅਸਤ ਹੋ ਗਏ ਹਨ। ਵਿਧਾਨ ਸਭਾ ਹਲਕਾ ਦਿੜ੍ਹਬਾ ਵਿੱਖੇ ਜਿੱਥੇ ਵਰਕਰਾਂ ਦੀ ਮੇਹਨਤ ਨੇ ਬਾਹਰੀ ਉਮੀਦਵਾਰ ਵਕੀਲ ਹਰਪਾਲ ਸਿੰਘ ਚੀਮਾ ਨੂੰ ਦੋ ਵਾਰ ਵਿਧਾਇਕ ਬਣਾਇਆ ਜਿੰਨਾ ਨੂੰ ਸਥਾਨਕ ਹਲਕੇ ਦੀ ਰਾਜਨੀਤੀ ਬਾਰੇ ਕੁਝ ਵੀ ਪਤਾ ਨਹੀਂ ਸੀ, ਅੱਜ ਉਥੇ ਕਾਂਗਰਸੀ ਅਕਾਲੀ ਲੋਕ ਸਰਪੰਚੀ ਲੜਣ ਲਈ ਪਾਰਟੀ ਵਲੋਂ ਦਾਅਵੇ ਠੋਕ ਰਹੇ ਹਨ। ਇਸ ਦੀ ਇੱਕ ਉਦਾਹਰਨ ਨੇੜਲੇ ਪਿੰਡ ਖਡਿਆਲ ਵਿਖੇ ਕੱਟੜ ਕਾਂਗਰਸੀ ਸਰਪੰਚ ਨੂੰ ਦੁਬਾਰਾ ਉਮੀਦਵਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਇੱਕ ਹੋਰ ਸਾਬਕਾ ਸਰਪੰਚ ਜਿਹੜਾ ਇੱਕ ਦੋ ਸਾਲ ਬਾਅਦ ਦਲ ਬਦਲੀ ਕਰਦਾ ਹੈ ਉਸਨੇ ਵੀ ਖੁਦ ਨੂੰ ਅਗਲੀ ਚੋਣ ਲਈ ਮੈਦਾਨ ਵਿਚ ਉਤਾਰਿਆ ਹੈ। ਇਸ ਨੂੰ ਲੈਕੇ ਚੋਣ ਲੜਨ ਦੇ ਚਾਹਵਾਨ ਲੋਕਾਂ ਨੇ ਦਸਿਆ ਕਿ ਆਪ ਪਾਰਟੀ ਨੂੰ ਆਪਣੇ ਵਰਕਰਾਂ ਦੀ ਕਾਬਲੀਅਤ ਉੱਤੇ ਵਿਸਵਾਸ ਨਹੀਂ ਹੈ। ਜੇਕਰ ਗੈਰ ਸਿਆਸੀ ਪਰਿਵਾਰਾਂ ਵਿਚ ਪੈਦਾ ਹੋ ਕੇ ਇਹ ਲੋਕ ਮੰਤਰੀ ਵਿਧਾਇਕ ਬਣ ਸਕਦੇ ਹਨ ਤਾਂ ਇਹਨਾ ਨਾਲੋਂ ਕਾਬਲ ਲੋਕ ਪਿੰਡਾਂ ਵਿਚ ਬੈਠੇ ਹਨ ਜਿਨ੍ਹਾਂ ਪਾਰਟੀ ਦੀ ਤਨ ਮਨ ਧਨ ਨਾਲ ਸੇਵਾ ਕੀਤੀ ਹੈ। ਜੇਕਰ ਅਜਿਹਾ ਹੁੰਦਾ ਤਾਂ 2027 ਵਿਚ ਆਮ ਆਦਮੀ ਪਾਰਟੀ ਦੇ ਹਾਲਾਤ ਵੀ ਵਧੇਰੇ ਚੰਗੇ ਨਹੀਂ ਹੋਣਗੇ। ਅੱਜ ਪਾਰਟੀ ਹਰ ਚੋਣ ਭਾੜੇ ਦੇ ਜਰਨੈਲਾਂ ਨਾਲ ਲੜ ਰਹੀ ਹੈ ਜੋਕਿ ਬਹੁਤ ਹੀ ਮੰਦਭਾਗਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly