ਯੂ ਕੇ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਅਲਗੋਜ਼ੇ: ਇਹ ਪੰਜਾਬੀ ਲੋਕ ਸੰਗੀਤ ਦਾ ਮਹੱਤਵਪੂਰਨ ਸਾਜ਼ ਹਨ। ਲੰਬੀ ਹੇਕ ਨਾਲ ਗਾਉਣ ਵਾਲੇ ਪੰਜਾਬੀ ਗਾਇਕ ਇਸ ਸਾਜ਼ ਦੀ ਵਰਤੋਂ ਕਰਦੇ ਹਨ। ਲੋਕ ਗੀਤ, ਕਿੱਸੇ, ਲੋਕ ਗਥਾਵਾਂ, ਜੁਗਨੀ ਅਤੇ ਵਾਰਾਂ ਤੂੰਬੇ ਅਤੇ ਅਲਗੋਜ਼ਿਆਂ ਨਾਲ ਗਾਉਣ ਵਾਲੇ ਗਾਇਕਾਂ ਦੇ ਮਨ ਭਾਉਂਦੇ ਵਿਸ਼ੇ ਸਨ। ਅਲਗੋਜ਼ੇ ਸ਼ਬਦ ਸੁਣਦੇ ਹੀ ਚਾਦਰੇ, ਕੁੜਤੇ ਅਤੇ ਤੁਰਲੇ ਵਾਲੀ ਪੱਗ ਵਾਲੇ ਗਵੱਈਏ ਤੂਬੇ ਅਤੇ ਅਲਗੋਜ਼ਿਆਂ ਨਾਲ ਗਾਉਂਦੇ ਖਿਆਲਾਂ ਵਿੱਚ ਆ ਜਾਂਦੇ ਹਨ। ਜਦੋਂ Dr. Sompal Heera ਜੀ ਨਾਲ ਗਲਾਸਗੋ ਵਿੱਚ ਨਾਟਕ ਦਾ ਪਰੋਗਰਾਮ ਬਣਾ ਰਹੇ ਸੀ ਤਾਂ ਉਹਨਾਂ ਨੇ ਪਾਲੀ ਖ਼ਾਦਿਮ ਨੂੰ ਵੀ ਨਾਲ ਲੈ ਕੇ ਆਉਣ ਦੀ ਗੱਲ ਕੀਤੀ। ਅਦਬੀ ਮੇਲੇ ‘ਤੇ ਸ਼ਾਇਰੀ ਦੇ ਨਾਲ ਨਾਲ ਪਾਲੀ ਦੁਆਰਾ ਅਲਗੋਜ਼ੇ ਵਜਾਉਣ ਦਾ ਵੀ ਦੱਸਿਆ।ਅਲਗੋਜ਼ਿਆਂ ਦੀ ਗੱਲ ਤੁਰੀ ਤਾਂ ਮੈਨੂੰ ਪਿੰਡ ਸਾਡੇ ਗੁਆਂਢ ਰਹਿੰਦੇ ਇੱਕ ਬਜ਼ੁਰਗ ਬਾਬੇ ਡੋਗਰ ਰਾਮ ਦਾ ਚੇਤਾ ਆ ਗਿਆ। ਉਹ ਤੂੰਬੇ ਅਤੇ ਜੋੜੀ (ਅਲਗੋਜ਼ੇ) ਨਾਲ ਗਾਉਣ ਵਾਲਾ ਆਪਣੇ ਵੇਲੇ ਦਾ ਮਸ਼ਹੂਰ ਗਵੱਈਆ ਸੀ। ਮੈਂ ਬਚਪਨ ਵਿੱਚ ਉਸ ਨੂੰ ਅਨੇਕਾਂ ਵਾਰ ਗਾਉਂਦੇ ਸੁਣਿਆ ਸੀ। ਦੁਆਬੇ ਵਿੱਚ ਹਾੜ ਦਾ ਮਹੀਨਾ ਸੂਫੀ ਮਜ਼ਾਰਾਂ ‘ਤੇ ਮੇਲਿਆਂ ਦਾ ਮਹੀਨਾ ਹੁੰਦਾ ਹੈ। ਇਸ ਮਹੀਨੇ ਬਾਬੇ ਦਾ ਵਿਹਲ ਨਾ ਹੋਣਾ। ਰਾਤ ਦੇਰ ਤੱਕ ਬਾਬੇ ਦੇ ਵਿਹੜੇ ਵਿੱਚੋਂ ਤੂੰਬੇ ਅਤੇ ਅਲਗੋਜ਼ਿਆਂ ਦੀ ਆਵਾਜ਼ ਆਉਂਦੀ ਰਹਿਣੀ। ਆਂਢ ਗੁਆਂਢ ਦੇ ਲੋਕਾਂ ਨੇ ਗੌਣ ਸੁਣਨ ਲਈ ਵੇਲੇ ਸਿਰ ਰੋਟੀ-ਟੁੱਕ ਨਬੇੜ ਘਰਾਂ ਦੀਆਂ ਛੱਤਾਂ ਉੱਪਰ ਮੰਜੇ ਚਾੜ ਲੈਣੇ। ਰਾਤ ਦੀ ਚੁੱਪ ਵਿੱਚ ਬਾਬੇ ਦੀ ਉੱਚੀ ਹੇਕ ਪਿੰਡ ਦੇ ਦੂਸਰੇ ਪਾਸੇ ਸੁਣਾਈ ਦਿੰਦੀ ਸੀ। ਸਵੇਰ ਹੁੰਦੀ ਸਾਰ ਬਾਬੇ ਅਤੇ ਉਸ ਦੇ ਸਾਥੀਆਂ ਨੇ ਚਿੱਟੇ ਕੁੜਤੇ, ਚਾਦਰੇ ਅਤੇ ਤੁਰਲੇ ਵਾਲੀਆਂ ਪੱਗਾਂ ਬੰਨ ਮੇਲੇ ਨੂੰ ਚਾਲੇ ਪਾ ਦੇਣੇ। ਮੇਲਿਆਂ ਦੇ ਦਿਨਾਂ ਵਿੱਚ ਤਾਂ ਬਾਬੇ ਦੇ ਘਰ ਵਿਆਹ ਵਾਲਾ ਮਹੌਲ ਹੁੰਦਾ ਸੀ। ਖੁੱਲ੍ਹਾ ਖਾਣ ਪੀਣ। ਸਾਰਾ ਦਿਨ ਬਾਬੇ ਦੇ ਸਾਥੀਆਂ ਅਤੇ ਸ਼ਾਗਿਰਦਾਂ ਦਾ ਆਉਣਾ ਜਾਣਾ ਲੱਗਿਆ ਰਹਿਣਾ। ਰੋਜ਼ ਰਾਤ ਨੂੰ ਗਾਉਣ ਦੀ ਮਹਿਫ਼ਲ ਲੱਗਣੀ। ਹਾੜ ਦੇ ਮੇਲਿਆਂ ਵਿੱਚ ਬਾਬੇ ਦੀ ਪੁੱਛ ਪ੍ਰਤੀਤ ਅਤੇ ਚੜ੍ਹਤ ਨੇ ਬਾਬੇ ਦੀ ਮੁੱਛ ਖੜੀ ਰੱਖਣੀ। ਪਰ ਬਾਕੀ ਸਾਰਾ ਸਾਲ ਬਾਬੇ ਦਾ ਵੱਟਾਂ ਬੰਨਿਆਂ ਤੇ ਘਾਹ ਖੋਤਦੇ ਦਾ ਲੰਘਣਾ। ਬਚਪਨ ਵਿੱਚ ਮੈਂ ਬਾਬੇ ਦੇ ਝੋਲੇ ਵਿੱਚ ਪਾਏ ਅਲਗੋਜ਼ੇ ਅਤੇ ਮੋਢੇ ਟੰਗਿਆਂ ਤੂੰਬਾ ਕਦੇ ਤੁਰੇ ਜਾਂਦੇ ਜਾਂ ਕਦੇ ਸਾਈਕਲ ਦੇ ਹੈਂਡਲ ਨਾਲ ਟੰਗੇ ਦੇਖੇ। ਜਦੋਂ ਬਾਬੇ ਦੀ ਹੇਕ ਉੱਚੀ ਨਾ ਰਹੀ। ਪੁੱਤ ਨਸ਼ੱਈ ਹੋ ਗਿਆ। ਬਾਬਾ ਅਲਗੋਜ਼ਿਆਂ ਅਤੇ ਪੁਰਾਣੇ ਕਿੱਸਿਆਂ ਦੀ ਇੱਕ ਪੋਟਲੀ ਜਹੀ ਬੰਨ ਕੇ ਸਾਡੇ ਘਰ ਰੱਖ ਗਿਆ। ਉਸ ਨੂੰ ਇਹ ਡਰ ਸੀ ਕਿ ਅਮਲੀ ਹੋਇਆ ਪੁੱਤ ਕਿਤੇ ਉਸ ਦੇ ਇਹ ਅਣਮੁੱਲੇ ਗਹਿਣੇ ਵੇਚ ਵੱਟ ਨਾ ਲਵੇ। ਬਾਬੇ ਨੂੰ ਆਖ਼ਰੀ ਸਾਹ ਤੱਕ ਆਪਣੇ ਕਿਸੇ ਹੋਣਹਾਰ ਸ਼ਾਗਿਰਦ ਦੀ ਉਡੀਕ ਰਹੀ ਜੋ ਉਸ ਦੇ ਕੀਮਤੀ ਕਿੱਸੇ ਅਤੇ ਅਲਗੋਜ਼ੇ ਲੈਣ ਆਵੇ।ਸੱਚ ਜਾਣਿਓ ਜਦੋਂ ਭਾਅ ਸੋਮਪਾਲ ਮੈਨੂੰ ਪਾਲੀ ਦੀ ਪੇਸ਼ਕਾਰੀ ਬਾਰੇ ਦੱਸ ਰਿਹਾ ਸੀ ਤਾਂ ਮੈਨੂੰ ਸਾਡੇ ਪਿੰਡ ਵਾਲੇ ਭੁੱਲੇ ਵਿਸਰੇ ਬਾਬੇ ਦੇ ਅਲਗੋਜ਼ੇ ਸੁਣ ਰਹੇ ਸਨ। ਅਸੀਂ ਸਾਹਿਤ ਸਭਾ ਗਲਾਸਗੋ ਵਲੋਂ ਪਾਲੀ ਖ਼ਾਦਿਮ ਦਾ ਸਕੌਟਲੈਂਡ ਦਾ ਪਰੋਗਰਾਮ ਬੁੱਕ ਕਰ ਲਿਆ ਸੀ। ਮੇਰੇ ਲਈ ਇਹ ਬਹੁਤ ਖੁਸ਼ੀ ਦੇ ਪਲ ਸਨ। ਮੈਂ ਆਪਣੇ ਗੁਆਂਢੀ ਅਲਗੋਜ਼ਿਆਂ ਵਾਲੇ ਬਾਬੇ ਨੂੰ ਯਾਦ ਕਰ ਰਿਹਾ ਸੀ। ਮੈਨੂੰ ਬਾਬੇ ਦੇ ਅਲਗੋਜ਼ੇ ਸਾਈਕਲ ਦੇ ਹੈਂਡਲ ਤੋਂ ਉੱਤਰ ਕੇ ਜਹਾਜੇ ਚੜਦੇ ਦਿਸ ਰਹੇ ਸਨ। ਮੈਨੂੰ ਨਹੀਂ ਪਤਾ ਕਿ ਪਾਲੀ ਨੂੰ ਅਲਗੋਜ਼ਿਆਂ ਨੇ ਜਹਾਜ ਚੜ੍ਹਾਇਆ ਜਾਂ ਪਾਲੀ ਨੇ ਅਲਗੋਜ਼ਿਆਂ ਨੂੰ। ਪਰ ਇਹ ਗੱਲ ਮਾਣ ਕਰਨ ਵਾਲੀ ਹੈ ਕਿ ਪਾਲੀ ਦੇ ਅਲਗੋਜ਼ੇ ਲੰਡਨ ਦੇ ਅਦਬੀ ਮੇਲੇ ਤੋਂ ਸ਼ੁਰੂ ਹੋ ਕੇ ਲੰਡਨ ਬਰਿਜ, ਈਸਟਵੁੱਡ ਪਾਰਕ ਥੀਏਟਰ ਗਲਾਸਗੋ ਤੋਂ ਹੁੰਦੇ ਹੋਏ, ਫੋਰਟ ਵਿਲੀਅਮ ਦੀਆਂ ਖੂਬਸੂਰਤ ਵਾਦੀਆਂ ਅਤੇ ਸਕੌਟਲੈਂਡ ਦੀ ਸਭ ਤੋਂ ਉੱਚੀ ਪਹਾੜੀ ਬਿਨ ਨੇਵਿਸ ਤੱਕ ਪਹੁੰਚੇ। ਮੇਰੀ ਦਿਲੀ ਇੱਛਾ ਹੈ ਕਿ ਇਹ ਸੰਗੀਤ ਦੀਆਂ ਵੀ ਉੱਚੀਆਂ ਚੋਟੀਆਂ ਸਰ ਕਰਨ।ਪੰਜਾਬੀ ਸਾਹਿਤ ਸਭਾ ਗਲਾਸਗੋ ਦੇ ਪਰੋਗਰਾਮ ਈਸਟਵੁੱਡ ਪਾਰਕ ਥੀਏਟਰ ਵਿੱਚ ਪਾਲੀ ਖ਼ਾਦਿਮ ਨੇ ਜਦੋਂ ਅਲਗੋਜ਼ਿਆਂ ‘ਤੇ ਪੰਜਾਬੀ ਲੋਕ ਗੀਤ ‘ ਇੱਕ ਤਾਰਾ ਵੱਜਦਾ ਵੇ ਰਾਂਝਣਾ ਨੂਰਮਹਿਲ ਦੀ ਮੋਰੀ, ਅਤੇ ਜਿੰਦੂਆ’ ਦੀ ਧੁੰਨ ਵਜਾਈ ਤਾਂ ਸਰੋਤੇ ਨਾਲ ਨਾਲ ਗਾਉਣ ਲੱਗੇ। ਜਦੋਂ ਬੈਕ ਗਰਾਂਊਡ ਸੰਗੀਤ ਢੋਲ ਦੇ ਨਾਲ ਅਲਗੋਜ਼ੇ ਵੱਜੇ ਤਾਂ ਥੀਏਟਰ ਵਿੱਚ ਬੈਠੇ ਪੰਜਾਬੀ ਹੀ ਨਹੀਂ ਸਗੋਂ ਕੰਟਰੋਲ ਰੂਮ ਵਿੱਚ ਬੈਠੇ ਸਕੌਟਿਸ਼ ਸਾਊਂਡ ਅਤੇ ਲਾਈਟ ਇੰਜਨੀਅਰ ਵੀ ਨੱਚ ਉੱਠੇ। ਇਹ ਸੰਗੀਤ ਦੀ ਤਾਕਤ ਅਤੇ ਕਲਾਕਾਰ ਦੀ ਪੇਸ਼ਕਾਰੀ ਦਾ ਕਮਾਲ ਸੀ। ਪਾਲੀ ਦੇ ਅਲਗੋਜ਼ਿਆਂ ਨੇ ਸਮਾਗਮ ਨੂੰ ਸੰਪੂਰਨ ਕਰ ਦਿੱਤਾ ਸੀ। ਪ੍ਰੋਗਰਾਮ ਦੀ ਪ੍ਰਤੀਕਿਰਿਆ ਦੌਰਾਨ ਸਰੋਤਿਆਂ ਨੇ ਨਾਟਕ ‘ਛੱਲਾ’ ਦੇ ਨਾਲ ਨਾਲ ਪਾਲੀ ਦੀ ਪੇਸ਼ਕਾਰੀ ਨੂੰ ਵੀ ਬਹੁਤ ਸਲਾਹਿਆ। ਜਿਥੇ ਡਾ ਸੋਮਪਾਲ ਹੀਰੇ ਦੀ ਪੇਸ਼ਕਾਰੀ ਨੇ ਸਰੋਤਿਆਂ ਨੂੰ ਕਦੇ ਕਦੇ ਭਾਵਕ ਕੀਤਾ, ਕਦੇ ਜੋਸ਼ ਵਿੱਚ ਲੈ ਕੇ ਆਂਦਾ ਅਤੇ ਉਹਨਾਂ ਦੀ ਜ਼ਿੰਦਗੀ ਨਾਲ ਜੁੜੇ ਮਸਲਿਆਂ ਉੱਤੇ ਸੋਚਣ ਲਈ ਮਜ਼ਬੂਰ ਕੀਤਾ ਓਥੇ ਪਾਲੀ ਦੀ ਪੇਸ਼ਕਾਰੀ ਨੇ ਲੋਕਾਂ ਦੇ ਚਿਹਰਿਆਂ ‘ਤੇ ਰੌਣਕ ਲੈ ਕੇ ਆਂਦੀ। ਸਰੋਤੇ ਨਾਲ ਗਾਉਣ ਲੱਗੇ। ਅਲਗੋਜ਼ਿਆਂ ਨਾਲ ਤਾੜੀ ਵਜਾ ਕੇ ਸਾਥ ਦਿੱਤਾ। ਇੱਕ ਪਲ ਇਹੋ ਜਿਹਾ ਵੀ ਆ ਗਿਆ ਸੀ ਕਿ ਸਰੋਤੇ, ਗਾਇਕ ਅਤੇ ਸੰਗੀਤ ਇਕਮਿਕ ਹੋ ਗਏ ਸਨ। ਪਰ ਸਮੇਂ ਦੀ ਤਲਵਾਰ ਦੀ ਲਟਕ ਰਹੀ ਸੀ। ਲੋਕੀਂ ਸਾਨੂੰ ਅਜੇ ਵੀ ਇਹ ਉਲਾਂਭਾ ਦੇ ਰਹੇ ਹਨ ਕਿ ਪਾਲੀ ਨੂੰ ਹੋਰ ਸਮਾਂ ਦੇਣਾ ਚਾਹੀਦਾ ਸੀ।ਯੂ ਕੇ ਟੂਰ ਦੌਰਾਨ ਪਾਲੀ ਨੇ ਕਮਾਲ ਦੀਆਂ ਪੇਸ਼ਕਾਰੀਆਂ ਕੀਤੀਆਂ। ਵਿਰਾਸਤੀ ਸਾਜ਼ ਨੂੰ ਦੁਬਾਰਾ ਲੋਕਾਂ ਦੇ ਚੇਤਿਆਂ ਵਿੱਚ ਤਾਜ਼ਾ ਕਰ ਦਿੱਤਾ। ਅਲਗੋਜ਼ੇ ਅਤੇ ਤੂੰਬੇ ਨਾਲ ਗਾਉਂਦੇ ਸਾਡੇ ਚੇਤਿਆਂ ‘ਚੋ ਕਿਰ ਗਏ ਬਾਬਿਆਂ ਨੂੰ ਯਾਦ ਕਰਵਾਇਆ। ਅਸੀਂ ਕਾਮਨਾਂ ਕਰਦੇ ਹਾਂ ਕਿ ਪਾਲੀ ਦੇ ਅਲਗੋਜ਼ੇ ਹੋਰ ਵੀ ਉੱਚੀਆਂ ਉਡਾਨਾਂ ਭਰਨ।
ਤਰਲੋਚਨ ਮੁਠੱਡਾ
ਪਾਲੀ ਦੇ ਅਲਗੋਜ਼ੇ: ਯੂਕੇ ਦੀ ਰਾਜਧਾਨੀ ਲੰਡਨ ਤੋਂ ਲੈ ਕੇ ਫੋਰਟ ਵਿਲੀਅਮ, ਬਿਨ ਨੇਵਿਸ (ਸਕੌਟਲੈਂਡ) ਤੱਕ …
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


