(ਸਮਾਜ ਵੀਕਲੀ)
ਲੰਦਨ ਤੋਂ ਵੈਨਕੂਵਰ ਲਈ ਜਹਾਜ਼ ਉੜਿਆ ਤਾਂ ਮੇਰੀ ਸੀਟ ਤੋਂ ਖੱਬੇ ਪਾਸੇ ਭਾਰਾ ਜਿਹਾ ਬੰਦਾ ਬੈਠਾ ਸੀ..ਮੈਂ ਆਪਣੀ ਸੀਟ ‘ਤੇ ਕੱਠਾ ਜਿਹਾ ਹੋ ਕੇ ਬਹਿ ਗਿਆ ..ਉਹਦੀਆਂ ਬਾਹਾਂ ਸੀਟ ਤੋਂ ਪਾਰ ਫੈਲ ਰਹੀਆਂ ਸਨ..ਮੈਂ ਸੌਖਾ ਹੋਣ ਲਈ ਕੈਬਿਨ ਬੈਗ ‘ਚੋਂ ਕਿਤਾਬ ਕੱਢੀ ਤੇ ਪੜ੍ਹਨ ਲਗ ਪਿਆ..ਘੰਟੇ ਕੁ ਬਾਅਦ ਕਿਤਾਬ ਪਾਠ ਸਮਾਪਤੀ ‘ਤੇ ਪਹੁੰਚ ਗਿਆ ..ਮੈਂ ਸਕਰੀਨ ‘ਤੇ ਤਲਾਸ਼ ਕਰ ਕੇ ਫਿਲਮ ਲਾ ਲਈ..ਗੁਲਾਮੀ ਦੇ ਨਰਕ ਖਿਲਾਫ ਜੂਝਦੇ ਸੋਲੋਮਨ ਦੀ ਜ਼ਿੰਦਗੀ ‘ਤੇ ਅਧਾਰਿਤ ” ਟਵੈਲਵ ਯੀਅਰਝ ਏ ਸਲੇਵ!”..ਇਕ ਦੋ ਵਾਰ ਮਹਿਸੂਸ ਹੋਇਆ ਕਿ ਸਾਥੀ ਮੁਸਾਫ਼ਿਰ ਟੇਢਾ ਹੋ ਕੇ ਮੇਰੇ ਵਾਲੀ ਸਕਰੀਨ ਤੋਂ ਫਿਲਮ ਦੇਖ ਰਿਹਾ ਹੈ..ਮੈਂ ਫਿਲਮ ‘ਚ ਖੁੱਭਿਆ ਹੋਇਆ ਸੀ!
ਖਾਣਾ ਆਇਆ ਤਾਂ ਮੈਂ ਫਿਲਮ ਬੰਦ ਕਰ ਲਈ..ਖਾਣਾ ਖਾ ਕੇ ਉਹ ਮੁਸਾਫ਼ਿਰ ਮੈਨੂੰ ਮੁਖਾਤਿਬ ਹੋਇਆ,” ਵਧੀਆ ਚੋਣ..ਮਹਾਨ ਫਿਲਮ!”..ਮੈਂ ਸ਼ੁਕਰੀਆ ਕੀਤਾ ਤੇ ਫਿਲਮ ਬਾਰੇ ਟਿੱਪਣੀ ਕੀਤੀ ..ਉਹ ਪ੍ਰਭਾਵਿਤ ਹੋਇਆ..ਹੱਥ ਮਿਲਾਇਆ..ਉਸਦਾ ਨਾਮ ਐਲੀ ਹੈ..ਫਲਸਤੀਨੀ ਐਲੀ..ਉਸਦੇ ਖੱਬੇ ਪਾਸੇ ਉਸਦੀ ਦੋਸਤ ਕੁੜੀ ਬੈਠੀ ਸੀ..ਟੀ..ਮੈਂ ਟੀ ਨੂੰ ਹੈਲੋ ਕੀਤੀ ..ਉਹਨੇ ਬਹੁਤ ਮੱਧਮ ਜਿਹੀ ਹੈਲੋ ਕੀਤੀ ਤੇ ਮੁੜ ਆਪਣੇ ਫੋਨ ‘ਤੇ ਕੁੱਝ ਦੇਖਣ ਲਗ ਗਈ..ਉਸ ਨੂੰ ਮੇਰੇ ‘ਚ ਕੋਈ ਦਿਲਚਸਪੀ ਨਹੀਂ ਸੀ..ਪਰ ਮੈਨੂੰ ਫਲਸਤੀਨ ਵਿਚ ਦਿਲਚਸਪੀ ਸੀ..ਮੈਂ ਐਲੀ ਨਾਲ ਗੱਲੀਂ ਪੈ ਗਿਆ !
ਜਿਨਾ ਕੁੱਝ ਫਲਸਤੀਨ ਬਾਰੇ ਜਾਣਦਾ ਸੀ..ਐਲੀ ਨਾਲ ਸਾਂਝ ਪਾਈ..ਇਜ਼ਰਾਈਲ ਦੇ ਧੱਕੇ ਬਾਰੇ..ਫਲਸਤੀਨੀ ਸੰਘਰਸ਼ ਬਾਰੇ..ਉਸ ਨੇ ਮੂੰਹ ਪੂਰਾ ਅੱਡ ਕੇ ਪ੍ਰਭਾਵਿਤ ਹੋਣ ਦਾ ਸਬੂਤ ਦਿਤਾ..ਤੇ ਫੇਰ ਦੱਸਣ ਲਗ ਗਿਆ ਕਿ ਕਿਨਾ ਔਖਾ ਹੈ ਇਹ ਸੰਘਰਸ਼..ਮੈਂ ਉਸ ਨੂੰ ਦੱਸਿਆ ਕਿ ਸਾਡੇ ਦੇਸ਼ ਦੀ ਮੌਜੂਦਾ ਸਰਕਾਰ ਦਾ ਕਰੂਰਾ ਇਜ਼ਰਾਈਲ ਨਾਲ ਰਲਦੈ..ਉਹ ਥੋੜ੍ਹਾ ਉਦਾਸ ਹੋਇਆ ..ਉਸ ਨੇ ਮੇਰੇ ਬਾਰੇ ਪੁੱਛਿਆ ..ਮੈਂ ਉਸ ਨੂੰ ਪੰਜਾਬੀਆਂ ਬਾਰੇ ਕਾਫੀ ਕੁੱਝ ਦੱਸਿਆ ..ਇਹ ਕਿ ਪੰਜਾਬੀ ਬਹੁਤ ਮਿਹਨਤੀ ਹੁੰਦੇ ਨੇ..ਵੱਡੇ ਦਿਲ ਵਾਲੇ ਹੁੰਦੇ ਨੇ ਤੇ ਸਰਬੱਤ ਦੇ ਭਲੇ ‘ਚ ਯਕੀਨ ਰੱਖਦੇ ਨੇ..ਹੋਰ ਵੀ ਕਈ ਕੁੱਝ !
ਉਸ ਪੁੱਛਿਆ ਕਿ ਪ੍ਰੇਰਣਾ ਕਿਥੋਂ ਲੈਂਦੇ ਹੋ ਸਰਬੱਤ ਦੇ ਭਲੇ ਲਈ ..ਮੈਂ ਉਸ ਨੂੰ ਬਾਬੇ ਨਾਨਕ ਬਾਰੇ ਦੱਸਿਆ ..ਕੁੱਝ ਟੂਕਾਂ ਦਾ ਆਪਣੀ ਸਮਰੱਥਾ ਅਨੁਸਾਰ ਤਰਜਮਾ ਕਰ ਕੇ ਦੱਸਿਆ ਤਾਂ ਉਹ ਅਤਿ ਪ੍ਰਭਾਵਿਤ ਹੋਇਆ ਤੇ ਤਿੰਨ ਵਾਰ ਬੋਲਿਆ ,”ਮਹਾਨ ਮਹਾਨ ਮਹਾਨ ..ਇਹ ਤਾਂ ਪੂਰੇ ਸੰਸਾਰ ਲਈ ਪੈਗ਼ਾਮ ਹੈ..ਮੈਨੂੰ ਪੜ੍ਹਨਾ ਚਾਹੀਦੈ!”..ਮੈਂ ਉਸ ਨੂੰ ਦੱਸਿਆ ਕਿ ਕਾਫ਼ੀ ਕੁੱਝ ਇੰਟਰਨੈੱਟ ਤੋਂ ਵੀ ਮਿਲ ਜਾਏਗਾ..ਉਹ ਉਤਸ਼ਾਹ ਨਾਲ ਭਰ ਗਿਆ ..ਮੈਂ ਆਪਣੇ ਰੰਗਮੰਚ ਬਾਰੇ ਦੱਸਿਆ ਤਾਂ ਟੀ ਨੂੰ ਦੱਸਣ ਲਗਾ ਕਿ ਇਧਰ ਇਕ ਰੰਗਕਰਮੀ ਬੈਠਾ ..ਟੀ ਨੇ ਫੇਰ ਮੱਧਮ ਮੁਸਕਰਾਹਟ ਨਾਲ ਗੱਲ ਮੁਕਾ ਦਿਤੀ!
ਗੱਲਾਂ ਚਲਦੀਆਂ ‘ਚ ਭਗਤ ਸਿੰਘ ਦਾ ਜ਼ਿਕਰ ਆਇਆ ਤਾਂ ਉਹ ਉਛਲਿਆ..” ਹਾਂਅ..ਮੈਂ ਭਗਤ ਸਿੰਘ ਨੂੰ ਜਾਣਦਾ ਹਾਂ ..ਮਹਾਨ ਯੋਧਾ..ਇਕ ਵਿਚਾਰਵਾਨ ਮਨੁੱਖ ..ਮੈਂ ਭਗਤ ਸਿੰਘ ਨੂੰ ਪਿਆਰ ਕਰਦਾ ਹਾਂ !”..ਇਕੋ ਸਾਹੇ ਉਹ ਕਿਨਾ ਕੁੱਝ ਕਹਿ ਗਿਆ ..ਹੁਣ ਪ੍ਰਭਾਵਿਤ ਹੋਣ ਦੀ ਵਾਰੀ ਮੇਰੀ ਸੀ..ਇਕ ਫਲਸਤੀਨੀ ਮੇਰੇ ਇਕ ਆਦਰਸ਼ ਬਾਰੇ ਜਾਣਨ ਦੀ ਇੱਛਾ ਰਖਦਾ ਹੈ..ਦੂਜੇ ਆਦਰਸ਼ ਬਾਰੇ ਜਾਣਦਾ ਹੈ..ਸ਼ੁਰੂ ‘ਚ ਮਹਿਸੂਸ ਹੋਇਆ ਭਾਰਾ ਮੁਸਾਫ਼ਿਰ ਹੁਣ ਹੌਲ਼ਾ ਫੁੱਲ ਮਹਿਸੂਸ ਹੋ ਰਿਹਾ ਸੀ..ਐਲੀ ਤੇ ਮੈਂ ਸਾਰਾ ਰਾਹ ਜਦੋਂ ਵੀ ਜਾਗਦੇ ਤਾਂ ਗੱਲਾਂ ਕਰਦੇ…
ਮੈਂ ਉਸ ਨੂੰ ਦੱਸਿਆ ਕਿ ਸਾਡਾ ਦੇਸ਼ ਤੁਹਾਡੇ ਦੇਸ਼ ਫਲਸਤੀਨ ਦੇ ਸੰਘਰਸ਼ ਦੀ ਕਦਰ ਕਰਦਾ ਹੈ..ਤੁਹਾਡੇ ਨਾਲ ਹੈ..ਉਸ ਨੇ ਅੱਖਾਂ ਸੰਗੋੜੀਆਂ..ਮੇਰੇ ‘ਤੇ ਸ਼ੱਕ ਕੀਤਾ..ਦੋਸਤੀ ਹਿਲਦੀ ਮਹਿਸੂਸ ਹੋਈ..ਐਲੀ ਬੋਲਿਆ ,” ਸਾਹੇਬ..ਹੁਣੇ ਤਾਂ ਤੂੰ ਕਿਹਾ ਸੀ ਕਿ ਤੁਹਾਡੀ ਸਰਕਾਰ ਇਜ਼ਰਾਈਲ ਦਾ ਸਾਥ ਦੇ ਰਹੀ ਐ…ਫੇਰ?!!”..ਮੈਂ ਹੱਸਣਾ ਚਾਹੁੰਦਾ ਸੀ ਪਰ ਸਿਰਫ ਮੁਸਕਰਾਇਆ..ਐਲੀ ਦਾ ਹੱਥ ਫੜਿਆ …” ਦੋਸਤ ਐਲੀ, ਸਰਕਾਰਾਂ ਦੇਸ਼ ਨਹੀਂ ਹੁੰਦੀਆਂ ..ਦੇਸ਼ ਲੋਕਾਂ ਨਾਲ ਬਣਦੈ!”
ਐਲੀ ਨੇ ਵੱਡਾ ਸਿਰ ਕਿਨੀ ਵਾਰ ਉਪਰੋਂ ਥੱਲੇ ..ਥੱਲਿਓਂ ਉਪਰ ਹਿਲਾਇਆ…” ਯਾਅਅਅਅਅਅ..ਸਹੀ ਐ!”..
ਐਲੀ ਦਾ ਮਿਤਰ
ਸਾਹਿਬ ਸਿੰਘ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly