ਪਾਕਿਸਤਾਨ ਦੀ ਕੌਮੀ ਅਸੈਂਬਲੀ ਭੰਗ, ਚੋਣਾਂ 90 ਦਿਨਾਂ ’ਚ

ਸਿਆਸੀ ਘਟਨਾਕ੍ਰਮ ਦੇ ਅਹਿਮ ਨੁਕਤੇ

  • ਸਪੀਕਰ ਖਿਲਾਫ਼ ਬੇਵਿਸਾਹੀ ਮਤਾ ਪਾਸ ਹੋਣ ਮਗਰੋਂ ਡਿਪਟੀ ਸਪੀਕਰ ਨੇ ਚਲਾਈ ਸਦਨ ਦੀ ਕਾਰਵਾਈ
  • ਡਿਪਟੀ ਸਪੀਕਰ ਕਾਸਿਮ ਸੂਰੀ ਨੇ ਇਮਰਾਨ ਸਰਕਾਰ ਖਿਲਾਫ਼ ਮਤੇ ਨੂੰ ਮੁਲਕ ਦੇ ਸੰਵਿਧਾਨ ਤੇ ਨੇਮਾਂ ਖਿਲਾਫ਼ ਦੱਸਿਆ
  • ਦੇਸ਼ ਦੇ ਨਾਂ ਸੰਬੋਧਨ ’ਚ ਇਮਰਾਨ ਵੱਲੋਂ ਦੇਸ਼ ਵਾਸੀਆਂ ਨੂੰ ਮੱਧਕਾਲੀ ਚੋਣਾਂ ਲਈ ਤਿਆਰੀਆਂ ਦਾ ਸੱਦਾ
  • ਕੈਬਨਿਟ ਭੰਗ, ਪਰ ਇਮਰਾਨ ਫ਼ਰਜ਼ ਨਿਭਾਉਂਦੇ ਰਹਿਣਗੇ
  • ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਵੀ ਲਿਆ ਨੋਟਿਸ

ਇਸਲਾਮਾਬਾਦ (ਸਮਾਜ ਵੀਕਲੀ):  ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਮੁਲਕ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਦੇ ਮਸ਼ਵਰੇ ’ਤੇ ਅੱਜ ਕੌਮੀ ਅਸੈਂਬਲੀ ਨੂੰ ਭੰਗ ਕਰ ਦਿੱਤਾ ਹੈ। ਅਲਵੀ ਨੇ ਕਿਹਾ ਕਿ ਮੁਲਕ ਵਿੱਚ ਮੱਧਕਾਲੀ ਚੋਣਾਂ ਹੁਣ 90 ਦਿਨਾਂ ਅੰਦਰ ਕਰਵਾਈਆਂ ਜਾਣਗੀਆਂ। ਇਸ ਤੋਂ ਪਹਿਲਾਂ ਕੌਮੀ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਵਿਰੋਧੀ ਧਿਰ ਵੱਲੋਂ ਇਮਰਾਨ ਖ਼ਾਨ ਸਰਕਾਰ ਖਿਲਾਫ਼ ਪੇਸ਼ ਬੇਭਰੋੋਸਗੀ ਮਤੇ ਨੂੰ ਕੌਮੀ ਸੁਰੱਖਿਆ ਦੇ ਆਧਾਰ ਉੱਤੇ ਖਾਰਜ ਕਰ ਦਿੱਤਾ। ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਕਿਹਾ ਕਿ ਕੈਬਨਿਟ ਨੂੰ ਭੰਗ ਕਰ ਦਿੱਤਾ ਗਿਆ ਹੈ, ਪਰ ਪ੍ਰਧਾਨ ਮੰਤਰੀ ਆਪਣੇ ਫ਼ਰਜ਼ ਨਿਭਾਉਂਦੇ ਰਹਿਣਗੇ।

ਕੌਮੀ ਅਸੈਂਬਲੀ ਵਿੱਚ ਅੱਜ ਜਿਵੇਂ ਹੀ ਸਰਕਾਰ ਖਿਲਾਫ਼ ਬੇਭਰੋੋਸਗੀ ਮਤਾ ਰੱਦ ਹੋਇਆ ਤਾਂ ਇਮਰਾਨ ਖ਼ਾਨ ਦੇ ਦੇਸ਼ ਦੇ ਨਾਂ ਸੰਬੋਧਨ ਵਿੱਚ ਆਵਾਮ ਨੂੰ ਨਵੀਆਂ ਚੋਣਾਂ ਦੀ ਤਿਆਰੀ ਕਰਨ ਲਈ ਆਖ ਦਿੱਤਾ। ਖ਼ਾਨ ਨੇ ਆਵਾਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਡਿਪਟੀ ਸਪੀਕਰ ਨੇ ‘ਵਿਦੇਸ਼ੀ ਸਾਜ਼ਿਸ਼ ਤਹਿਤ ਹਕੂਮਤ ਬਦਲਣ ਦੇ ਯਤਨਾਂ ਨੂੰ ਨਾਕਾਮ ਕਰ ਦਿੱਤਾ ਹੈ।’ ਖ਼ਾਨ ਨੇ ਕਿਹਾ ਕਿ ਬੇਭਰੋਸਗੀ ਮਤਾ ਅਸਲ ਵਿੱਚ ‘ਵਿਦੇਸ਼ੀ ੲੇਜੰਡਾ’ ਹੈ। ਖ਼ਾਨ ਨੇ ਕਿਹਾ ਕਿ ਉਨ੍ਹਾਂ ਰਾਸ਼ਟਰਪਤੀ ਅਲਵੀ ਨੂੰ ‘ਅਸੈਂਬਲੀ’ ਭੰਗ ਕਰਨ ਦੀ ਸਲਾਹ ਦਿੱਤੀ ਸੀ। ਕ੍ਰਿਕਟਰ ਤੋਂ ਸਿਆਸਤਦਾਨ ਬਣੇ ਇਮਰਾਨ ਖ਼ਾਨ ਨੇ ਕਿਹਾ, ‘ਚੋਣਾਂ ਦੀਆਂ ਤਿਆਰੀਆਂ ਕਰੋ। ਕੋਈ ਵੀ ਭ੍ਰਿਸ਼ਟ ਤਾਕਤ ਇਹ ਫੈਸਲਾ ਨਹੀਂ ਕਰੇਗੀ ਕਿ ਮੁਲਕ ਦਾ ਭਵਿੱਖ ਕੀ ਹੋਵੇਗਾ। ਜਦੋਂ ਅਸੈਂਬਲੀ ਭੰਗ ਹੋ ਜਾਵੇਗੀ ਤਾਂ ਆਗਾਮੀ ਚੋਣਾਂ ਤੇ ਕੰਮ ਚਲਾਊ ਸਰਕਾਰ ਦਾ ਅਮਲ ਸ਼ੁਰੂ ਹੋ ਜਾਵੇਗਾ।’’

ਦੱਸ ਦੇਈਏ ਕਿ ਅਜੇ ਤੱਕ ਕਿਸੇ ਵੀ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਪੰਜ ਸਾਲ ਦਾ ਕਾਰਜਕਾਲ ਪੂਰਾ ਨਹੀਂ ਕੀਤਾ ਹੈ। ਇਸ ਤੋਂ ਪਹਿਲਾਂ ਕੌਮੀ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਵਿਰੋਧੀ ਧਿਰ ਵੱਲੋਂ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖਿਲਾਫ਼ ਪੇਸ਼ ਬੇਭਰੋਸਗੀ ਮਤੇ ਨੂੰ ਪਾਕਿਸਤਾਨ ਦੇ ਸੰਵਿਧਾਨ ਤੇ ਨੇਮਾਂ ਦੀ ਖਿਲਾਫ਼ਵਰਜ਼ੀ ਦੱਸਦਿਆਂ ਖਾਰਜ ਕਰ ਦਿੱਤਾ। ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਪਾਏ ਰੌਲੇ-ਰੱਪੇ ਦਰਮਿਆਨ ਸੂਰੀ ਨੇ ਕਿਹਾ, ‘‘ਬੇਭਰੋਸਗੀ ਮਤਾ ਮੁਲਕ ਦੇ ਸੰਵਿਧਾਨ ਤੇ ਨੇਮਾਂ ਮੁਤਾਬਕ ਹੋਣਾ ਚਾਹੀਦਾ ਹੈ। ਕਿਉਂਕਿ ਕਾਨੂੰਨ ਮੰਤਰੀ ਨੇ ਇਸ ਦਾ ਜ਼ਿਕਰ ਨਹੀਂ ਕੀਤਾ, ਮੈਂ ਇਸ ਮਤੇ ਨੂੰ ਖਾਰਜ ਕਰਦਾ ਹਾਂ।’’ ਵਿਰੋਧੀ ਧਿਰ ਵੱਲੋਂ ਸਪੀਕਰ ਅਸਦ ਕੈਸਰ ਖਿਲਾਫ਼ ਬੇਵਿਸਾਹੀ ਮਤਾ ਪੇਸ਼ ਕੀਤੇ ਜਾਣ ਮਗਰੋਂ ਸੂਰੀ ਨੇ ਸੰਸਦ ਦੇ ਇਸ ਅਹਿਮ ਇਜਲਾਸ ਦੀ ਪ੍ਰਧਾਨਗੀ ਕੀਤੀ। ਜਿਵੇਂ ਹੀ ਇਜਲਾਸ ਸ਼ੁਰੂ ਹੋਇਆ ਕਾਨੂੰਨ ਮੰਤਰੀ ਫ਼ਵਾਦ ਚੌਧਰੀ ਨੇ ਕਿਹਾ ਕਿ ਇਹ ਗੱਲ ਸਾਬਤ ਕੀਤੀ ਗਈ ਹੈ ਕਿ ਇਕ ‘ਪੱਤਰ’ ਰਾਹੀਂ ਬੇਭਰੋੋਸਗੀ ਮਤੇ ਦੀ ਵਰਤੋਂ ਇਕ ਵਿਦੇਸ਼ੀ ਤਾਕਤ ਦੇ ਇਸ਼ਾਰੇ ’ਤੇ ਸਰਕਾਰ ਬਦਲਣ ਲਈ ਕੀਤੀ ਜਾ ਰਹੀ ਹੈ, ਜੋ ਕਿ ਪਾਕਿਸਤਾਨ ਦੇ ਸੰਵਿਧਾਨ ਦੀ ਧਾਰਾ 5 ਦੇ ਖਿਲਾਫ਼ ਹੈ। ਚੌਧਰੀ ਨੇ ਚੇਅਰ ਨੂੰ ਬੇਭਰੋਸਗੀ ਮਤੇ ਦੀ ਵੈਧਤਾ ਉੱਤੇ ਫੈਸਲਾ ਦੇਣ ਦੀ ਗੁਜ਼ਾਰਿਸ਼ ਕੀਤੀ।

ਨਤੀਜੇ ਵਜੋਂ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਮਤੇ ਨੂੰ ਖਾਰਜ ਕਰਦਿਆਂ ਆਪਣਾ ਫੈਸਲਾ ਸੁਣਾਇਆ ਤੇ ਇਜਲਾਸ ਮੁਲਤਵੀ ਕਰ ਦਿੱਤਾ। ਉਧਰ ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਕਿਹਾ ਕਿ ਕੌਮੀ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਸੂਰੀ ਨੇ ਬੋਭਰੋਸਗੀ ਮਤੇ ਉੱਤੇ ਵੋਟਿੰਗ ਦੀ ਇਜਾਜ਼ਤ ਨਾ ਦੇ ਕੇ ਸੰਵਿਧਾਨ ਦੀ ਉਲੰਘਣਾ ਕੀਤੀ ਹੈ। ਬਿਲਾਵਲ ਨੇ ਕਿਹਾ ਕਿ ਉਹ ਡਿਪਟੀ ਸਪੀਕਰ ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਜਾਣਗੇ। ਬਿਲਾਵਲ ਨੇ ਕਿਹਾ, ‘‘ਇਮਰਾਨ ਖ਼ਾਨ ਨੇ ਜੋ ਕੁਝ ਕੀਤਾ, ਉਹ ਕਾਨੂੰਨ ਦੇ ਖਿਲਾਫ਼ ਹੈ। ਅਸੀਂ ਆਪਣੇ ਵਕੀਲਾਂ ਨਾਲ ਗੱਲ ਕਰ ਰਹੇ ਹਾਂ। ਡਿਪਟੀ ਸਪੀਕਰ ਨੇ ਵੀ ਗੈਰਜਮਹੂਰੀ ਕੰਮ ਕੀਤਾ ਹੈ। ਇਸ ਕਦਮ ਨਾਲ ਇਮਰਾਨ ਖ਼ਾਨ ਨੇ ਖੁ਼ਦ ਨੂੰ ਬੇਨਕਾਬ ਕੀਤਾ ਹੈ। ਜਦੋਂ ਤੱਕ ਇਹ ਫੈਸਲਾ ਵਾਪਸ ਨਹੀਂ ਹੁੰਦਾ, ਅਸੀਂ ਕੌਮੀ ਅਸੈਂਬਲੀ ਦੇ ਅੰਦਰ ਹੀ ਰਹਾਂਗੇ।’’ ਬਿਲਾਵਲ ਨੇ ਟਵੀਟ ਕੀਤਾ, ‘‘ਅਸੀਂ ਸੁਪਰੀਮ ਕੋਰਟ ਜਾ ਰਹੇ ਹਾਂ। ਅਸੀਂ ਸਾਰੀਆਂ ਸੰਸਥਾਵਾਂ ਨੂੰ ਪਾਕਿਸਤਾਨ ਦੇ ਸੰਵਿਧਾਨ ਦੀ ਰੱਖਿਆ ਕਰਨ, ਉਸ ਦੀ ਕਾਇਮੀ ਤੇ ਲਾਗੂ ਕਰਨ ਦਾ ਸੱਦਾ ਦਿੰਦੇ ਹਾਂ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਆਹ ਦਾ ਝੂਠਾ ਲਾਰਾ ਲਾ
Next articleਬੰਦਿਆ