ਇਸਲਾਮਾਬਾਦ (ਸਮਾਜ ਵੀਕਲੀ): ਇਮਰਾਨ ਖ਼ਾਨ ਦੇ ਨੇੜਲੇ ਤੇ ਸਾਬਕਾ ਸੂਚਨਾ ਮੰਤਰੀ ਫ਼ਵਾਦ ਚੌਧਰੀ ਨੇ ਅੱਜ ਕਿਹਾ ਕਿ ਕੌਮੀ ਅਸੈਂਬਲੀ ਵਿੱਚ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਪਾਰਟੀ ਦੇ ਸਾਰੇ ਸੰਸਦ ਮੈਂਬਰ ਆਪਣੇ ਅਸਤੀਫੇ ਦੇਣਗੇ। ਚੌਧਰੀ ਨੇ ਟਵੀਟ ਕੀਤਾ ਕਿ ਪੀਟੀਆਈ ਇਸ ਅਖੌਤੀ ਚੋਣ (ਅਮਲ) ਦਾ ਹਿੱਸਾ ਨਹੀਂ ਬਣੇਗੀ, ਜਿਸ ਲਈ ਉਨ੍ਹਾਂ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਨਾਮਜ਼ਦ ਕੀਤਾ ਹੋਇਆ ਹੈ। ਚੌਧਰੀ ਨੇ ਟਵੀਟ ਕੀਤਾ, ‘‘ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਸੰਸਦੀ ਕਮੇਟੀ ਨੇ ਕੌਮੀ ਅਸੈਂਬਲੀ ’ਚੋਂ ਅਸਤੀਫੇ ਦੇਣ ਦਾ ਫੈਸਲਾ ਕੀਤਾ ਹੈ। ਅੱਜ ਸਾਰੇ ਅਸੈਂਬਲੀ ਮੈਂਬਰ ਸਪੀਕਰ ਨੂੰ ਆਪਣੇ ਅਸਤੀਫ਼ੇ ਸੌਂਪਣਗੇ…ਅਸੀਂ ਆਜ਼ਾਦੀ ਲਈ ਲੜਾਂਗੇ।’’ ਜੀਓ ਟੀਵੀ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਇਮਰਾਨ ਖ਼ਾਨ ਨੇ ਵੀ ਕੌਮੀ ਅਸੈਂਬਲੀ ਦੇ ਮੈਂਬਰ ਵਜੋਂ ਅਸਤੀਫ਼ਾ ਦੇਣ ਦਾ ਫੈਸਲਾ ਕੀਤਾ ਹੈ। ਸੂਤਰਾਂ ਨੇ ਇਹ ਵੀ ਕਿਹਾ ਕਿ ਜ਼ਿਆਦਾਤਰ ਪਾਰਟੀ ਮੈਂਬਰਾਂ ਨੇ ਅਸਤੀਫ਼ੇ ਦੇਣ ਦੇ ਇਮਰਾਨ ਖ਼ਾਨ ਦੇ ਫੈਸਲੇ ਦਾ ਵਿਰੋਧ ਕਰਦਿਆਂ ਮਸ਼ਵਰਾ ਦਿੱਤਾ ਹੈ ਇਸ ਦੀ ਥਾਂ ਹਰ ਮੋਰਚੇ ’ਤੇ ਵਿਰੋਧੀ ਧਿਰ ਦਾ ਮਜ਼ਬੂਤੀ ਨਾਲ ਮੁਕਾਬਲਾ ਕੀਤਾ ਜਾਵੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly