ਪੰਜਾਬ ਲਈ ਖ਼ਤਰਾ ਬਣ ਰਿਹੈ ਪਾਕਿਸਤਾਨ: ਕੈਪਟਨ ਅਮਰਿੰਦਰ

ਚੰਡੀਗੜ੍ਹ (ਸਮਾਜ ਵੀਕਲੀ):  ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਤਿਵਾਦ ਤੇ ਵਪਾਰ ਇਕੱਠੇ ਨਹੀਂ ਚੱਲ ਸਕਦੇ। ਪਾਕਿਸਤਾਨ ਦੇ ਨਾਲ ਉਦੋਂ ਤੱਕ ਵਪਾਰ ਕਰਨ ਦਾ ਸਵਾਲ ਹੀ ਨਹੀਂ ਉੱਠਦਾ, ਜਦੋਂ ਤੱਕ ਉਹ ਅਤਿਵਾਦ ਨੂੰ ਫੰਡਿੰਗ ਕਰਨਾ ਅਤੇ ਬਾਰਡਰਾਂ ਤੇ ਸਾਡੇ ਸਿਪਾਹੀਆਂ ਨੂੰ ਮਾਰਨਾ ਬੰਦ ਨਹੀਂ ਕਰਦਾ। ਮੀਡੀਆ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਨੇ ਪਾਕਿਸਤਾਨ ਵਾਲੇ ਪਾਸਿਓਂ ਪੰਜਾਬ ਲਈ ਬਣੇ ਸੁਰੱਖਿਆ ਦੇ ਗੰਭੀਰ ਖ਼ਤਰੇ ਦਾ ਹਵਾਲਾ ਦਿੰਦਿਆਂ ਚਿੰਤਾ ਦਾ ਪ੍ਰਗਟਾਵਾ ਕੀਤਾ।

ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਕਈ ਅਤਿਵਾਦੀ ਗੁੱਟਾਂ ਦੇ ਸਲੀਪਰ ਸੈੱਲ ਸਰਗਰਮ ਹਨ ਅਤੇ ਉਹ ਪੰਜਾਬ ’ਚ ਮਾਹੌਲ ਵਿਗਾੜਨ ਲਈ ਆਈਐੱਸਆਈ ਦੀ ਮਦਦ ਕਰ ਰਹੇ ਹਨ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿੱਚ ਬੇਅਦਬੀ ਕਰਕੇ ਲੋਕਾਂ ਨੂੰ ਧਾਰਮਿਕ ਆਧਾਰ ’ਤੇ ਵੰਡਣ ਦੀ ਕੋਸ਼ਿਸ਼ ਹੈ ਤੇ ਸੂਬੇ ’ਚ ਸ਼ਾਂਤੀ ਦਾ ਮਾਹੌਲ ਇਸ ਨਾਲ ਵਿਗੜ ਸਕਦਾ ਹੈ। ਉਨ੍ਹਾਂ ਕਿਹਾ ਕਿ ਆਈਐਸਆਈ ਵਰਗੀਆਂ ਕਈ ਵਿਦੇਸ਼ੀ ਏਜੰਸੀਆਂ ਕਈ ਵੱਖਵਾਦੀ ਅਤੇ ਅਤਿਵਾਦੀ ਸਲੀਪਰ ਸੈੱਲਾਂ ਦੇ ਸਹਿਯੋਗ ਨਾਲ ਸਰਗਰਮ ਹਨ, ਜਿਹੜੇ ਅਜਿਹੀ ਸਥਿਤੀ ਬਣਨ ਦਾ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੱਖਣ ਏਸ਼ੀਆ ਵਿੱਚ ਸੁਰੱਖਿਆ ਨੀਤੀ ਵਿੱਚ ਬਦਲਾਅ ਨਾਲ ਚੀਨ ਤੇ ਪਾਕਿਸਤਾਨ ਇਕੱਠੇ ਹੋ ਚੁੱਕੇ ਹਨ, ਜਿਹੜੇ ਲਗਭਗ ਇੱਕ ਦੇਸ਼ ਹੀ ਬਣ ਚੁੱਕੇ ਹਨ। ਅਜਿਹੇ ਵਿੱਚ ਭਾਰਤ ਨੂੰ ਹੋਰ ਚੌਕਸ ਰਹਿਣ ਦੀ ਲੋੜ ਹੈ।

ਕੈਪਟਨ ਅਮਰਿੰਦਰ ਨੇ ਕਿਹਾ ਕਿ ਚੀਨ ਨੇ ਪਾਕਿਸਤਾਨ ਵਿੱਚ ਅਰਬਾਂ ਡਾਲਰ ਦਾ ਨਿਵੇਸ਼ ਕੀਤਾ ਹੈ। ਇਸ ਤਰ੍ਹਾਂ ਅਫ਼ਗਾਨਿਸਤਾਨ ਨੂੰ ਵਿੱਤੀ ਮਦਦ ਦੀ ਬਹੁਤ ਲੋੜ ਹੈ ਅਤੇ ਚੀਨ ਇਹ ਕਰਨ ਨੂੰ ਤਿਆਰ ਹੈ, ਤਾਲਿਬਾਨ ਭਾਰਤ ਲਈ ਇੱਕ ਹੋਰ ਚਿੰਤਾ ਦਾ ਕਾਰਨ ਬਣ ਸਕਦਾ ਹੈ, ਜਿਸ ਨੂੰ ਚੀਨ ਵੱਲੋਂ ਭਾਰਤ ਵਿੱਚ ਘੁਸਪੈਠ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਨੂੰ ਡਰੋਨ ਤਕਨੀਕ ਨਾਲ ਵੀ ਸਿੱਝਣ ਦੀ ਲੋੜ ਹੈ। ਇਹ ਦੇਸ਼ ਦੀ ਸੁਰੱਖਿਆ ਲਈ ਵੱਡਾ ਖਤਰਾ ਹੈ, ਇਸ ਨਾਲ ਪਾਕਿਸਤਾਨ ਨੂੰ ਨਸ਼ੇ ਅਤੇ ਹਥਿਆਰਾਂ ਦੀ ਭਾਰਤ ’ਚ ਤਸਕਰੀ ਕਰਨ ਲਈ ਇੱਕ ਹੋਰ ਰਸਤਾ ਮਿਲ ਜਾਂਦਾ ਹੈ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ’ਚ ਓਮੀਕਰੋਨ ਕੇਸਾਂ ਦੀ ਗਿਣਤੀ 213 ਹੋਈ
Next articleਸੰਸਦ ਦੇ ਦੋਵੇਂ ਸਦਨ ਇਕ ਦਿਨ ਪਹਿਲਾਂ ਅਣਮਿੱਥੇ ਸਮੇਂ ਲਈ ਉਠਾਏ