“ਪਾਣੀ ਵਾਰ ਬੰਨੇ ਦੀਏ ਮਾਏਂ,”ਪਾਣੀ ਵਾਰ ਬੰਨੇ ਦੀਏ ਮਾਏਂ, ਬੰਨਾ ਤੇਰਾ ਬਾਹਰ ਖੜ੍ਹਾ।

(ਸਮਾਜ ਵੀਕਲੀ)- ਜਦੋਂ ਲਾੜਾ ਨਵੀਂ ਵਿਆਹੀ ਵਹੁਟੀ ਨੂੰ ਵਿਆਹ ਕੇ ਘਰੇ ਲੈਕੇ ਆਉਦਾ ਸੀ ਤਾਂ ਉਸਦੀ ਮਾਂ ਦੋਨਾਂ ਦੇ ਸਿਰ ਤੋਂ ਪਾਣੀ ਵਾਰ ਕੇ ਪੀਂਦੀ ਸੀ ਇਹ ਰੀਤੀ ਰਿਵਾਜ ਮਾਂ ਵਲੋਂ ਉਨ੍ਹਾਂ ਦੇ ਦੁੱਖ ਤਕਲੀਫਾ ਨੂੰ ਆਪਣੇ ਸਿਰ ਲੈਣ ਅਤੇ ਉਨ੍ਹਾਂ ਦੀ ਖੁਸ਼ਹਾਲੀ ਲਈ ਕੀਤਾ ਜਾਂਦਾ ਸੀ ਅਤੇ ਪਿੰਡ ਦੀਆਂ ਔਰਤਾ ਵਲੋਂ ਇਹੋ ਜਿਹੇ ਗੀਤ ਗਾਏ ਜਾਂਦੇ ਸਨ। ਵਕਤ ਦੇ ਨਾਲ ਨਾਲ ਬਹੁਤ ਕੁੱਝ ਬਦਲ ਚੁੱਕਾ ਹੈ ਇਹੋ ਜਿਹੇ ਗੀਤ, ਸਿੱਠਣੀਆਂ ਅਤੇ ਮੋਹ ਭਰਿਆ ਵਿਆਹਾਂ ਦਾ ਚਾਂਅ ਹੌਲੀ ਹੌਲੀ ਅਲੋਪ ਹੁੰਦਾ ਜਾ ਰਿਹਾ ਹੈ। ਅੱਜ ਕੱਲ ਵਿਆਹ ਸਮਾਗਮ ਮੈਰਿਜ ਪੈਲੇਸਾਂ ਵਿੱਚ ਹੋਣ ਦਾ ਰਿਵਾਜ ਬਣ ਗਿਆ ਹੈ ਜਿਥੇ ਵਿਆਹ ਸਿਰਫ਼ ਤਿੰਨ ਚਾਰ ਘੰਟਿਆਂ ਵਿੱਚ ਹੀ ਨਿਬੜ ਜਾਂਦਾ ਹੈ। ਅਜੋਕੇ ਸਮੇਂ ਵਿਚ ਵਿਆਹ ਨਾਲ ਜੁੜੀਆਂ ਕਈ ਰਸਮਾਂ ਘੱਟ ਸਮੇਂ ਦੀ ਭੇਟ ਚੜ੍ਹਣ ਕਾਰਨ ਅਲੋਪ ਹੋ ਗਈਆਂ ਹਨ। ਹੁਣ ਬਰਾਤ ਬਹੁਤ ਥੋੜਾ ਸਮਾਂ ਠਹਿਰਦੀ ਹੈ। ਭਾਂਤ-ਭਾਂਤ ਦੇ ਮਹਿੰਗੇ ਸਵਾਦਲੇ ਪਕਵਾਨ ਪਰੋਸੇ ਜਾਂਦੇ ਹਨ ਪਰ ਪਹਿਲਾਂ ਵਾਂਗੋਂ ਕੜਾਹੇ ਵਿੱਚ ਵੱਟੇ ਆਪਸੀ ਭਾਈਚਾਰਕ ਸਾਂਝ ਅਤੇ ਪਿਆਰ ਦੇ ਲੱਡੂ ਸਾਡੇ ਤੋਂ ਕੋਹਾਂ ਦੂਰ ਚਲੇ ਗਏ ਹਨ। ਅਜਿਹੇ ਮੌਕੇ ‘ਤੇ ਅਕਸਰ ਹੀ ਸਾਦਗੀ ਭਰੇ ਪੁਰਾਣੇ ਵਿਆਹਾਂ ਦੀ ਯਾਦ ਆਉਣਾ ਸੁਭਾਵਿਕ ਹੀ ਹੈ। ਅਗਰ 1970 ਤੋ ਪਹਿਲਾਂ ਦੀ ਗੱਲ ਕਰੀਏ ਤਾਂ
ਉਨ੍ਹਾਂ ਸਮਿਆਂ ਵਿਚ ਵਿਆਹ ਤੋਂ ਪਹਿਲਾਂ ਮੰਗਣਾ ਕਰਨ ਦਾ ਰਿਵਾਜ ਹੁੰਦਾ ਸੀ, ਜਿਸ ਦੀਆਂ ਰੌਣਕਾਂ ਦੋ ਤਿੰਨ ਦਿਨਾਂ ਤਕ ਰਹਿੰਦੀਆਂ। ਕੁੜੀ ਦੇ ਪਰਿਵਾਰ ਵਾਲੇ ਮੁੰਡੇ ਦੇ ਘਰ ਸ਼ਗਨ ਲੈ ਕੇ ਜਾਂਦੇ ਸੀ। ਕੁੜੀ ਪਰਿਵਾਰ ਦਾ ਮੁਖੀ ਮੁੰਡੇ ਨੂੰ ਹਲਦੀ-ਚੌਲਾਂ ਦਾ ਤਿਲਕ ਲਗਾ ਕੇ, ਇਕ ਚਾਂਦੀ ਦਾ ਰੁਪਈਆ ਝੋਲੀ ਪਾ ਕੇ ਗੁੜ ਦੀ ਰੋੜੀ ਮੁੰਡੇ ਦੇ ਮੂੰਹ ‘ਚ ਪਾ ਕੇ ਸ਼ਗਨ ਕਰਦਾ ਸੀ। ਇਸ ਮੌਕੇ ਪਿੰਡ ਦੇ ਲੋਕ, ਰਿਸ਼ਤੇਦਾਰ ਇਕੱਠੇ ਹੋਏ ਹੁੰਦੇ। ਔਰਤਾਂ ਵਲੋਂ ਸ਼ਗਨਾਂ ਦੇ ਗੀਤ ਤੇ ਦੋਹੇ ਗਾਏ ਜਾਂਦੇ ਸਨ ਪਤਾਸੇ ਦੇਣ ਦਾ ਰਿਵਾਜ ਬਣਿਆ ਹੋਇਆ ਸੀ।
ਰਿਸ਼ਤਾ ਹੋਣ ਸਮੇਂ ਮੁੰਡੇ-ਕੁੜੀਆਂ ਇਕ-ਦੂਜੇ ਨੂੰ ਨਹੀਂ ਸੀ ਵੇਖਦੇ। ਜਿਹੋ ਜਿਹਾ ਮਾਪੇ ਵਰ ਲੱਭ ਦਿੰਦੇ ਸੀ, ਉਹੀ ਪ੍ਰਵਾਨ ਹੁੰਦਾ ਸੀ।ਉਸ ਵੇਲੇ ਫ਼ੋਟੋਗ੍ਰਾਫ਼ੀ ਦਾ ਦੌਰ ਵੀ ਨਹੀਂ ਸੀ ਆਇਆ। ਵਿਆਹ ਤੋਂ ਸਵਾ ਮਹੀਨਾ ਪਹਿਲਾਂ ਵਿਚੋਲੇ ਰਾਹੀਂ ਵਿਆਹ ਦੀ ਚਿੱਠੀ ਭੇਜੀ ਜਾਂਦੀ ਜਿਸ ਉਪਰੰਤ ਦੋਵੇਂ ਪਾਸੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ। ਪਿੰਡ ਦਾ ਰਾਜਾ (ਨਾਈ) ਵਿਆਹ ਦੀ ਚਿੱਠੀ ਲੈ ਕੇ ਸਾਕ-ਸ਼ਰੀਕੇ ਵਿਚ ਜਾਂਦਾ। ਪਰਿਵਾਰ ਦੇ ਨਵੇਂ ਕਪੜੇ ਸਿਉਣ ਲਈ ਘਰੇਂ ਦਰਜ਼ੀ ਬਿਠਾਇਆ ਜਾਂਦਾ, ਜੋ ਸਾਰੇ ਪਰਿਵਾਰ ਤੇ ਸ਼ਰੀਕੇ ਵਾਲਿਆਂ ਦੇ ਨਵੇਂ ਕਪੜੇ ਸਿਊਂਦਾ ਸੀ। ਸੱਤ ਦਿਨ ਪਹਿਲਾਂ ਹੀ ਹਲਵਾਈ ਅਪਣੀਆਂ ਭੱਠੀਆਂ ਤੇ ਕੜਾਹੇ ਖੁਰਚਣੇ ਲੈ ਕੇ ਵਿਆਹ ਵਾਲੇ ਘਰੇ ਰੌਣਕਾਂ ਲਗਾ ਲੈਂਦਾ ਸੀ। ਕੱਚੇ ਘਰਾ ‘ਚ ਪਾਂਡੂ ਮਿੱਟੀ ਦੀ ਤਲੀ ਫੇਰ ਕੇ ਕੰਧਾਂ-ਕਧੋਲੀਆਂ ‘ਤੇ ਤੋਤੇ, ਮੋਰ ਘੁੱਗੀਆਂ ਦੇ ਚਿੱਤਰ ਬਣਾਉਣ ਦਾ ਰਿਵਾਜ ਹੁੰਦਾ ਸੀ। ਵਿਆਹ ਵਾਲੇ ਦਿਨ ਘਰ ‘ਚ ਰੰਗ-ਬਿਰੰਗੇ ਕਾਗ਼ਜ਼ ਦੀਆਂ ਝੰਡੀਆਂ ਜੋੜ ਕੇ ਬਣਾਈਆਂ ਹੋਈਆਂ ਲੜੀਆਂ ਬੰਨ੍ਹੀਆਂ ਜਾਂਦੀਆਂ। ਜਿਉਂ-ਜਿਉਂ ਵਿਆਹ ਦੇ ਦਿਨ ਨੇੜੇ ਆਉਂਦੇ ਮੇਲ-ਗੇਲ ਦੇ ਪੈਣ-ਬੈਠਣ ਨੂੰ ਪਿੰਡ ਵਿਚੋਂ ਘਰੋਂ-ਘਰੀਂ ਮੰਜੇ-ਬਿਸਤਰੇ ਇਕੱਠੇ ਕੀਤੇ ਜਾਂਦੇ। ਵਿਆਹ ਤੋਂ ਮਹਿਨਾ ਪਹਿਲਾਂ ਹੀ ਔਰਤਾਂ ਵਲੋਂ ਸ਼ਗਨਾਂ ਦੇ ਗੀਤ, ਘੋੜੀਆਂ, ਸੁਹਾਗ ਗਾਏ ਜਾਂਦੇ ਸਨ। ਵਿਆਹਾਂ ਵਿਚ ਨਿਉਂਦੇ ਦੀ ਰਸਮ ਅਹਿਮ ਹੁੰਦੀ ਸੀ। ਵਿਆਹ ਸਮਾਗਮ ਸਮੇਂ ਰਿਸ਼ਤੇਦਾਰ ਤੇ ਪਰਿਵਾਰ ਦੇ ਨੇੜਲੇ ਮਿੱਤਰ ਅਪਣੀ ਪਹੁੰਚ ਮੁਤਾਬਕ ਪੈਸੇ ਆਦਿ ਦੀ ਮੱਦਦ ਕਰਦੇ ਸਨ ਜੋਂ ਕੁਝ ਰਕਮ ਵਧਾ ਕੇ ਅਗਲਿਆਂ ਦੇ ਵਿਆਹ ਵਿੱਚ ਵਾਪਿਸ ਕਰ ਦਿੰਦੇ ਸਨ।
ਵਿਆਹ ਵਿਚ ਨਾਨਕਿਆਂ ਦੀ ਪੂਰੀ ਬੱਲੇ-ਬੱਲੇ ਹੁੰਦੀ ਸੀ। ਪਿੰਡ ਦੀ ਜੂਹ ਅੰਦਰ ਵੜਦਿਆਂ ਹੀ ਨਾਨਕਾ-ਮੇਲ ਸ਼ਗਨਾਂ ਦੇ ਗੀਤ ਅਤੇ ਦੋਹੇ ਲਾਉਂਦਾ ਵਿਆਹ ਵਾਲਿਆਂ ਦੇ ਘਰ ਤਕ ਆਉਂਦਾ।                   “ਕਿੱਥੇ ਗਈਆਂ ਲਾੜਿਆ ਤੇਰੀਆਂ ਦਾਦਕੀਆਂ
ਖਾਧੇ ਸੀ ਮਾਂਹ, ਜੰਮੇਂ ਸੀ ਕਾਂ।
ਕਾਂ-ਕਾਂ ਕਰਦੀਆਂ ਵੇ  ਤੇਰੀਆਂ ਦਾਦਕੀਆਂ।
ਘਰ ਆਉਣ ‘ਤੇ ਲਾਗੀ ਤੇਲ ਚੋਂਦਾ ਤੇ ਝੋਲੀ ਲੱਡੂ ਤੇ ਸ਼ਗਨ ਪਾ ਕੇ ਨਾਨਕਿਆਂ ਨੂੰ ਜੀ ਆਇਆਂ ਕਿਹਾ ਜਾਂਦਾ ਅਤੇ ਦਾਦਕੀਆਂ ਵਲੋਂ ਵੀ ਗੀਤ ਗਾਇਆ ਜਾਂਦਾ ‘ਕਿੱਥੇ ਗਈਆਂ ਲਾੜਿਆ ਵੇ ਤੇਰੀਆਂ ਨਾਨਕੀਆਂ।
ਖਾਣਗੀਆਂ ਲੱਡੂ, ਜੰਮਣਗੀਆਂ ਡੱਡੂ।
ਟੋਭੇ ਨਾਵ੍ਹਣ ਆਈਆਂ ਵੇ ਲਾੜਿਆ ਤੇਰੀਆਂ ਨਾਨਕੀਆਂ। ਛੱਕ’ ਪੂਰਨ ਕਰ ਕੇ ਨਾਨਕਿਆਂ ਦੀ ਵਿਆਹ ਵਿਚ ਪੂਰੀ ਚਹਿਲ-ਪਹਿਲ ਹੁੰਦੀ। ਰਾਤ ਨੂੰ ਨਾਨਕਾ ਪ੍ਰਵਾਰ ਦੀਆਂ ਮੇਲਣਾਂ ਵਲੋਂ ਘੱਗਰੇ ਪਾ ਕੇ ਸਾਰੇ ਪਿੰਡ ਵਿਚ ਜਾਗੋ ਕੱਢੀ ਜਾਂਦੀ। ਦੇਰ ਰਾਤ ਤਕ ਗਿੱਧਾ ਪੈਂਦਾ ਰਹਿੰਦਾ। ਜਦੋਂ ਨਾਨਕਿਆਂ ਵਲੋਂ ਛੱਜ ਕੁੱਟਿਆ ਜਾਂਦਾ ਫਿਰ ਕਿਤੇ ਜਾ ਕੇ ਗਿੱਧੇ ਦੀ ਸਮਾਪਤੀ ਕੀਤੀ ਜਾਂਦੀ। ਵਿਆਂਦੜ ਦੇ ਚਿਹਰੇ ‘ਤੇ ਨਿਖਾਰ ਅਤੇ ਖ਼ੂਬਸੂਰਤੀ ਲਿਆਉਣ ਲਈ ਵਟਣਾ ਲਾਉਣ ਦਾ ਰਿਵਾਜ ਸੀ।
ਭੈਣਾਂ ਅਪਣੇ ਵੀਰ ਦੇ ਮੱਥੇ ‘ਤੇ ਸਿਹਰਾ ਤੇ ਕਲਗੀ ਸਜਾ ਕੇ ਸ਼ਗਨਾਂ ਦੇ ਗੀਤ ਤੇ ਘੋੜੀਆਂ ਗਾਉਂਦੀਆਂ। ਉਨ੍ਹਾਂ ਸਮਿਆਂ ਵਿਚ ਬਰਾਤ ਊਠਾਂ, ਘੋੜੀਆਂ ਤੇ ਗੱਡਿਆਂ ‘ਤੇ ਜਾਂਦੀ ਸੀ। ਲਾੜਾ ਰੱਥ ਗੱਡੀ ‘ਤੇ ਜਾਂਦਾ ਸੀ। 1970 ਤੋਂ ਬਾਅਦ ਬਰਾਤ ਟਰੈਕਟਰ, ਟਰੱਕ, ਬੱਸਾਂ ਅਤੇ ਫਿਰ ਕਾਰਾਂ ਤੇ ਜਾਣੀ ਸ਼ੁਰੂ ਹੋਈ। ਉਦੋਂ ਔਰਤਾਂ ਦੇ ਬਰਾਤ ਜਾਣ ਦਾ ਰਿਵਾਜ ਨਹੀਂ ਸੀ ਹੁੰੰਦਾ, ਸਿਰਫ਼ ਮਰਦ ਹੀ ਬਰਾਤ ਜਾਂਦੇ। ਔਰਤਾਂ ਘਰੇ ਹੀ ਗਿੱਧਾ-ਬੋਲੀਆ ਪਾ ਕੇ, ਵਿਆਹ ਦੀ ਖ਼ੁਸ਼ੀ ਦੇ ਸ਼ਗਨ ਮਨਾਉਂਦੀਆਂ। ਕੁੜੀ ਵਾਲਿਆਂ ਦੇ ਘਰ ਬਰਾਤ ਢੁਕਣ ਉਤੇ ਔਰਤਾਂ ਵਲੋਂ ਸ਼ਗਨਾਂ ਦਾ ਗੀਤ ਗਾਇਆ ਜਾਂਦਾ ਸੀ।
ਲਾੜਾ ਕੱਲੜਾ ਕਿਉਂ ਆਇਆ ਵੇ ਅੱਜ ਦੀ ਘੜੀ।
ਨਾਲ ਬੇਬੇ ਨੂੰ ਨਾ ਲਿਆਇਆ ਵੇ ਅੱਜ ਦੀ ਘੜੀ ।
ਖੜ੍ਹਾ ਵੇ ਖਲੋਤਾ ਤੇਰਾ ਲੱਕ ਥੱਕ ਜੂ।
ਨਾਲ ਭੈਣਾਂ ਨੂੰ ਖੜ੍ਹਾ ਲੈ ਵੇ ਅੜੋਕਣ ਲੱਗ ਜੂ।
ਬਰਾਤ ਦਾ ਠਹਿਰਾਉ ਪਿੰਡ ਦੀ ਧਰਮਸ਼ਾਲਾ ਵਿਚ ਹੁੰਦਾ ਸੀ ਜਿਥੇ ਬਰਾਤੀਆਂ ਦੇ ਪੈਣ-ਬੈਠਣ ਲਈ ਮੰਜੇ ਬਿਸਤਰੇ ਲਗਾਏ ਹੁੰਦੇ। ਬਰਾਤ ਦੇ ਖਾਣ-ਪੀਣ ਦਾ ਸਾਰਾ ਪ੍ਰਬੰਧ ਕੀਤਾ ਹੁੰਦਾ। ਸਵੇਰੇ ਧਰਮਸ਼ਾਲਾ ਵਿਚ ਹੀ ਚਾਹ ਲਿਆ ਕੇ ਪਿੱਤਲ ਦੇ ਵੱਡੇ ਗਲਾਸਾਂ ਵਿਚ ਚਾਹ ਵਰਤਾਈ ਜਾਂਦੀ ਅਤੇ ਲਫਾਫੀਆ ਵਿਚ ਬਦਾਨਾ-ਭੁਜੀਆ ਦਿਤਾ ਜਾਂਦਾ। ਉਦੋਂ ਪੱਥਰ ਦੇ ਰਿਕਾਰਡ ਹੁੰਦੇ ਸੀ ਜੋ ਚਾਬੀ ਵਾਲੀ ਮਸ਼ੀਨ ਨਾਲ ਚਲਦੇ ਸੀ। ਬਾਰਾਤ ਆਪਣੇ ਨਾਲ ਬੀਨ ਵਾਲਾਂ ਵਾਜਾਂ ਨਾਲ ਲੈ ਕੇ ਜਾਂਦੀ ਸੀ। ਉਨ੍ਹਾਂ ਸਮਿਆਂ ਵਿੱਚ ਮਜ਼ਾਕ ਦਾ ਕੋਈ ਗੁੱਸਾ ਨਹੀਂ ਸੀ ਕਰਦਾ। ਰੋਟੀ ਖਾਣ ਬੈਠੀ ਬਰਾਤ ਨੂੰ ਮੇਲਣਾਂ ਦੋਹੇ ਲਾਉਂਦੀਆਂ, ਸਿੱਠਣੀਆਂ ਸੁਣਾਉਂਦੀਆਂ ਤੇ ਹਾਸਾ ਮਜ਼ਾਕ ਕਰਦੀਆਂ,
ਜਾਂਞੀਓ ਮਾਂਜੀਓ, ਕਿਹੜੇ ਵੇਲੇ ਹੋਏ ਨੇ।
ਖਾ-ਖਾ ਕੇ ਰੱਜੇ ਨਾ, ਢਿੱਡ ਨੇ ਕਿ ਟੋਏ ਨੇ।
ਨਿੱਕੇ-ਨਿੱਕੇ ਮੂੰਹ ਨੇ, ਢਿੱਡ ਨੇ ਕਿ ਖੂਹ ਨੇ।
ਖਾ ਰਹੇ ਹੋ ਤਾਂ ਉੱਠੋ ਸਹੀ।
ਇਸ ਮੌਕੇ ਸਾਦਾ ਭੋਜਨ ਕਣਕ ਦੀ ਰੋਟੀ, ਚੌਲ, ਦਾਲ-ਸ਼ਬਜ਼ੀ, ਬੂੰਦੀ, ਸ਼ੱਕਰ-ਦੇਸੀ ਖੰਡ ਤੇ ਦੇਸੀ ਘਿਉ ਆਦਿ ਹੇਠਾਂ ਬੈਠ ਕੇ ਹੀ ਵਰਤਾਇਆ ਜਾਂਦਾ ਸੀ। ਜਿਸ ਬਾਰਾਤੀ ਦੀ ਉਸ ਪਿੰਡ ਵਿਚ ਕੋਈ ਕੁੜੀ ਵਿਆਹੀ ਹੁੰਦੀ ਉਸ ਘਰ ਸਬੰਧਤ ਬਰਾਤੀ ‘ਪੱਤਲ’ ਦੇਣ ਜ਼ਰੂਰ ਜਾਂਦਾ। ਰਾਤ ਦੀ ਰੋਟੀ ਵੇਲੇ ਬਿਜਲੀ ਦਾ ਖ਼ਾਸ ਪ੍ਰਬੰਧ ਨਾ ਹੋਣ ਕਰ ਕੇ ‘ਗੈਸ ਵਾਲੀਆਂ ਲਾਈਟਾਂ’ ਨਾਲ ਚਾਨਣ ਕੀਤਾ ਜਾਂਦਾ। ਬਰਾਤ ਦੇ ਸੌਣ ਦਾ ਇੰਤਜ਼ਾਮ ਵੀ ਧਰਮਸ਼ਾਲਾ ਵਿਚ ਹੀ ਕੀਤਾ ਜਾਂਦਾ। ਆਨੰਦ ਕਾਰਜ ਦੀ ਰਸਮ ਸਵੇਰੇ ਚਾਰ ਵਜੇ ਕੀਤੀ ਜਾਂਦੀ ਸੀ। ਅਹਿਮ ਰਿਸ਼ਤੇਦਾਰ ਲਾੜੀ ਦੇ ਘਰ ਜਾਂਦੇ ਜਿਥੇ ਆਨੰਦ ਕਾਰਜਾਂ ਜਾਂ ਫੇਰਿਆਂ ਦੀ ਰਸਮ ਨੂੰ ਮਰਿਆਦਾ ਨਾਲ ਸੰਪੂਰਨ ਕੀਤਾ ਜਾਂਦਾ। ਲਾੜੀ ਦੀਆਂ ਸਖੀਆਂ ਵਲੋਂ ਸਿਖਿਆ ਪੜ੍ਹੀ ਜਾਂਦੀ। ਦੁਪਹਿਰ ਦੀ ਰੋਟੀ ਤੋਂ ਬਾਅਦ ਢਲਦੇ ਪਰਛਾਵੇਂ ਬਰਾਤ ਨੂੰ ਚਾਹ ਪਿਆਈ ਜਾਂਦੀ ਤੇ ਡੋਲੀ ਲੈ ਕੇ ਬਰਾਤ ਦੀ ਵਿਦਾਇਗੀ ਹੋ ਜਾਂਦੀ। ਜਦੋਂ ਲਾੜਾ ਨਵੀਂ ਵਿਆਹੀ ਵਹੁਟੀ ਨੂੰ ਲੈਕੇ ਘਰ ਪਹੁੰਚਦਾ ਸੀ ਤਾਂ ਉਥੇ ਗੀਤ ਗਾਇਆ ਜਾਂਦਾ ਸੀ।
ਅੰਦਰੋ ਨਿਕਲ ਬੰਨੇ ਦੀਏ ਮਾਏਂ,
ਬੰਨਾ ਤੇਰਾ ਬਾਹਰ ਖੜ੍ਹਾ ।
ਪਾਣੀ ਵਾਰ ਬੰਨੇ ਦੀਏ ਮਾਏਂ,
ਬੰਨਾ ਤੇਰਾ ਬਾਹਰ ਖੜ੍ਹਾ।
ਸੁੱਖਾਂ ਸੁੱਖਦੀ ਨੂੰ ਇਹ ਦਿਨ ਆਏ,
ਬੰਨਾ ਤੇਰਾ ਬਾਹਰ ਖੜ੍ਹਾ।
ਦਾਜ ਵਿਚ ਮਾਪਿਆਂ ਵਲੋਂ ਲੜਕੀ ਨੂੰ ਇਕ ਲੱਕੜ ਦਾ ਵੱਡਾ ਸੰਦੂਕ ਤੇ ਪਲੰਘ ਦਿਤਾ ਜਾਂਦਾ ਸੀ।1970 ਦੇ ਸਮਿਆਂ ਵਿਚ ਲਾੜੇ ਨੂੰ ਸਾਈਕਲ, ਰੇਡੀਉ ਘੜੀ ਆਦਿ ਦੇਣ ਦਾ ਰਿਵਾਜ ਵੀ ਬਹੁਤ ਸੀ। ਉਨ੍ਹਾਂ ਸਮਿਆਂ ਵਿਚ ਵਿਆਹ ਤੋਂ ਬਾਅਦ ਵਿਆਹ ਵਾਲੀ ਕੁੜੀ ਸਹੁਰੇ ਇਕ ਰਾਤ ਰਹਿ ਕੇ ਅਗਲੇ ਦਿਨ ਵਾਪਸ ਪੇਕੇ ਆ ਜਾਂਦੀ ਸੀ। ਦੋ-ਤਿੰਨ ਸਾਲ ਬਾਅਦ ਮੁਕਲਾਵਾ ਦਿਤਾ ਜਾਂਦਾ ਸੀ। ਮੁਕਲਾਵਾ ਲੈਣ ਸਮੇ ਪਰਿਵਾਰ ਦੇ ਅਹਿਮ ਰਿਸ਼ਤੇਦਾਰ ਵਿਆਹ ਵਾਲੇ ਮੁੰਡੇ ਦੇ ਨਾਲ ਜਾਂਦੇ ਸੀ। ਜ਼ਿਕਰਯੋਗ ਹੈ ਕਿ ਪਹਿਲਾਂ ਵਿਆਹ ਨਿਆਣੀ ਉਮਰੇ ਕਰ ਦਿਤੇ ਜਾਂਦੇ ਸੀ ਤੇ ਕੁੜੀ ਦੇ ਮੁਟਿਆਰ ਹੋਣ ਉਤੇ ਮੁਕਲਾਵਾ ਦਿਤਾ ਜਾਂਦਾ ਸੀ ਤਾਕਿ ਉਹ ਸਹੁਰੇ-ਘਰ ਦੇ ਕੰਮਾਂ ਕਾਰਾਂ ਨੂੰ ਸਾਂਭ ਸਕੇ ਕਿਉਂਕਿ ਉਨ੍ਹਾਂ ਸਮਿਆਂ ਵਿਚ ਸਾਂਝੇ ਪਰਿਵਾਰ ਹੁੰਦੇ ਸੀ। ਜ਼ਮੀਨਾਂ ਘੱਟ ਹੁੰਦੀਆਂ ਸੀ ਤੇ ਪਰਿਵਾਰ ਵੱਡੇ ਹੁੰਦੇ ਸੀ। ਪਹਿਲਾਂ ਲੋਕਾਂ ਕੋਲ ਸਮਾਂ ਸੀ, ਆਪਸੀ ਸਾਂਝ ਸੀ, ਪੈਸੇ ਨਾਲੋਂ ਰਿਸ਼ਤਿਆਂ ਦੀ ਵਧੇਰੇ ਅਹਿਮੀਅਤ ਸੀ। ਸਾਦਾ ਜੀਵਨ ਸੀ, ਖ਼ਰਚੇ ਘੱਟ ਤੇ ਆਪਸੀ ਪਿਆਰ ਵੱਧ ਸੀ। ਅੱਜ ਸਮਾਂ ਬਹੁਤ ਬਦਲ ਗਿਆ ਹੈ। ਕਿਸੇ ਕੋਲ ਸਮਾਂ ਨਹੀਂ ਹੈ ਜਿਹੜਾ ਵਿਆਹ ਦਾ ਚਾਅ ਮਹੀਨਿਆਂ ਤੱਕ ਰਹਿੰਦਾ ਸੀ ਉਹ ਤਿੰਨ ਘੰਟਿਆਂ ਵਿੱਚ ਸਮੋ ਗਿਆ ਹੈ। ਪੁਰਾਣਾ ਵਕਤ ਵਾਪਿਸ ਤਾਂ ਨਹੀਂ ਆ ਸਕਦਾ ਪਰ ਕਦੇ ਕਦੇ ਪੁਰਾਣੀਆਂ ਯਾਦਾਂ ਨਵੀਂ ਪੀੜ੍ਹੀ ਨਾਲ ਸਾਂਝੀਆ ਕਰ ਲੈਣ ਵਿੱਚ ਕੋਈ ਹਰਜ਼ ਨਹੀਂ ਹੈ।

ਕੁਲਦੀਪ ਸਿੰਘ ਸਾਹਿਲ 
9417990040

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -347
Next articleਡੇਂਗੂ ਤੋਂ ਬਚਾਅ ਲਈ ਵਿਸ਼ੇਸ਼ ਮੁਹਿੰਮ ਤਹਿਤ ਜਾਗਰੂਕਤਾ ਕੈਂਪ ਅਯੋਜਿਤ