ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) – ਪੰਜ ਰੋਜ਼ਾ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਵਿੱਚ ਮਾਹਿਲਪੁਰ ਦੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਅਤੇ ਇੰਡੀਆ ਬੁੱਕ ਆਫ਼ ਰਿਕਾਰਡਸ ਵਿੱਚ ਦਰਜ ਇੱਕੋ ਇੱਕ ਪੰਜਾਬੀ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਆਪਣੇ ਵਿਚਾਰਾਂ ਨਾਲ ਸਭ ਨੂੰ ਮੰਤਰ ਮੁਗਧ ਕਰਕੇ ਹੁਸ਼ਿਆਰਪੁਰ ਜ਼ਿਲ੍ਹੇ ਦਾ ਮਾਣ ਵਧਾਇਆ। ਖਾਲਸਾ ਕਾਲਜ ਅੰਮ੍ਰਿਤਸਰ ਵਿੱਚ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਅਤੇ ਪੰਜਾਬੀ ਅਧਿਐਨ ਵਿਭਾਗ ਦੇ ਮੁਖੀ ਡਾ. ਪਰਮਿੰਦਰ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਪੰਜ ਰੋਜ਼ਾ ਮੇਲੇ ਦੇ ਕਰੂੰਬਲਾਂ ਸੈਸ਼ਨ ਦੌਰਾਨ ਬਲਜਿੰਦਰ ਮਾਨ ਨੇ ਬਾਲ ਸਾਹਿਤ ਦੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਤੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਜਿਹੜੇ ਵਿਦਿਆਰਥੀ ਬਾਲ ਸਾਹਿਤ ਪੜ੍ਹਦੇ ਹਨ ਉਹ ਬਾਕੀਆਂ ਨਾਲੋਂ ਨਰੋਏ ਨਾਗਰਿਕ ਬਣਦੇ ਹਨ। ਇਸ ਲਈ ਅਧਿਆਪਕਾਂ ਤੇ ਮਾਪਿਆਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਨੂੰ ਆਯੂ ਗੁੱਟ ਅਨੁਸਾਰ ਉਹਨਾਂ ਹੱਥ ਕਿਤਾਬਾਂ ਅਤੇ ਬਾਲ ਰਸਾਲੇ ਦੇਣ। ਪੁਸਤਕ ਸੱਭਿਆਚਾਰ ਦੀ ਪ੍ਰਫੁੱਲਤਾ ਵਾਸਤੇ ਸਰਕਾਰ ਨੂੰ ਚਾਹੀਦਾ ਹੈ ਕਿ ਹਰ ਸਰਕਾਰੀ ਤੇ ਗੈਰ ਸਰਕਾਰੀ ਸਕੂਲ ਵਿੱਚ ਪੰਜਾਬੀ ਵਿਚ ਛਪਦੇ ਬਾਲ ਰਸਾਲੇ ਪੁੱਜਦੇ ਕਰਨੇ ਲਾਜ਼ਮੀ ਕਰੇ। ਅਸੀਂ ਮਾਤ ਭਾਸ਼ਾ ਰਾਹੀਂ ਆਪਣੀ ਅਮੀਰ ਵਿਰਾਸਤ ਨਾਲ ਜੁੜ ਕੇ ਆਪਣਾ ਭਵਿੱਖ ਸ਼ਿੰਗਾਰ ਸਕਦੇ ਹਾਂ। ਉਹਨਾਂ ਅੱਗੇ ਕਿਹਾ ਕਿ ਦੁਨੀਆਂ ਦੀਆਂ 7 ਹਜ਼ਾਰ ਭਾਸ਼ਾਵਾਂ ਵਿੱਚ ਪੰਜਾਬੀ ਦਾ ਗਿਆਰਵਾਂ ਨੰਬਰ ਹੈ। ਅੱਜ ਦੁਨੀਆਂ ਦੇ 133 ਮੁਲਕਾਂ ਵਿੱਚ ਪੰਜਾਬੀ ਬੋਲੀ ਜਾ ਰਹੀ ਹੈ। ਇਸਦੇ ਬਾਵਜੂਦ ਪੰਜਾਬ ਵਿੱਚੋਂ ਪੰਜਾਬੀ ਬੋਲਣ ਅਤੇ ਪੜ੍ਹਨ ਵਾਲਿਆਂ ਦੀ ਗਿਣਤੀ ਘਟਦੀ ਜਾ ਰਹੀ ਹੈ। ਜੇਕਰ ਅਸੀਂ ਮਾਂ ਬੋਲੀ ਨੂੰ ਪਟਰਾਣੀ ਬਣਾਉਣਾ ਹੈ ਤਾਂ ਇਸ ਨੂੰ ਰੁਜ਼ਗਾਰ, ਵਪਾਰ, ਨਿਆਂ ਅਤੇ ਨੈਟ ਦੀ ਭਾਸ਼ਾ ਬਣਾਉਣਾ ਹੋਵੇਗਾ। ਇਸ ਮੌਕੇ ਸ਼੍ਰੋਮਣੀ ਅਤੇ ਸਾਹਿਤ ਅਕੈਡਮੀ ਪੁਰਸਕਾਰ ਨਾਲ ਸਨਮਾਨਿਤ ਸਾਹਿਤਕਾਰ ਅਤੇ ਬੱਚਿਆਂ ਦੇ ਚਹੇਤੇ ਕਲਾਕਾਰ ਕਮਲਜੀਤ ਨੀਲੋਂ ਨੇ ਆਪਣੀ 30 ਸਾਲ ਪੁਰਾਣੀ ਗਾਇਕੀ ਸੌਂ ਜਾ ਬੱਬੂਆ ਮਾਣ ਬਿੱਲੀ ਆਈ ਐ ਨਾਲ ਨਵੀਂ ਪਨੀਰੀ ਨੂੰ ਦੋਬਾਰਾ ਆਪਣੇ ਨਾਲ ਜੋੜ ਲਿਆ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਨਾਟਕਕਾਰ ਕੇਵਲ ਧਾਲੀਵਾਲ, ਡਾ. ਇੰਦਰਜੀਤ ਕੌਰ ਪਿੰਗਲਵਾੜਾ ਅਤੇ ਗੁਰਪ੍ਰੀਤ ਸਿੰਘ ਮਿੰਟੂ ਮਨੁੱਖਤਾ ਦੀ ਸੇਵਾ ਵਾਲੇ ਹਾਜ਼ਰ ਹੋਏ l ਬਾਲ ਸਾਹਿਤ ਬਾਰੇ ਹੋਈ ਵਿਚਾਰ ਚਰਚਾ ਵਿੱਚ ਸਾਹਿਤ ਅਕੈਡਮੀ ਪੁਰਸਕਾਰ ਨਾਲ ਸਨਮਾਨਿਤ ਡਾ. ਇੰਦਰਪ੍ਰੀਤ ਸਿੰਘ ਧਾਮੀ ਨੇ ਆਪਣੇ ਨਾਵਲ ਸੁਪਨਸਾਜ਼ ਦੀ ਸਿਰਜਣ ਪ੍ਰਕਿਰਿਆ ਬਾਰੇ ਜਾਣਕਾਰੀ ਪ੍ਰਦਾਨ ਕੀਤੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਕਮਲਜੀਤ ਨੀਲੋਂ ,ਬਲਜਿੰਦਰ ਮਾਨ, ਡਾ. ਇੰਦਰਪ੍ਰੀਤ ਧਾਮੀ ਅਤੇ ਗੁਰਪ੍ਰੀਤ ਸਿੰਘ ਮਿੰਟੂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। 130 ਪ੍ਰਕਾਸ਼ਕਾਂ ਦੁਆਰਾ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਜਿੱਥੋਂ ਪੁਸਤਕ ਪ੍ਰੇਮੀਆਂ ਨੇ ਆਪਣੀ ਰੁਚੀ ਅਨੁਸਾਰ ਪੁਸਤਕਾਂ ਖਰੀਦੀਆਂ। ਮੰਚ ਸੰਚਾਲਨ ਡਾ. ਹੀਰਾ ਸਿੰਘ ਵੱਲੋਂ ਕੀਤਾ ਗਿਆ। ਖਚਾ ਖਚ ਭਰੇ ਪੰਡਾਲ ਵਿੱਚ ਡਾ.ਸਤਿੰਦਰ ਕੌਰ ਕਾਹਲੋਂ, ਜਤਿੰਦਰ ਕੌਰ, ਹਰਵੀਰ ਮਾਨ, ਜਸਵੀਰ ਬੇਗਮਪੁਰੀ, ਪ੍ਰਿੰ. ਰਣਜੀਤ ਕੌਰ ਬਾਜਵਾ, ਨਵਜੋਤ ਕੌਰ ਬਾਜਵਾ,ਭਾਈ ਜਸਵੰਤ ਸਿੰਘ, ਸੁਖਵਿੰਦਰ ਕੌਰ, ਸੁਮੀਤ ਸਿੰਘ, ਪ੍ਰੋ.ਸਤਨਾਮ ਸਿੰਘ, ਅਮਰਜੀਤ ਸਿੰਘ ਰੰਧਾਵਾ, ਪਰਮਜੀਤ ਸਿੰਘ ਬੱਲ, ਸੁਰਿੰਦਰ ਕੌਰ ਅਤੇ ਕਮਲਜੀਤ ਕੌਰ ਸਮੇਤ ਵਿਦਿਆਰਥੀ, ਸਾਹਿਤਕਾਰ ਅਤੇ ਸਾਹਿਤ ਪ੍ਰੇਮੀ ਹਾਜ਼ਰ ਹੋਏ।
HOME ਅੰਮ੍ਰਿਤਸਰ ਸਾਹਿਤ ਉਤਸਵ ਵਿੱਚ ਬਲਜਿੰਦਰ ਮਾਨ ਨੇ ਹੁਸ਼ਿਆਰਪੁਰ ਦਾ ਮਾਣ ਵਧਾਇਆ, ਪੰਜਾਬੀ...



