ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪਰਾਲੀ ਪ੍ਰਬੰਧਨ ਲਈ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਮੁਹਿੰਮ ਤਹਿਤ ਪੀ.ਏ.ਯੂ. ਕ੍ਰਿਸ਼ੀ ਵਿਗਿਆਨ ਕੇਂਦਰ, ਬਾਹੋਵਾਲ ਵੱਲੋਂ ਜਗਦੀਸ਼ ਚੰਦਰ ਡੀ.ਏ.ਵੀ.ਕਾਲਜ, ਦਸੂਹਾ ਵਿਖੇ ਪਰਾਲੀ ਸੰਭਾਲਣ ਸਬੰਧੀ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਪ੍ਰੋਫੈਸਰ ਰਾਕੇਸ਼ ਕੁਮਾਰ ਨੇ ਆਏ ਮਾਹਿਰਾਂ ਦਾ ਸੁਆਗਤ ਕੀਤਾ ਅਤੇ ਝੋਨੇ ਦੀ ਪਰਾਲੀ ਸੰਭਾਲਣ ਲਈ ਜਾਗਰੂਕਤਾ ਮੁਹਿੰਮ ਚਲਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਮਨੁੱਖੀ ਸਿਹਤ ਅਤੇ ਵਾਤਾਵਰਣ ਪੱਖੀ ਉਪਰਾਲੇ ਵਿੱਚ ਵਿਦਿਆਰਥੀਆਂ ਦੇ ਪੂਰਨ ਸਹਿਯੋਗ ਦਾ ਭਰੋਸਾ ਵੀ ਦਿੱਤਾ। ਵਿਦਿਆਰਥੀਆਂ ਨਾਲ ਰੂ-ਬ-ਰੂ ਹੁੰਦਿਆਂ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਡਾ. ਮਨਿੰਦਰ ਸਿੰਘ ਬੌਂਸ ਨੇ ਝੋਨੇ ਦੀ ਪਰਾਲੀ ਨੂੰ ਸੰਭਾਲਣ ਦੀ ਲੋੜ ਅਤੇ ਵੱਖ-ਵੱਖ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਉਨ੍ਹਾਂ ਨੇ ਪਰਾਲੀ ਨੂੰ ਅੱਗ ਲਾਉਣ ਨਾਲ ਹੋਣ ਵਾਲੇ ਨੁਕਸਾਨ ਸਬੰਧੀ ਅਤੇ ਪਰਾਲੀ ਵਿੱਚ ਮੌਜੂਦ ਵੱਖ-ਵੱਖ ਤੱਤਾਂ ਦੀ ਮਹਤੱਤਾ ਬਾਰੇ ਵੀ ਵਿਸਥਾਰ ਪੂਰਵਕ ਦੱਸਿਆ। ਉਨ੍ਹਾਂ ਨੇ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਮਸ਼ੀਨਰੀ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ ਅਤੇ ਝੋਨੇ ਦੀ ਪਰਾਲੀ ਦੀ ਬਾਇਓ ਗੈਸ ਪਲਾਂਟ, ਊੂਰਜਾ, ਖਾਦ, ਖੁੰਬ ਉਤਪਾਦਨ ਅਤੇ ਪਸ਼ੂ ਖੁਰਾਕ ਵਜੋਂ ਵਰਤੋਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਇਸ ਕਾਲਜ ਮੁਹਿੰਮ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਪਰਾਲੀ ਸੰਭਾਲਣ ਦੇ ਇਸ ਨੇਕ ਸੁਨੇਹੇ ਨੂੰ ਘਰ-ਘਰ ਪਹੁੰਚਾਉਣ ਲਈ ਵੀ ਲਾਮਬੰਦ ਕੀਤਾ।
ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਹੋਣ ਵਾਲੇ ਨੁਕਸਾਨਾਂ ਪ੍ਰਤੀ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਭਾਸ਼ਣ, ਲੇਖ ਲਿਖਣਾ ਅਤੇ ਪੇਂਟਿੰਗ ਦੇ ਮੁਕਾਬਲੇ ਵੀ ਕਰਵਾਏ ਗਏ।ਵਿਦਿਆਰਥੀਆਂ ਵੱਲੋਂ ਸਾਰੇ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕੀਤੀ ਗਈ। ਇਨ੍ਹਾਂ ਮੁਕਾਬਿਲਆਂ ਵਿੱਚ ਪਹਿਲਾ, ਦੂਜਾ ਤੇ ਤੀਜਾ ਇਨਾਮ ਪ੍ਰਾਪਤ ਕਰਨ ਵਾਲੇ ਕ੍ਰੰਮਵਾਰ ਵਿਦਿਆਰਥੀ ਸਨ- ਭਾਸ਼ਣ ਮੁਕਾਬਲੇ ਵਿੱਚ ਯੁਤੀ ਠਾਕੁਰ, ਬੀ.ਏ.-ਤੀਜਾ ਸਾਲ, ਰਾਜਵਿੰਦਰ ਕੌਰ, ਐਮ.ਏ.-ਪਹਿਲਾ ਸਾਲ ਤੇ ਅੰਜਲੀ ਚੌਧਰੀ, ਬੀ.ਐਸ.ਸੀ.-ਪਹਿਲਾ ਸਾਲ, ਪੇਟਿੰਗ ਦੇ ਮੁਕਾਬਲੇ ਵਿੱਚ ਹਰਸ਼ਿਤਾ, ਬੀ.ਏ.-ਤੀਜਾ ਸਾਲ, ਜਸਮੀਨ, ਬੀ.ਐਸ.ਸੀ.,ਨਾਨ ਮੈਡੀਕਲ-ਪਹਿਲਾ ਸਾਲ ਤੇ ਜਸਵੀਰ ਕੌਰ, ਬੀ.ਐਸ.ਸੀ.-ਪਹਿਲਾ ਸਾਲ ਅਤੇ ਲੇਖ ਲਿਖਣਾ ਮੁਕਾਬਲੇ ਵਿੱਚ ਜੁਝਾਰ ਸਿੰਘ, ਐਮ.ਏ.-ਪਹਿਲਾ ਸਾਲ, ਸਿਧਾਂਤ ਗੁਪਤਾ, ਬੀ.ਏ.-ਦੂਜਾ ਸਾਲ ਤੇ ਪੂਰਵਾ, ਬੀ.ਐਸ.ਸੀ.-ਦੂਜਾ ਸਾਲ । ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਣ ਲਈ ਮਹਿਮਾਨਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਕਾਲਜ ਦੇ ਵਿਦਿਆਰਥੀਆਂ ਵੱਲੋਂ ਝੋਨੇ ਦੀ ਪਰਾਲੀ ਪ੍ਰਬੰਧਨ ਅਤੇ ਅੱਗ ਲਗਾਉਣ ਨਾਲ ਵਾਤਾਵਰਣ, ਜ਼ਮੀਨ ਦੀ ਸਿਹਤ ਅਤੇ ਮਨੁੱਖਤਾ ’ਤੇ ਬੁਰੇ ਪ੍ਰਭਾਵ ਸਬੰਧੀ ਜਾਗਰੂਕਤਾ ਰੈਲੀ ਵੀ ਕੱਢੀ ਗਈ। ਵੱਖ-ਵੱਖ ਮੁਕਾਬਲੇ ਡਾ. ਸੁਮਨਜੀਤ ਕੌਰ, ਇੰਚਾਰਜ, ਐਮ.ਐਸ. ਰੰਧਾਵਾ ਫਲ ਖੋਜ ਕੇਂਦਰ, ਗੰਗੀਆਂ, ਕ੍ਰਿਸੀ ਵਿਗਿਆਨ ਕੇਂਦਰ ਦੇ ਸਟਾਫ, ਡਾ. ਸੁਖਦੀਪ ਕੌਰ, ਸਹਾਇਕ ਪ੍ਰੋਫੈਸਰ (ਗੂਹਿ ਵਿਗਿਆਨ) ਤੇ ਸ਼੍ਰੀਮਤੀ ਸੁਨੀਤਾ, ਪ੍ਰੋਗਰਾਮ ਸਹਾਇਕ (ਲੈਬ ਟੈਕਨੀਸ਼ਿਅਨ) ਅਤੇ ਜੇ.ਸੀ.ਡੀ.ਏ.ਵੀ.ਕਾਲਜ, ਦਸੂਹਾ ਦੇ ਸਟਾਫ, ਪ੍ਰੋਫੈਸਰ ਸੀਤਲ ਸਿੰਘ, ਰਜਿਸਟ੍ਰਾਰ, ਪ੍ਰੋਫੈਸਰ ਨਿਵੇਦਿਕਾ, ਵਾਇਸ ਪ੍ਰਿੰਸੀਪਲ, ਐਨ.ਐਸ.ਐਸ. ਦੇ ਪ੍ਰੋਗਰਾਮ ਅਫਸਰ, ਪ੍ਰੋਫੈਸਰ ਨਰਿੰਦਰਜੀਤ ਸਿੰਘ ਤੇ ਡਾ. ਅਨੂੰ ਬਜਾਜ ਅਤੇ ਰੈਡ ਰਿਬਨ ਕਲਬ ਦੇ ਇੰਚਾਰਜ, ਪ੍ਰੋਫੈਸਰ ਜਗਦੀਪ ਸਿੰਘ ਦੀ ਦੇਖ-ਰੇਖ ਅਧੀਨ ਹੋਏ।ਪ੍ਰੋਗਰਾਮ ਦਾ ਸੰਚਾਲਨ ਵਾਇਸ ਪ੍ਰਿੰਸੀਪਲ ਪ੍ਰੋ: ਨਿਵੇਦਿਕਾ ਨੇ ਕੀਤਾ ਅਤੇ ਉਨ੍ਹਾਂ ਵੱਲੋਂ ਅੰਤ ਵਿੱਚ ਪਹੁੰਚੇ ਮਾਹਿਰਾਂ ਦਾ ਕਾਲਜ ਵਿੱਚ ਇਸ ਕੈਂਪ ਨੂੰ ਆਯੋਜਿਤ ਕਰਨ ਲਈ ਧੰਨਵਾਦ ਵੀ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਦੀ ਇਸ ਸਮੁੱਚੇ ਪ੍ਰੋਗਰਾਮ ਵਿੱਚ ਭਰਵੀਂ ਸ਼ਮੂਲੀਅਤ ਲਈ ਸ਼ਲਾਘਾ ਵੀ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly