ਆਪਣੀ ਆਪਣੀ ਸੋਚ

(ਸਮਾਜ ਵੀਕਲੀ)

ਕੱਲ੍ਹ ਬਾਜ਼ਾਰ ਵਿੱਚ ਇਕ ਸਹੇਲੀ ਟੱਕਰ ਗਈ! ਹੱਥ ਵਿਚ ਦੋ ਲਿਫ਼ਾਫ਼ੇ ਜਿਨ੍ਹਾਂ ਉੱਤੇ ਸ਼ਹਿਰ ਦੀ ਸਭ ਤੋਂ ਮਹਿੰਗੀ ਬੁਟੀਕ ਦਾ ਨਾਂ ਲਿਖਿਆ ਹੋਇਆ ਸੀ ,ਫੜੇ ਦੇਖੇ! ਪੁੱਛਣ ‘ਤੇ ਪਤਾ ਲੱਗਿਆ ਕਿ ਉਸ ਦੀ ਨਨਾਣ ਦਾ ਵਿਆਹ ਹੈ ਤੇ ਸ਼ਾਪਿੰਗ ਚੱਲ ਰਹੀ ਹੈ। ਉਹ ਮੈਨੂੰ ਲਿਫ਼ਾਫ਼ੇ ਵਿੱਚੋਂ ਸੂਟ ਕੱਢ ਕੇ ਵਿਖਾਉਣ ਲੱਗੀ ਤੇ ਕਹਿੰਦੀ, ‘ਕਿਵੇਂ ਲੱਗਿਆ ਮੇਰਾ ਸੂਟ, ਪਚਵੰਜਾ ਹਜ਼ਾਰ ਦਾ ਬਣਿਆ, ਰੰਗ ਸੋਹਣਾ ਨਾ ? ਸਭ ਤੋਂ ਵੱਖਰਾ ਤਾਂ ਲੱਗੂਗਾ?’ ਸੂਟ ਦਾ ਰੇਟ ਸੁਣ ਮੇਰੇ ਦਿਮਾਗ ਦੇ ਤਾਂ ਤੋਤੇ ਉੱਡ ਗਏ! ਮੈਂ ਪੁੱਛਿਆ ਇਕ ਸੂਟ ‘ਤੇ ਜੇ ਇੰਨੇ ਪੈਸੇ ਖਰਚ ਕੀਤੇ ਨੇ ਤਾਂ ਸਾਰੇ ਕੱਪੜਿਆਂ ਉੱਤੇ ਕਿੰਨਾ ਖ਼ਰਚ ਹੋ ਗਿਆ? ਹੱਸ ਕੇ ਕਹਿਣ ਲੱਗੀ, ‘ਮੇਰੇ ਤੇ ਮੇਰੀ ਨਨਾਣ ਦੇ ਹੀ ਛੇ ਲੱਖ ਰੁਪਏ ਦੇ ਬਣੇ ਹਨ, ਬਾਕੀ ਲੈਣ ਦੇਣ ਵਾਲੇ ਹਾਲੇ ਬਾਕੀ ਨੇ?’ ਇਨ੍ਹਾਂ ਸੁਣ ਕੇ ਮੈਂ ਉੱਥੋਂ ਖਿਸਕ ਪਈ! ਮੈਂਨੂੰ ਤੁਰੀ ਜਾਂਦੀ ਨੂੰ ਹੀ ਪਿੱਛੋਂ ਆਵਾਜ਼ ਦੇ ਕੇ ਕਹਿੰਦੀ,’ ਤੂੰ ਵੀ ਸਵਾ ਲੈ ਦੋ ਘੈਂਟ ਜਿਹੇ ਸੂਟ, ਵਿਆਹ ਦਾ ਕਾਰਡ ਭੇਜਾਂਗੀ!’

ਮੈਂ ਸਾਰੇ ਰਾਸਤੇ ਹਿਸਾਬ ਕਿਤਾਬ ਹੀ ਲਾਉਂਦੀ ਰਹੀ ਕੀ ਇਕ ਕਿੱਲੇ ਵਿੱਚੋਂ ਖਰਚਾ ਕੱਢ ਕੇ ਤੀਹ ਕੁ ਹਜ਼ਾਰ ਦਾ ਝੋਨਾ ਨਿਕਲਦਾ ਫਿਰ ਇੰਨੇ ਸੂਟਾਂ ਲਈ ਕਿੰਨੇ ਕਿੱਲਿਆਂ ‘ਤੇ ਲਿਮਟ ਬਣਵਾਈ ਹੋਊ ? ਅੱਜ ਪੰਜਾਬ ਵਿੱਚ ਹਰ ਵਰਗ ਹੀ ਕਿਸੇ ਨਾ ਕਿਸੇ ਨਸ਼ੇ ਵਿੱਚ ਝੂਮ ਰਿਹਾ ਹੈ! ਬਜ਼ੁਰਗ ਝੂਠੇ ਅਤੇ ਮੱਕਾਰ ਲੀਡਰਾਂ ਪਿੱਛੇ ਗੱਡੀਆਂ ਭਜਾਈ ਫਿਰਦੇ ਨੇ! ਨੌਜਵਾਨ ਬੁਰੀ ਤਰ੍ਹਾਂ ਨਸ਼ਿਆਂ ਵਿਚ ਗਲ਼ਤਾਨ ਨੇ,ਜੋ ਦੁਪਹਿਰ ਦੇ ਦੋ ਢਾਈ ਵਜੇ ਹੀ ਸ਼ਾਮ ਮਨਾਉਣ ਬੈਠ ਜਾਂਦੇ ਨੇ! ਅਤੇ ਅੌਰਤਾਂ ਲਈ ਨਿਮਰਤ ਖਹਿਰਾ ਅਤੇ ਬਾਣੀ ਸੰਧੂ ਵਰਗੀਆਂ ਜੋ ਸਵਾ ਲੱਖ ਤੋਂ ਘੱਟ ਸੂਟ ਹੀ ਨਹੀਂ ਪਾਉਂਦੀਆਂ, ਪ੍ਰੇਰਨਾ ਸਰੋਤ ਬਣੀਆਂ ਹੋਈਆਂ ਹਨ।

ਬਚਪਨ ਵਿੱਚ ਦਾਦੀ ਕਈ ਵਾਰ ਸਾਡੇ ਪੁਰਾਣੇ ਝੁੱਗਿਆਂ ਤੋਂ ਬਟਨ ਲਾਹੁੰਦੀ ਨੂੰ ਦੇਖ ਮੈਂ ਪੁੱਛਣਾ ਬੇਬੇ,’ਇਹ ਕੀ ਕਰਦੇ ਹੋ?’ ਤਾਂ ਉਸ ਨੇ ਅੱਗੋਂ ਹੱਸ ਕੇ ਕਹਿਣਾ ,’ਪੁੱਤ ਜਦੋਂ ਥੋਡੇ ਨਵੇਂ ਝੱਗਿਆਂ ਦੇ ਬਟਨ ਟੁੱਟ ਗਏ ਤਾਂ ਇਹ ਕੰਮ ਆਉਣਗੇ ਤੇ ਨਾਲ ਹੀ ਮੱਤਾਂ ਦੇਣ ਲੱਗ ਜਾਣਾ, ਪੁੱਤ ਔਰਤਾਂ ਨੂੰ ਹਮੇਸ਼ਾ ਸਹਿਜ ਨਾਲ ਹੀ ਚੱਲਣਾ ਪੈਂਦਾ ! ਔਰਤ ਆਪਣੀ ਆਈ ਤੇ ਆ ਜਾਵੇ ਤਾਂ ਸੂਈ ਦੇ ਨਕਾਰੇ ਚੋਂ ਧਾਗਾ ਪਰੋ ਕੇ ਘਰ ਨੂੰ ਸਵਰਗ ਬਣਾ ਲੈਂਦੀ ਹੈ ,ਤੇ ਜੇ ਉਸ ਦੇ ਦਿਮਾਗ ਨੂੰ ਫਤੂਰ ਚੜ੍ਹ ਜਾਵੇ ਤਾਂ ਉਸੇ ਸੂਈ ਨਾਲ ਮਿੱਟੀ ਪੁੱਟ ਕੇ ਘਰ ਉਜਾੜ ਦਿੰਦੀ ਹੈ। ਹਰ ਸਾਲ ਦਾਦੀ ਦੇ ਉਹ ਸਾਂਭੇ ਹੋਏ ਪੁਰਾਣੇ ਬਟਨ ਨਾਲ਼ ਲੱਗਦੇ ਜ਼ਮੀਨ ਦੇ ਟੱਕ ਨੂੰ ਨਾਲ਼ ਰਲਾਅ ਲੈਂਦੇ।

ਕੀ ਬਣੂ ਅਜਿਹੇ ਸਮਾਜ ਦਾ ….?

ਹੁਣ ਕੀ ਬਣੂ ਅਜਿਹੇ ਪੰਜਾਬ ਦਾ….?

ਵਿਰਕ ਪੁਸ਼ਪਿੰਦਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਦੂਧੁ ਪੀਉ ਗੋਬਿੰਦੇ ਰਾਇ’
Next articleਘਰ ਦੀ ਲਾਜ