(ਸਮਾਜ ਵੀਕਲੀ)
ਉੱਲੂ ਆਕਾ ਪਿਆਰ ਹਨੇਰੇ ਨੂੰ।
ਨਫ਼ਰਤ ਕਰਦੇ ਚਾਨਣ ਮੇਰੇ ਨੂੰ।
ਬਾਂਦਰ ਤੀਲੀਆਂ ਚੁੱਕੀ ਫਿਰਦੇ
ਪੈ ਨਾ ਜਾਵੇ ਅੱਗ ਚੁਫੇਰੇ ਨੂੰ।
ਜਾਤਾਂ ਫਿਰਕੇ ਤਾਂ ਬਾਲਣ ਬਣਗੇ
ਵਿਸਰੇ ਨਾਨਕ ਬੁੱਲ੍ਹਾ ਫੇਰੇ ਨੂੰ।
ਹੈ ਕਿਸਦੀ ਸਾਜ਼ਿਸ਼ ,ਵਰਤ ਰਿਹਾ ਹੈ
ਸੋਚੋ,ਖ਼ੰਜਰ ਤੇਰੇ ਮੇਰੇ ਨੂੰ ।
ਤਸਲੀਮ ਰੰਗਾਂ ਦੀ ਕਿਉਂ ਨੀ ਕਰਦੇ
ਇੱਕੋ ਰੰਗ ਦੇ ਸੱਤ ਬਖੇਰੇ ਨੂੰ।
ਨੇਰ੍ਹੇ ਨੇ ਕੁੰਡੀ ਲਾਈ ਅੰਦਰ
ਬਲਣ ਮਸ਼ਾਲਾਂ ਉਡੀਕ ਬਨੇਰੇ ਨੂੰ।
ਜਿੰਨਾ ਪਟਕੇਂ ਓਨਾ ਬੁੜਕਾਂਗੇ
ਤੂੰ ਨਾ ਪਰਖੀਂ ਖਿੱਦੋ ਜੇਰੇ ਨੂੰ।
ਪਹਿਲਾਂ ਸੂਰਜ ਹੀ ਗਿਰਵੀ ਸੀ,ਹੁਣ
ਚੜ੍ਹਨੋਂ ਰੋਕੂ ਕੌਣ ਸਵੇਰੇ ਨੂੰ।
ਹਰਵਿੰਦਰ ਸਿੰਘ ਸਿੱਧੂ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly