(ਸਮਾਜ ਵੀਕਲੀ)
ਆਓ ਆਪਾਂ ਸਾਰੇ ਵੀ, ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਮਨਾਈਏ।
ਆਪਣੀ ਪਿਆਰੀ ਤੇ ਸੱਚੀ ਸੁੱਚੀ ਪੰਜਾਬੀਓ, ਪੰਜਾਬੀ ਨਾਂ ਦਿਲੋਂ ਭੁਲਾਈਏ।
ਮਾਸੀਆਂ ਚਾਚੀਆਂ ਲੱਖ ਹੋਵਣ ਚੰਗੀਆਂ, ਮਾਂ ਤਾਂ ਪਰ ਮਾਂ ਹੀ ਹੈ ਰਹਿੰਦੀ।
ਅੰਗਰੇਜ਼ੀ, ਹਿੰਦੀ, ਉਰਦੂ ਲੱਖ ਹੋਵਣ ਭਾਵੇਂ, ਮਾਂ ਬੋਲੀ ਪੰਜਾਬੀ ਦਿਲੀਂ ਵਸੈਂਦੀ।
ਇੱਕ ਦਿਨ ਮਨਾਵਣ ਖ਼ਾਤਰ ਛਲਕੇ ਪਿਆਰ ਦੀ, ਪੋਸਟ ਤਾਂ ਹੁੱਬ ਕੇ ਹੈ ਪੈਂਦੀ।
ਦੂਜੇ ਦਿਨ ਹੀ ਘਰ ਬੱਚੇ ਨੂੰ ਪੰਜਾਬੀ ਬੋਲਿਆਂ,ਡਾਂਟ ਪੰਜਾਬੀਆਂ ਤੋਂ ਹੀ ਪੈਂਦੀ।
ਕਾਹਦੇ ਅਸੀਂ ਪੁੱਤਰ ਧੀਆਂ ਮਾਂ ਬੋਲੀ ਆਪਣੀ ਦੇ, ਹਾਂ ਸੇਵਕ ਨਿਰੇ ਅਖੌਤੀ।
ਪੰਜਾਬੀ ਮਾਂ ਬੋਲੀ ਦੇ ਤ੍ਰਿਸਕਾਰ ਲਈ,ਕਾਨਵੇੰਟ ਸਕੂਲ ਦਿੰਦੇ ਜਾਪਣ ਫਿਰੌਤੀ।
ਅਗਾਂਹਵਧੂ ਤੇ ਮਾਡਰਨ ਬਣ ਮਾਪੇ ਬੱਚੇ ਨੂੰ, ਅੰਗਰੇਜ਼ੀ ਸਕੂਲਾਂ ਵੱਲ ਧੱਕੀ ਜਾਵਣ।
ਕਹਿੰਦੇ ਕਹਾਉਂਦੇ ਸਕੂਲ ਪੰਜਾਬ ਦੇ ਹੀ ਹੁਣ,ਪੰਜਾਬੀ ਬੋਲਣ ਦੇ ਜੁਰਮਾਨੇ ਲਾਵਣ।
ਕਾਹਦੇ ਅਸੀਂ ਮਾਣ-ਮੱਤੇ ਪੰਜਾਬੀ ਹੀ ਦਗਾ, ਮਾਤ ਭਾਸ਼ਾ ਨਾਲ ਹਾਂ ਕਮਾਉਂਦੇ।
ਲਾਲ, ਪੀਲੇ ਦੀ ਥਾਂਵੇਂ ਅਸੀਂ ਨੰਨ੍ਹੇ ਮੁੰਨਿਆਂ ਨੂੰ, ਆਪੇ ਰੈੱਡ, ਯੈਲੋ ਸਿਖਾਈ ਜਾਂਦੇ।
ਨਹੀਂ ਮਾੜੀ ਅੰਗਰੇਜ਼ੀ ਨਾਂ ਹੀ ਹਿੰਦੀ, ਨਾਂ ਉਰਦੂ ਜ਼ੁਬਾਨ ਹੀ ਹੈ ਮਾੜੀ।
ਲੋੜ ਬੜੀ ਹੈ ਪਰ ਸੋਚ ਬਦਲਣ ਦੀ, ਮਾਂ ਬੋਲੀ ਸਾਡੀ ਪੰਜਾਬੀ ਵੀ ਨਹੀਂ ਮਾੜੀ।
ਹਰ ਧੀ ਪੁੱਤ ਲਈ ਆਪਣੀ ਮਾਂ ਬੋਲੀ, ਹੁੰਦੀ ਜਾਨੋਂ ਵੱਧ ਪਿਆਰੀ।
ਹਰ ਦਿਨ ਕਰੋ ਸਤਿਕਾਰ ਪੰਜਾਬੀ ਦਾ,ਬੋਲੀ ਜੋ ਬੜੀ ਹੀ ਨਿਆਰੀ।
ਦੁੱਖ ਸੁੱਖ ਵੰਡਾ ਕੇ ਵੰਡੇ ਖੁਸ਼ੀਆਂ ਖੇੜੇ, ਪਾਵੇ ਸਾਂਝ ਦਿਲਾਂ ਦੀ ਹਰ ਮਾਂ ਬੋਲੀ ।
ਅੰਤਰ ਰਾਸ਼ਟਰੀ ਮਾਂ ਬੋਲੀ ਦਿਵਸ ਤੇ ਮਾਣ ਨਾਲ ਕਹੀਏ ਪੰਜਾਬੀ ਸਾਡੀ ਮਾਂ ਬੋਲੀ।
ਬੀਨਾ ਬਾਵਾ, ਲੁਧਿਆਣਾ।
(ਐੱਮ ਏ ਆਨਰਜ਼, ਐੱਮ ਫ਼ਿਲ, ਪੰਜਾਬੀ )